ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

   ਮੁੱਖਪੰਨਾ

          -ਵਿਅੰਗ/ਸੱਚ ਦੇ ਰੂ-ਬ-ਰੂ/ਜਿਗਰਪਾਰਾ

likhari2001@yahoo.co.uk

ਕਿੱਧਰ ਨੂੰ ਜਾ ਰਿਹਾ ਹੈ ਸਾਡਾ ਪੰਜਾਬ?

ਡਾ:  ਫ਼ਕੀਰ ਚੰਦ ਸ਼ੁਕਲਾ

 

ਗੁਰੂ ਗਿਆਨ ਦੀ ਜਿਓਤੀ ਨਾਲ ਰੌਸ਼ਨ ਮੇਰੇ ਪੰਜਾਬ ਵਰਗਾ ਸ਼ਾਇਦ ਹੀ ਕੋਈ ਹੋਰ ਪ੍ਰਾਂਤ ਹੋਵੇ। ਪੰਜਾਬ ਦੀ ਇਸੇ ਧਰਤੀ ਤੇ ਚਾਰੋਂ ਵੇਦ ਰਚੇ ਗਏ ਸਨ। ਇਸੇ ਧਰਤੀ ਤੇ ਅਸ਼ਵਮੇਧ ਯੱਗ ਹੋਇਆ ਸੀ। ਇੱਥੇ ਹੀ ਬੁੱਲੇਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਵਰਗੇ ਵਿਦਵਾਨਾਂ ਨੇ ਸੂਫੀ ਕਾਵਿ ਦੀ ਰਚਨਾ ਕੀਤੀ ਸੀ।

ਇਸੇ ਧਰਤੀ ਤੇ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦਾ ਅਮਰ ਉਪਦੇਸ਼ ਦਿੱਤਾ ਸੀ। ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਇਸ ਧਰਤੀ ਦਾ ਕੋਈ ਸਾਨੀ ਨਹੀਂ।

ਦੇਸ਼-ਵਿਦੇਸ਼ ਵਿਚ ਵੀ ਪੰਜਾਬੀਆਂ ਦੀ ਸ਼ਾਨ ਕਿਸੇ ਤੋਂ ਘੱਟ ਨਹੀਂ। ਇਨ੍ਹਾਂ ਦੀ ਸਫ਼ਲਤਾ ਅਤੇ ਸ਼ੋਹਰਤ ਦਾ ਪਰਚਮ ਹਮੇਸ਼ਾ ਲਹਿਰਾਉਂਦਾ ਰਹਿੰਦਾ ਹੈ। ਵਿਦੇਸ਼ਾਂ ਵਿਚ ਇਨ੍ਹਾਂ ਨੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਅਮਰੀਕਾ, ਕਨੇਡਾ ਜਾਂ ਇੰਗਲੈਂਡ, ਕੋਈ ਵੀ ਹੋਰ ਦੇਸ਼ ਹੋਵੇ, ਕਈ ਉੱਚੇ ਆਹੁਦਿਆਂ ਤੇ ਵਿਰਾਜੇ ਹੋਏ ਪੰਜਾਬੀ ਆਪਣੇ ਪ੍ਰਾਂਤ ਅਤੇ ਦੇਸ਼ ਦੀ ਬੱਲੇ ਬੱਲੇ ਕਰਵਾ ਰਹੇ ਹਨ।

‘ਖਾਓ ਪੀਓ - ਕਰੋ ਅਨੰਦ’ ਦੀ ਪੌਲਸੀ ਤੇ ਅਮਲ ਕਰਨ ਵਾਲੇ ਪੰਜਾਬੀ ਖਾਣ-ਪੀਣ ਦੇ ਬੇਹੱਦ ਸ਼ੌਕੀਨ ਹਨ। ਲਜ਼ੀਜ ਪੰਜਾਬੀ ਖਾਣਿਆਂ ਦਾ ਤਾਂ ਆਪਣਾ ਹੀ ਲੁਤਫ ਹੁੰਦਾ ਹੈ। ਨਾਂ ਸਿਰਫ਼ ਸੁਆਦ ਵਿਚ, ਸਗੋਂ ਪੌਸ਼ਟਿਕਤਾ ਵਿਚ ਵੀ ਭਰਪੂਰ ਹੁੰਦੇ ਹਨ ਪੰਜਾਬੀ ਖਾਣੇ। ਪੰਜਾਬੀ ਡਿਸ਼ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਾਂ ਵਿਸ਼ਵ ਪ੍ਰਸਿੱਧ ਹੈ। ਇਸ ਜਾਇਕੇਦਾਰ ਡਿਸ਼ ਨਾਲ ਸ਼ਰੀਰ ਨੂੰ ਲੋੜੀਂਦੀ ਮਾਤਰਾ ਵਿਚ ਖਣਿਜ ਪਦਾਰਥ ਲੋਹਾ ਮਿਲ ਜਾਂਦਾ ਹੈ ਅਤੇ ਵਿਅਕਤੀ ਅਨੀਮੀਆ ਦਾ ਸ਼ਿਕਾਰ ਨਹੀਂ ਹੁੰਦਾ।

ਪਰ ਅੱਜ ਕੱਲ ਨਾ ਤਾਂ ਪਹਿਲਾਂ ਵਰਗੀ ਪੰਜਾਬ ਦੀ ਧਰਤੀ ਰਹਿ ਗਈ ਹੈ ਅਤੇ ਨਾ ਹੀ ਪਹਿਲਾਂ ਵਰਗੇ ਪੰਜਾਬੀ ਗੱਭਰੂ।

