|
|
|
ਅਜੋਕਾ
ਵਾਧਾ:
Monday August 09, 2010 |
|
|
ਮੁੱਖ ਪੰਨਾ |
-
ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ- |
ਲਿਖਾਰੀ |
|
 |
ਤੇ ਹੁਣ ਯੂ ਕੇ ਵਿਚ
ਭਾਰਤੀ ਵਿਦਿਆਰਥੀ
ਸੜਕਾਂ ’ਤੇ ਰੁਲਣ ਲੱਗੇ ...(1)
-ਨੁਪਿੰਦਰਪਾਲ ਸਿੰਘ ਭਿੰਡਰ-
|
ਭਾਰਤੀ, ਵਿਸ਼ੇਸ਼ ਕਰਕੇ ਪੰਜਾਬੀ ਨੌਜਵਾਨਾਂ ਵਿਚ ਬਿਹਤਰ ਅਤੇ ਸੁਖਦਾਈ
ਜ਼ਿੰਦਗੀ ਜਿਉਣ ਲਈ ਅਮੀਰ ਅਤੇ ਵਿਕਸਿਤ ਮੁਲਕਾਂ ਵਿਚ ਜਾ ਕੇ ਵਸਣ ਦੀ ਹਮੇਸ਼ਾ
ਹੀ ਚਾਹਤ ਰਹੀ ਹੈ। ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਹੋਰ ਮੁਲਕਾਂ ਵੱਲ ਹਰ
ਵਰ੍ਹੇ ਹਜ਼ਾਰਾਂ ਹੀ ਨੌਜਵਾਨ ਆਪਣਾ ਰੁਖ ਕਰਦੇ ਹਨ। ਪੜ੍ਹਾਈ ਕਾਰਣ ਆਈ
ਜਾਗਰਿਤੀ ਦੇ ਕਾਰਣ ਭਾਵੇਂ ਬਹੁਤ ਸਾਰੇ ਨੌਜਵਾਨ ਕਾਨੂੰਨੀ ਢੰਗ ਨਾਲ ਵਿਦੇਸ਼
ਜਾਣ ਨੂੰ ਤਰਜੀਹ ਦੇਣ ਲੱਗੇ ਹਨ ਪਰ ਅੱਜ ਵੀ ਬਹੁਗਿਣਤੀ ਅਜਿਹੇ ਨੌਜਵਾਨਾਂ
ਦੀ ਹੈ ਜੋ ਵਿਦੇਸ਼ ਪੁੱਜਣ ਲਈ ਕੋਈ ਵੀ ਹੱਥਕੰਡਾ ਵਰਤਣ ਤੋਂ ਪ੍ਰਹੇਜ਼ ਨਹੀਂ
ਕਰਦੇ। ਉਹ ਅੱਜ ਵੀ ਏਜੰਟ ਨੁਮਾ ਵਿਅਕਤੀਆਂ ਹੱਥੋਂ ਲੁੱਟ ਹੋ ਕੇ ਵਿਦੇਸ਼ਾਂ
ਵਿਚ ਦਰ-ਦਰ ਦੀਆਂ ਠੋਹਕਰਾਂ ਖਾਣ ਲਈ ਮਜ਼ਬੂਰ ਹੋ ਰਹੇ ਹਨ।
ਸਮੇਂ ਦੇ ਬਦਲਣ ਨਾਲ ਅੱਜ ਵਿਦੇਸ਼ਾਂ ਵਿਚ ਪੜ੍ਹਾਈ ਦੇ ਨਾਂ ’ਤੇ ਨੌਜਵਾਨਾਂ
ਨੂੰ ਵਿਦਿਆਰਥੀ ਵੀਜ਼ੇ ’ਤੇ ਵਿਦੇਸ਼ ਭੇਜਣ ਲਈ ਸ਼ਹਿਰਾਂ ਵਿਚ ਥਾਂ-ਥਾਂ
ਦੁਕਾਨਾਂ ਖੁੱਲ੍ਹ ਗਈਆਂ ਹਨ। ਆਇਲੈਟਸ, ਟੋਫਲ ਅਤੇ ਅੰਗਰੇਜ਼ੀ ਦੀ ਪੜ੍ਹਾਈ
ਦੇ ਨਾਲ-ਨਾਲ ਵਿਦੇਸ਼ੀ ਕਾਲਜਾਂ ਵਿਚ ਦਾਖਲੇ ਲਈ ਇਹਨਾਂ ਦੁਕਾਨਾਂ/ਸੰਸਥਾਵਾਂ
