ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

ਫੋਟੋ:ਡਾ:ਗੁਰੂਮੇਲ ਸ. ਸਿਧੂ
ਡਾ. ਗੁਰੂਮੇਲ ਸਿੱਧੂ

ਚਰਚਤ ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ?
ਇਤਿਹਾਸਕ ਤੱਥ ਅਤੇ ਪ੍ਰਮਾਣ

ਡਾ. ਗੁਰੂਮੇਲ ਸਿੱਧੂ

ਕਥਤ ‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਹੋਰ ਵੀ ਮਘ ਉੱਠਿਆ ਹੈ। ਕੁਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜਿਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ। ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ ਪਹੁੰਚਾਉਣ ਦੇ ਜ਼ਿੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ ਪਰਮਾਣਿਕਤਾ ਨੂੰ ਮੁੱਦਾ ਬਣਾ ਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਪਿੱਛੇ ਵੀ ਕੁਝ ਅਜਿਹੇ ਹੀ ਕਾਰਨ ਹਨ। ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ? ਇਸ ਸਵਾਲ ਦੇ ਉੱਤਰ ਲਈ ਮੇਰੇ ਵਲੋਂ ਲਿਖੇ ਮੌਨੌਗਰਾਫ ਦਾ ਖੁਲਾਸਾ ਹਾਜ਼ਰ ਹੈ।

(ੳ) ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ।
(ਅ) ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ।
(ੲ) ਦਸਮ ਗ੍ਰੰਥ ਦੀ ਮਿੱਥ ਦਾ ਆਰੰਭ: ਇਕ ਫ਼ਰੰਗੀ ਸਾਜ਼ਿਸ਼।
(ਸ) ਦਸਮ ਗ੍ਰੰਥ ਅਤੇ ਹੋਰ ਬੀੜਾਂ।
(ਹ) ਸੋਧਕ ਕਮੇਟੀ ਦਾ ਦਸਮ ਗ੍ਰੰਥ।
(ਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਅਤੇ ਦਸਮ ਗ੍ਰੰਥ।
(ਖ) ਅਯੋਕੀ ਸਥਿਤੀ।

(ੳ) ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ
ਇਸ ਭਾਗ ਨੂੰ ਕੁਝ ਅਹਿਮ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ।

1. ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ‘ਦਸਮ ਗ੍ਰੰਥ’ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਂ ਗੁਰੂ ਕਾਲ ਤੋਂ ਹੀ ਸਿੱਖ ਇਤਿਹਾਸ ਵਿੱਚ ਅੰਕਤ ਨਾ ਹੁੰਦਾ ਅਤੇ ਇਸ ਦਾ ਪ੍ਰਕਾਸ਼ ਧਾਰਮਿਕ ਸਥਾਨਾਂ ’ਤੇ ਨਾ ਕੀਤਾ ਜਾਂਦਾ? ਖਾਸ ਕਰਕੇ ਕੀ ਇਸ ਬਾਰੇ ਸਿੱਖਾਂ ਨੂੰ ਕੋਈ ਸੂਹ ਨਾ ਹੁੰਦੀ ਅਤੇ ਇਸ ਦਾ ਨਾਂ ਉਨ੍ਹਾਂ ਦੇ ਮਨਾਂ ਵਿੱਚ ਵਸਿਆ ਹੋਇਆ ਨਾ ਹੁੰਦਾ?

2. ਕੀ ਇਸ 1428 ਸਫਿਆਂ ਦੇ ਵੱਡ ਅਕਾਰੇ ਗ੍ਰੰਥ ਦਾ ਜ਼ਿਕਰ, ਦਸਮ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, 18ਵੀਂ ਸਦੀ ਵਿੱਚ ਲੁਕਿਆ ਛਿਪਿਆ ਰਹਿੰਦਾ?

3. ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਕੀ ਇਸ ਗ੍ਰੰਥ ਦਾ ਜ਼ਿਕਰ ਗੁਰੂ ਸਾਹਿਬ ਵਲੋਂ ਖ਼ੁਦ ਜਾਂ ਉਨ੍ਹਾਂ ਵਲੋਂ ਸਤਿਕਾਰੇ ਹੋਏ 52 ਦਰਬਾਰੀ ਆਨਿਨ ਸਿੱਖਾਂ ਨੇ ਆਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

4. ਅਜਿਹੇ ਅਦੁੱਤੀ ਅਤੇ ਵਿਸ਼ੇਸ਼ ਗ੍ਰੰਥ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ, ਕੀ ਇਸ ਦਾ ਜ਼ਿਕਰ ਨਿਕਟ ਵਰਤੀ ਕਵੀਆਂ, ਲੇਖਕਾਂ ਜਾਂ ਵੱਖ ਵੱਖ ਭਾਸ਼ਾਵਾਂ ਦੇ ਇਤਿਹਾਸਕਾਰਾਂ ਨੇ ਕਿਤੇ-ਨ-ਕਿਤੇ ਆਪਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

5. ਕੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਦਨ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ (ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ) ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ, ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਗੇੜੇ ਖਾਣ ਦੇ ਬਾਵਜੂਦ ਸਿੱਖਾਂ ਨੇ ਉਸ ਨੂੰ ਸੰਭਾਲ ਕੇ ਨਹੀਂ ਰੱਖਿਆ? ਇਸੇ ਤਰ੍ਹਾਂ ਜੇ ਦਸਵੇਂ ਗੁਰੂ ਸਾਹਿਬ ਨੇ ਕਿਸੇ ਗ੍ਰੰਥ ਦੀ ਰਚਨਾ ਕੀਤੀ ਹੁੰਦੀ ਤਾਂ ਲੜਾਈਆਂ, ਘਲੂਘਾਰਿਆਂ ਅਤੇ ਕੁਦਰਤੀ ਉਥਲ-ਪੁਥਲ ਦੇ ਬਾਵਜੂਦ ਵੀ, ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾਂ ਵਾਰ ਕੇ ਵੀ ਨਾ ਕੀਤੀ ਹੁੰਦੀ?

6. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਸੀ। ਕੀ ਦਸਮ ਗੁਰੂ ਵਲੋਂ ਲਿਖੇ ਕਿਸੇ ਦਸਮ ਗ੍ਰੰਥ ਨੂੰ ਉਹ ਉਸੇ ਸ਼ਰਧਾ ਨਾਲ ਯਾਦ ਨਹੀਂ ਸਨ ਕਰ ਸਕਦੇ?

ਗੁਰੂ ਗੋਬਿੰਦ ਸਿੰਘ ਹੋਰਾਂ ਦੇ ਸਮਕਾਲੀ ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇਨ੍ਹਾਂ ਸਵਾਲਾਂ ਦੇ ਉੱਤਰ ਨਹੀਂ ਮਿਲਦੇ। ਗੁਰੂ ਸਾਹਿਬ ਸੰਨ 1708 ਈ. ਵਿੱਚ ਜੋਤੀ ਜੋਤ ਸਮਾਏ। ਇਸ ਕਾਲ ਤੋਂ ਬਾਅਦ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ, ਰਾਜਨੀਤਕ ਰੋਜ਼ਨਾਮਚਿਆਂ ਅਤੇ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਕਿਸੇ ‘ਦਸਮ ਗ੍ਰੰਥ’ ਦਾ ਜ਼ਿਕਰ ਨਹੀਂ ਆਇਆ। ਇਹ ਆਪਣੇ ਆਪ ਵਿੱਚ ‘ਦਸਮ ਗ੍ਰੰਥ’ ਦੀ ਅਣਹੋਂਦ ਬਾਰੇ ਇਕ ਸੱਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ। ਇਸ ਤੋਂ ਬਾਅਦ ‘ਦਸਮ ਗ੍ਰੰਥ’ ਦੀ ਹੋਂਦ ਬਾਰੇ ਸਫਾਈ ਪੇਸ਼ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਸਵਾਲ ਅਤੇ ਉੱਤਰ ਦੋਵੇਂ ਇੱਥੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਪਰ ਫੇਰ ਵੀ ਕਈ ਸਿੱਖਾਂ, ਸੰਤਾਂ, ਟਕਸਾਲਾਂ ਅਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਆਰ. ਐਸ. ਐਸ. ਦੇ ਹੱਥੀਂ ਚੜ੍ਹੇ/ਵਿਕੇ ਹੋਏ ਅਖੌਤੀ ਸਿੱਖ, ਸਿੱਖ ਵਿਦਵਾਨ ਅਤੇ ਕੁਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ ਜਥੇਦਾਰ, ਕਥਤ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਗਰਦਾਨਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਪਾਸ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ-ਤੁੱਪ ਕਰਕੇ ਦਲੀਲ ਰਹਿਤ ਮਾੜੇ ਮੋਟੇ ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ, ਉਹ ਜਾਂ ਤਾਂ ਭਾਵਕ ਧਰਮ ਮਰਯਾਦਾ ਵਿੱਚੋਂ ਜਨਮੇ ਹਨ ਅਤੇ ਜਾਂ ਕੱਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੁਦਪ੍ਰਸਤ ਰਾਜਨੀਤਕ ਚਾਲਾਂ ਤੇ ਅਧਾਰਤ ਹਨ। ਇਸ ਵਿਗਿਆਨਕ ਯੁੱਗ ਵਿੱਚ ਸਚਾਈ ਦਾ ਪੱਖ ਠੋਸ ਪਰਮਾਣ ਅਤੇ ਪੁਖਤਾ ਦਲੀਲ ਤੋਂ ਵਗੈਰ ਨਹੀਂ ਪੂਰਿਆ ਜਾ ਸਕਦਾ। ਅਸੀਂ ਏਥੇ ਕਥਤ ‘ਦਸਮ ਗ੍ਰੰਥ’ ਵਾਰੇ ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਖੇਪ ਵਿੱਚ ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ ਤੱਥ ਪੇਸ਼ ਕਰਾਂਗੇ।

(ਅ) ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ

ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦੇ ਕਾਲ ਵਿੱਚ ਚਾਰ ਲਾਸਾਨੀ ਘਟਨਾਵਾਂ ਵਾਪਰੀਆਂ ਜੋ ਪਿਛਲੇ ਗੁਰੂਆਂ ਨਾਲੋਂ ਵਖਰੀਆਂ ਅਤੇ ਲਾਸਾਨੀ ਹਨ। ਪਹਿਲੀ ਘਟਨਾ ਸੀ ਖ਼ਾਲਸਾ ਪੰਥ ਸਾਜਨਾ, ਦੂਜੀ ਰਹਿਤ ਮਰਯਾਦਾ ਕਾਇਮ ਕਰਨਾ, ਤੀਜੀ ਦਮਦਮਾ ਸਾਹਿਬ ਵਾਲੀ ਬੀੜ ਤਿਆਰ ਕਰਨਾ ਅਤੇ ਚੌਥੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪਣਾ। ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਇਤਿਹਾਸ ਵਿੱਚ ਜਾਣਕਾਰੀ ਦਰਜ ਹੈ। ਪਰ ‘ਦਸਮ ਗ੍ਰੰਥ’ ਨੂੰ ਰਚਣ ਦੀ ਘਟਨਾ ਬਾਰੇ ਕਿਤੇ ਕੋਈ ਉੱਘ-ਸੁੱਘ ਨਹੀਂ ਮਿਲਦੀ। ਸਤਾਰ੍ਹਵੀਂ ਅਤੇ ਅਠਾਰਵੀਂ ਸਦੀਆਂ ਦੇ ਇਤਿਹਾਸ ਵਿੱਚ ਕੋਈ ਵੀ ਅਜਿਹਾ ਪ੍ਰਮਾਣ ਜਾਂ ਦਸਤਾਵੇਜ਼ ਨਹੀਂ ਮਿਲਦਾ ਜੋ ‘ਦਸਮ ਗ੍ਰੰਥ’ ਦੀ ਹੋਂਦ ਦੀ ਗਵਾਹੀ ਸਬੂਤਾਂ ਸਮੇਤ ਪੇਸ਼ ਕਰਦਾ ਹੋਵੇ। ਹੇਠਾਂ ਅਸੀਂ ਗੁਰੂ ਸਾਹਿਬ ਨਾਲ ਬਾਵਸਤਾ ਸਿੱਖ ਧਰਮ ਦੀਆਂ ਉਪਰੋਕਤ ਚਾਰ ਮੀਰੀ ਪ੍ਰੰਪਰਾਵਾਂ ਬਾਰੇ ਇਤਿਹਾਸਤ ਗਵਾਹੀਆਂ ਪੇਸ਼ ਕਰਾਂਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਰਚੇ ਗਏ ‘ਦਸਮ ਗ੍ਰੰਥ’ ਬਾਰੇ ਮਿਲਦੇ ਕਿਸੇ ਵੀ ਤੱਥ ਨੂੰ ਭਾਲਣ ਦੀ ਕੋਸ਼ਿਸ਼ ਕਰਾਂਗੇ।

ਅਠਾਰਵੀਂ ਸਦੀ ਦਾ ਸਿੱਖ ਇਤਿਹਾਸ

1. ਭਾਈ ਨੰਦ ਲਾਲ: ਰਹਿਤ ਨਾਮਾ, ਤਨਖ਼ਾਹ ਨਾਮਾ ਅਤੇ ਸਾਖੀ ਰਹਿਤ ਕੀ (1595-1699 ਈ.)
ਭਾਈ ਨੰਦ ਲਾਲ ਜੋ ਨੰਦ ਲਾਲ ਗੋਆ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ/ਸਾਹਿਤਕਾਰ ਸਨ। ਉਨ੍ਹਾਂ ਨੇ ਬਹੁਤੀ ਰਚਨਾ ਫ਼ਾਰਸੀ ਭਾਸ਼ਾ ਵਿੱਚ ਕੀਤੀ ਜਿਵੇਂ ਜ਼ਿੰਦਗੀ ਨਾਮਾ, ਦੀਵਾਨਿ ਗੋਯਾ, ਤੌਸੀਫ਼-ਓ-ਸਨਾ, ਜੋਤ ਬਿਗਾਸ, ਗੰਜ ਨਾਮਾ, ਦਸਤੂਰੁਲ-ਇਨਸ਼ਾ, ਅਰਜ਼ੁਲ-ਅਲਫ਼ਾਜ਼। ਤਿੰਨ ਰਚਨਾਵਾਂ ਪੰਜਾਬੀ ਵਿੱਚ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਜੋਤ ਬਿਗਾਸ’, ‘ਰਹਿਤ ਨਾਮਾ’ ਅਤੇ ‘ਤਨਖ਼ਾਹ ਨਾਮਾ’। ਜੋਤ ਬਿਗਾਸ ਇਸੇ ਨਾਂ ਦੀ ਫ਼ਾਰਸੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ। ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਨੰਦ ਲਾਲ ਵਿਚਕਾਰ ਧਰਮ ਮਰਯਾਦਾ ਬਾਰੇ ਵਿਚਾਰ ਵਟਾਂਦਰਾ ਹੈ। ਰਹਿਤਨਾਮਾ, ਸਤਲੁਜ ਕੰਢੇ ਆਨੰਦਪੁਰ ਵਿਖੇ 1595 ਈ. ਵਿੱਚ ਲਿਖਿਆ ਗਿਆ। ਇਸ ਵਿੱਚ ‘ਖ਼ਾਲਸਾ’ ਦੀ ਸਾਜਨਾ ਜਾਂ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਖ਼ਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਅਤੇ ਨਾ ਹੀ ਆਪਣੇ ਨਾਂ ਨਾਲ ਸਿੰਘ ਦੀ ਵਰਤੋਂ ਕੀਤੀ ਸੀ। ਸਿੱਧ ਹੈ ਕਿ ਇਹ 1699 ਈ. ਤੋਂ ਪਹਿਲਾਂ ਦੀ ਰਚਨਾ ਹੈ। ਤਨਖ਼ਾਹ ਨਾਮਾ ਖ਼ਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿੱਚ ਸ਼ਬਦ ‘ਖ਼ਾਲਸਾ’ ਅਤੇ ‘ਸਿੰਘ’ ਆਮ ਵਰਤੇ ਗਏ ਹਨ ਅਤੇ ਅਖੀਰ ਵਿੱਚ ‘ਖ਼ਾਲਸਾ’ ਦੀ ਉਸਤਤ ਕੀਤੀ ਗਈ ਹੈ। ਰਹਿਤ ਨਾਮਾ ਵਿੱਚ ਗੁਰੂ ਦਸਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ। ਇਹ ਤਿੰਨ ਰੂਪ ਹਨ: ਨਿਰਗੁਣ, ਸਰਗੁਣ ਅਤੇ ਗੁਰਸ਼ਬਦ। ਗੁਰੂ ਜੀ ਫਰਮਾਉਂਦੇ ਹਨ ਕਿ ਇਹ ਤਿੰਨੋ ਰੂਪ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਸੁਣ ਕੇ ਦਰਸ਼ਨ ਕਰਕੇ ਕਰ ਸਕਦਾ ਹੈ।

2. ਸੈਨਾਪਤਿ: ਸ੍ਰੀ ਗੁਰ ਸੋਭਾ (1711 ਈ.)