ਦੇਸ਼ ਦੇ ਬਾਕੀ ਪ੍ਰਾਂਤਾਂ ਦੀ ਤੁਲਨਾ ਵਿਚ ਪੰਜਾਬ ਵਿਚ ਸਭ ਤੋਂ ਵੱਧ ਦੁੱਧ ਦੀ ਪੈਦਾਵਾਰ ਹੁੰਦੀ ਹੈ। ਪੰਜਾਬ ਵਿਚ 10 ਮਿਲਿਅਨ ਟਨ ਦੇ ਕਰੀਬ ਦੁੱਧ ਪੈਦਾ ਹੁੰਦਾ ਹੈ ਜਿਹੜਾ ਦੇਸ਼ ਵਿਚ ਪੈਦਾ ਕੀਤੇ ਜਾਣ ਵਾਲੇ ਦੁੱਧ ਦਾ ਦਸ ਫ਼ੀਸਦੀ ਬਣਦਾ ਹੈ। ਪੰਜਾਬ ਵਿਚ ਪ੍ਰਤੀ ਵਿਅਕਤੀ ਪ੍ਰਤੀ ਦਿਨ 1000 ਗ੍ਰਾਮ ਦੁੱਧ ਉਪਲਬਧ ਹੁੰਦਾ ਹੈ ਜਦੋਂ ਕਿ ਪੂਰੇ ਭਾਰਤ ਦੇਸ਼ ਵਿਚ ਇਹ ਮਾਤਰਾ ਸਿਰਫ਼ 240 ਗ੍ਰਾਮ ਹੈ।

ਪੰਜਾਬੀਆਂ ਦਾ ਵੱਡਾ ਵਰਗ ਮਾਸ, ਮੱਛੀ ਅਤੇ ਚਿਕਨ ਦੀ ਵਰਤੋਂ ਵੀ ਖੁੱਲ੍ਹ ਕੇ ਕਰਦਾ ਹੈ। ਆਂਡਿਆਂ ਦੀ ਵਰਤੋਂ ਤਾਂ ਕਈ ਪਰਿਵਾਰਾਂ ਵਿਚ ਆਲੂਆਂ ਵਾਂਗ ਕੀਤੀ ਜਾਂਦੀ ਹੈ।

ਇਸੇ ਤਰ੍ਹਾਂ ਸ਼ਰਾਬ ਪੀਣੀ ਤਾਂ ਆਮ ਜਿਹੀ ਗੱਲ ਹੋ ਗਈ ਹੈ ਅਤੇ ਸ਼ਰਾਬ ਪੀਣ ਪਿਲਾਉਣ ਨੂੰ ਪੰਜਾਬੀ ਇਕ ਤਰ੍ਹਾਂ ਦਾ ਸਟੇਟਸ ਸਿੰਬਲ ਸਮਝਣ ਲੱਗ ਪਏ ਹਨ। ਸ਼ਰਾਬ ਅਤੇ ਨੌਨ ਵੈੱਜ ਫੂਡਜ਼ ਤੋਂ ਬਿਨਾਂ ਕੋਈ ਵੀ ਸਮਾਗਮ ਅਧੂਰਾ ਸਮਝਿਆ ਜਾਂਦਾ ਹੈ। ਭਾਵੇਂ ਸਾਰੇ ਲੋਕੀ ਸ਼ਰਾਬ ਨਹੀਂ ਪੀਂਦੇ, ਪਰ ਸ਼ਰਾਬ ਪੀਣ ਵਾਲਿਆਂ ਦੀ ਤਦਾਦ ਵਾਹਵਾ ਹੈ।

ਕਦੇ ‘ਦੱਬ ਕੇ ਵਾਹ - ਰੱਜ ਕੇ ਖਾਹ’ ਕਹਿਣ ਵਾਲਾ ਪੰਜਾਬੀ ਅੱਜ ਕੱਲ ਦੱਬ ਕੇ ਖਾਂਦਾ ਤਾਂ ਜ਼ਰੂਰ ਹੈ ਪਰ ਦੱਬ ਕੇ ਵਾਹ ਯਾਨੀ ਸਰੀਰ ਹਿਲਾਉਣ ਵਿਚ ਲੋੜੋਂ ਵੱਧ ਕੰਜੂਸੀ ਕਰਨ ਲੱਗ ਪਿਆ ਹੈ। ਦੂਜੇ ਪ੍ਰਾਂਤਾਂ ਤੋਂ ਰੋਜ਼ੀ ਰੋਟੀ ਦੀ ਭਾਲ ਵਿਚ ਆਏ ਮਜਦੂਰਾਂ ’ਤੇ ਹੀ ਨਿਰਭਰ ਹੋ ਕੇ ਰਹਿ ਗਿਆ ਹੈ। ਕੋਈ ਵੀ ਖੇਤਰ ਹੋਵੇ - ਭਾਵੇਂ ਖੇਤੀਬਾੜੀ, ਉਦਯੋਗਿਕ ਇਕਾਈਆਂ ਜਾਂ ਕੋਈ ਹੋਰ ਕਾਰੋਬਾਰ, ਪੰਜਾਬੀ ਤਾਂ ਬਸ ਹੁਕਮ ਦੇਣ ਵਾਲੇ ਬੌਸ ਬਣ ਕੇ ਹੀ ਰਹਿ ਗਏ ਹਨ। ਲਗਭਗ ਸਾਰਾ ਕਾਰੋਬਾਰ ਭਈਆਂ ਦੇ ਆਸਰੇ ਛੱਡ ਕੇ ਪੰਜਾਬੀ ਬਾਂਕੇ ਖੁਦ ਅਰਾਮ ਪਰਸਤ ਹੋ ਗਏ ਹਨ।

ਇਕ ਤਾਂ ਹਾਈ ਫੈਟ ਅਤੇ ਹਾਈ ਕੈਲੋਰੀ ਵਾਲੀ ਡਾਈਟ, ਦੂਜੇ ਘੱਟ ਸਰੀਰਕ ਕੰਮ ਕਰਨ ਨਾਲ ਪੰਜਾਬੀਆਂ ਵਿਚ ਮੋਟਾਪਾ ਇਕ ਮਹਾਮਾਰੀ ਵਾਂਗ ਪਸਰ ਰਿਹਾ ਹੈ। ਵੱਡਿਆਂ ਦੀ ਤਾਂ ਗੱਲ ਹੀ ਛੱਡੋ, ਅੱਜਕਲ ਤਾਂ ਬੱਚੇ ਵੀ ਗੋਗੜਾਂ ਕੱਢੀ ਫਿਰਦੇ ਹਨ। ਜੰਕ ਫੂਡਜ਼ ਅਤੇ ਕੋਲਡ ਡਰਿੰਕਸ ਦੀ ਬੇਲੋੜੀ ਵਰਤੋਂ ਨਾਲ ਬੱਚੇ ਵੀ ਭਟੂਰਿਆਂ ਵਾਂਗ ਫੁੱਲ ਗਏ ਹਨ। ਮੋਟਾਪੇ ਨੂੰ ਤਾਂ ਸੌ ਬਿਮਾਰੀਆਂ ਦੀ ਜੜ੍ਹ ਕਿਹਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਬਲੱਡ ਪ੍ਰੈਸ਼ਰ, ਡਾਇਆਬਟੀਜ਼ ਅਤੇ ਦਿਲ ਦੇ ਰੋਗ ਆਦਿ ਵੀ ਪੰਜਾਬੀਆਂ ਵਿਚ ਆਮ ਹੋਣ ਲੱਗੇ ਹਨ।