ਦੇ ਮਾਲਕਾਂ ਵੱਲੋਂ ਨੌਜਵਾਨਾਂ ਨੂੰ ਕਈ ਤਰੀਕਿਆਂ ਨਾਲ ਭਰਮਾਇਆ ਜਾਂਦਾ ਹੈ।
ਪਿਛਲੇ ਸਮੇਂ ਦੌਰਾਨ ਵਿਦੇਸ਼ ਭੇਜਣ ਵਾਲੀਆਂ ਇਹਨਾਂ ਦੁਕਾਨਾਂ ਰਾਹੀਂ
ਆਸਟ੍ਰੇਲੀਆ ਵਿਚ ਧੜਾਧੜ ਨੌਜਵਾਨਾਂ ਨੂੰ ਭੇਜਿਆ ਗਿਆ। ਆਸਟਰੇਲੀਆ ਵਿਚ
ਭਾਵੇਂ ਲੱਖਾਂ ਭਾਰਤੀ ਨੌਜਵਾਨ ਪੁੱਜ ਗਏ ਪਰ ਉੱਥੇ ਉਹਨਾਂ ਨੂੰ ਜਿਨ੍ਹਾਂ
ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਜਾਂ ਕਰਨਾ ਪੈ ਰਿਹਾ ਹੈ, ਉਸਦੀ ਗੂੰਜ
ਪੂਰੇ ਵਿਸ਼ਵ ਭਰ ਵਿਚ ਸੁਣਾਈ ਦੇ ਰਹੀ ਹੈ।
ਵਿਦਿਆਰਥੀ ਵੀਜੇ ’ਤੇ ਆਸਟਰੇਲੀਆ ਗਏ ਕਈ ਵਿਦਿਆਰਥੀਆਂ ਦਾ ਭਵਿੱਖ ਉਸ ਵੇਲੇ
ਡਾਵਾਂਡੋਲ ਹੋ ਗਿਆ ਜਦੋਂ ਆਸਟਰੇਲੀਆ ਦੇ ਕਈ ਕਾਲਜ ਰਾਤੋ-ਰਾਤ ਹੀ ਬੰਦ ਕਰ
ਦਿੱਤੇ ਗਏ। ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਉੱਪਰ ਨਸਲੀ ਹਮਲਿਆਂ ਦੀ
ਕਹਾਣੀ ਵੀ ਅਜੇ ਖਤਮ ਨਹੀਂ ਹੋਈ। ਪਰ ਇਸ ਦੇ ਬਾਵਜੂਦ ਭਾਰਤੀ ਮਾਪਿਆਂ ਉੱਪਰ
ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਭੂਤ ਅੱਜ ਵੀ ਸਵਾਰ ਹੈ। ਯੂ. ਕੇ. ਦੀ
ਸਰਕਾਰ ਨੇ ਆਪਣੀ ਸਿੱਖਿਆ ਸਨਅਤ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ
ਵਿਦਿਆਰਥੀ ਵੀਜ਼ਿਆਂ ਵਿਚ ਕਾਫੀ ਖੁੱਲ੍ਹਾਂ ਦਾ ਐਲਾਨ ਕੀਤਾ ਹੈ। ਅਪ੍ਰੈਲ
2009 ਵਿਚ ਯੂ ਕੇ ਸਰਕਾਰ ਵੱਲੋਂ ਪੁਆਇੰਟ ਆਧਾਰਿਤ ਇੰਮੀਗ੍ਰੇਸ਼ਨ ਨੀਤੀ ਦਾ
ਐਲਾਨ ਕਰਨ ਉਪਰੰਤ ਭਾਰਤੀ ਵਿਦਿਆਰਥੀਆਂ ਨੇ ਆਸਟਰੇਲੀਆਂ ਤੋਂ ਮੂੰਹ ਮੋੜ ਕੇ
ਯੂ ਕੇ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਮੱਧ ਵਰਗ ਨਾਲ ਸਬੰਧਤ ਮਾਪਿਆਂ