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ (1708 ਈ.) ਤੋਂ ਤਿੰਨ ਸਾਲ ਬਾਅਦ 1711 ਈ. ਵਿੱਚ ਲਿਖੀ ਸੈਨਾਪਤਿ ਦੀ ਲਿਖਤ, ‘ਸ੍ਰੀ ਗੁਰ ਸੋਭਾ’ ਮਿਲਦੀ ਹੈ ਜਿਸ ਦਾ ਕਰਤਾ ਗੁਰੂ ਸਾਹਿਬ ਦੇ 52 ਆਨਿਨ ਸਿੱਖ ਲਿਖਾਰੀਆਂ ਵਿੱਚੋਂ ਨਿਸਚੇ ਹੀ ਸਿਰਕੱਢ ਸੀ। ਇਸ ਵਿੱਚ ਜੋ ਕੁਝ ਉਸ ਨੇ ਦਰਬਾਰੀ ਕਵੀ ਹੋਣ ਕਰ ਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ, ਉਹੋ ਕੁਝ ਬਿਆਨ ਕੀਤਾ ਹੈ। ‘ਸ੍ਰੀ ਗੁਰ ਸੋਭਾ’ ਵਿੱਚ ਬਿਆਨੇ ਹੋਏ ਇਤਿਹਾਸਕ ਤੱਥਾਂ ਦੀ ਤਸਦੀਕ ਮੁਗਲ ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ, ‘ਅਹਿਕਾਮਿ-ਆਲਮਗੀਰੀ’, ‘ਅਖ਼ਬਾਰਾਤਿ-ਦਰਬਾਰਿ-ਮੁਅੱਲਾਂ’, ‘ਤਵਾਰੀਖ ਮੁਅੱਜ਼ਮ ਸ਼ਾਹ’, ‘ਬਹਾਦੁਰ ਸ਼ਾਹ ਨਾਮੇ’ ਅਤੇ ‘ਤਾਰੀਖਿ ਬਹਾਦੁਰ ਸ਼ਾਹ’ ਨਾਲ ਮਿਲਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੈਨਾਪਤਿ ਨੇ ਗੁਰੂ ਗੋਬਿੰਦ ਸਿੰਘ ਦੇ ਕਾਲ ਦਾ ਅੱਖੀਂ ਠਿੱਡਾ ਹਾਲ ਬਿਆਨ ਕੀਤਾ ਹੈ। ਉਸ ਨੇ ਗੁਰੂ ਸਾਹਿਬ ਦੇ ਜੀਵਨ ਦੀ ਅਹਿਮ ਘਟਨਾ ਅਰਥਾਤ ਖ਼ਾਲਸੇ ਦੀ ਸਾਜਨਾ ਬਾਰੇ ਖੁੱਲ੍ਹ ਕੇ ਲਿਖਿਆ ਹੈ, ਰਹਿਤ ਮਰਯਾਦਾ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਲਿਖਿਆ, ਪਰ ਕਥਤ “ਦਸਮ ਗ੍ਰੰਥ” ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ।

3. ਪਰਚੀਆਂ ਸੇਵਾਦਾਸ (1711-1738):

ਇਹ ਕਈ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ ਜਿਵੇਂ ਸਾਖੀਆਂ ਸੇਵਾ ਦਾਸ ਉਦਾਸੀ, ਮਹਿਲਾ ਦਸਾਂ ਕੀਆਂ ਸਾਖੀਆਂ, ਸਾਖੀਆਂ ਦਸਾਂ ਪਾਤਸ਼ਾਹੀਆਂ ਕੀਆਂ ਅਤੇ ਪਰਚੀਆਂ ਪਾਤਸ਼ਾਹੀ 10। ਇਨ੍ਹਾਂ ਪਰਚੀਆਂ ਵਿੱਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ ਦਸਾਂ ਗੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ। ਪਹਿਲੇ ਅੱਠ ਗੁਰੂਆਂ ਨਾਲ ਵਾਬਸਤਾ ਇਕ ਸਾਖੀ ਹੈ, ਨੌਵੇਂ ਗੁਰੂ ਬਾਰੇ ਚਾਰ ਹਨ ਅਤੇ ਬਾਕੀ ਦੀਆਂ 38 ਦਸਵੇਂ ਗੁਰੂ ਨਾਲ ਸੰਬੰਧਤ ਜੀਵਨ ਝਾਕੀਆਂ ਬਾਰੇ ਹਨ। ਇਨ੍ਹਾਂ ਵਿੱਚ ਮਸੰਦਾਂ ਦੇ ਕਿਰਦਾਰ ਬਾਰੇ ਕਾਫੀ ਕੁਝ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਇਕ ਵੀ ਬਿਰਤਾਂਤ ਨਹੀਂ। ਇਹ ਸਾਖੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ ਗੁਰੂ ਗੋਬਿੰਦ ਸਿੰਘ ਵੇਲੇ ‘ਦਸਮ ਗ੍ਰੰਥ’ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ।

4. ਕੁਇਰ ਸਿੰਘ: ਗੁਰਬਿਲਾਸ ਪਾਤਸ਼ਾਹੀ 10 (1751-?)

ਇਸ ਗ੍ਰੰਥ ਦਾ ਕਰਤਾ ਇਕ ਸਹਿਜਧਾਰੀ ਸਿੱਖ ਕੁਇਰ ਸਿੰਘ ਹੈ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿੱਚ ਲਿਖਿਆ ਗਿਆ। ਕਿਉਂਕਿ ਕੁਇਰ ਸਿੰਘ ਭਾਈ ਮਨੀ ਸਿੰਘ ਦਾ ਨਿਕਟ ਸਮਕਾਲੀ ਰਿਹਾ ਸੀ, ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਅੰਕਤ ਵਾਕਫੀਅਤ ਮਨੀ ਸਿੰਘ ਦੇ ਵਿਆਖਿਆਨਾਂ ਤੇ ਅਧਾਰਤ ਹੈ (ਫੌਜਾ ਸਿੰਘ, 1968)। ਉਸ ਪਾਸ ਸੈਨਾਪਤਿ ਦੀ ‘ਗੁਰ ਸੋਭਾ’ ਅਤੇ ‘ਬਚਿਤ੍ਰ ਨਾਟਕ’ ਵੀ ਮੌਜੂਦ ਸਨ। ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਸੱਭ ਤੋਂ ਵੱਧ ਭਰੋਸੇਯੋਗ ਵਿਸਥਾਰ ਮਿਲਦਾ ਹੈ। ਇਸ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ ਜ਼ਿਕਰ ਹੈ। ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿੱਚ ਲਜਾਇਆ ਗਿਆ ਅਤੇ ਅਗਲਾ ਸਿਰ ਮੰਗਣ ਤੋਂ ਪਹਿਲਾਂ ਲਹੂ ਨਾਲ ਭਿੱਜੀ ਤਲਵਾਰ ਦਰਬਾਰ ਵਿੱਚ ਦਿਖਾਈ ਗਈ। ਇਸ ਸਾਰੇ ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ‘ਸਿੰਘ’ ਦਾ ਨਾਮ ਦੇ ਕੇ ਕਕਾਰ ਪਹਿਨਾਏ ਗਏ। ਮਗਰੋਂ ਇਸੇ ਬਾਟੇ ਵਿੱਚੋਂ ਗੁਰੂ ਸਾਹਿਬ ਅੰਮ੍ਰਿਤ ਛਕ ਕੇ ਖ਼ੁਦ ਵੀ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ, “ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ” ਮਸ਼ਹੂਰ ਹੋ ਗਈ। ਇਸ ਗ੍ਰੰਥ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛਕਣ ਵਾਲਿਆਂ ਲਈ ਰਹਿਤ ਦਾ ਵੀ ਜ਼ਿਕਰ ਹੈ ਅਤੇ ਪੰਜਾਂ ਕਕਾਰਾਂ ਦਾ ਵਰਨਣ ਵੀ ਹੈ। ਇਸ ਪੁਸਤਕ ਦੇ ਨੌਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਵਾਰੇ ਵਿਸਥਾਰ ਪੂਰਬਕ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਕੁਝ ਵੀ ਨਹੀਂ ਲਿਖਿਆ ਹੋਇਆ। ਦਸਮ ਗ੍ਰੰਥ ਦੀ ਜਿਸ ਬੀੜ ਨੂੰ ਮਨੀ ਸਿੰਘ ਦੇ ਨਾਂ ਨਾਲ ਜੋੜ ਕੇ ਦਸਮ ਗ੍ਰੰਥ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਕੀ ਉਸ ਬਾਰੇ ਭਾਈ ਕੁਇਰ ਸਿੰਘ ਨੂੰ ਨਾ ਪਤਾ ਹੁੰਦਾ ਜੋ ਮਨੀ ਸਿੰਘ ਹੋਰਾਂ ਦਾ ਨਿਕਟ ਵਰਤੀ ਰਿਹਾ ਹੈ?

5. ਕੇਸਰ ਸਿੰਘ ਛਿੱਬੜ: ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1779 ਈ.-?)

ਸਭ ਤੋਂ ਪਹਿਲਾਂ ਕੇਸਰ ਸਿੰਘ ਛਿੱਬੜ ਦੇ ‘ਬੰਸਾਵਲੀਨਾਮਾ ਦਸਾਂ ਪਾਤਸ਼ਹੀਆਂ ਕਾ’ ਨੂੰ 1972 ਵਿੱਚ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ‘ਪਰਖ਼’ ਨਾਮੀ ਪੰਜਾਬੀ ਮੈਗਜ਼ੀਨ (ਸੰਪ. ਸੁਰਿੰਦਰ ਸਿੰਘ ਕੋਹਲੀ) ਵਿੱਚ ਛਾਪਿਆ ਗਿਆ ਸੀ। ਉਸ ਵੇਲੇ ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸੀ ਕਿ ਭਾਵੇਂ ਛਿੱਬੜ ਦੀ ਇਹ ਰਚਨਾ ਪੁਰਾਨਿਕ ਕਥਾ ਕਥਾਵਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ ਤਾਂ ਵੀ ਇਸ ਵਿੱਚ ਖ਼ਾਲਸਾ ਸਾਜਨ, ਪਾਹੁਲ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ ਤੇ ਲਿਖਿਆ ਮਿਲਦਾ ਹੈ।

ਬੰਸਾਵਲੀਨਾਮਾ ਵਿੱਚ ਕੇਸਰ ਸਿੰਘ ਛਿੱਬੜ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਰਚੇ ਗਏ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਆਦਿ ਗ੍ਰੰਥ ਧੀਰਮਲ ਪਾਸੋਂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ। ਛਿੱਬੜ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਸੰਪਦਨ ਕੀਤੀ ਹੋਈ ਬੀੜ ਨੂੰ (ਜਿਸ ਨੂੰ ਆਦਿ ਗ੍ਰੰਥ ਜਾਂ ਕਰਤਾਰਪੁਰੀ ਬੀੜ ਵੀ ਕਿਹਾ ਜਾਂਦਾ ਹੈ) ਧੀਰਮਲ ਪਾਸੋਂ ਮੰਗਵਾ ਭੇਜਿਆ ਪਰ ਉਸ ਨੇ ਨਾਂਹ ਕਰਦਿਆਂ ਤਾਹਨਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ ਨੇ ਦਿੱਤਾ ਹੈ, ਤੈਨੂੰ ਕਿਉਂ ਦੇ ਦੇਈਏ, ਤੂੰ ਗੁਰੂ ਏਂ ਹੋਰ ਲਿਖ ਲੈ। ਧੀਰਮਲ ਜੀ ਦੇ ਕਹਿਣ ਦਾ ਸਿੱਧਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗੱਦੀ ਤੇ ਵਿਰਾਜਮਾਨ ਹੁੰਦਾ ਹੈ ਉਸ ਨੂੰ ਸਾਰੀ ਗੁਰਬਾਣੀ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਦੁਬਾਰਾ ਲਿਖ ਸਕਦਾ ਹੈ। ਫਲਸਰੂਪ, ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਨੂੰ ਖੁਦ ਸੰਪੂਰਨ ਕਰਨ ਲੱਗ ਪਏ। ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ। ਇਸ ਲਈ ਛਿੱਬੜ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਆਦਿ ਗ੍ਰੰਥ’ ਨੂੰ ਹੀ ‘ਸਮੁੰਦਰ ਸਾਗਰ’ ਗ੍ਰੰਥ ਦਾ ਨਾਂ ਦਿੱਤਾ ਜਾਪਦਾ ਹੈ। ਇਹ ਗ੍ਰੰਥ ਉਸ ਅਨੁਸਾਰ ਸੰਮਤ 1758 (1701 ਈ.) ਵਿੱਚ ਸਰਸਾ ਨਦੀ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ। ਕਿਸੇ ਦੂਸਰੇ ਬੇਨਾਮ ਗ੍ਰੰਥ ਦਾ ਜ਼ਿਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿੱਚ ਅਵਤਾਰ ਲੀਲ੍ਹਾ ਅੰਕਤ ਸੀ। ਇਹ ਗ੍ਰੰਥ ਵੀ, ਛਿੱਬੜ ਅਨੁਸਾਰ, ਜੰਗ ਵਿੱਚ ਖਿੰਡ-ਪੁੰਡ ਗਿਆ ਸੀ। ਪਹਿਲੀ ਬੀੜ ਦਾ ਕੋਈ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਸ ਦੀਆਂ 91 ਸਤਰਾਂ ਛਿਬੜ ਹੋਰਾਂ ਨੇ ਵੀ ਦੇਖੀਆਂ ਸਨ ਅਤੇ ਦੂਜੇ ਗ੍ਰੰਥ ਦੇ ਸੱਤ ਪੱਤਰੇ ਲਾਹੌਰ ਦੇ ਇਕ ਸਿੰਘ ਹੱਥ ਲੱਗੇ ਸਨ ਜਿਨ੍ਹਾਂ ਦਾ ਦੀਦਾਰ ਵੀ ਛਿੱਬੜ ਹੋਰਾਂ ਕੀਤਾ। ਸਵਾਲ ਪੈਦਾ ਹੁੰਦਾ ਹੈ ਕਿ ਜੇ ਛਿੱਬੜ ਨੇ ‘ਸਮੁੰਦਰ ਸਾਗਰ’ ਦੀਆਂ 91 ਸਤਰਾਂ ਅਤੇ ਅਵਤਾਰ ਲੀਲ੍ਹਾ ਵਾਲੇ ਗ੍ਰੰਥ ਦੇ ਸੱਤ ਪਤਰੇ ਦੇਖੇ ਸਨ ਤਾਂ ੳਨ੍ਹਾਂ ਦਾ ਉਤਾਰ ਜਾਂ ਵੇਰਵਾ ਕਿਉਂ ਨਹੀਂ ਦਿੱਤਾ? ਮੁੱਕਦੀ ਗੱਲ ਇਹ ਹੈ ਜਿਨ੍ਹਾਂ ਦੋ ਬੀੜਾਂ ਦਾ ਜ਼ਿਕਰ ਕੇਸਰ ਸਿੰਘ ਛਿੱਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਗ੍ਰੰਥ ਵਿੱਚ ਬਚਿੱਤਰ ਨਾਟਕ, ਚੰਡੀ ਚ੍ਰਿਤਰ, ਚੰਡੀ ਦੀ ਵਾਰ, ਚ੍ਰਿਤਰੋਪਾਖਿਆਨ, ਚੌਬੀਸ ਅਵਤਾਰ ਦਾ ਜ਼ਿਕਰ ਨਹੀਂ ਜੋ ਕਥਤ ਦਸਮ ਗ੍ਰੰਥ ਦੇ ਮੁੱਖ ਭਾਗ ਹਨ। ਦਰਅਸਲ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ। ਫਲਸਰੂਪ, ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ।