ਵਿਸ਼ਵ ਸੁਆਸਥ ਸੰਸਥਾ ਯਾਨੀ ਡਬਲਿਊ.ਐਚ.ਓ ਦੇ ਮੁਤਾਬਕ ਦੁਨੀਆ ਦੀ 70 ਫ਼ੀਸਦੀ ਸ਼ਹਿਰੀ ਅਬਾਦੀ ਅਤੇ 30 ਫ਼ੀਸਦੀ ਪੇਂਡੂ ਅਬਾਦੀ ਦਿਲ ਦੇ ਰੋਗਾਂ ਦੀ ਸ਼ਿਕਾਰ ਹੈ ਜਦੋਂ ਕਿ ਪੰਜਾਬ ਵਿਚ 55 ਫ਼ੀਸਦੀ ਸ਼ਹਿਰੀ ਅਤੇ 45 ਫ਼ੀਸਦੀ ਪੇਂਡੂ ਇਸ ਰੋਗ ਦੀ ਗ੍ਰਿਫਤ ਵਿਚ ਹਨ। ਦਿਲ ਦੇ ਰੋਗਾਂ ਨੂੰ ਕਦੇ ਉਮਰਦਰਾਜ ਲੋਕਾਂ ਦੀ ਬਿਮਾਰੀ ਸਮਝਿਆ ਜਾਂਦਾ ਸੀ ਪਰ ਅੱਜਕਲ ਜੰਕ ਫੂਡਜ਼ ਦੀ ਬੇਲੋੜੀ ਵਰਤੋਂ, ਘੱਟ ਸ਼ਰੀਰਕ ਕੰਮ, ਨਸ਼ਿਆਂ ਦੀ ਵਰਤੋਂ ਆਦਿ ਕਰਕੇ ਦਿਲ ਦੇ ਰੋਗ ਛੋਟੀ ਉਮਰੇ ਵੀ ਹੋਣ ਲੱਗੇ ਹਨ। ਅੱਜਕਲ ਤਾਂ 10-12 ਸਾਲਾਂ ਦੀ ਉਮਰ ਦੇ ਬੱਚਿਆਂ ਵਿਚ ਵੀ ਇਹ ਰੋਗ ਆਪਣੀਆਂ ਜੜ੍ਹਾਂ ਫੈਲਾਉਣ ਲੱਗ ਪਿਆ ਹੈ।

ਕੀਟ ਨਾਸਕ ਦੁਆਈਆਂ ਦੀ ਵਰਤੋਂ:

ਅਨਾਜ ਪੈਦਾ ਕਰਨ ਵਿਚ ਵੀ ਸਾਡਾ ਪੰਜਾਬ ਸਾਰੇ ਦੇਸ਼ ਵਿਚ ਸਭ ਤੋਂ ਮੋਹਰੀ ਸੂਬਾ ਹੈ। ਕੇਂਦਰੀ ਅੰਨ ਭੰਡਾਰ ਵਿਚ 60 ਫ਼ੀਸਦੀ ਤੋਂ ਵੱਧ ਯੋਗਦਾਨ ਪੰਜਾਬ ਦਾ ਹੁੰਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਨਾਜ ਦੀ ਪੈਦਾਵਾਰ ਵਧਾਉਣ ਲਈ ਕੀਟਨਾਸਕ ਦੁਆਈਆਂ ਦੀ ਲੋੜੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਜਿਹੜੀ ਕਿ ਮਨੁੱਖੀ ਸਿਹਤ ਲਈ ਖਤਰਨਾਕ ਸਾਬਤ ਹੋ ਰਹੀ ਹੈ ਕਿਉਂਕਿ ਅਨਾਜ ਦੇ ਨਾਲ-ਨਾਲ ਇਹ ਕੀਟਨਾਸਕ ਵੀ ਮਨੁੱਖੀ ਸ਼ਰੀਰ ਵਿਚ ਪੁੱਜ ਜਾਂਦੇ ਹਨ। ਕੀਟਨਾਸਕ ਦੁਆਈਆਂ ਦੀ ਵਰਤੋਂ ਵਿਚ ਵੀ ਪੰਜਾਬ ਦੇਸ਼ ਦੇ ਬਾਕੀ ਪ੍ਰਾਂਤਾਂ ਨਾਲੋਂ ਮੋਹਰੀ ਹੈ।

ਵਾਤਾਵਰਣ ਵਿਚ ਪ੍ਰਦੂਸ਼ਣ ਅਤੇ ਕੀਟਨਾਸਕਾਂ ਦੇ ਇਸਤੇਮਾਲ ਨਾਲ ਕੈਂਸਰ ਦੇ ਮਾਮਲੇ ਵਧ ਰਹੇ ਹਨ ਜਿਨ੍ਹਾਂ ਵਿਚ ਥਾਯਾਰਾਇਡ, ਪ੍ਰੋਸਟੈਟ, ਗਾਲ ਬਲੈਡਰ, ਫੂਡ ਪਾਈਪ ਅਤੇ ਲਿਵਰ ਦੇ ਕੈਂਸਰ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ।