ਵੱਲੋਂ ਆਪਣੇ ਧੀਆਂ ਪੁੱਤਰਾਂ ਨੂੰ ਵਿਦਿਆਰਥੀ ਵੀਜ਼ੇ ਉੱਪਰ ਯੂ ਕੇ ਭੇਜਣ ਦੀ
ਦੌੜ ਲੱਗ ਗਈ ਹੈ। ਪ੍ਰਾਪਤ ਅੰਕੜਿਆਂ ਮੁਤਾਬਿਕ ਇਸ ਸਾਲ ਯੂ ਕੇ ਵਿਚ ਭਾਰਤੀ
ਵਿਦਿਆਰਥੀਆਂ ਦੀ ਗਿਣਤੀ ਵਿਚ 24 ਪ੍ਰਤੀਸ਼ਤ ਵਾਧਾ ਹੋਇਆ ਹੈ।
ਯੂ ਕੇ ਦੀਆਂ ਵਿਸ਼ਵ ਪ੍ਰਸਿੱਧ ਸਿੱਖਿਆ ਸੰਸਥਾਵਾਂ ਜਿਵੇਂ ਕੈਂਬਰਿਜ,
ਆਕਸਫੋਰਡ, ਯੂਨੀਵਰਸਿਟੀ ਕਾਲਜ ਆਫ ਲੰਡਨ ਅਤੇ ਕਈ ਹੋਰ ਕਾਲਜ ਵਿਦੇਸ਼ੀ
ਵਿਦਿਆਰਥੀਆਂ ਲਈ ਵਿੱਦਿਆ ਦੇ ਮੱਕੇ ਹਨ ਤੇ ਜੇ ਯੂ ਕੇ ਦੀ ਇੰਮੀਗਰੇਸ਼ਨ
ਨੀਤੀ ਵਿਚ ਕੁਝ ਖੁੱਲ੍ਹਾਂ ਮਿਲ ਰਹੀਆਂ ਹੋਣ ਤਾਂ ਕੌਣ ਨਹੀਂ ਚਾਹੇਗਾ ਉੱਥੇ
ਜਾ ਕੇ ਪੜ੍ਹਨ ਅਤੇ ਸੈਟਲ ਹੋਣ ਦੇ ਮੌਕੇ ਦਾ ਲਾਭ ਉਠਾਉਣਾ। ਉਂਜ ਪ੍ਰਸਿੱਧ
ਸਿੱਖਿਆ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਤਾਂ ਚੰਦ ਵਿਦਿਆਰਥੀ ਹੀ ਹੁੰਦੇ
ਹਨ ਪਰ ਨਿੱਕੇ-ਮੋਟੇ ਕਾਲਜਾਂ ਵਿਚ ਦਾਖਲਾ ਲੈਣ ਦਾ ਮਤਲਬ ਕੇਵਲ ਸੈਟਲ ਹੋਣ
ਦੇ ਬਹਾਨੇ ਤਲਾਸ਼ਣਾ ਹੀ ਹੁੰਦਾ ਹੈ। ਯੂ ਕੇ ਦੀ ਨਵੀਂ ਨੀਤੀ ਆਉਣ ਉਪਰੰਤ
ਸਾਲ 2009 ਦੇ ਪਹਿਲੇ 9 ਮਹੀਨਿਆਂ ਦੌਰਾਨ 40,000 ਭਾਰਤੀ ਵਿਦਿਆਰਥੀਆਂ ਨੇ
ਦਾਖਲੇ ਲਈ ਅਪਲਾਈ ਕੀਤਾ ਦੱਸਿਆ ਜਾਂਦਾ ਹੈ ਜਦੋਂਕਿ ਸਾਲ 2008 ਵਿਚ ਇਹ
ਗਿਣਤੀ ਕੇਵਲ 29,000 ਸੀ। ਨਵੀਂ ਦਿੱਲੀ ਸਥਿਤ ਯੂ. ਕੇ. ਦੇ ਦੂਤਘਰ ਦੇ
ਡਿਪਟੀ ਹਾਈ ਕਮਿਸ਼ਨਰ ਰਿਚਰਡ ਹਾਈਡ ਮੁਤਾਬਿਕ ਇਸ ਸਾਲ ਵਿਦਿਆਰਥੀ ਵੀਜ਼ੇ ਲਈ
ਕੁੱਲ 4.5 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ। ਬਿਨਾਂ ਸ਼ੱਕ ਇਸ ਸਾਲ ਯੂ. ਕੇ.