ਇਸ ਵਿੱਚ ਕੋਈ ਛੱਕ ਨਹੀਂ ਕਿ ਛਿੱਬੜ ਖ਼ਾਲਸਾ ਸਾਜਨਾ ਨਾਲ ਸੰਬੰਧਤ ਸਾਰੀਆਂ ਰਹੁਰੀਤਾਂ ਅਤੇ ਰਹਿਤਾਂ ਦਾ ਜ਼ਿਕਰ ਕਰਦਾ ਹੈ ਜਿਵੇਂ, ਪੰਜ ਪਿਆਰੇ, ਪਾਹੁਲ, ਕੇਸ, ਨਾਂ ਨਾਲ ਸਿੰਘ ਦੀ ਵਰਤੋਂ, ਸ਼ਾਸਤਰ ਬੱਧ ਹੋਣਾ, ਬਾਣੀ ਪੜ੍ਹਨਾ, ਦੇਹਧਾਰੀ ਗੁਰੂ ਦਾ ਅੰਤ ਅਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਅਦਿ। ਪਰ ਪ੍ਰੋ. ਗਰੇਵਾਲ ਦੇ ਕਹਿਣ ਮੁਤਾਬਿਕ ਛਿੱਬੜ ਇਨ੍ਹਾਂ ਮਹੱਤਵਪੂਰਨ ਘਟਨਾਵਾਂ ਨੂੰ ਓਨੀ ਅਹਿਮੀਅਤ ਨਹੀਂ ਦਿੰਦਾ ਜਿੰਨੀ ਦੇਣੀ ਚਾਹੀਦੀ ਸੀ ਅਤੇ ਬ੍ਰਾਹਮਣੀ ਵਿਚਾਰਧਾਰਾ ਦੀ ਰੰਗਣ ਦੇਕੇ ਪੇਸ਼ ਕਰਦਾ ਹੈ। (“…he talks all these in a manner that imparts no significance to them”) ਉਦਾਹਰਨ ਵਜੋਂ, ਰਹਿਤਾਂ ਦੀ ਵਿਆਖਿਆ ਕਰਦਾ ਹੋਇਆ ਛਿੱਬੜ ਲਿਖਦਾ ਹੈ ਕਿ ਕੇਸ ਰੱਖਣਾ ਜਨੇਊ ਪਹਿਨਣ ਅਤੇ ਟਿੱਕਾ ਲਾਉਣ ਬਰਾਬਰ ਹੈ। ਪਾਹੁਲ ਦਾ ਪੰਜ ਪਿਆਰਿਆਂ ਨਾਲ ਅਤੇ ਮਸੰਦਾਂ ਨੂੰ ਸਾੜਨ ਨਾਲ ਕੋਈ ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ‘ਆਪੇ ਗੁਰ ਚੇਲਾ’ ਦੇ ਸੰਕਲਪ ਦੀ ਕੋਈ ਮਹੱਤਤਾ ਜਾਂ ਹੋਂਦ ਨਹੀਂ। ਬੰਸਾਵਲੀਨਾਮਾ ਬ੍ਰਾਹਮਣਵਾਦੀ ਕੱਟੜ ਸੋਚ ਦੀ ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸੋਮਾ ਸਰੋਤ ਨਹੀਂ ਜਾਂ ਬਕੌਲ ਗਰੇਵਾਲ, ... “does not belong to the central stream of Sikh literature.” ਬੰਸਾਵਲੀਨਾਮਾ ਵਿੱਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ (ਸਮੁੰਦਰ ਸਾਗਰ’ ਅਤੇ ‘ਅਵਤਾਰ ਲੀਲਾ) ਦਾ ਜ਼ਿਕਰ ਕੀਤਾ ਗਿਆ ਹੈ ਉਹ ਵੀ ਛਿੱਬੜ ਦੀ ਬ੍ਰਾਹਮਣਵਾਦੀ ਸੋਚ ਦੀ ਮਨਘੜਤ ਪੈਦਾਵਾਰ ਜਾਪਦੇ ਹਨ। ਪਿਆਰਾ ਸਿੰਘ ਪਦਮ ਨੇ ਛਿੱਬੜ ਦੇ ਬੰਸਾਬਲੀਨਾਮੇ ਦੀਆਂ ਉਣਤਾਈਆਂ ਦੇ ਕਈ ਹੋਰ ਪੱਖ ਵੀ ਉਘਾੜੇ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਪਦਮ ਦੀ ਭਾਸ਼ਾ ਵਿੱਚ ਹੇਠਾਂ ਵਿਅਕਤ ਕੀਤੇ ਜਾਂਦੇ ਹਨ।

1. ਲੇਖਕ ਨੇ “ਇਤਿਹਾਸਕਾਰੀ ਦੀ ਚਿੱਟੀ ਚਾਦਰ ਉੱਤੇ ਥਾਂ ਥਾਂ ਖਾਹਮਖਾਹ ਪੁਰਾਣਿਕ ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਕਾਰੀ ਨੂੰ ਬਹੁਤ ਠੇਸ ਪਹੁੰਚੀ ਹੈ। ਫਿਰ ਇਨ੍ਹਾਂ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਹਲੇ ਹੋ ਗਈ ਹੈ।”

2. “ਲੇਖਕ ਦੇ ਮਨ ਉੱਤੇ ਕਰਮ-ਸਿਧਾਂਤ ਵੀ ਭੈੜੀ ਤਰ੍ਹਾਂ ਛਾਇਆ ਹੋਇਆ ਹੈ। …ਔਰੰਗਜ਼ੇਬ ਬਾਰੇ ਇਹ ਕਿਹਾ ਹੈ ਕਿ ਉਹ ਦੁਆਪਰ ਵਿੱਚ ਕਿਸੇ ਟੋਭੇ ਅੰਦਰ ਕਛੋਪਰਾ ਬਣ ਕੇ ਫਿਰ ਰਿਹਾ ਸੀ, ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ। ਸੋ ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੈ। ਇਹੋ ਜਿਹੀਆਂ ਕਾਲਪਨਿਕ ਕਹਾਣੀਆਂ ਇਤਿਹਾਸਕਾਰੀ ਦੀ ਸੋਭਾ ਨਹੀਂ ਵਧਾਉਂਦੀਆਂ, ਲੇਖਕ ਦੇ ਗੁਆਚੇ ਦਿਮਾਗੀ ਸੰਤੁਲਨ ਦਾ ਦਿਖਾਵਾ ਕਰਦੀਆਂ ਹਨ।”

3. “ਅਜਿਹੀਆਂ ਮਨਘੜਤ ਕਥਾਵਾਂ ਲਿਖ ਕੇ ਲੇਖਕ ਸਤਿਗੁਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਤੇ ਸ਼ਹੀਦੀਆਂ ਨੂੰ ਵੀ ਮਿੱਟੀ ਘੱਟੇ ਰੋਲ ਬੈਠਦਾ ਹੈ ਕਿ ਜੇ ਇਹ ਪਿਛਲੇ ਜਨਮ ਦੇ ਗ਼ਲਤ ਕੰਮਾਂ ਦਾ ਹੀ ਫਲ ਸੀ ਤਾਂ ਅਸੀਂ ਇਨ੍ਹਾਂ ਨੂੰ ਸ਼ਹੀਦ ਕਹਿ ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ।”

4. “ਕੇਸਰ ਸਿੰਘ ਛਿੱਬੜ ਬ੍ਰਾਹਮਣ ਹੈ, ਗੁਰਬਾਣੀ ਦੇ ਇਸ ਸਿਧਾਂਤ ਤੋਂ ਵੀ ਜਾਣੂ ਹੈ ਕਿ ਸਿੱਖੀ ਵਿੱਚ ਜਾਤ ਪਾਤ ਦੀ ਮਾਨਤਾ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ ਸਰਬੋਤਮਤਾ ਸਿੱਖੀ ਨੂੰ ਪਰਵਾਨ ਹੈ। ਪਰ ਉਹ ਫਿਰ ਵੀ ਜਿੱਥੇ ਦਾਅ ਲਗਦਾ ਹੈ, ਹਰ ਥਾਂ ਬ੍ਰਾਹਮਣਾਂ ਦੀ ਤਾਰੀਫ ਦੇ ਪੁਲ ਬੰਨ੍ਹ ਛੱਡਦਾ ਹੈ।”

5. “ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਹਾਏ ਦੇਵੀ ਪੂਜਾ ਲਈ ਹੋਮ ਯੱਗ ਦਾ ਪ੍ਰਬੰਧ ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਇ ਦਿੰਦੇ ਸਨ ਕਿ ਮਲੇਛਾਂ ਦੇ ਨਾਸ ਲਈ ਦੇਵੀ ਪ੍ਰਗਟ ਕਰਨਾ ਅਤਿ ਜਰੂਰੀ ਹੈ … ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ ਰਚਨਾ ਜ਼ਰੂਰੀ ਸੀ। … ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸਤਿਗੁਰਾਂ 1735 ਬਿ: (1678 ਈ.) ਵਿੱਚ ਹੋਮ ਯੱਗ ਦਾ ਪ੍ਰਬੰਧ ਕਰਵਾਇਆ ਤੇ ਬ੍ਰਾਹਮਣਾਂ ਨੂੰ ਵੀ ਇੱਧਰੋਂ ਉੱਧਰੋਂ ਬੁਲਾਇਆ। ਦੇਵੀ ਤਾਂ ਪ੍ਰਗਟ ਨਾ ਹੋਈ ਪਰ ਸਤਿਗੁਰਾਂ ਸਾਰੀ ਸਮੱਗਰੀ ਅਗਨੀ ਭੇਂਟ ਕਰ ਕੇ ਤੇਗ ਚਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹੋ ਤੇਗ ਦੇਵੀ ਹੈ ਜੋ ਦੁਸ਼ਟਾਂ ਦਾ ਨਾਸ਼ ਕਰ ਕੇ ਗ਼ਰੀਬਾਂ ਧਰਮੀਆਂ ਦੀ ਜੈ ਜੈ ਕਾਰ ਕਰਾਏਗੀ।”

ਇਨ੍ਹਾਂ ਇਤਿਹਾਸਕ ਭੁੱਲਾਂ ਤੋਂ ਸਿਵਾਏ ਛਿੱਬੜ ਨੇ ਕਈ ਹੋਰ ਗੁਰੂ ਕਾਲ ਦੇ ਸਾਕ ਸੰਬੰਧਾਂ ਬਾਰੇ ਵੀ ਗ਼ਲਤ ਬਿਆਨੀਆਂ ਕੀਤੀਆਂ ਹਨ।

6. ਸਰੂਪ ਦਾਸ ਭੱਲਾ: ਮਹਿਮਾ ਪ੍ਰਕਾਸ (1776 ਈ.)

ਇਹ ਗ੍ਰੰਥ ਸਰੂਪ ਦਾਸ ਭੱਲਾ ਵਲੋਂ 1776 ਈ. ਵਿੱਚ ਲਿਖਿਆ ਗਿਆ। ਇਸ ਵਿੱਚ ਉਸ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਵਿਦਿਆ ਸਾਗਰ’ ਨਾਮੀਂ ਗ੍ਰੰਥ ਦਾ ਜ਼ਿਕਰ ਹੈਭੱਲਾ ਲਿਖਦਾ ਹੈ ਕਿ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਖੁਦ ਪੰਜਾਬੀ ਵਿੱਚ ਅਨੁਵਾਦ ਕਰਕੇ ‘ਵਿਦਿਆ ਸਾਗਰ ਗ੍ਰੰਥ’ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਬਨਾਰਸ ਤੋਂ, ਜੋ ਪੁਰਾਣਕ ਸਾਹਿਤ ਦਾ ਕੇਂਦਰ ਹੈ, ਵਿਦਵਾਨ ਪੰਡਤਾਂ ਨੂੰ ਲੱਭ ਕੇ ਲਿਆਉ ਜੋ ਪੁਰਾਣਕ ਸਾਹਿਤ ਵਿੱਚ ਨਿਪੁੰਨ ਹੋਣ, ਅਤੇ ਆਪਣੇ ਆਪਣੇ ਗ੍ਰੰਥ ਨਾਲ ਲਿਆਉਣ।

ਪੰਡਤ ਆਪਣੇ ਨਾਲ ਚਾਰ ਵੇਦ, ਅਠਾਰਾਂ ਪੁਰਾਣ, ਛੇ ਸ਼ਾਸ਼ਤਰ/ਸਿਮ੍ਰਤੀਆਂ, ਚੌਬੀਸ ਅਵਤਾਰ, ਅਤੇ ਚਾਰ ਸੌ ਚਾਰ ਨਵੇਂ ਤ੍ਰੀਆ ਚਲਿੱਤ੍ਰ ਲਿਆਏ। ਗੁਰੂ ਸਾਹਿਬ ਨੇ ਪੰਡਤਾਂ ਨੂੰ ਦਰਬਾਰ ਵਿੱਚ ਇਕੱਤਰ ਕੀਤਾ ਅਤੇ ਨਾਲ ਹੀ ਕੁਝ ਸਿਆਣੇ ਗੁਰਮੁਖੀ ਲਿਖਣ ਵਾਲੇ ਸਿੱਖਾਂ ਨੂੰ ਵੀ ਬੁਲਾ ਲਿਆ। ਪੰਡਤਾਂ ਨੂੰ ਕਿਹਾ ਕਿ ਤੁਸੀਂ ਗ੍ਰੰਥਾਂ ਵਿੱਚੋਂ ਪੜ੍ਹੀ ਜਾਉ, ਅਸੀਂ ਇਸ ਦਾ ਗਰੁਮੁਖੀ ਵਿੱਚ ਅਨੁਵਾਦ ਕਰੀ ਜਾਵਾਂਗੇ ਅਤੇ ਸਿੱਖ ਲਿਖਾਰੀ ਗੁਰਮੁਖੀ ਵਿੱਚ ਲਿਖੀ ਜਾਣਗੇ। ਅਨੁਵਾਦ ਤੋਂ ਬਾਅਦ ਇਹ ਸਾਰਾ ਸਾਹਿਤ ਇਕੱਤਰ ਕਰਕੇ ‘ਵਿਦਿਆ ਸਾਗਰ ਗ੍ਰੰਥ’ ਤਿਆਰ ਕੀਤਾ ਗਿਆ ਤਾਂਕਿ ਸੰਗਤ ਇਸ ਨੂੰ ਸੌਖ ਨਾਲ ਪੜ੍ਹ ਸਕੇ। ਗੁਰੂ ਸਾਹਿਬ ਦੇ ਇਸ ਕਰਤਵ ਤੋਂ ਸੰਗਤ ਬਹੁਤ ਨਿਹਾਲ ਹੋਈ।

ਜੇ ਸਰੂਪ ਦਾਸ ਭੱਲਾ ਦੀ ਲਿਖਤ ਦਾ ਵਿਸ਼ਲੇਸ਼ਣ ਕਰੀਏ ਤਾਂ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ। ਜਿਵੇਂ:

1. ਜੇ ਪੁਰਾਨਕ ਸਾਹਿਤ ਸਿੱਖ ਸੰਗਤਾਂ ਲਈ ਐਨਾ ਹੀ ਮਹੱਤਵਪੂਰਨ ਸੀ ਤਾਂ ਕੀ ਗੁਰੂ ਸਾਹਿਬ ਖੁਦ ਇਸ ਨੂੰ ਸਿੱਧਾ ਸੰਸਕ੍ਰਿਤ ਵਿੱਚੋਂ ਅਨੁਵਾਦ ਕਰਕੇ ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਨਹੀਂ ਲਿਖ ਜਾਂ ਲਿਖਵਾ ਸਕਦੇ ਸਨ? ਪੰਡਤਾਂ ਨੂੰ ਬਲਾਉਣ ਦੀ ਕੀ ਲੋੜ ਪਈ ਸੀ?

2. ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਜਾਂ ਨਿਕਟ ਵਰਤੀ ਸਿੱਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿੱਚ ਸੈਨਾਪਤਿ, ਨੰਦ ਲਾਲ ਗੋਆ, ਭਾਈ ਗੁਰਦਾਸ ਦੂਜਾ, ਭਾਈ ਚੌਪਾ ਸਿੰਘ, ਭਾਈ ਮਨੀ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ ਮਹਾਂਪੁਰਸ਼ਾਂ ਨੇ ਆਪਣੀਆਂ ਲਿਖਤਾਂ ਵਿੱਚ ਤਾਂ ਕਿਸੇ ‘ਵਿਦਿਆ ਸਾਗਰ ਗ੍ਰੰਥ’ ਦਾ ਜ਼ਿਕਰ ਤੱਕ ਨਹੀਂ ਕੀਤਾ।

3. ਉਨ੍ਹਾਂ ਨੇ ਜੇ ਪੁਰਾਨਕ ਗ੍ਰੰਥ ਸੰਸਕ੍ਰਿਤ ਵਿੱਚੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਹੁੰਦੇ ਤਾਂ ਕਥਤ ਦਸਮ ਗ੍ਰੰਥ ਵਿੱਚ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਰਗੀ ਠੇਠ ਪੰਜਾਬੀ ਵਿੱਚ ਲਿਖੀ ਹੋਈ ਬਾਣੀ ਮਿਲਣੀ ਚਾਹੀਦੀ ਸੀ। ਪਰ ਸਮਕਾਲੀ ਦਸਮ ਗ੍ਰੰਥ ਵਿੱਚ ਠੇਠ ਪੰਜਾਬੀ ਵਿੱਚ ਲਿਖੀ ਹੋਈ ਕੋਈ ਰਚਨਾ ਨਹੀਂ ਮਿਲਦੀ। ਬਹੁਤੀ ਰਚਨਾ ਬ੍ਰਿਜ ਭਾਸ਼ਾ ਅਤੇ ਹਿੰਦਵੀ ਵਿੱਚ ਹੈ ਅਤੇ ਕਿਤੇ ਕਿਤੇ ਉਸ ਵੇਲੇ ਦੀ ਲੌਕਕ ਪੰਜਾਬੀ ਦਾ ਮਿਸ਼ਰਨ ਮਿਲਦਾ ਹੈ।

4. ਜੇ ਮਨ ਵੀ ਲਿਆ ਜਾਵੇ ਕਿ ਗੁਰੂ ਸਾਹਿਬ ਨੇ ‘ਵਿਦਿਆ ਸਾਗਰ ਗ੍ਰੰਥ’ ਰਚਿਆ ਸੀ ਅਤੇ ਉਹ 1701 ਈ. ਵਿੱਚ ਸਿਰਸਾ ਨਦੀ ਨੂੰ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ ਤਾਂ ਅਯੋਕਾ ਦਸਮ ਗ੍ਰੰਥ ਕਿੱਥੋਂ ਅਤੇ ਕਿੱਦਾਂ ਪੈਦਾ ਹੋ ਗਿਆ?

ਉੰਨ੍ਹੀਵੀਂ ਸਦੀ ਦਾ ਸਿੱਖ ਇਤਿਹਾਸ:

1. ਭਾਈ ਸੰਤੋਖ ਸਿੰਘ: ਸ੍ਰੀ ਗੁਰਪਰਤਾਪ ਸੂਰਜ ਗ੍ਰੰਥ (1843 ਈ.) ‘ਸ੍ਰੀ ਗੁਰਪਰਤਾਪ ਸੂਰਜ ਗ੍ਰੰਥ’ ਵਿੱਚ, ਗੁਰੂ ਕਾਲ ਦੀ ਵਿਸਥਾਰ ਸਹਿਤ ਕੀਤੀ ਹੋਈ ਵਿਆਖਿਆ ਹੈ। ਮਹਾਂ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ
ਦਰਬਾਰ ਦੀਆਂ ਗਤੀਆਂ ਵਿਧੀਆਂ ਦਾ ਵਿਸਥਾਰ ਸਹਿਤ ਲੇਖਾ ਜੋਖਾ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਦਾ ਜ਼ਿਕਰ ਇਸ ਗ੍ਰੰਥ ਵਿੱਚ ਆਇਆ ਹੈ। ਗੁਰੂ ਸਾਹਿਬ ਦੀ ਨਿਗਰਾਨੀ ਹੇਠ 52 ਕਵੀਆਂ ਵਲੋਂ ਲਿਖੇ ਗਏ ‘ਵਿੱਦਿਆਧਰ ਗ੍ਰੰਥ’ ਦਾ ਹਵਾਲਾ ਵੀ ਮਹਾਂ ਕਵੀ ਸੰਤੋਖ ਸਿੰਘ ਦੇ ਗ੍ਰੰਥ ਵਿੱਚ ਮਿਲਦਾ ਹੈ। ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਵੰਜਾ ਪੱਕੇ ਕਵੀ ਸਨ ਅਤੇ ਕੁਝ ਸੈਲਾਨੀ ਕਵੀ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਬਰੀਕ ਬਰੀਕ ਅੱਖਰਾਂ ਵਿੱਚ ਬਾਣੀ ਲਿਖੀ। ਜਦ ਪੱਤਰਿਆਂ ਨੂੰ ਤੋਲਿਆ ਤਾਂ ਕਾਗ਼ਜ਼ ਦਾ ਭਾਰ ਨੌ ਮਣ ਨਿਕਲਿਆ। ਸਿੱਧ ਹੈ ਕਿ ਇਕ ਚੋਖਾ ਮੋਟਾ ਗ੍ਰੰਥ ਬਣਿਆ ਹੋਵੇਗਾ ਜਿਸ ਨੂੰ ‘ਵਿਦਿਯਾਧਰ ਗ੍ਰੰਥ’ ਦਾ ਨਾਂ ਦਿੱਤਾ ਗਿਆ। ਏਥੇ ਦੋ ਸਵਾਲ ਉੱਠਦੇ ਹਨ। ਪਹਿਲਾ, ਕੀ ਕਵੀਆਂ ਨੂੰ ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ ਤਾਂਕਿ ਸਿੱਖ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦਿੱਤੀ ਜਾ ਸਕੇ? ਦੂਜਾ, ਜੇ ਵਿਸ਼ੇ ਦਿੱਤੇ/ਵੰਡੇ ਹੋਏ ਨਹੀਂ ਸਨ ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ ਕਿੱਦਾਂ ਕੀਤੀ ਗਈ ਹੋਵੇਗੀ? ਪ੍ਰਚੱਲਤ ਦਸਮ ਗ੍ਰੰਥ ਦੇ 1428 ਸਫਿਆਂ ਤੇ ਜਾਪੁ ਸਾਹਿਬ ਤੋਂ ਲੈਕੇ ਹਿਕਾਇਤਾਂ ਤੱਕ 15 ਪਰਕਾਰ ਦੀਆਂ ਬਾਣੀਆਂ ਅਤੇ ਕਥਾ ਕਹਾਣੀਆਂ ਦਰਜ ਹਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਵੀਆਂ ਦੀ ਭਾਸ਼ਾਈ ਪਿੱਠਭੂਮੀ ਦੇਖ ਕੇ ਅਤੇ ਗਿਆਨ ਦੀ ਨਿਪੁੰਨਤਾ ਦੇ ਆਧਾਰ ਤੇ ਵੱਖ ਵੱਖ ਕਵੀਆਂ ਨੂੰ ਲੋੜੀਂਦੇ ਵਿਸ਼ੇ ਦਿੱਤੇ ਹੋਣ, ਜਾਂ ਕਵੀਆਂ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਖੁਦ ਚੁਣੇ ਹੋਣ। ਇਸ ਮਨੌਤ ਅਨੁਸਾਰ ਇਸ ਵਿਚਾਰ ਦੀ ਸਮਝ ਵੀ ਲੱਗ ਜਾਂਦੀ ਹੈ ਕਿ ਦਸਮ ਗ੍ਰੰਥ ਵਿਚਲੀਆਂ ਅਸਲੀ ਬਾਣੀਆਂ ਜਿਵੇਂ ਜਾਪੁ ਸਾਹਿਬ, ਅਕਾਲ ਉਸਤਤਿ (ਕੁਝ ਅੰਤਲੇ ਸੁਆਲਾਂ ਤੋਂ ਵਗੈਰ), ਜ਼ਫਰਨਾਮਾ, ਤੇਤੀ ਸਵੈਯੇ, ਸ਼ਬਦ ਹਜ਼ਾਰੇ (ਮਿੱਤਰ ਪਿਆਰੇ ਤੋਂ ਵਗੈਰ), ਇਕ ਚੌਪਈ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹੋਣ ਅਤੇ ਬਾਕੀ ਦੀਆਂ ਲਿਖਤਾਂ (ਚੌਬੀਸ ਅਵਤਾਰ, ਬ੍ਰਹਮ ਅਵਤਾਰ, ਰੁਦਰ ਅਵਤਾਰ, ਚਰਿਤ੍ਰੋ ਪਾਖਯਾਨ ਆਦਿ) ਇਨ੍ਹਾਂ ਕਵੀਆਂ ਦੀਆਂ ਕਿਰਤਾਂ ਹੋਣ। ‘ਨਾਨ ਬਿਧਿ ਕਵਿਤਾ ਰਚੀ ਰਖਿ ਰਖਿ ਨੌ ਰਸਿ ਰੀਤ’ ਦਾ ਅਰਥ ਵੀ ਇਹੋ ਹੈ ਕਿ ਕਈ ਪਰਕਾਰ ਦੀ ਕਵਿਤਾ ਨੌਂ ਰਸਾਂ ਵਿੱਚ ਰਚੀ ਗਈ। ਕਾਵਿ ਸ਼ਾਸਤਰ ਅਨੁਸਾਰ ਕਵਿਤਾ ਦੇ ਨੌਂ ਰਸ ਇਹ ਹਨ: ਸ਼ਿੰਗਾਰ, ਹਾਸ, ਕਰੁਣਾ, ਰੌਦਰ, ਵੀਰ, ਭਿਆਨਕ, ਬੀਭਤਸ, ਅਦਭੁਤ, ਅਤੇ ਸ਼ਾਂਤ ਰਸ। ਕਥਤ ਦਸਮ ਗ੍ਰੰਥ ਵਿੱਚੋਂ ਇਨ੍ਹਾਂ ਸਾਰੇ ਰਸਾਂ ਦੀ ਕਵਿਤਾ ਦੀਆਂ ਬੰਨਗੀਆਂ ਮਿਲਦੀਆਂ ਹਨ। ਇਸ ਲਈ ਇਸ ਗ੍ਰੰਥ ਵਿੱਚ ਵਿਸ਼ਿਆਂ ਅਤੇ ਸੰਬੰਧਤ ਰਸਾਂ ਦੀ ਭਿੰਨਤਾ ਨੂੰ ਮੁੱਖ ਰੱਖਦਿਆਂ ਇਹ ਗੱਲ ਮਨ ਲਗਦੀ ਹੈ ਕਿ ਅਯੋਕੇ ਦਸਮ ਗ੍ਰੰਥ ਵਿਚਲੀ ਸਮੱਗਰੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਛੱਡ ਕੇ, ਬਾਕੀ ਦਰਬਾਰੀ ਕਵੀਆਂ ਦੀ ਕਿਰਤ ਹੋਵੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਸਨਾਤਨੀ ਸੁਭਾ ਵਾਲੀਆਂ ਕਿਰਤਾਂ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਜਾਂ ਹੱਲਾਸ਼ੇਰੀ ਦੇ ਕੇ ਦਰਬਾਰੀ ਕਵੀਆਂ ਤੋਂ ਲਿਖਵਾਈਆਂ ਗਈਆਂ ਹੋਣ ਤਾਂਕਿ ਸਿੱਖ/ਸਿੰਘ ਹਿੰਦੂ ਮਿਥਿਆਸ, ਰਹੁ-ਰੀਤਾਂ, ਦੇਵੀ ਦੇਵਤਿਆਂ, ਗੈਰਕੁਦਰਤੀ ਕਥਾ-ਕਹਾਣੀਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵਾਕਫ ਹੋ ਸਕਣ। ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸਨਾਤਨੀ ਹਿੰਦੂਆਂ ਅਤੇ ਖਾਸ ਕਰਕੇ ਨਿਰਮਲਾ ਪੰਥੀਆਂ ਨੇ ਅੰਗ੍ਰੇਜ਼ਾਂ ਦੇ ਸੁਆਰਥੀ ਪਰਭਾਵ ਹੇਠਾਂ ਕਥਤ ਦਸਮ ਗ੍ਰੰਥ ਦੀ ਮਿੱਥ ਨੂੰ ਜਨਮ ਦਿੱਤਾ ਤਾਂਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ ਅਤੇ ਪੈਸੇ ਬਟੋਰਨ ਵਿੱਚ ਕਾਮਯਾਬ ਹੋ ਸਕਣ।

ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਅਨੰਦਪੁਰ ਛੱਡਣਾ ਪਿਆ ਅਤੇ ‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁੰਮ ਗੁਆਚ ਗਿਆ ਅਤੇ ਦੁਬਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ ਸਨ, ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿੱਚ ਕਬਿੱਤ ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ। ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿੱਚ ਪਾ ਦਿੰਦੀ ਹੈ।

ਗਿਆਨੀ ਗਿਆਨ ਸਿੰਘ: ਪੰਥ ਪ੍ਰਕਾਸ਼ (1880)

ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਆਪਣੇ ਉਸਤਾਦ, ਪੰਡਤ ਤਾਰਾ ਸਿੰਘ ਨਿਰੋਤਮ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਇਸ ਵਿੱਚ ਸਾਰੇ ਗੁਰੂਆਂ ਦੇ ਜੀਵਨ ਬਾਰੇ ਵਾਕਫੀਅਤ ਦਰਜ ਹੈ। ਦਸਵੇਂ ਗੁਰੂ ਸਾਹਿਬ ਵਲੋਂ ਬੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ, ਖ਼ਾਲਸਾ ਦੀ ਸਾਜਨਾ, ਪੰਜ ਕਕਾਰਾਂ ਅਤੇ ਰਹਿਤ ਮਰਯਾਦਾ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਬਾਰੇ ਕਵੀ ਲਿਖਦਾ ਹੈ:

ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਧਿ॥
ਗ੍ਰੰਥ ਪੰਥ ਪ੍ਰਕਾਸ ਯਹਿ ਅਬ ਬਰਨੋ ਸੁਖਨੰਦ॥ (ਪਤਰਾ 1)
ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ ਠੌਰ॥
ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ॥ (ਪਤਰਾ 161)