ਨਵੀਆਂ ਖੋਜਾਂ ਰਾਹੀਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਕੀਟਨਾਸਕਾਂ ਦੀ ਬੇਲੋੜੀ ਵਰਤੋਂ ਨਾਲ ਕੁੜੀਆਂ ਦੀ ਜਨਮ ਦਰ ਵੀ ਘਟ ਰਹੀ ਹੈ। ਅਸੀਂ ਭਰੂਣ ਹੱਤਿਆ ਦੀ ਗੱਲ ਕਰਦੇ ਹਾਂ ਅਤੇ ਰੱਜ ਕੇ ਇਸ ਨੂੰ ਨਿੰਦਦੇ ਵੀ ਹਾਂ। ਪਰ ਜਨਮ ਤੋਂ ਪਹਿਲਾਂ ਮਰਨ ਵਾਲੀਆਂ ਕੁੜੀਆਂ ਵਿਚ ਸਿਰਫ 20% ਦਾ ਕਾਰਨ ਭਰੂਣ ਹੱਤਿਆ ਹੈ ਜਦੋਂ ਕਿ ਬਾਕੀ ਦੇ ਮਰਨ ਦਾ ਕਾਰਨ ਫਸਲਾਂ ਵਿਚ ਇਸਤੇਮਾਲ ਹੋਣ ਵਾਲੇ ਕੀਟਨਾਸਕ, ਕੈਮੀਕਲ, ਡੀ ਡੀ ਟੀ, ਡਾਈਐਲਡਰਿਨ, ਆਦਿ ਹਨ। ਕੀਟਨਾਸਕ ਔਰਤਾਂ ਦੀ ਬੱਚੇਦਾਨੀ ਨੂੰ ਗਰਭਅਵਸਥਾ ਵੇਲੇ ਗਰਭ ਨੂੰ ਸਹੀ ਸਲਾਮਤ ਰੱਖਣ ਵਿਚ ਨਾਕਾਮਯਾਬ ਬਣਾ ਰਹੇ ਹਨ। ਇਹ ਪੁਰਸ਼ਾਂ ਦੇ ਸੀਮਨ ਦੇ ਐਕਸ-ਕਰੋਮੋਸੋਮਜ਼ (ਮਾਦਾ ਸ਼ੁਕਰਾਣੂ) ਨੂੰ ਕਮਜੋਰ ਬਣਾਉਣ ਜਾਂ ਖਤਮ ਕਰਨ ਦਾ ਕਾਰਨ ਬਣ ਰਹੇ ਹਨ। ਇਸ ਤੋਂ ਇਲਾਵਾ ਕੀਟਨਾਸਕ ਪੁਰਸ਼ਾਂ ਵਿਚ ਹਾਰਮੋਨਾਂ ਦੀ ਗੜਬੜੀ ਦਾ ਕਾਰਨ ਬਣ ਰਹੇ ਹਨ ਜਿਸਦਾ ਸਿੱਧਾ ਅਸਰ ਵੀਰਯ ਵਿਚ ਮਾਦਾ ਸ਼ੁਕਰਾਣੂਆਂ ਤੇ ਪੈ ਰਿਹਾ ਹੈ। ਇਸ ਲਈ ਕੁੜੀਆਂ ਪੈਦਾ ਨਹੀਂ ਹੁੰਦੀਆਂ। ਇਸ ਲਈ ਕੁੜੀਆਂ ਦੇ ਘੱਟ ਅਨੁਪਾਤ ਲਈ ਭਰੂਣ ਹੱਤਿਆ ਤੋਂ ਵੀ ਜ਼ਿਆਦਾ ਜਿੰਮੇਵਾਰ ਕੀਟਨਾਸਕ ਹਨ। ਗਰਭ ਅਵਸਥਾ ਦੇ ਪਹਿਲੇ ਟ੍ਰਾਈਮੈਸਟਰ ਵਿਚ ਭਰੂਣ ਜ਼ਿਆਦਾ ਸੈਂਸਟਿਵ ਹੁੰਦਾ ਹੈ। ਜਿਸ ਕਰਕੇ ਕੀਟਨਾਸਕ ਉਸਤੇ ਜ਼ਿਆਦਾ ਅਸਰ ਕਰਦੇ ਹਨ।

ਨਸ਼ਿਆਂ ਦੀ ਵਰਤੋਂ:

ਸ਼ਰਾਬ ਪੀਣ ਦੇ ਸ਼ੌਕੀਣ ਤਾਂ ਪੰਜਾਬੀ ਸ਼ੁਰੂ ਤੋਂ ਹੀ ਰਹੇ ਹਨ ਪਰ ਐਨੀ ਅੱਤ ਤਾਂ ਕਦੇ ਵੀ ਨਹੀਂ ਚੁੱਕੀ ਸੀ। ਹਾਲਾਂਕਿ ਸ਼ਰਾਬ ਨੂੰ ਸਿਹਤ ਦਾ ਦੁਸ਼ਮਣ ਸਮਝਿਆ ਜਾਂਦਾ ਹੈ ਪਰ ਅੱਜਕਲ ਤਾਂ ਇਹ ਜਿਵੇਂ ਸਟੈਟਸ ਸਿੰਬਲ ਬਣ ਗਈ ਹੈ। ਆਂਕੜਿਆਂ ਅਨੁਸਾਰ ਦੇਸ਼ ਦੇ ਹਰ 15 ਵਿਅਕਤੀਆਂ ਵਿੱਚੋਂ ਦੋ ਸ਼ਰਾਬ ਪੀਂਦੇ ਹਨ ਅਤੇ ਇਨ੍ਹਾਂ ਵਿੱਚੋਂ ਪੰਜ ਫ਼ੀਸਦੀ ਸ਼ਰਾਬ ਦੇ ਆਦੀ ਹੋ ਚੁੱਕੇ ਹਨ। ਦੇਸ਼ ਵਿਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਦਾ ਉਤਪਾਦਨ ਪ੍ਰਤੀ ਸਾਲ 15% ਵਧ ਰਿਹਾ ਹੈ। ਇੰਟਰਨੈਸ਼ਨਲ ਵਾਈਨਜ਼ ਐਂਡ ਸਪਿਰਿਟਸ ਰਿਕਾਰਡਜ਼ ਦੀ ਰਿਪੋਰਟ ਅਨੁਸਾਰ ਭਾਰਤ ਦੇ ਲੋਕੀ ਹਰ ਸਾਲ 141 ਕਰੋੜ ਬੋਤਲਾਂ ਡਕਾਰ ਜਾਂਦੇ ਹਨ। ਪਰ ਸਾਡੇ ਪੰਜਾਬੀ ਕਿਹੜਾ ਕਿਸੇ ਨਾਲੋਂ ਘੱਟ ਹਨ। ਪੰਜਾਬ ਵਿਚ ਪੀਣ ਵਾਲੇ ਭੱਦਰਪੁਰਸ਼ ਸਾਲ 2007-08 ਵਿਚ 1728 ਕਰੋੜ ਰੁਪਏ ਦੀ ਸ਼ਰਾਬ ਪੀ ਗਏ ਸਨ ਜਦੋਂ ਕਿ ਹਰਿਆਣਾ ਵਾਲੇ 1400 ਕਰੋੜ, ਹਿਮਾਚਲ ਵਾਲੇ 402 ਕਰੋੜ ਅਤੇ ਦਿੱਲੀ ਵਾਸੀ 300 ਕਰੋੜ ਦੀ ਸ਼ਰਾਬ ਛਕ ਗਏ ਸਨ।