ਵਿਚ ਭਾਰਤੀ ਵਿਦਿਆਰਥੀ ਧੜਾ ਧੜ ਪੁੱਜੇ ਹਨ ਪਰ ਉੱਥੇ ਉਹਨਾਂ ਨੂੰ ਜਿਨ੍ਹਾਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਬਹੁਤ ਹੀ ਰੌਂਗਟੇ ਖੜ੍ਹੇ
ਕਰਨ ਵਾਲਾ ਹੈ।
ਪਿਛਲੇ ਦਿਨੀਂ ਕੁਝ ਅਖਬਾਰਾਂ ਵਿਚ ਅਜਿਹੀਆਂ ਤਸਵੀਰਾਂ ਛਪੀਆਂ ਹਨ ਜਿਹਨਾਂ
ਵਿਚ ਵਿਦਿਆਰਥੀਆਂ ਨੂੰ ਸੜਕਾਂ, ਫੁੱਟਪਾਥਾਂ ’ਤੇ ਧੱਕੇ ਖਾਂਦਿਆਂ, ਪੁਲਾਂ
ਹੇਠਾਂ ਰਾਤਾਂ ਕੱਟਦਿਆਂ ਤੇ ਧਾਰਮਿਕ ਸਥਾਨਾਂ ਦੇ ਬਾਹਰ ਖਾਣੇ ਲਈ ਤਰਲੇ
ਕਰਦਿਆਂ ਦਿਖਾਇਆ ਗਿਆ ਹੈ। ਬੀ ਬੀ ਸੀ ਦੀ ਇਕ ਰਿਪੋਰਟ ਮੁਤਾਬਿਕ ਵਿਦਿਆਰਥੀ
ਵੀਜ਼ੇ ਉੱਪਰ ਯੂ ਕੇ ਪੁੱਜੇ ਭਾਰਤੀ ਵਿਦਿਆਰਥੀ ਭਾਰੀ ਨਿਰਾਸ਼ਾ ਵਿੱਚੋਂ ਗੁਜਰ
ਰਹੇ ਹਨ। ਉਹਨਾਂ ਨੂੰ ਏਜੰਟਾਂ ਅਤੇ ਸਿੱਖਿਆ ਦੀਆਂ ਦੁਕਾਨਾਂ ਦੇ ਮਾਲਕਾਂ
ਨੇ ਇਹ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੂੰ ਉੱਥੇ ਪੜ੍ਹਾਈ ਦੇ ਨਾਲ-ਨਾਲ ਕੰਮ
ਵੀ ਮਿਲ ਜਾਵੇਗਾ, ਜਿਸ ਨਾਲ ਉਹ ਆਪਣੀ ਪੜ੍ਹਾਈ ਵੀ ਕਰ ਸਕਣਗੇ ਤੇ ਕੁਝ
ਪੈਸੇ ਵੀ ਬਚਾਅ ਲੈਣਗੇ। ਪਰ ਆਰਥਿਕ ਮੰਦੀ ਕਾਰਣ ਉਹਨਾਂ ਨੂੰ ਕਿਤੇ ਵੀ ਕੰਮ
ਨਹੀਂ ਮਿਲ ਰਿਹਾ।
ਸਾਊਥਾਲ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦੀਦਾਰ ਸਿੰਘ
ਰੰਧਾਵਾ ਨੇ ਪ੍ਰਗਟਾਵਾ ਕੀਤਾ ਹੈ ਕਿ ਉਹਨਾਂ ਕੋਲ ਰੋਜ਼ਾਨਾ ਕਈ ਭਾਰਤੀ
ਵਿਦਿਆਰਥੀਆ ਆ ਰਹੇ ਹਨ ਜੋ ਖਾਣੇ ਅਤੇ ਰਿਹਾਇਸ਼ ਦੀ ਮੰਗ ਕਰਦੇ ਹਨ। ਗੁਰੂ
ਘਰ ਵਿਚ ਉਹਨਾਂ ਨੂੰ ਖਾਣਾ ਤਾਂ ਦਿੱਤਾ ਜਾ ਸਕਦਾ ਹੈ ਪਰ ਰਹਿਣ ਲਈ ਥਾਂ
ਦੇਣੀ ਬਹੁਤ ਮੁਸ਼ਕਲ ਹੈ। ਰਿਹਾਇਸ਼ ਲਈ ਵੀ ਇਕ-ਦੋ ਦਿਨ ਦਾ ਪ੍ਰਬੰਧ ਕੀਤਾ ਜਾ