ਸਾਖਿਆਤ ਰੂਪ ਵਿੱਚ ਇਹ ਬੰਦ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰੱਬ ਇਕ ਹੈ ਜਿਸ ਦੇ ਦਸ ਰੂਪ ਦਸ ਗੁਰੂ ਹਨ। ਇਸ ਗ੍ਰੰਥ ਤੋਂ ਵਗੈਰ ਸਿੱਖ ਪੰਥ ਦੀ ਹੋਰ ਕੋਈ ਟੇਕ ਨਹੀਂ, ਇਸ ਲਈ ਇਸ ਤੋਂ ਵਗੈਰ ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ। ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ ਇਹ ਵੀ ਲਿਖਦਾ ਹੈ:

ਜੋ ਅਬ ਗ੍ਰੰਥ ਦਸਮ ਗੁਰੁ ਕੇਰਾ॥ ਕਹਿਲਾਵਤ ਮਧ ਪੰਥ ਅਛੇਰਾ॥
ਗੁਰੁ ਕੇ ਸਮੇ ਬੀੜ ਨਹੀਂ ਤਾਂਕੀ॥ ਭਈ ਬਾਣੀਆਂ ਰਹੀ ਇਕਾਂਕੀ॥
ਅਨਕੈ ਠੌਰ ਪੋਥੀਆਂ ਮਾਹਿ॥ ਬਾਣੀ ਰਹੀ ਦਸਮ ਗੁਰੁ ਮਾਹਿ॥

ਅਰਥਾਤ, ਜਿਹੜਾ ਗ੍ਰੰਥ ਹੁਣ ਦਸਵੇਂ ਗੁਰੂ ਦਾ ਕਿਹਾ ਜਾ ਰਿਹਾ ਹੈ, ਇਸ ਨੂੰ ਪੰਥ ਵਲੋਂ ਉੱਚਾ ਮੰਨਿਆ ਜਾ ਰਿਹਾ ਹੈ। ਪਰ ਗੁਰੂ ਜੀ ਦੇ ਸਮੇਂ ਅਜਿਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਗਈ। ਕੇਵਲ ਇਕੱਲੀਆਂ ਇਕੱਲੀਆਂ ਬਾਣੀਆਂ ਦੀਆਂ ਪੋਥੀਆਂ ਕਈ ਥਾਵੀਂ ਸਨ। ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਾਂਭੀ ਹੋਈ ਸੀ।

ਸਿੱਧ ਹੈ ਕਿ ਦਸਵੇਂ ਗੁਰੂ ਜੀ ਵਲੋਂ ਕੋਈ ਬੀੜ ਜਾਂ ਗ੍ਰੰਥ ਦੀ ਸੰਪਾਦਨਾ ਨਹੀਂ ਸੀ ਕੀਤੀ ਗਈ, ਬਾਣੀਆਂ ਪੋਥੀਆਂ ਦੇ ਰੂਪ ਵਿੱਚ ਕਈ ਥਾਵੀਂ ਸਨ। ਏਥੇ ਕਈ ਸਵਾਲ ਖੜ੍ਹੇ ਹੁੰਦੇ ਹਨ। ਪਹਿਲਾ, ਜੇ ਗੁਰੂ ਸਾਹਿਬ ਨੇ ਕੋਈ ਬੀੜ ਸੰਪਾਦਨ ਨਹੀਂ ਕੀਤੀ ਜਾਂ ਰਚੀ ਤਾਂ ਪੰਥ ਨੇ ਕਥਤ ਗ੍ਰੰਥ ਨੂੰ ਅੱਛਾ ਜਾਂ ਉੱਚਾ ਕਿਵੇਂ ਮੰਨ ਲਿਆ? ਦੂਜਾ, ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿੱਚ ਖਿੱਲਰੀ ਪਈ ਸੀ, ਕੀ ਪਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਿਬ ਦੀ ਲਿਖੀ ਹੋਈ ਸੀ? ਤੀਜਾ, ਸਿੱਖ ਧਰਮ ਨੂੰ ਅਦੁੱਤੀ ਰੂਪ ਦੇਣ ਵਾਲੇ ਦਸਵੇਂ ਗੁਰੂ ਦੀ ਬਾਣੀ ਨੂੰ ਖੁਦ ਗੁਰੂ ਸਾਹਿਬ ਵਲੋਂ ਜਾਂ ਉਨ੍ਹਾਂ ਦੇ ਸਿੱਖਾਂ ਵਲੋਂ ਕਿਉਂ ਨਹੀਂ ਸਾਂਭਿਆ ਗਿਆ? ਇਨ੍ਹਾਂ ਦੇ ਉੱਤਰ ਬੜੇ ਸਿੱਧੇ ਅਤੇ ਸਾਦੇ ਜਿਹੇ ਹਨ। ਗੁਰੂ ਸਾਹਿਬ ਪਾਸ ਉਨ੍ਹਾਂ ਦੇ ਪੁਰਖਿਆਂ ਵਲੋਂ ਸੰਪਾਦਤ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸ ਨੂੰ ਉਨ੍ਹਾਂ ਗੁਰ ਗੱਦੀ ਸੌਂਪੀ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦ ਕਰਨ ਜਾਂ ਖੁਦ ਰਚਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਦਮਦਮੇ ਸਾਹਿਬ ਵਿਖੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਕਰ ਕੇ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸੀ। ਉਹ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਉਨ੍ਹਾਂ ਲਈ ਕੋਈ ਦੂਜਾ ਗ੍ਰੰਥ ਸੰਪਾਦਨ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ। ਗੁਰੂ ਸਾਹਿਬ ਦੀਆਂ ਮਾਰਸ਼ਲ ਸੁਭਾ ਵਾਲੀਆਂ ਬਾਣੀਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਹਾਲਾਤ ਦੇ ਮੁਤਾਬਿਕ ਉਨ੍ਹਾਂ ਵਿਚਲੀ ਭਾਵਨਾ ਦਾ ਹਰ ਵਕਤ ਪਾਲਣ ਕਰਨਾ ਹਰ ਸਿੱਖ ਲਈ ਲੋੜੀਂਦਾ ਸੀ।

ਸਵਾਲ ਥਾਂ ਦੀ ਥਾਂ ਖੜ੍ਹਾ ਹੈ ਕਿ ਫਿਰ ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ? ਇਸ ਦਾ ਉੱਤਰ ਵੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ।

ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥
ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥
ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥
ਔਰ ਗ੍ਰੰਥ ਇਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥
ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥
ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥
ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥

ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ, ਚੜ੍ਹਤ ਸਿੰਘ ਨਾਲ ਮਿਲਕੇ ਇਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੇ ਕੀਤੇ। ਉਨ੍ਹਾਂ ਨੇ ਇਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿੱਚ ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਿਬ ਨਾਲ ਮਿਲਦੀ ਸੀ ਇਸ ਲਈ ਕਈ ਤਰ੍ਹਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਸਤਖਤਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ ਨੇ ਚੌਗਣੀ ਕਮਾਈ ਕੀਤੀ। ਇਸ ਤਰ੍ਹਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ ਵਿਖੇ ਲੋਕਾਂ ਪਾਸ ਪਏ ਹਨ, ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੇ ਕਰਾ ਕੇ ਇਨ੍ਹਾਂ ਰਾਹੀਂ ਪੰਜਾਬ ਵਿੱਚ ਭਿਜਵਾਏ ਤਾਂਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿੱਖਾਂ ਵਿਚਕਾਰ ਸ਼ੰਕੇ ਪੈਦਾ ਕਰ ਸਕਣ।

(ੲ) ਦਸਮ ਗ੍ਰੰਥ ਦੀ ਮਿਥ ਦਾ ਆਰੰਭ: ਇਕ ਫਰੰਗੀ ਸਾਜ਼ਿਸ਼

ਜਿੱਥੇ ਵੀ ਅੰਗ੍ਰੇਜ਼ਾਂ ਨੇ ਆਪਣਾ ਰਾਜ ਸਥਾਪਤ ਕਰਨ ਹੁੰਦਾ ਸੀ ਉੱਥੇ ਪਹਿਲਾਂ ਮਿਸ਼ਨਰੀਆਂ ਵਲੋਂ ਲੋਕਾਂ ਨੂੰ ਇਸਾਈ ਬਨਾਉਣ ਦਾ ਕੰਮ ਆਰੰਭਦੇ ਸਨ। ਮਿਸ਼ਨਰੀਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਸੱਭ ਤੋਂ ਪਹਿਲਾਂ ਉਹ ਸਥਾਨਕ ਗਰੀਬ ਜੰਤਾ ਨੂੰ ਰੋਜ਼ੀ ਰੋਟੀ ਦਾ ਲਾਲਚ ਦੇ ਕੇ ਆਪਣੇ ਪੱਖ ਵਿੱਚ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਮਰਯਾਦਾ ਨੂੰ ਗੰਧਲਾ ਕਰ ਕੇ ਲੋਕ ਨੂੰ ਇਸਾਈ ਬਣਾਉਣ ਵਲ ਪਰੇਰਨ। ਇਹੋ ਪੈਂਤੜਾ ਉਨ੍ਹਾਂ ਨੇ ਸਿੱਖ ਰਾਜ ਨੂੰ ਖਲਤ ਮਲਤ ਕਰਨ ਲਈ ਵਰਤਿਆ।

18ਵੀਂ ਸਦੀ ਦੇ ਅਖੀਰ ਵਿੱਚ ਜਦ ਅੰਗ੍ਰੇਜ਼ਾਂ ਨੇ ਦੱਖਣ ਪੂਰਬੀ ਇਲਾਕੇ ਜਿੱਤ ਕੇ ਆਪਣਾ ਰਾਜ ਪੱਕਾ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ ਵਲ ਮੂੰਹ ਮੋੜਿਆ। ਉਸ ਵੇਲੇ ਪੰਜਾਬ ਵਿੱਚ ਸਿੱਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੀਆਂ ਸਿੱਖ ਫੌਜਾਂ ਦੀ ਤਾਕਤ ਅਤੇ ਬਹਾਦਰੀ ਤੋਂ ਅੰਗ੍ਰੇਜ਼ ਡਰਦੇ ਸਨ। ਮਿਸਲਾਂ ਦੇ ਸਰਦਾਰ ਗੁਰੂ ਨਾਨਕ ਦੇਵ ਵਲੋਂ ਮੂਲ ਮੰਤਰ ਵਿੱਚ ਪਰਿਭਾਸ਼ਤ ਕੀਤੇ ਗਏ ਇਕ ਪ੍ਰਮਾਤਮਾ/ਰਬ ਦੇ ਸੰਕਲਪ ਅਤੇ ਦਸਮ ਪਾਤਸ਼ਾਹ ਦੇ ਆਦੇਸ਼, ‘ਗੁਰੂ ਮਾਨਿਉਂ ਗ੍ਰੰਥ’ ਵਿੱਚ ਯਕੀਨ ਰਖਦੇ ਸਨ। ਇਸ ਲਈ ਮਿਸ਼ਨਰੀ ਪੈਂਤੜੇ ਤਹਿਤ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਨੂੰ ਗੰਧਲਾ ਕਰਨ ਦੀ ਮਨਸ਼ਾ ਨਾਲ ਦਸਮ ਗ੍ਰੰਥ ਦੀ ਮਿੱਥ ਸ਼ੁਰੂ ਕੀਤੀ। ਉਨ੍ਹਾਂ ਦਿਨਾਂ ਵਿੱਚ ਪਟਨੇ ਸਾਹਿਬ ਦਾ ਤਖ਼ਤ ਕਲਕੱਤੇ ਵਿੱਚ ਸਥਾਪਤ ਹੋ ਚੁੱਕੀ ਅੰਗ੍ਰੇਜ਼ ਹਕੂਮਤ ਹੇਠ ਆਉਂਦਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਇਕ ਰੱਬ - ਇਕ ਗ੍ਰੰਥ - ਇਕ ਪੰਥ ਦੇ ਸੰਕਲਪ ਵਿੱਚ ਵਿਦਮਾਨ ਹੈ, ਜਿਸ ਦੀ ਅਧਾਰਸ਼ਿਲਾ ‘ਗੁਰੂ ਮਾਨਿਉਂ ਗ੍ਰੰਥ’ ਹੈ। ਸਬੱਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨੇ ਦਾ ਸੀ, ਇਸ ਲਈ ਅੰਗ੍ਰੇਜ਼ਾਂ ਨੇ ਇਸਾਈ ਸਾਜ਼ਿਸ਼ ਪਟਨੇ ਸਾਹਿਬ ਤੋਂ ਸ਼ੁਰੂ ਕੀਤੀ। ਇਸ ਸਾਜ਼ਿਸ਼ ਵਿੱਚ ਪਟਨੇ ਤਖ਼ਤ ਦੇ ਕਰਤਾ ਧਰਤਾ ਨਿਰਮਲੇ ਸਾਧ ਦਿਆਲ ਸਿੰਘ, ਨਵਲ ਸਿੰਘ ਅਤੇ ਗ੍ਰੰਥੀ ਸੁੱਖਾ ਸਿੰਘ ਸਨ ਅਤੇ ਕਲਕੱਤੇ ਦੇ ਗੁਰਦੁਆਰੇ ਦਾ ਰਖਵਾਲਾ ਆਤਮਾ ਰਾਮ ਸ਼ਾਮਿਲ ਸੀ। ਇਨ੍ਹਾਂ ਪਾਸ ‘ਨਾਨਕ ਪੰਥੀ ਕਾਵਿਯ’ ਨਾਮੀਂ ਗ੍ਰੰਥ ਸੀ ਜੋ ਹਿੰਦਵੀ ਵਿੱਚ ਲਿਖਿਆ ਹੋਇਆ ਸੀ ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿੱਚ ਕੀਤਾ ਹੈ। (ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥)। ਇਸ ਬੀੜ ਬਾਰੇ ਚਾਰਲਜ਼ ਵਿਲਕਨ ਨੇ ਵੀ 1781 ਈ. ਵਿੱਚ ਸੁਣਿਆ ਸੀ। ਇਸ ਗ੍ਰੰਥ ਦੇ ਨਾਂ ਤੋਂ ਭਾਸਦਾ ਹੈ ਕਿ ਇਸ ਵਿੱਚ ਗੁਰੂ ਨਾਨਕ ਵਲੋਂ ਚਲਾਏ ਗਏ ਸਿੱਖ ਪੰਥ ਨਾਲ ਸੰਬੰਧਤ ਬਾਣੀ ਸੀ, ਅਰਥਾਤ, ਇਹ ਆਦਿ/ਕਰਤਾਰਪੁਰੀ ਬੀੜ ਦੀ ਨਕਲ ਹੀ ਸੀ ਜਿਸ ਵਿੱਚ ਨਿਰਮਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਉਹ ਬਾਣੀ ਵੀ ਦਰਜ ਕਰ ਰੱਖੀ ਸੀ, ਕੁਝ ਜੋ ਉਸ ਵੇਲੇ ਪ੍ਰਚੱਲਤ ਸੀ ਅਤੇ ਕੁਝ ਆਪਣੇ ਕੋਲੋਂ ਲਿਖ ਕੇ ਪਾਈ ਹੋਈ ਸੀ ਜਿਸ ਦੀ ਅਗਵਾਹੀ ਗਿਆਨੀ ਗਿਆਨ ਸਿੰਘ ਵੀ ਦਿੰਦਾ ਹੈ:

ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥
ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥
ਔਰ ਗ੍ਰੰਥ ਇਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥

ਉਸ ਵੇਲੇ ਕਲਕੱਤੇ ਵਿੱਚ ਕੋਲਬਰੁੱਕ ਬ੍ਰਿਟਿਸ਼ ਐਡਮਨਿਸਟਰੇਟਰ ਸੀ, ਚਾਰਲਜ਼ ਵਿਲਕਨਜ਼ ਬ੍ਰਿਟਿਸ਼ ਲਾਇਬਰੇਰੀ ਦਾ ਇਨਚਾਰਜ ਸੀ ਅਤੇ ਜੌਹਨ ਮੈਲਕਮ ਮਿਲਟਰੀ ਐਡਮਨਿਸਟਰੇਟਰ ਸੀ। ਲਗਦਾ ਇਉਂ ਹੈ ਕਿ ਇਨ੍ਹਾਂ ਗੋਰਿਆਂ ਨੇ ਨਿਰਮਲਿਆਂ ਨਾਲ ਮਿਲ ਕੇ ‘ਗੁਰੂ ਨਾਨਕ ਕਾਵਿਯ’ ਵਿੱਚੋਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਜੁਦਾ ਕਰਵਾ ਕੇ ਇਸ ਵਿੱਚ ਗੁਰੂ ਜੀ ਦੀ ਬਾਣੀ ਨਾਲ ਮਿਲਦੇ-ਜੁਲਦੇ ਹੋਰ ਸਲੋਕਾਂ ਨੂੰ ਰਲਾਇਆ ਤਾਂਕਿ ਇਸ ਨੂੰ ਦਸਮ ਗ੍ਰੰਥ ਦਾ ਰੂਪ ਦਿੱਤਾ ਜਾ ਸਕੇ। ਕਈ ਇਤਿਹਾਸਕਾਰ, ਜਿਵੇਂ ਕੇਸਰ ਸਿੰਘ ਛਿੱਬੜ (ਬੰਸਾਵਲੀਨਾਮਾ) ਅਤੇ ਭਾਈ ਸੰਤੋਖ ਸਿੰਘ (ਸ੍ਰੀ ਗੁਰਪਰਤਾਪ ਸੂਰਜ ਗ੍ਰੰਥ) ਕੁਝ ‘ਖਾਸ ਪੱਤਰਿਆਂ’ ਦਾ ਜ਼ਿਕਰ ਕਰਦੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਵਲੋਂ ਰਚੇ ਢੇਰ ਸਾਰੇ ਸਾਹਿਤ ਦੇ ਸਰਸਾ ਨਦੀ ਵਿੱਚ ਨਸ਼ਟ ਹੋਣ ਤੋਂ ਬਾਅਦ ਕੁਝ ਸਿੱਖਾਂ ਦੇ ਹੱਥ ਲੱਗੇ ਸਨ। ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ (1880) ਵਿੱਚ ਲਿਖਿਆ ਹੈ ਕਿ ਸੁੱਖਾ ਸਿੰਘ (ਜੋ ਬਾਅਦ ਵਿੱਚ ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਬਣਿਆ) ਦਾ ਪੁੱਤ ਚੜ੍ਹਤ ਸਿੰਘ ਇਨ੍ਹਾਂ ਖਾਸ ਪੱਤਰਿਆਂ ਦੇ ਉਤਾਰਿਆਂ ਨੂੰ ਮੁੱਲ ਵੇਚ ਕੇ ਕਮਾਈ ਕਰਦਾ ਸੀ। ਸ਼ਾਇਦ ਇਹ ਉਹੀ ਪੱਤਰੇ ਹੋਣ ਜਿਨ੍ਹਾਂ ਤੇ ਲਿਖੀ ਹੋਈ ਬਾਣੀ ਨੂੰ ਦਸਵੀਂ ਪਾਤਸ਼ਾਹੀ ਦੀ ਕਿਆਸ ਕਰਕੇ ‘ਨਾਨਕ ਪੰਥੀ ਕਾਵਿਯ’ ਵਿੱਚ ਰਲਾਇਆ ਗਿਆ ਹੋਵੇ। ਇਹ ਵੀ ਲਿਖਿਆ ਮਿਲਦਾ ਹੈ ਕਿ ਸੁੱਖਾ ਸਿੰਘ ਦੀ ਹੱਥ-ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹਥ-ਲਿਖਤ ਨਾਲ ਮਿਲਦੀ ਸੀ। ਹੋ ਸਕਦਾ ਹੈ ਕਿ ਉਸ ਨੇ ਮਿਲਦੇ ‘ਖਾਸ ਪੱਤਰਿਆਂ’ ਦੀ ਲਿਖਤ ਨੂੰ ਵਾਚ ਕੇ ਅਭਿਆਸ ਨਾਲ ਆਪਣੀ ਹੱਥ-ਲਿਖਤ ਨੂੰ ਉਨ੍ਹਾਂ ਤੇ ਲਿਖੇ ਹੋਏ ਅੱਖਰਾਂ ਵਰਗਾ ਬਣਾ ਲਿਆ ਹੋਵੇ ਅਤੇ ਇਹ ਗੁਣ (ਔਗਣ) ਗੁਰੂ ਜੀ ਦੇ ਨਾਂ ਹੇਠ ਮਨਘੜਤ ਬਾਣੀ ਲਿਖਣ ਦੇ ਕੰਮ ਆਇਆ ਹੋਵੇ। ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਹੈ ਕਿ ਚੜ੍ਹਤ ਸਿੰਘ ਨੇ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਵਿੱਚ ਪਾਏ (ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥)। ਇਹ ਦਲੀਲ ਠੀਕ ਲਗਦੀ ਹੈ ਕਿਉਂਕਿ ਚੜ੍ਹਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਨਾਂ ਹੇਠ ਪੱਤਰਿਆਂ ਦੇ ਉਤਾਰੇ ਵੇਚਦਾ ਸੀ ਅਸਲੀ ਉਸ ਪਾਸ ਰਹਿੰਦੇ ਸਨ। ਜੇ ਉਹ ਪੱਤਰਿਆਂ ਦੇ ਰੂਪ ਵਿੱਚ ਬਾਣੀ ਵੇਚ ਸਕਦਾ ਸੀ ਤਾਂ ਲਾਲਚ ਵਿੱਚ ਆ ਕੇ ਉਸ ਨੇ ਗੁਰੂ ਜੀ ਦੇ ਨਾਂ ਹੇਠਾਂ ਹੋਰ ਬਾਣੀ ਵੀ ਲਿਖੀ ਹੋਵੇਗੀ ਜੋ ‘ਨਾਨਕ ਪੰਥੀ ਕਾਵਿਯ’ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਦਰਜ ਕੀਤੀ ਹੋਵੇਗੀ।

ਉਪਰੋਕਤ ਮਨੌਤਾਂ (Hypotheses) ਮੂਲੋਂ ਮਨਘੜਤ ਅਤੇ ਦਲੀਲ ਰਹਿਤ ਨਹੀਂ ਹਨ ਕਿਉਂਕਿ ਇਨ੍ਹਾਂ ਦੀ ਪਿੱਠਭੂਮੀ ਵਿੱਚ ਇਤਿਹਾਸਕ ਗਵਾਹੀ ਵੀ ਮਿਲਦੀ ਹੈ। ਇਸ ਤਰ੍ਹਾਂ ਭਿੰਨ ਭਿੰਨ ਲਿਖਤਾਂ ਦੇ ਜੋੜ ਨਾਲ ਜਦ ‘ਨਾਨਕ ਪੰਥੀ ਕਾਵਿਯ’ ਵੱਡ ਆਕਾਰਾ ਗ੍ਰੰਥ ਬਣ ਗਿਆ ਤਾਂ ਅੰਗ੍ਰੇਜ਼ਾਂ ਨੇ ਇਸ ਨੂੰ ਨਿਰਮਲਿਆਂ ਕੋਲੋਂ ਗੁਰੂਮੁਖੀ ਵਿੱਚ ਲਿਪੀਅੰਤਰ ਕਰਵਾ ਕੇ ਇਸ ਦਾ ਨਾਂ ‘ਗੁਰਮੁਖੀ ਗ੍ਰੰਥ ਦਸਵਾਂ ਪਾਤਸ਼ਾਹੀ’ ਰੱਖ ਦਿੱਤਾ ਗਿਆ। ਪਟਨੇ ਵਾਲੇ ਨਿਰਮਲਿਆਂ ਵਲੋਂ ਬਣਾਏ ਇਸੇ ਗ੍ਰੰਥ ਨੂੰ ਕੋਲਬਰੁੱਕ ਨੇ ਪ੍ਰਾਪਤ ਕਰਕੇ ਕਲਕੱਤੇ ਵਿਖੇ ਇਸ ਦੀ ਕਾਪੀ ਬਣਾਈ ਅਤੇ ਬ੍ਰਿਟਿਸ਼ ਲਾਇਬਰੇਰੀ ਨੂੰ ਸੌਂਪ ਦਿੱਤੀ ਜਿਸ ਦਾ ਇਨਚਾਰਜ ਚਾਰਲਜ਼ ਵਿਲਕਨਜ਼ ਸੀ। ਇਸੇ ਗ੍ਰੰਥ ਨੂੰ ਜੌਹਨ ਮੈਲਕਮ ਨੇ ਆਪਣੀ ਪੁਸਤਕ Sketch of the Sikhs (1810-1812) ਲਿਖਣ ਲਈ ਵਰਤਿਆ। ਅਤੇ ਇਸੇ ਗ੍ਰੰਥ ਨੂੰ ਨਿਰਮਲਿਆਂ ਦੀ ਸਹਾਇਤਾ ਨਾਲ ਪੰਜਾਬ ਦੇ ਗੁਰਦੁਆਰਿਆਂ ਵਿੱਚ ਧਰਿਆ ਅਰਥਾਤ, Transplant ਕੀਤਾ ਗਿਆ ਤਾਂਕਿ ਸਿੱਖ ਧਰਮ ਨੂੰ ਖੋਰਾ ਲਾਇਆ ਜਾ ਸਕੇ।

ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠਾ ਕਰ ਕੇ 1799 ਈ. ਵਿੱਚ ਪੰਜਾਬ ਤੇ ਰਾਜ ਸਥਾਪਤ ਕਰ ਲਿਆ। ਫਰੰਗੀ ਰਾਜਨੀਤੀ ਵਰਤ ਕੇ ਅੰਗ੍ਰੇਜ਼ਾਂ ਨੇ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਦੀਆਂ ਸਿੱਖ ਰਿਆਸਤਾਂ ਨਾਲ 1809 ਈ. ਵਿੱਚ ਸੰਧੀ ਕਰ ਕੇ ਸਤਲੁਜ ਦੇ ਇਲਾਕੇ ਤੱਕ ਪਹੁੰਚ ਕਾਇਮ ਕਰ ਲਈ। ਉਪਰੋਕਤ ਗ੍ਰੰਥ ਨੂੰ ਸਤਲੁਜ ਦੇ ਚੜ੍ਹਦੇ ਪਾਸੇ ਤੱਕ ਵੰਡ ਕੇ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਦਸਮ ਗ੍ਰੰਥ ਦਾ ਘੱਟ ਵੱਧ ਹੀ ਪਤਾ ਸੀ ਅਤੇ ਨਾ ਹੀ ਇਹ ਗ੍ਰੰਥ ਕਦੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਸੀ। ਸਨ 1846 ਵਿੱਚ ਧੋਖੇ ਨਾਲ ਐਂਗਲੋ ਸਿੱਖ ਲੜਾਈ ਜਿੱਤਣ ਉਪਰੰਤ ਅੰਗ੍ਰੇਜ਼ਾਂ ਨੇ ਇਸ ਗ੍ਰੰਥ ਨੂੰ ਜਨਵਰੀ 1847 ਵਿੱਚ ਹਿੰਦੀ ਵਿੱਚ ਉਲਥਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇੱਕੋ ਧਰਮ ਮਰਯਾਦਾ ਨਾਲ ਜੋੜਨਾ ਚਾਹਿਆ। ਚੌਵੀਸ ਅਵਤਾਰਾਂ ਦੇ ਨਾਵਾਂ ਦੇ ਅਧਾਰ ਤੇ ਸਿੱਖ ਧਰਮ ਦੇ ੴ ਦੇ ਸੰਕਲਪ ਦੀ ਵਜਾਏ ਅਨੇਕ ਓਂਕਾਰ ਦੀ ਮਿਥ ਈਜਾਦ ਕਰਕੇ ਸਿੱਖਾਂ ਨੂੰ ਹਿੰਦੂਆਂ ਨਾਲ ਰਲਗਡ ਕਰਨਾ ਚਾਹਿਆ। ਅਰਥਾਤ, ਸਿੱਖ ਧਰਮ ਦੇ ਸੂਤਰ ‘ਮੂਲਮੰਤਰ’ ਵਿੱਚ ਅੰਕਤ ਸਿੱਖਾਂ ਦੇ ਇਕ ਈਸ਼ਰਵਾਦੀ ਸੰਕਲਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਪਰਕਾਰ 1849 ਵਿੱਚ ਹਿੰਦੂ ਅਤੇ ਸਿੱਖਾਂ ਨੂੰ ਕੰਟਰੋਲ ਵਿੱਚ ਕਰ ਕੇ ‘ਸਿੱਖ’ ਅਤੇ ‘ਹਿੰਦੂ’ ਦੇ ਭੇਦ ਨੂੰ ਮਟਾਉਣਾ ਚਾਹਿਆ। ਮਹਾਰਾਜਾ ਦਲੀਪ ਸਿੰਘ ਨੂੰ ਤਾਂ ਚੱਕ ਕੇ ਇੰਗਲੇਂਡ ਲੈ ਗਏ ਤਾਂਕਿ ਪੰਜਾਬ ਵਿੱਚੋਂ ਸਿੱਖ ਰਾਜ ਦਾ ਨਾਮੋਨਿਸ਼ਾਨ ਹੀ ਮਿਟ ਜਾਵੇ। ਇਤਿਹਾਸ ਵਿੱਚ ਇਹ ਪਹਿਲੀ ਦੁਰਘਟਨਾ ਹੈ ਜਿੱਥੇ ਕਿਸੇ ਮੁਲਕ ਦੇ ਹੁਕਮਰਾਨ ਨੂੰ ਧੱਕੇ ਨਾਲ ਚੁੱਕ ਕੇ ਦੇਸ਼ ਨਿਕਾਲਾ ਦਿੱਤਾ ਗਿਆ ਹੋਵੇ ਅਤੇ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ਹੋਵੇ।

1. ਕੋਲਬਰੁੱਕ ਵਾਲੀ ਬੀੜ (Mss D5 Punjabi-H.T. Colebrook)