ਬੀਅਰ ਦੀ ਵਰਤੋਂ ਤਾਂ ਅਜਕਲ ਆਮ ਹੋ ਗਈ ਹੈ। ਠੇਕਿਆਂ ਦੇ ਮੂਹਰੇ ਤੁਸੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਬੀਅਰ ਦੀਆਂ ਬੋਤਲਾਂ ਅਤੇ ਕੈਨ ਫੜੀ ਆਮ ਵੇਖ ਸਕਦੇ ਹੋ। ਨਾਲੇ ਹੁਣ ਤਾਂ ਸੁੱਖ ਨਾਲ ਸਾਡੀ ਸਰਕਾਰ ਨੇ ਥਾਂ-ਥਾਂ ਤੇ ਠੇਕੇ ਖੋਲ੍ਹ ਦਿੱਤੇ ਹਨ ਤਾਂ ਕਿ ਕਿਤੇ ਦੂਰ ਨਾ ਜਾਣਾ ਪਵੇ। ਸਾਲ 2007 ਵਿਚ ਦੇਸ ਵਿਚ ਬੀਅਰ ਦੀ ਖਪਤ ਵਿਚ 18%ਵਾਧਾ ਹੋਇਆ ਅਤੇ ਖਪਤ 160 ਲੱਖ ਬਕਸੇ ਯਾਨੀ 19.20 ਕਰੋੜ ਬੋਤਲਾਂ ਦੀ ਹੋਈ ਸੀ।

ਬੀਅਰ ਦੀ ਜ਼ਿਆਦਾ ਵਰਤੋਂ ਅਤੇ ਸਿਗਰਟਨੋਸ਼ੀ ਨਾਲ ਪੈਨਕ੍ਰਿਆਜ ਦੇ ਕੈਂਸਰ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਮਿਸ਼ੀਗਨ ਯੂਨੀਵਰਸਟੀ ਦੇ ਵਿਗਿਆਨੀਆਂ ਦੇ ਮੁਤਾਬਕ ਜ਼ਿਆਦਾ ਸਿਗਰਟਨੋਸ਼ੀ ਕਰਨ ਵਾਲਿਆਂ ਵਿੱਚ ਸਿਗਰਟ ਨਾ ਪੀਣ ਵਾਲਿਆਂ ਨਾਲੋਂ 7 ਸਾਲ ਪਹਿਲਾਂ ਅਤੇ ਬੀਅਰ ਪੀਣ ਵਾਲਿਆਂ ਵਿੱਚ ਬੀਅਰ ਨਾ ਪੀਣ ਵਾਲਿਆਂ ਨਾਲੋਂ 10 ਸਾਲ ਪਹਿਲਾਂ ਪੈਂਕ੍ਰਿਆਜ ਦਾ ਕੈਂਸਰ ਹੋਣ ਦੀ ਸ਼ੰਕਾ ਰਹਿੰਦੀ ਹੈ।

ਬੀਅਰ ਦੀ ਜ਼ਿਆਦਾ ਵਰਤੋਂ ਨਾਲ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦਿਲ ਦੀਆਂ ਮਾਸ-ਪੇਸੀਆਂ ਕਮਜੋਰ ਹੋਣ ਲੱਗਦੀਆਂ ਹਨ। ਇਸ ਰੋਗ ਨੂੰ ਬੀਅਰ ਹਾਰਟ ਆਖਦੇ ਹਨ। ਇਸ ਰੋਗ ਵਿਚ ਦਿਲ ਦਾ ਸਾਈਜ ਵਧ ਜਾਂਦਾ ਹੈ। ਅਤੇ ਹੌਲੀ-ਹੌਲੀ ਦਿਲ ਨਕਾਰਾ ਹੋਣ ਲੱਗਦਾ ਹੈ।

ਜ਼ਿਆਦਾ ਸ਼ਰਾਬ ਪੀਣ ਨਾਲ ਜਿਗਰ ਤੇ ਤਾਂ ਮਾੜਾ ਅਸਰ ਪੈਂਦਾ ਹੀ ਹੈ, ਬਲੱਡ ਪ੍ਰੈਸ਼ਰ ਵੱਧ ਜਾਣਾ ਵੀ ਸੁਭਾਵਕ ਹੈ। ਫੇਰ ਭਲਾ ਸਾਡੇ ਪੰਜਾਬੀ ਬਾਂਕੇ ਇਹਨਾਂ ਅਲਾਮਤਾਂ ਤੋਂ ਕਿਵੇਂ ਬਚੇ ਰਹਿ ਸਕਦੇ ਹਨ।