ਸਕਦਾ ਹੈ ਪਰ ਉਹ ਲੰਬਾ ਸਮਾਂ ਉਹਨਾਂ ਨੂੰ ਰੱਖਣ ਤੋਂ ਅਸਮਰਥ ਹਨ। ਨਾਲੇ
ਜ਼ਿਆਦਾ ਗਿਣਤੀ ਵਿਚ ਆਏ ਨੌਜਵਾਨਾਂ ਨੂੰ ਰੱਖਣਾ ਹੋਰ ਵੀ ਮੁਸ਼ਕਲ ਹੈ। ਗੁਰੂ
ਘਰ ਵਿਚ ਸ਼ਰਨ ਲੈਣ ਵਾਲੇ ਇਕ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਵਿਦਿਆਰਥੀ
ਵੀਜ਼ੇ ਵਾਸਤੇ ਇਕ ਏਜੰਟ ਨੂੰ 600 ਪੌਂਡ ਦਿੱਤੇ ਸਨ। ਇਸਤੋਂ ਇਲਾਵਾ ਕਾਲਜ
ਦੀ ਫੀਸ ਅਤੇ ਜਹਾਜ ਦੀ ਟਿਕਟ ਵਾਸਤੇ 2480 ਪੌਂਡ (ਲਗਪਗ ਪੌਣੇ ਦੋ ਲੱਖ
ਰੁਪਏ) ਖਰਚੇ ਗਏ। ਇਹ ਸਾਰੇ ਪੈਸੇ ਉਸਦੇ ਮਾਪਿਆਂ ਨੇ ਬੜੀ ਮੁਸ਼ਕਲ ਨਾਲ
ਇਕੱਠੇ ਕੀਤੇ ਸਨ। ਇੰਗਲੈਂਡ ਵਿਚ ਆ ਕੇ ਉਸ ਨੂੰ ਪੜ੍ਹਾਈ ਨਾਲ ਕੋਈ ਵੀ ਕੰਮ
ਨਾ ਮਿਲਣ ਕਾਰਣ, ਉਹ ਬਹੁਤ ਪ੍ਰੇਸ਼ਾਨ ਹੈ। ਇਸ ਹਾਲਤ ਵਿਚ ਵਾਪਸ ਵੀ ਨਹੀਂ
ਜਾਇਆ ਜਾ ਸਕਦਾ ਕਿਉਂਕਿ ਰਿਸ਼ਤੇਦਾਰਾਂ ਤੋਂ ਹੁਦਾਰ ਲਏ ਪੈਸੇ ਵੀ ਚੁਕਾਉਣੇ
ਹਨ। ਇਕ ਐੱਮ ਬੀ ਏ ਕਰ ਰਹੇ ਵਿਦਿਆਰਥੀ ਰਵੀ ਸਿੰਘ ਦਾ ਕਹਿਣਾ ਹੈ ਕਿ ਉਸ
ਨੂੰ ਏਜੰਟ ਨੇ ਕਿਹਾ ਸੀ ਕਿ ਪੜ੍ਹਾਈ ਦੇ ਨਾਲ ਪਾਰਟ ਟਾਈਮ ਕੰਮ ਅਵੱਸ਼
ਮਿਲੇਗਾ ਪਰ ਇੱਥੇ ਤਾਂ ਰੋਟੀ ਵਾਸਤੇ ਜੁਗਾੜ ਕਰਨਾ ਵੀ ਮੁਸ਼ਕਲ ਹੈ। ਯੂ ਕੇ
ਪੁੱਜੇ ਭਾਰਤੀ ਵਿਦਿਆਰਥੀ ਭਾਰੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ
ਪਰ ਇਸਦੇ ਬਾਵਜੂਦ ਹੋਰ ਵਿਦਿਆਰਥੀਆਂ ਦਾ ਆਉਣਾ ਜਾਰੀ ਹੈ। ਸ਼ਾਇਦ ਇਸ ਦਾ ਇਕ
ਕਾਰਣ ਨੌਜਵਾਨਾਂ ਦੇ ਮਾਪਿਆਂ ਦੀ ਲਾਲਸਾ ਵੀ ਹੈ। ਮਾਪੇ ਆਪਣੇ ਬੱਚਿਆਂ ਨੂੰ
ਹਰ ਹਾਲਤ ਵਿਦੇਸ਼ ਵਿਚ ਸੈਟਲ ਹੋਇਆ ਵੇਖਣਾ ਚਾਹੁੰਦੇ ਹਨ। ਕਈ ਮਾਪੇ ਤਾਂ
ਆਪਣੀਆਂ ਖੂਬਸੂਰਤ ਧੀਆਂ ਨੂੰ ਵੀ ਅੱਗ ਵਿਚ ਝੋਕਣ ਤੋਂ ਪ੍ਰਵਾਹ ਨਹੀਂ