ਕਥਤ ਦਸਮ ਗ੍ਰੰਥ ਦਾ ਮੁੱਢ ਕੋਲਬਰੁੱਕ ਵਾਲੀ ਬੀੜ ਤੋਂ ਬੱਝਾ। ਅਠਾਰਵੀਂ ਸਦੀ ਦੇ ਅਖੀਰ ਤੱਕ ਕਿਸੇ ਵੀ ਗ੍ਰੰਥ ਦੀ ਕੋਈ ਉੱਘ-ਸੁੱਘ ਨਹੀਂ ਮਿਲਦੀ ਜਿਸ ਦਾ ਨਾਂ ‘ਸ੍ਰੀ ਦਸਮ ਗ੍ਰੰਥ’, ‘ਦਸਮ ਪਾਤਸ਼ਾਹੀ ਦਾ ਗ੍ਰੰਥ’, ‘ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ’ ਜਾਂ ‘ਦਸਮ ਗ੍ਰੰਥ’ ਹੋਵੇ। ਉਪਰੋਕਤ ਦਿੱਤੇ ਪੰਜਾਬੀ ਇਤਿਹਾਸਕ ਸਰੋਤਾਂ ਦੇ ਨਾਲ ਨਾਲ, ਭਾਰਤੀ, ਅਰਬੀ-ਫਾਰਸੀ ਅਤੇ ਪੱਛਮੀ ਸੋਮਾ ਸਰੋਤ ਵੀ ਕਥਤ ਦਸਮ ਗ੍ਰੰਥ ਬਾਰੇ ਚੁੱਪ ਹਨ। ਜਿਨ੍ਹਾਂ ਗ੍ਰੰਥਾਂ ਦਾ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਜਿਵੇਂ ਸਮੁੰਦਰ ਸਾਗਰ (ਕੇਸਰ ਸਿੰਘ ਛਿੱਬੜ), ਵਿਦਿਆ ਸਾਗਰ (ਸਰੂਪ ਦਾਸ ਭੱਲਾ), ਵਿਦਿਆਧਰ ਗ੍ਰੰਥ (ਭਾਈ ਸੰਤੋਖ ਸਿੰਘ), ਅਤੇ ਇਕੱਲੀਆਂ ਪੋਥੀਆਂ (ਗਿਆਨੀ ਗਿਆਨ ਸਿੰਘ), ਇਨ੍ਹਾਂ ਲੇਖਕਾਂ ਅਨੁਸਾਰ ਇਹ ਸਾਰੇ ਨਸ਼ਟ ਹੋ ਚੁੱਕੇ ਹਨ। ਇਸ ਲਈ ਸਿੱਖ ਇਤਿਹਾਸ ਵਿੱਚ ਕੋਈ ਵੀ ‘ਦਸਮ ਗ੍ਰੰਥ’ ਨਾਮੀ ਗ੍ਰੰਥ ਨਹੀਂ ਮਿਲਦਾ ਜੋ ਗੁਰੂ ਸਾਹਿਬ ਦੇ ਦਸਤੇ ਮੁਬਾਰਕ ਨਾਲ ਰਚਿਆ ਗਿਆ ਹੋਵੇ। ਪਹਿਲੀ ਵਾਰ ਜੌਹਨ ਮੈਲਕਮ (John Malcolm) ਨੇ ਆਪਣੀ ਪੁਸਤਕ Sketch of the Sikhs, ਵਿੱਚ “ਦਸਵਾਂ ਪਾਤਸ਼ਾਹ ਕਾ ਗ੍ਰੰਥ” ਨਾਂ ਵਰਤਿਆ। ਉਸ ਨੇ ਲਿਖਿਆ ਕਿ ਪੰਜਾਬ ਵਿੱਚੋਂ 1805 ਈ. ਵਿੱਚ ਉਸ ਨੂੰ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਕਾਪੀ ਮਿਲੀ ਪਰ ‘ਦਸਵਾਂ ਪਾਤਸ਼ਾਹੀ ਕਾ ਗ੍ਰੰਥ’ ਦੀ ਕਾਪੀ ਕਲਕੱਤੇ ਤੋਂ ਐਚ.
ਟੀ. ਕੋਲਬਰੁੱਕ ਕੋਲੋਂ ਮਿਲੀ ਜੋ ਉਸ ਨੇ ਅਣਥਕ ਖੋਜ ਕਰਕੇ ਬੜੇ ਯਤਨਾਂ ਨਾਲ ਪ੍ਰਾਪਤ ਕੀਤੀ।

“I succeeded with difficulty in obtaining a copy of the Adi-Granth and some historical tracts, the most essential parts of which, when I returned to Calcutta, were explained to me by a Sikh priest of the Nirmala order, whom I found equally intelligent and communicative, and who spoke of the religion and ceremonies of his sect with less restraint than any of his brethren whom I had met with in Penjab … however, that the indefatigable research of Mr. Colebrook has procured not only the Adi-Granth, but also the Dasima Padshah ka Granth; and that, consequently, he is in possession of the two most sacred books of the Sikhs.”

ਜੌਹਨ ਮੈਲਕਮ, ਲੌਰਡ ਲੇਕ (Lord Lake) ਨਾਲ 1805 ਵਿੱਚ ਪੰਜਾਬ ਆਇਆ; ਉਸ ਨਾਲ ਰਿਆਸਤ ਜੀਂਦ ਦਾ ਰਾਜਾ ਭਾਗ ਸਿੰਘ ਵੀ ਸੀ। ਇਹ ਸਾਰੇ ਬਿਆਸ ਦਰਿਆ ਤੱਕ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਮੈਲਕਮ ਨੂੰ ਅਜਿਹੀ ਕਿਹੜੀ ਲੋੜ ਪੈ ਗਈ ਸੀ ਕਿ ਉਸ ਨੂੰ ਸਿੱਖਾਂ ਦੇ ਧਰਮ ਗ੍ਰੰਥਾਂ ਨੂੰ ਭਾਲਣ ਲਈ ਪੰਜਾਬ ਆਉਣਾ ਪਿਆ ਅਤੇ ਬੜੀ ਮੁਸ਼ਕਲ ਨਾਲ ‘ਆਦਿ ਗ੍ਰੰਥ’ ਪ੍ਰਾਪਤ ਕਰ ਸਕਿਆ ਪਰ ਦਸਮ ਗ੍ਰੰਥ ਫੇਰ ਵੀ ਉਪਲਬਦ ਨਹੀਂ ਹੋਇਆ। ਪੰਜਾਬ ਵਿੱਚ ਉਸ ਵੇਲੇ ਸਿੱਖਾਂ ਦੀ ਹਕੂਮਤ ਸੀ ਅਤੇ ਇਹ ਸਿੱਖ ਕੌਮ ਦਾ ਮੁਲਕ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਵਰਗਰ ਜੋਧੇ ਦਸਵੇਂ ਗੁਰੂ ਦੇ ਸੰਪੂਰਨ ਸਿੱਖ ਸਨ। ਜੇ ਉਨ੍ਹਾਂ ਨੂੰ ਕਿਸੇ ਦਸਮ ਗ੍ਰੰਥ ਦਾ ਥੌਹ ਪਤਾ ਨਹੀਂ ਸੀ ਤਾਂ ਹੋਰ ਕਿਸੇ ਨੂੰ ਕਿਵੇਂ ਹੋ ਸਕਦਾ ਸੀ। ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਸਿੱਖ ਰਾਜ ਵਿੱਚੋਂ ਮੈਲਕਮ ਨੂੰ ਦਸਮ ਗ੍ਰੰਥ ਕਿਉਂ ਨਾ ਮਿਲ ਸਕਿਆ? ਇਸ ਦਾ ਉੱਤਰ ਇਹ ਹੈ ਕਿ ਪੰਜਾਬ ਵਿੱਚ ਉਸ ਵੇਲੇ ਕੇਵਲ ‘ਗੁਰੂ ਗ੍ਰੰਥ ਸਹਿਬ’ ਹੀ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤਾ ਜਾਂਦਾ ਸੀ। ਕਿਉਂਕਿ ਇਸ ਤੋਂ ਵਗੈਰ ਸਿੱਖਾਂ ਦਾ ਕੋਈ ਹੋਰ ਗ੍ਰੰਥ ਹੈ ਹੀ ਨਹੀਂ ਸੀ, ਇਸ ਲਈ ਦਸਮ ਗ੍ਰੰਥ ਕਿੱਥੋਂ ਮਿਲਣਾ ਸੀ। ਦਿਲਚਸਪ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਲਕਮ ਨੂੰ ਦਸਮ ਗ੍ਰੰਥ ਕਲਕੱਤੇ ਵਿੱਚੋਂ ਕੋਲਬਰੁੱਕ ਕੋਲੋਂ ਪ੍ਰਾਪਤ ਹੋਇਆ ਜਿੱਥੇ ਸਿੱਖਾਂ ਦੀ ਵਸੋਂ ਆਟੇ ਵਿੱਚ ਲੂਣ ਵਾਂਗ ਸੀ। ਪਟਨਾ ਅਤੇ ਕਲਕੱਤੇ ਵਿੱਚ ਗੁਰਦੁਆਰੇ ਸਨ ਜਿਨ੍ਹਾਂ ਨੂੰ ਨਿਰਮਲੇ ਕੰਟ੍ਰੋਲ ਕਰਦੇ ਸਨ ਜਿਨ੍ਹਾਂ ਨਾਲ ਮਿਲ ਕੇ ਗੋਰਿਆਂ ਨੇ ਦਸਮ ਗ੍ਰੰਥ ਦੀ ਮਿੱਥ ਨੂੰ ਸ਼ੁਰੂ ਕੀਤਾ।

ਮੈਲਕਮ ਦੀ ਪੁਸਤਕ 1810 ਈ. ਵਿੱਚ ਛਾਪੀ ਗਈ ਜਿਸ ਵਿੱਚ ਪਹਿਲੀ ਬਾਰ ‘ਦਸਵਾਂ ਪਾਤਸ਼ਾਹ ਕਾ ਗ੍ਰੰਥ’ ਦਾ ਨਾਂ ਵਰਤਿਆ ਗਿਆ ਜੋ ਉਸ ਨੇ ਕੋਲਬਰੁੱਕ ਤੋਂ ਪ੍ਰਾਪਤ ਕੀਤਾ। ਐਚ. ਟੀ. ਕੋਲਬਰੁੱਕ ਨੇ ਇਹੋ ਬੀੜ 1812 ਵਿੱਚ ਬ੍ਰਿਟਿਸ਼ ਲਾਇਬਰੇਰੀ, ਲੰਦਨ ਨੂੰ ਸੌਂਪ ਦਿੱਤੀ ਜੋ ਲਾਇਬਰੇਰੀ ਕੈਟਾਲੌਗ ਨੰਬਰ Mss D5 Punjabi (H.T. Colebrook) ਨਾਂ ਹੇਠ ਦਰਜ ਹੈ। ਇਹ ਬੀੜ ਕਿਹੜੇ ਸਾਲ, ਕਿੱਥੋਂ, ਕਿਵੇਂ, ਅਤੇ ਕਿਹਦੇ ਕੋਲੋਂ ਪ੍ਰਾਪਤ ਕੀਤੀ ਗਈ, ਇਸ ਬਾਰੇ ਨਾ ਤਾਂ ਬੀੜ ਵਿੱਚ ਕੋਈ ਸਾਖਿਆਤ ਗਵਾਹੀ ਹੈ, ਨਾ ਕੋਲਬਰੁੱਕ ਹੀ ਕੁਝ ਦੱਸਦਾ ਹੈ ਅਤੇ ਨਾ ਹੀ ਮੈਲਕਮ ਨੂੰ ਕੋਈ ਥੌਹ ਪਤਾ ਹੈ। ਪਰ ਇਕ ਗੱਲ ਨਿਸਚਿਤ ਹੈ ਕਿ ਇਹ, ਥੋੜ੍ਹੀਆਂ ਸਤਰਾਂ ਨੂੰ ਛੱਡ ਕੇ, ਕਥਤ ਗ੍ਰੰਥ ਨਾਲ ਮਿਲਦੀ ਹੈ। ਹੇਠਾਂ ਸੋਧਕ ਕਮੇਟੀ ਵਲੋਂ ਸੋਧੇ ਦਸਮ ਗ੍ਰੰਥ ਅਤੇ ਕੋਲਬਰੁੱਕ ਵਾਲੀ ਬੀੜਾਂ ਦੀ ਸਮਾਨਤਾ ਅਤੇ ਅੰਤਰ ਦਾ ਲੇਖਾ-ਜੋਖਾ ਕਰਦੇ ਹਾਂ

2. ਦਸਮ ਗ੍ਰੰਥ ਅਤੇ ਕੋਲਬਰੁੱਕ ਵਾਲੀ ਬੀੜ ਵਿੱਚ ਅੰਤਰ

ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਕੋਲਬਰੁੱਕ ਅਤੇ ਛਪੇ ਹੋਏ ਦਸਮ ਗ੍ਰੰਥਾਂ ਦੀਆਂ ਵੱਖ ਵੱਖ ਬੀੜਾਂ ਜਿਵੇਂ, ਜਵਾਹਰ ਸਿੰਘ ਵਾਲੀ ਬੀੜ (1979 ਈ.), ਚਤਰ ਸਿੰਘ ਜੀਵਨ ਸਿੰਘ ਵਾਲੀ ਬੀੜ (1998 ਈ.), ਰਤਨ ਸਿੰਘ ਜੱਗੀ (1999 ਈ.) ਵਲੋਂ ਟੀਕੇ ਲਈ ਵਰਤੀ ਗਈ ਬੀੜ ਵਿੱਚ ਥੋੜ੍ਹਾ-ਬਾਹਲਾ ਫਰਕ ਹੈ। ਇਹ ਸਾਰੀਆਂ ਬੀੜਾਂ ਸੋਧਕ ਕਮੇਟੀ ਵਲੋਂ ਸੰਪਾਦ ਕੀਤੇ ਗਏ ਦਸਮ ਗ੍ਰੰਥ ਦੀਆਂ ਕਾਪੀਆਂ ਹੋਣੀਆਂ ਚਾਹੀਦੀਆਂ ਸਨ ਪਰ ਇਨ੍ਹਾਂ ਵਿੱਚ ਵੀ ਥੋੜ੍ਹਾ ਥੋੜ੍ਹਾ ਫਰਕ ਹੈ। ਅਸੀਂ ਕੇਵਲ ਚਤਰ ਸਿੰਘ ਜੀਵਨ ਸਿੰਘ ਵਲੋਂ ਪ੍ਰਕਾਸ਼ਤ ਕੀਤੇ ਹੋਏ ਦਸਮ ਗ੍ਰੰਥ ਦਾ ਕੋਲਬਰੁੱਕ ਵਾਲੀ ਬੀੜ ਨਾਲ ਤੁਲਨਾ ਕਰਾਂਗੇ। ਚਤਰ ਸਿੰਘ ਜੀਵਨ ਸਿੰਘ ਵਾਲੀ ਬੀੜ ਵਿੱਚ ਰਚਨਾਵਾਂ ਦੀ ਤਰਤੀਬ, ਸਫਿਆਂ ਸਮੇਤ, ਇਸ ਪਰਕਾਰ ਹੈ: ਜਾਪੁ (1-10), ਅਕਾਲ ਉਸਤਤਿ (11-38), ਬਚਿਤ੍ਰ ਨਾਟਕ (39-73), ਚੰਡੀ ਚਰਿਤ੍ਰ-1 (74-99), ਚੰਡੀ ਚਰਿਤ੍ਰ-2 (100-119), ਵਾਰ ਦੁਰਗਾ ਕੀ (119-127), ਗਿਆਨ ਪ੍ਰਬੋਧ (127-155), ਚੌਬੀਸ ਅਵਤਾਰ (155-611), ਬ੍ਰਹਮ ਅਵਤਾਰ (611-635), ਰੁਦ੍ਰ ਅਵਤਾਰ (635-709), (ਫੁਟਕਲ ਰਚਨਾਵਾਂ) ਸ਼ਬਦ ਹਜਾਰੇ-ਰਾਮਕਲੀ ਪਾ. 10 (709-712), ਸਵੈਯੇ (712-716), ਖਾਲਸਾ ਮਹਿਮਾ-ਸਵੈਯੇ (716-717), ਸਸਤ੍ਰ ਨਾਮ ਮਾਲਾ (717-808), ਚਰਿਤ੍ਰੋਪਾਖਿਆਨ (809-1388), ਜਫਰਨਾਮਾ (1389-1394) ਅਤੇ ਹਿਕਾਇਤਾਂ (1394-1428)। ਮੁਕਾਬਲੇ ਤੇ ਕੋਲਬਰੁੱਕ ਬੀੜ ਵਿੱਚ ਇਹ ਤਰਤੀਬ ਕਈ ਥਾਵਾਂ ਤੇ ਮਿਲਦੀ ਹੈ ਕਈ ਹਿੱਸਿਆਂ ਵਿੱਚ ਕਾਫੀ ਅੰਤਰ ਹੈ। ਦੋਹਾਂ ਵਿੱਚ ਬਾਣੀਆਂ ਦੀ ਤਰਤੀਬ ਹੇਠ ਦਿੱਤੀ ਜਾਂਦੀ ਹੈ।