ਸਿਰਫ ਸ਼ਰਾਬ ਦੀ ਵਰਤੋਂ ਵਿਚ ਹੀ ਪੰਜਾਬੀਆਂ ਨੇ ਝੰਡੇ ਨਹੀਂ ਗੱਡੇ, ਸਗੋਂ ਭਾਂਤ-ਭਾਂਤ ਦੇ ਨਸ਼ਿਆਂ ਦੀ ਵਰਤੋਂ ਵਿਚ ਵੀ ਸਾਰਿਆਂ ਨੂੰ ਪਛਾੜ ਦਿੱਤਾ ਜਾਪਦਾ ਹੈ। ਨਸ਼ੇ ਦੀਆਂ ਗੋਲੀਆਂ, ਟੀਕਿਆਂ ਦੀ ਵਰਤੋਂ ਤਾਂ ਕਰਦੇ ਹੀ ਸਨ ਹੁਣ ਤਾਂ ਨਸ਼ਿਆਂ ਲਈ ਖਾਂਸੀ ਦੀਆਂ ਦੁਆਈਆਂ ਵੀ ਲੋੜੋਂ ਵੱਧ ਪੀਣ ਲੱਗੇ ਹਨ। ਹਾਲਾਤ ਐਨੇ ਮਾੜੇ ਹੋ ਗਏ ਹਨ ਕਿ ਬਰੈੱਡ ਤੇ ਆਇਓਡੈਕਸ ਲਾ ਕੇ ਖਾਣ ਤੋਂ ਵੀ ਗੁਰੇਜ ਨਹੀਂ ਕਰਦੇ। ਰਿਪੋਰਟਾਂ ਤਾਂ ਇਹ ਵੀ ਆਈਆਂ ਹਨ ਕਿ ਕਿਰਲੀ ਨੂੰ ਮਾਰ ਕੇ , ਸਾੜ ਕੇ ਉਸ ਦੀ ਰਾਖ ਨੂੰ ਸਿਗਰਟ ਵਿਚ ਭਰ ਕੇ ਨਸ਼ਾ ਕਰਨ ਲੱਗੇ ਹਨ। ਭੰਗ, ਫੀਮ, ਚਰਸ, ਗਾਂਜਾ ਵਰਗੇ ਨਸ਼ਿਆਂ ਦੀ ਵਰਤੋਂ ਨੇ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਦਿੱਤਾ ਹੈ। ਤੇ ਨਸ਼ਿਆਂ ਦੇ ਪੱਟੇ ਇਨ੍ਹਾਂ ਗਭਰੂਆਂ ਦੀ ਕਿਹੋ ਜਹੀ ਹਾਲਤ ਹੋਵੇਗੀ ਤੇ ਇਹ ਕਿਸ ਤਰ੍ਹਾਂ ਦਾ ਕਾਰੋਬਾਰ ਕਰਦੇ ਹੋਣਗੇ, ਇਹ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ।

ਦੂਸ਼ਿਤ ਪਾਣੀ:

ਪੰਜਾਬ ਵਿਚ ਪਾਣੀ ਵੀ ਪੀਣ ਦੇ ਯੋਗ ਨਹੀਂ ਰਿਹਾ। ਉਦਯੋਗੀਕਰਨ ਕਰਕੇ ਇੰਡਸਟਰੀਆਂ ਦੀ ਭਰਮਾਰ ਹੋ ਗਈ ਹੈ। ਪਰ ਇਨ੍ਹਾਂ ਫੈਕਟਰੀਆਂ ਵੱਲੋਂ ਛੱਡੇ ਜ਼ਹਿਰੀਲੇ ਪਾਣੀਆਂ ਦੀ ਟਰੀਟਮੈਂਟ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਇਹ ਪਾਣੀ ਸ਼ਹਿਰ ਦਾ ਲਾਗੇ ਵਗਦੇ ਦਰਿਆ ਅਤੇ ਨਾਲਿਆਂ ਵਿਚ ਛੱਡ ਦਿੱਤਾ ਜਾਂਦਾ ਹੈ। ਇਲੈਕਟਰੋਪਲੇਟਿੰਗ ਅਤੇ ਡਾਈਇੰਗ ਉਦਯੋਗਾਂ ਵੱਲੋਂ ਡਿਸਚਾਰਜ ਕੀਤੇ ਪਾਣੀ ਨਾਲ ਹੈਵੀ ਮੈਟਲਜ਼ ਦੀ ਡੋਜ਼ ਸਬਜ਼ੀਆਂ ਅਤੇ ਫਸਲਾਂ ਵਿਚ ਬਾਇਓਮੈਗਨੀਫਿਕੇਸ਼ਨ ਨਾਲ ਵਧ ਜਾਂਦੀ ਹੈ ਜਿਸ ਨਾਲ ਕੈਂਸਰ, ਕਿਡਨੀ, ਦਿਲ ਦੇ ਰੋਗ ਆਦਿ ਹੋ ਜਾਂਦੇ ਹਨ।

ਇਹੋ ਜ਼ਹਿਰੀਲਾ ਪਾਣੀ ਸਬਜ਼ੀਆਂ ਅਤੇ ਫਸਲਾਂ ਦੀ ਸੰਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਕਰਕੇ ਇਹ ਜ਼ਹਿਰੀਲੇ ਤੱਤ ਪਹਿਲਾਂ ਇਨ੍ਹਾਂ ਸਬਜ਼ੀਆਂ ਵਿਚ ਚਲੇ ਜਾਂਦੇ ਹਨ ਅਤੇ ਫੇਰ ਇਨ੍ਹਾਂ ਦੀ ਵਰਤੋਂ ਨਾਲ ਹੌਲੀ-ਹੌਲੀ ਇਹ ਮਨੁੱਖੀ ਸਰੀਰ ਵਿਚ ਚਲੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਰੋਗਾਂ ਲਈ ਬੂਹੇ ਖੋਲ੍ਹ ਦਿੰਦੇ ਹਨ। ਜੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਦੰਦਾ ਦੀ ਚਮਕ ਖਤਮ ਹੋ ਜਾਂਦੀ ਹੈ। ਦੰਦ ਖੁਰਦਰੇ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਭੂਰੇ ਰੰਗ ਦੇ ਧੱਬੇ ਬਣ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਹੱਡੀਆਂ ਵੀ ਟੇਢੀਆਂ ਮੇਢੀਆਂ ਹੋ ਜਾਂਦੀਆਂ ਹਨ ਅਤੇ ਆਦਮੀ ਉਮਰ ਤੋਂ ਪਹਿਲਾਂ ਹੀ ਬੁੱਢਾ ਲੱਗਣ ਲੱਗਦਾ ਹੈ।