ਕਰਦੇ। ਉਹਨਾਂ ਲਈ ਇੱਜਤ-ਆਬਰੂ ਦੇ ਅਰਥ ਹੀ ਬਦਲ ਗਏ ਲੱਗਦੇ ਹਨ।
ਪੰਜਾਬੋਂ ਤੁਰਨ ਤੋਂ ਪਹਿਲਾਂ ਏਜੰਟਾਂ ਵੱਲੋਂ ਦਿਖਾਏ ਜਾਂਦੇ ਸਬਜ਼ਬਾਗ ਤੇ
ਅਸਮਾਨ ਨੂੰ ਟਾਕੀਆਂ ਲਗਾਉਣ ਵਾਲੀਆਂ ਗੱਲਾਂ ਨਾਲ ਉਨ੍ਹਾਂ ਦੀਆਂ ਅੱਖਾਂ
’ਤੇ ਇਹੋ ਜਿਹੀ ਪੱਟੀ ਬੱਝ ਜਾਂਦੀ ਹੈ ਕਿ ਉਹ ਇਹ ਭੁੱਲ ਹੀ ਜਾਂਦੇ ਹਨ ਕਿ
ਉਹਨਾਂ ਦਾ ਮੁੰਡਾ ਜਾਂ ਕੁੜੀ ਕਿਸੇ ਰਿਸ਼ਤੇਦਾਰ ਕੋਲ ਨਹੀਂ, ਸਗੋਂ ਉਸ
ਅਣਜਾਣ ਧਰਤੀ ’ਤੇ ਜਾ ਰਹੇ ਹਨ ,ਜਿਸ ਬਾਰੇ ਆਮ ਪ੍ਰਚਲਿਤ ਹੈ ਕਿ ਉੱਥੇ
ਤਿੰਨ ‘ਡਬਲਿਊ’ ( ਵਰਕ, ਵੈਦਰ ਤੇ ਵੁਮੈਨ) ਦਾ ਕੋਈ ਇਤਬਾਰ ਨਹੀਂ। ਜਿੱਥੇ
ਅਣਭੋਲ ਅਤੇ ਅੱਲੜ੍ਹ ਮੁਟਿਆਰਾਂ ਦੇ ਸੋਸ਼ਣ ਦੀਆਂ ਕਈ ਕਹਾਣੀਆਂ ਨਿੱਤ ਦਿਨ
ਘਟਦੀਆਂ ਹਨ।
ਇਕ ਪੰਜਾਬੀ ਨੌਜਵਾਨ ਨੇ ਲੰਡਨ ਤੋਂ ਪੰਜਾਬੀ ਮਾਪਿਆਂ ਦੇ ਨਾਂ ਇਕ ਖੁੱਲ੍ਹਾ
ਪੱਤਰ ਭੇਜਿਆ ਹੈ ਜੋ ਕੁਝ ਅਖਬਾਰਾਂ ਵਿਚ ਛਪਿਆ ਹੈ। ਇਸ ਵਿਚ ਉਸ ਨੇ
ਮਾਪਿਆਂ ਵੱਲੋਂ ਕਮਾਈ ਲਈ ਭੇਜੀਆਂ ਆਪਣੀਆਂ ਲਾਡਲੀਆਂ ਦੀ ਬਾਹਰਲੇ ਮੁਲਕ
ਵਿੱਚ ਹੋ ਰਹੀ ਦੁਰਦਸ਼ਾ ਦਾ ਕਰੂਰ ਸੱਚ ਬਿਆਨਿਆ ਹੈ। ਇਸ ਪੱਤਰ ਵਿਚ ਉਸ ਨੇ
ਇਕ ਘਟਨਾ ਦਾ ਹਵਾਲਾ ਦਿੱਤਾ ਹੈ ਕਿ ਕਿਵੇਂ ਇਕ ਭਾਰਤੀ ਲੜਕੀ ਦੀ ਇੱਜ਼ਤ ਉਸ
ਦੇ ਆਪਣੇ ਹੀ ਪਿਤਾ ਦੀ ਬੇਵਕੂਫੀ ਕਾਰਣ ਦਾਅ ’ਤੇ ਲੱਗ ਗਈ। ਉਸ ਨੇ ਦੱਸਿਆ
ਇਕ ਪੇਂਡੂ ਮੁਟਿਆਰ ਸਟੂਡੈਂਟ ਵੀਜੇ ’ਤੇ ਇੱਥੇ ਆਈ। ਉਸ ਮੁਟਿਆਰ ਨੂੰ ਇਹ
ਵੀ ਨਹੀਂ ਸੀ ਪਤਾ ਕਿ ਉਸਨੇ ਅੱਗੇ ਕਿੱਥੇ ਜਾਣਾ ਹੈ? ਉਸਦਾ ਕਾਲਜ ਕਿੱਥੇ
ਹੈ? ਉਸਨੇ ਠਹਿਰਨਾ ਕਿੱਥੇ ਹੈ? ਕੇਵਲ ਉਸ ਕੋਲ ਇਕ ਕਾਗਜ਼ ਸੀ, ਜਿਸ ਉੱਪਰ