ਜੇ ਗਰਭਵਤੀ ਔਰਤ ਜ਼ਿਆਦਾ ਫਲੋਰਾਈਡ ਵਾਲਾ ਪਾਣੀ ਪੀਂਦੀ ਰਹੇ ਤਾਂ ਉਸ ਦੇ ਹੋਣ ਵਾਲੇ ਬੱਚੇ ਦਾ ਆਈ ਕਿਊ ਯਾਨੀ ਬੁੱਧੀਮਤਾ ਅੰਸ਼ 25-30% ਘਟ ਜਾਵੇਗਾ।

ਇਸ ਤਰ੍ਹਾਂ ਦੇ ਪਾਣੀ ਦਾ ਸਿਰਫ ਮਨੁੱਖ ਤੇ ਹੀ ਮਾੜਾ ਅਸਰ ਨਹੀਂ ਹੁੰਦਾ, ਸਗੋਂ ਜਾਨਵਰਾਂ ਤੇ ਵੀ ਮਾੜਾ ਅਸਰ ਪੈਂਦਾ ਹੈ। ਦੁੱਧ ਦੇਣ ਵਾਲੇ ਪਸ਼ੂਆਂ ਵਿਚ ਦੁੱਧ ਦੀ ਪੈਦਾਵਾਰ 30ਤੋਂ 40% ਦੀ ਘਟ ਜਾਂਦੀ ਹੈ।

ਪਾਣੀ ਵਿਚ ਸੋਡੀਅਮ ਦੀ ਜ਼ਿਆਦਾ ਮਾਤਰਾ ਹੋਣ ਨਾਲ ਦਿਲ ਦੇ ਰੋਗ ਹੋ ਸਕਦੇ ਹਨ ਜਦੋਂ ਕਿ ਲੈੱਡ ਦੀ ਜ਼ਿਆਦਾ ਮਾਤਰਾ ਨਾਲ ਮਾਨਸਿਕ ਰੋਗ ਹੋ ਸਕਦੇ ਹਨ। ਕੈਲਸੀਅਮ ਦੀ ਜ਼ਿਆਦਾ ਮਾਤਰਾ ਨਾਲ ਗੁਰਦੇ ਅਤੇ ਗਾਲ ਬਲੈਡਰ ਵਿਚ ਪਥਰੀ ਹੋ ਜਾਂਦੀ ਹੈ।

ਦੂਸ਼ਿਤ ਜਲ ਦੀ ਵਰਤੋਂ ਨਾਲ ਪੀਲੀਆ, ਹੈਪਾਟਾਈਟਸ, ਹੈਜਾ, ਯੈਲੋ ਫੀਵਰ ਨਾਂ ਦੇ ਰੋਗ ਹੋ ਸਕਦੇ ਹਨ। ਤੇ ਸਾਡੇ ਲੋਕਾਂ ਵਿਚ ਇਹ ਬਿਮਾਰੀਆਂ ਆਮ ਤੌਰ ਤੇ ਪਾਈਆਂ ਜਾਂਦੀਆਂ ਹਨ।

ਮਿਲਾਵਟ:

ਭਾਵੇਂ ਸਾਡਾ ਪੰਜਾਬ ਦੁੱਧ ਅਤੇ ਅਨਾਜ ਪੈਦਾ ਕਰਨ ਵਿਚ ਬਾਕੀ ਪ੍ਰਾਂਤਾਂ ਨਾਲੋਂ ਅੱਗੇ ਹੈ ਪਰ ਮਿਲਾਵਟ ਦੀ ਲਾਹਣਤ ਨੇ ਸਾਰਾ ਭੱਠਾ ਬੈਠਾ ਦਿੱਤਾ ਹੈ। ਖਾਣ ਪੀਣ ਦੀ ਸ਼ਾਇਦ ਹੀ ਕੋਈ ਵਸਤੂ ਸ਼ੁੱਧ ਮਿਲੇ। ਇਨ੍ਹਾਂ ਮਿਲਾਵਟੀ ਵਸਤੂਆਂ ਦੀ ਵਰਤੋਂ ਨਾਲ ਬੰਦਾ ਦੁਨੀਆ ਭਰ ਦੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੈ। ਮਿਲਾਵਟਖੋਰਿਆਂ ਨੇ ਨਿੱਕੇ-ਨਿੱਕੇ ਬਾਲਾਂ ਨੂੰ ਵੀ ਨਹੀਂ ਬਖਸ਼ਿਆ ਜਿਹਨਾਂ ਸਿਰਫ ਦੁੱਧ ਪੀ ਕੇ ਹੀ ਆਪਣਾ ਢਿੱਡ ਭਰਨਾ ਹੁੰਦਾ ਹੈ। ਅੱਜਕਲ ਸਿੰਥੈਟਿਕ ਦੁੱਧ ਯਾਨੀ ਨਕਲੀ ਦੁੱਧ ਮਾਰਕੀਟ ਵਿਚ ਆਮ ਮਿਲਦਾ ਹੈ। ਇਹ ਦੁੱਧ ਯੂਰੀਆ, ਡਿਟਰਜੈਂਟਸ, ਘਟੀਆ ਤੇਲਾਂ ਆਦਿ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਦੁੱਧ ਇਕ ਤਰ੍ਹਾਂ ਦਾ ਜ਼ਹਿਰ ਹੈ ਜਿਹੜਾ ਪੀਣ ਵਾਲੇ ਦੀ ਸਿਹਤ ਤੇ ਹੌਲੀ-ਹੌਲੀ ਮਾਰੂ ਅਸਰ ਕਰਦਾ ਹੈ।

ਨੌਨ-ਵੈੱਜ ਫੂਡਜ਼:

ਪੰਜਾਬੀ ਬੰਦੇ ਨੌਨ-ਵੈੱਜ ਫੂਡਜ਼ ਦੀ ਵਰਤੋਂ ਕਰਨ ਵਿਚ ਵੀ ਕੰਜੂਸੀ ਨਹੀਂ ਕਰਦੇ। ਪਰ ਇਸ ਤਰ੍ਹਾਂ ਦੇ ਭੋਜਨ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਰੋਗ ਲੱਗਣੇ ਸੁਭਾਵਕ ਹਨ। ਪਸ਼ੂਆਂ ਨੂੰ ਲੱਗਣ ਵਾਲੇ ਰੋਗ ਮਨੁੱਖਾਂ ਨੂੰ ਵੀ ਲੱਗ ਜਾਂਦੇ ਹਨ ਜੇ ਕਰ ਮਾਸ ਕਿਸੇ ਬਿਮਾਰ ਪਸ਼ੂ ਦਾ ਹੋਵੇ। ਬਰਡ ਫਲੂ, ਸਵਾਈਨ ਫਲੂ ਵਰਗੇ ਰੋਗ ਤਾਂ ਅਜਕਲ ਆਮ ਚਰਚਾ ਵਿਚ ਹਨ।

ਮਾਸਾਹਾਰੀ ਭੋਜਨ ਦੀ ਲਗਾਤਾਰ ਵਰਤੋਂ ਨਾਲ ਅਰਥਰਾਈਟਸ ਯਾਨੀ ਜੋੜਾਂ ਵਿਚ ਦਰਦ ਹੋਣ ਦਾ ਵੀ ਜ਼ਿਆਦਾ ਖਤਰਾ ਹੁੰਦਾ ਹੈ। ਮੀਟ ਵਿਚ ਖਣਿਜ ਪਦਾਰਥ ਲੋਹੇ ਦੀ ਕਾਫੀ ਮਾਤਰਾ ਹੁੰਦੀ ਹੈ ਅਤੇ ਇਹ ਲੋਹਾ ਹੱਡੀਆਂ ਦੇ ਜੋੜਾਂ ਵਿਚ ਇਕੱਠਾ ਹੋਣ ਲੱਗਦਾ ਹੈ ਅਤੇ ਇਸ ਤਰ੍ਹਾਂ ਅਰਥਰਾਈਟਸ ਦੋ ਰੋਗ ਹੋਣ ਦੀ ਸ਼ੰਕਾ ਰਹਿੰਦੀ ਹੈ।
ਮਾਸਾਹਾਰੀ ਭੋਜਨ ਦੀ ਵਰਤੋਂ ਨਾਲ ਗਾਲ ਬਲੈਡਰ ਵਿਚ ਪੱਥਰੀ ਹੋਣ ਦਾ ਵੀ ਡਰ ਰਹਿੰਦਾ ਹੈ। ਇਹ ਪਥਰੀ ਉਦੋਂ ਹੁੰਦੀ ਹੈ ਜਦੋਂ ਗਾਲ ਬਲੈਡਰ ਤੋਂ ਨਿਕਲਣ ਵਾਲਾ ਬਾਈਲ ਨਾਂ ਦਾ ਰਸ ਜਿਹੜਾ ਕਿ ਆਮ ਤੌਰ ਤੇ ਤਰਲ ਰੂਪ ਵਿਚ ਹੁੰਦਾ ਹੈ ,ਸਖਤ ਹੋ ਜਾਂਦਾ ਹੈ। ਅਜਿਹਾ ਭੋਜਨ ਵਿਚ ਸੈਚੂਰੇਟਿਡ ਫੈਟ ਲੈਣ ਨਾਲ ਹੁੰਦਾ ਹੈ। ਮੀਟ ਵਿਚ ਸੈਚੂਰੇਟਿਡ ਫੈਟ ਦੀ ਕਾਫੀ ਮਾਤਰਾ ਹੁੰਦੀ ਹੈ।

ਅੱਜ ਦੇ ਪੰਜਾਬ ਵਿਚ ਸਾਹ ਲੈਣ ਲਈ ਦੂਸ਼ਿਤ ਵਾਤਾਵਰਣ, ਪੀਣ ਲਈ ਜ਼ਹਿਰੀਲੇ ਪਦਾਰਥਾਂ ਨਾਲ ਲਵਰੇਜ ਪਾਣੀ, ਹਾਈ ਕੈਲੋਰੀ ਵਾਲੇ ਭੋਜਨ ਦੀ ਵਰਤੋਂ, ਘੱਟ ਸ਼ਰੀਰਕ ਕੰਮ, ਨਸ਼ਿਆਂ ਦੀ ਵਰਤੋਂ ... ਇਹ ਸਾਰੇ ਪੰਜਾਬੀਆਂ ਦੀ ਸਿਹਤ ਦਾ ਬੇੜਾ ਗਰਕ ਨਹੀਂ ਕਰ ਰਹੇ ਤਾਂ ਹੋਰ ਕੀ ਚੰਦ ਚਾੜ੍ਹ ਰਹੇ ਹਨ! ਇਸ ਲਈ ਜੇ ਆਪਣੇ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ। ਸਰਕਾਰਾਂ ਦੇ ਭਰੋਸੇ ਕੁਝ ਨਹੀਂ ਹੋਣ ਲੱਗਿਆ। ਸਰਕਾਰ ਨੇ ਸ਼ੁਧ ਪਾਣੀ ਦਾ ਬੰਦੋਬਸਤ ਕਰਨ ਦੀ ਬਜਾਏ ਥਾਂ-ਥਾਂ ਤੇ ਠੇਕੇ ਖੋਲ੍ਹ ਦਿੱਤੇ ਹਨ ਕਿ ਲਓ ਬਈ ਪੰਜਾਬੀਓ ਦੂਸ਼ਿਤ ਜਲ ਪੀਣ ਦੀ ਬਜਾਏ ਦਾਰੂ ਪੀਓ ਅਤੇ ਕਰੋ ਬੇੜਾ ਗਰਕ ਆਪਣੇ ਰੰਗਲੇ ਪੰਜਾਬ ਦਾ, ਪੰਜਾਬੀਅਤ ਦਾ ਅਤੇ ਆਪਣੀ ਅਮੁੱਲ ਜੁਆਨੀ ਦਾ।
*****

(ਲੇਖਕ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਵਿਗਿਆਨੀ ਅਤੇ ਸ਼੍ਰੋਮਣੀ ਸਾਹਿਤਕਾਰ ਹੈ।)


Dr Faqir Chand Shukla
230-C,Bhai Randhir Singh Nagar,
Ludhiana-141 012
(Punjab)
ਮੋਬਾਈਲ 98153-59222
fcshuklaldh@yahoo.co.in
fcshuklaldh@gmail.com

(5 ਜਨਵਰੀ 2010)

ਡਾ: ਫਕੀਰ ਚੰਦ ਸ਼ੁਕਲਾ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ilKfrI



© likhari: Punjabi Likhari Forum-2001-2010

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.