ਰਿਹਾਇਸ਼ ਦਾ ਪਤਾ ਲਿਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਮੁਟਿਆਰ ਏਜੰਟ
ਵਾਲੀ ਮੁਹਾਰਨੀ ਰਟੀ ਜਾ ਰਹੀ ਸੀ ਕਿ, ‘‘ਵੀਰ ਜੀ, ਮੈਂ ਈ-ਮੇਲ ਭੇਜੀ ਹੋਈ
ਆ, ਹੋਸਟਲ ਵਾਲੇ ਉਡੀਕਦੇ ਹੋਣਗੇ, ਮੈਨੂੰ ਹੋਸਟਲ ਛੱਡ ਆਓ। ਜਦ ਏਜੰਟ
ਵੱਲੋਂ ਦਿੱਤੇ ਐਡਰੈੱਸ ’ਤੇ ਪਹੁੰਚੇ ਤਾਂ ਉੱਥੇ ਮੌਜੂਦ ਵਿਅਕਤੀ ਨੇ ਕੋਰਾ
ਜਵਾਬ ਦਿੰਦਿਆਂ ਕਿਹਾ, ‘‘ਸਾਨੂੰ ਤਾਂ ਕੋਈ ਸੂਚਨਾ ਨਹੀਂ ਮਿਲੀ। ਨਾ ਹੀ
ਸਾਡੇ ਕੋਲ ਕੋਈ ਰੂਮ ਖਾਲੀ ਹੈ।” ਕੁੜੀ ਇਹ ਕੋਰਾ ਜਵਾਬ ਸੁਣ ਕੇ ਰੋਣ ਲੱਗ
ਪਈ। ਚਲੋ ਕਿਵੇਂ ਨਾ ਕਿਵੇਂ ਅਸੀਂ ਉਸ ਨੂੰ ਕਮਰੇ ਦਾ ਇੰਤਜ਼ਾਮ ਕਰਕੇ
ਦਿੱਤਾ।
ਇਸ ਕੁੜੀ ਦੀ ਇੱਜ਼ਤ ਤਾਂ ਉਹਨਾਂ ਕਰਕੇ ਬਚ ਗਈ ਪਰ ਇਕ ਹੋਰ ਉਸ ਪਿਓ ਦਾ
ਦਿਲ-ਗੁਰਦਾ ਵੀ ਦੇਖ ਲਓ ਜਿਸ ਨੇ ਅੰਮ੍ਰਿਤਸਰ ਏਅਰਪੋਰਟ ’ਤੇ ਆਪਣੀ ਮੁਟਿਆਰ
ਧੀ ਨੂੰ ਅਣਜਾਣ ਮੁਲਕ ਵੱਲ ਤੋਰਨ ਲੱਗਿਆਂ, ਉਹਦੀ ਬਾਂਹ ਇਕ ਹੋਰ ਸਟੂਡੈਂਟ
ਵੀਜ਼ੇ ’ਤੇ ਹੀ ਜਾ ਰਹੇ ਅਜਨਬੀ ਮੁੰਡੇ ਨੂੰ ਫੜਾ ਦਿੱਤੀ ਤੇ ਕਿਹਾ, “ਪੁੱਤ
ਇਹਨੂੰ ਵੀ ਉੱਥੇ ਕੋਈ ਨਹੀਂ ਜਾਣਦਾ, ਜਿੱਥੇ ਤੂੰ ਰਿਹਾ ... ਇਹਨੂੰ ਵੀ
ਨਾਲ ਹੀ ਰੱਖਲੀਂ।” ਰਾਤ ਦੇ 9 ਵਜੇ ਉੱਤਰੀ ਫਲਾਇਟ ਤੋਂ ਬਾਅਦ ਉਹਨਾਂ ਦੇ
ਠਹਿਰਨ ਦਾ ਬੰਦੋਬਸਤ ਨਹੀਂ ਹੋ ਰਿਹਾ ਸੀ। ਅੰਤ ਇਕ ਹੋਟਲ ਵਿੱਚ ਉਨ੍ਹਾਂ
ਦੋਨਾਂ ਨੂੰ ਇੱਕ ਕਮਰਾ ਹੀ ਮਿਲਿਆ ਤੇ ਇਕ ਸਿਆਣੇ ਪਿਉ ਦੀ ਸਟੂਡੈਂਟ ਧੀ
ਸਾਰੀ ਰਾਤ ਇਕ ਅਜਨਬੀ ਮੁੰਡੇ ਨਾਲ ਇੱਕੋ ਕਮਰੇ ਵਿਚ ਹੀ ਰਹੀ। ਸ਼ਾਇਦ ਇਹ ਉਸ
ਸਿਆਣੇ ਤੇ ਵੱਡੇ ਦਿਲ-ਗੁਰਦੇ ਵਾਲੇ ਪਿਉ ਦੀ ਧੀ ਦੀ ਵਿਦੇਸ਼ ਵਿਚ ਪਹਿਲੀ
‘ਕਮਾਈ’ ਸੀ। ਇਹ ਤਾਂ ਸਿਰਫ਼ ਇਕ ਹੀ ਲੜਕੀ ਦੀ ਵਿਦੇਸ਼ ਵਿਚ ਰੁਲਣ ਦੀ ਕਹਾਣੀ
ਹੈ , ਪਤਾ ਨਹੀਂ ਕਿੰਨੀਆਂ ਕੁ ਪੰਜਾਬੀ ਮੁਟਿਆਰਾਂ ਨਾਲ ਬਾਹਰਲੇ ਦੇਸ਼ਾਂ
ਵਿੱਚ ਕੀ-ਕੀ ਸ਼ੋਸ਼ਣ ਹੁੰਦਾ ਹੋਵੇਗਾ; ਜਿਹਨਾਂ ਤੋਂ ਉਨ੍ਹਾਂ ਦੇ ਮਾਪੇ
ਅਣਜਾਣ ਹਨ।
ਵਿਦੇਸ਼ ਭੇਜਣ ਲਈ ਲਾਲਚੀ ਬਿਰਤੀ ਵਾਲੇ ਲੋਕਾਂ ਨੇ ਇਕ ਹੋਰ ਵੀ ਨਵਾਂ ਤਰੀਕਾ
ਲੱਭ ਲਿਆ ਹੈ। ਉਹ ਹੈ ਕਾਗਜੀ-ਪੱਤਰੀ ‘ਵਿਆਹ’। ਅਖਬਾਰਾਂ ਵਿੱਚ ਅਕਸਰ ਹੀ
ਅਜਿਹੇ ਮੈਟਰੀਮੋਨੀਅਲ ਪੜ੍ਹਨ ਨੂੰ ਮਿਲਦੇ ਹਨ। ਜਿਹਨਾਂ ਵਿਚ ਆਈਲੈਟਸ ਪਾਸ
ਲੜਕੀ ਲਈ ਲੜਕੇ ਦੀ ਲੋੜ ਹੈ, ਲਿਖਿਆ ਹੁੰਦਾ ਹੈ। ਜਾਂ ਇੰਜ ਵੀ ਹੁੰਦਾ ਹੈ
ਕਿ ਲੜਕੇ ਨੂੰ ਆਈਲੈਟਸ ਪਾਸ ਲੜਕੀ ਦੀ ਲੋੜ ਹੈ। ਕਈ ਮਾਪੇ ਆਪਣੀ ਲੜਕੀ ਨੂੰ
ਆਈਲੈਟਸ ਕਰਵਾ ਤਾਂ ਲੈਂਦੇ ਹਨ ਪਰ ਉਸ ਨੂੰ ਵਿਦੇਸ਼ ਭੇਜਣ ਦਾ ਖਰਚਾ ਚੁੱਕਣ
ਲਈ ਉਸ ਦੀ ਜ਼ਿੰਦਗੀ ਹੀ ਦਾਅ ’ਤੇ ਲਾ ਦਿੰਦੇ ਹਨ। ਉਹ ਆਪਣੀ ਲੜਕੀ ਨੂੰ
ਆਈਲੈਟਸ ਕਰਵਾ ਕੇ ਇਸ਼ਤਿਹਾਰ ਰਾਹੀਂ ਇਹੋ ਜਿਹਾ ਅਖੌਤੀ ਵਰ ਭਾਲਦੇ ਹਨ ਜੋ
ਲੜਕੀ ਦੇ ਨਾਲ ਜਾਣ ਲਈ ਆਪਣਾ ਤੇ ਲੜਕੀ ਦਾ ਸਾਰਾ ਖਰਚ ਚੁੱਕ ਲਵੇ।
ਕਾਗਜ਼ੀ-ਪੱਤਰੀ ਵਿਆਹ ਤਾਂ ਹੋ ਜਾਂਦੇ ਹਨ ਪਰ ਇਸ ਲਈ ਕਿਸੇ ਨੂੰ ਆਪਣੀ ਦੌਲਤ
ਲੁਟਾਉਣੀ ਪੈਂਦੀ ਹੈ ਤੇ ਕਿਸੇ ਨੂੰ ... ਆਪਣੀ ਪੱਤ!
ਨੁਪਿੰਦਰਪਾਲ ਸਿੰਘ ਭਿੰਡਰ
ਫੋਨ: 97819-98984 (ਇੰਡੀਆ)
*****
(12 ਜਨਵਰੀ
2010)
|
|
ਨੁਪਿੰਦਰਪਾਲ ਸਿੰਘ ਭਿੰਡਰ ਦੀਆਂ 'ਲਿਖਾਰੀ' ਵਿੱਚ ਛਪੀਆਂ ਸਾਰੀਆਂ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ
 |
e-mail:
ilKfrI
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|