ਕਥਤ ਦਸਮ ਗ੍ਰੰਥ ਕੋਲਬਰੁੱਕ ਬੀੜ
1. ਜਾਪੁ 1. ਜਾਪੁ
2. ਅਕਾਲ ਉਸਤਤਿ 2. ਅਕਾਲ ਉਸਤਤਿ
3. ਬਚਿਤ੍ਰ ਨਾਟਕ (ਅਪਨੀ ਕਥਾ) 3. ਬਚਿਤ੍ਰ ਨਾਟਕ
4. ਚੰਡੀ ਚਰਿਤ੍ਰ ( ਉਕਤਿ ਬਿਲਾਸ) 4. ਚੰਡੀ ਚਰਿਤ੍ਰ
5. ਚੰਡੀ ਚਰਿਤ੍ਰ (ਦੂਜਾ) 5. ਚੰਡੀ ਚਰਿਤ੍ਰ-2
6. ਵਾਰ ਸ੍ਰੀ ਭਗਉਤੀ ਜੀ ਕੀ 6. ਵਾਰ ਭਗਉਤੀ ਜੀ ਕੀ
(ਵਾਰ ਦੁਰਗਾ ਕੀ)
7. ਗਿਆਨ ਪ੍ਰਬੋਧ 7. ਗਿਆਨ ਪ੍ਰਬੋਧ
8. ਚੌਬੀਸ ਅਵਤਾਰ (ਬਿਸਨਾਵਤਾਰ) 8. ਚੌਬੀਸ ਅਵਤਾਰ
9. ਉਪ ਅਵਤਾਰ (ਬ੍ਰਹਮਾ ਅਤੇ ਰੁਦ੍ਰ) 9. ਬ੍ਰਹਮਾਵਤਾਰ
10. ਸ਼ਬਦ ਹਜ਼ਾਰੇ 10. ਰੁਦ੍ਰਾਵਤਾਰ
11. 33 ਸਵੈਯੇ 11. ਸ਼ਸਤ੍ਰ ਨਾਮਮਾਲਾ
12. ਖਾਲਸਾ ਮਹਿਮਾ 12. 32 ਸਵੈਯੇ
13, ਸ਼ਸਤ੍ਰ ਨਾਮਮਾਲਾ 13. ਖਾਲਸਾ ਮਹਿਮਾ, ਸਵੈਯੇ
14. ਚਰਿਤ੍ਰੋਪਾਖਿਆਨ 14. ਸ਼ਬਦ ਹਜ਼ਾਰੇ
15. ਜ਼ਫ਼ਰਨਾਮਾ-ਹਿਕਾਇਤਾਂ 15. ਚਰਿਤ੍ਰੋਪਾਖਿਆਨ
16. ------------ 16. ਜ਼ਫ਼ਰਨਾਮਾ
17. ------------ 17. ਹਿਕਾਇਤਾਂ

ਸਿੱਧ ਹੈ ਕਿ ਦੋਹਾਂ ਬੀੜਾਂ ਵਿੱਚ ਕੁਝ ਬਾਣੀਆਂ ਦੀ ਤਰਤੀਬ ਮਿਲਦੀ ਹੈ ਪਰ ਕੁਝ ਦੀ ਨਹੀਂ ਮਿਲਦੀ। ਪਰ ਦੋਹਾਂ ਵਿੱਚ ਸਾਰੀਆਂ ਬਾਣੀਆਂ ਮੌਜੂਦ ਹਨ। ਸੋਧਕ ਕਮੇਟੀ ਨੇ ਜਦ 1897 ਈ. ਦੌਰਾਨ ਦਸਮ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਕੋਈ 32 ਗ੍ਰੰਥਾਂ (ਅਸਵਾਰਿਆਂ) ਦਾ ਆਸਰਾ ਲਿਆ ਗਿਆ। ਇਹ ਗ੍ਰੰਥ ਵੱਖਰੇ ਵੱਖਰੇ ਸੰਤਾਂ, ਸਾਧਾਂ ਜਾਂ ਮੱਠਾਂ ਦੇ ਡੇਰਿਆਂ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਦੀ ਆਪਣੀ ਆਪਣੀ ਸ਼ਰਧਾ ਅਨੁਸਾਰ ਪੜ੍ਹੇ ਅਤੇ ਪੂਜੇ ਜਾਂਦੇ ਸਨ। ਅਵਤਾਰਾਂ ਅਤੇ ਦੇਵੀ ਦੇਤਿਆਂ ਦੀ ਮਹੱਤਤਾ ਹਰ ਡੇਰੇ ਲਈ ਵੱਖਰੀ ਵੱਖਰੀ ਸੀ। ਕਿਸੇ ਦੀ ਕ੍ਰਿਸ਼ਨ ਅਵਤਾਰ ਅਤੇ ਕਿਸੇ ਦੀ ਰਾਮ ਅਵਤਾਰ ਵਿੱਚ ਸ਼ਰਧਾ ਸੀ ਅਤੇ ਕਈ ਮੱਠ ਅਜਿਹੇ ਵੀ ਸਨ ਜੋ ਇਸਤ੍ਰੀਚਿੱਤ ਸਨ ਅਤੇ ਚਰਿਤ੍ਰੋਪਾਖਿਆਨ ਵਿੱਚੋਂ ਕਾਮ-ਰਸ ਵਾਲੀਆਂ ਕਥਾਵਾਂ ਦਾ ਪਾਠ-ਪਠਨ ਕਰਦੇ ਸਨ। ਜਾਪਦਾ ਹੈ ਕਿ ਸੰਪਾਦਨਾ ਦੌਰਾਨ ਡੇਰਿਆਂ ਦੇ ਪ੍ਰਭਾਵ ਹੇਠਾਂ ਬਾਣੀਆਂ ਦੀ ਤਰਤੀਬ ਵਿੱਚ ਅਦਲਾ ਬਦਲੀ ਕੀਤੀ ਗਈ ਹੋਵੇ। ਇਸੇ ਕਰਕੇ ਕਥਤ ਦਸਮ ਗ੍ਰੰਥ ਦੀ ਸੰਪਾਦਨਾ ਦੇ ਮੁੱਢ ਵਿੱਚ ਹੀ ਸੋਧਕ ਕਮੇਟੀ ਦੇ ਦੋ ਧੜਿਆਂ (ਲਾਹੌਰ ਧੜਾ ਅਤੇ ਅੰਮ੍ਰਿਤਸਰ ਧੜਾ) ਵਿੱਚ ਬਾਣੀਆਂ ਦੀ ਅਸਹਿਮਤੀ ਕਰਕੇ ਅਣਬਣ ਹੋਈ ਸੀ! ਫਲਸਰੂਪ, ਉਸ ਤੋਂ ਬਾਅਦ ਵਿੱਚ ਛਾਪੇ ਗਏ ਦਸਮ ਗ੍ਰੰਥਾਂ ਦੀਆਂ ਬੀੜਾਂ ਵਿੱਚ ਥੋੜ੍ਹਾ ਬਾਹਲਾ ਅੰਤਰ ਆਇਆ ਜਾਪਦਾ ਹੈ।

2. ਦਸਮ ਗ੍ਰੰਥ ਅਤੇ ਕੋਲਬਰੁੱਕ ਬੀੜ ਦੇ ਤਤਕਰਿਆਂ ਦੀ ਤੁਲਨਾ:

ਦਸਮ ਗ੍ਰੰਥ, ਥੋੜ੍ਹੀਆਂ ਜਿਹੀਆਂ ਭਿੰਨਤਾਵਾਂ ਉਪਰੰਤ, ਕੋਲਬਰੁੱਕ ਵਾਲੀ ਬੀੜ ਨਾਲ ਮਿਲਦਾ ਹੈ। ਗੌਹ ਨਾਲ ਪੜ੍ਹਿਆਂ ਇਨ੍ਹਾਂ ਦੋਹਾਂ ਗ੍ਰੰਥਾਂ ਵਿੱਚ ਬਾਣੀਆ ਦੀ ਤਰਤੀਬ ਅਤੇ ਅੰਦਰਲੀ ਸਮਗਰੀ ਵਿੱਚ ਜੋ ਥੋੜ੍ਹੇ-ਬਾਹਲੇ ਅੰਤਰ ਹਨ ਉਹ ਹੇਠ ਦਿੱਤੇ ਜਾਂਦੇ ਹਨ।

1. ਦਸਮ ਗ੍ਰੰਥ ਦੇ ਮੁਕਾਬਲੇ ਤੇ ਕੋਲਬਰੁੱਕ ਬੀੜ ਵਿੱਚ ਸ਼ਸਤ੍ਰ ਨਾਮਮਾਲਾ, 32 ਸਵੈਯੇ, ਖਾਲਸਾ ਮਹਿਮਾ, ਸ਼ਬਦ ਹਜ਼ਾਰੇ ਤੋਂ ਪਹਿਲਾਂ ਆਉਂਦੇ ਹਨ।
2. ਮੁਕਾਬਲੇ ਤੇ ਦਸਮ ਗ੍ਰੰਥ ਵਿੱਚ ਸ਼ਬਦ ਹਜ਼ਾਰੇ ਅਤੇ 32 ਸਵੈਯੇ, ਖਾਲਸਾ ਮਹਿਮਾ ਤੋਂ ਪਹਿਲਾਂ ਹਨ।
3. ਦਸਮ ਗ੍ਰੰਥ ਵਿੱਚ ਕ੍ਰਿਸ਼ਨਾਵਤਾਰ ਦੇ ਛੰਦਾਂ ਦੀ ਗਿਣਤੀ 2492 ਪਰ ਕੋਲਬਰੁੱਕ ਬੀੜ ਵਿੱਚ 2490 ਹੈ। ਦਸਮ ਗ੍ਰੰਥ ਦਾ ਛੰਦ ਨੰ. 2490 ਕੋਲਬਰੁੱਕ ਵਾਲੀ ਬੀੜ ਵਿੱਚ ਦਰਜ ਨਹੀਂ। ਇਸ ਛੰਦ ਵਿੱਚ ਕ੍ਰਿਸ਼ਨਾਵਤਾਰ ਦੀ ਲਿਖਣ ਤਾਰੀਖ ਸੰਮਤ 1745 (1688 ਈ.) ਦਿੱਤੀ ਹੋਈ ਹੈ। ਸਾਫ ਜ਼ਾਹਿਰ ਹੈ ਕਿ ਇਹ ਛੰਦ ਬਾਅਦ ਵਿੱਚ ਦਰਜ ਕੀਤਾ ਗਿਆ ਤਾਂਕਿ ਦਸਮ ਗ੍ਰੰਥ ਦੀ ਲਿਖਣ ਤਾਰੀਖ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਨਾਲ ਮੇਚੀ ਜਾ ਸਕੇ।
4. ਦਸਮ ਗ੍ਰੰਥ ਦੇ ਛੰਦ ਨੰ. 1509 ਅਤੇ 1510 ਕੋਰਬਰੁੱਕ ਵਾਲੀ ਬੀੜ ਵਿੱਚ ਛੰਦ ਨੰ. 1509 ਵਿੱਚ ਸੰਮਿਲਤ ਕੀਤੇ ਹੋਏ ਹਨ।
5. ਦਸਮ ਗ੍ਰੰਥ ਵਿੱਚ ਰਾਮਕਲੀ ਦੇ 10 ਛੰਦ ਹਨ ਜਦਕਿ ਕੋਰਬਰੁੱਕ ਵਾਲੀ ਬੀੜ ਵਿੱਚ ਕੇਵਲ 7 ਹਨ।
6. ਦਸਮ ਗ੍ਰੰਥ ਵਿੱਚ 33 ਸਵੈਯੇ ਹਨ ਜਦਕਿ ਕੋਲਬਰੁੱਕ ਵਿੱਚ 32 ਹਨ, ਪਹਿਲਾ ਸਵੈਯਾ ਨਹੀਂ ਹੈ।
7. ਕੋਲਬਰੁੱਕ ਵਾਲੀ ਬੀੜ ਵਿੱਚ ਚਰਿਤ੍ਰੋਪਾਖਿਆਨ ਦੇ ਕੁਲ 7556 ਛੰਦ ਹਨ ਪਰ ਦਸਮ ਗ੍ਰੰਥ ਵਿੱਚ ਕੁਲ 7555 ਹਨ। ਇਹ ਗਿਣਤੀ ਕਰਨ ਵਿੱਚ ਗ਼ਲਤੀ ਹੈ ਕਿਉਂਕਿ ਚਰਿਤ੍ਰ ਨੰ. 403 ਛੰਦ 7151 ਤੇ ਖਤਮ ਹੁੰਦਾ ਹੈ, ਚਰਿਤ੍ਰ 404 ਵਿੱਚ 405 ਛੰਦ ਹਨ ਇਸ ਲਈ ਕੁਲ ਜੋੜ 7556 ਬਣਦਾ ਹੈ ਜੋ ਕੋਲਬਰੁੱਕ ਵਾਲੀ ਬੀੜ ਦੇ ਬਰਾਬਰ ਹੈ।
8. ਕੋਲਬਰੁੱਕ ਵਾਲੀ ਬੀੜ ਵਿੱਚ ਜ਼ਫ਼ਰਨਾਮਾ ਅਤੇ ਹਿਕਾਇਤਾਂ ਦੇ ਅੰਤ ਵਿੱਚ ਛੰਦਾਂ ਦਾ ਕੁਲ ਜੋੜ 858 ਦਿੱਤਾ ਗਿਆ ਹੈ ਪਰ ਦਸਮ ਗ੍ਰੰਥ ਵਿੱਚ ਅੰਤ ਤੇ ਅਜਿਹਾ ਕੋਈ ਕੁਲ ਜੋੜ ਨਹੀਂ ਹੈ। ਪਰ ਗਿਣਤੀ ਕਰਨ ਨਾਲ ਇਹ ਨੰਬਰ 858 ਹੀ ਬਣਦਾ ਹੈ। ਦਸਮ ਗ੍ਰੰਥ ਵਿੱਚ ਹਿਕਾਇਤ ਨੰ. 12 ਵਿੱਚ ਛੇ ਛੰਦ ਵਾਧੂ ਹਨ।

ਪਾਠਕਾਂ ਦੀ ਸਹੂਲਤ ਲਈ ਇਹੋ ਵਾਕਫੀਅਤ ਇਕ ਚਾਰਟ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ।

ਬਾਣੀ ਦਸਮ ਗ੍ਰੰਥ ਕੋਲਬਰੁੱਕ ਬੀੜ ਨੋਟ
ਕ੍ਰਿਸ਼ਨ ਅਵਤਾਰ 2492 2490 ਕੋਲਬਰੁੱਕ ਵਿੱਚ ਛੰਦ ਨੰ. 2490 ਨਹੀਂ ਜਿਸ
ਵਿੱਚ ਲਿਖਣ ਤਾਰੀਖ 1688 ਈ. ਦਿੱਤੀ ਹੈ।
ਛੰਦ 1509+1510= ਕੋਲਬਰੁੱਕ ਛੰਦ ਨੰ. 1509 ਹੈ।

ਸ਼ਬਦ ਹਜਾਰੇ 10 7 ਦਸਮ ਗ੍ਰੰਥ ਵਿੱਚ ਅਖੀਰਲੇ ਤਿਨ ਛੰਦ ਵਾਧੂ ਹਨ।

ਸਵੈਯੇ 33 32 ਕੋਲਬਰੁੱਕ ਬੀੜ ਵਿੱਚ ਪਹਿਲਾ ਸਵੈਯਾ ਨਹੀਂ ਹੈ।

ਚਰਿਤ੍ਰੋਪਾਖਿਆਨ 7555 7556 ਦੋਹਾਂ ਵਿੱਚ 404 ਚਰਿਤ੍ਰ ਹਨ। ਦਸਮ ਗ੍ਰੰਥ ਵਿੱਚ ਚਰਿਤ੍ਰ
1 ਤੋਂ 403 ਤੱਕ 7151 ਛੰਦ ਹਨ, ਚਰਿਤ੍ਰ 404 ਵਿੱਚ 405
ਛੰਦ ਹਨ; ਕੁਲ ਗਿਣਤੀ ਹੋਈ 7151+405=7556।ਇਹ
ਦਸਮ ਗ੍ਰੰਥ ਦੀ ਗਿਣਤੀ ਵਿੱਚ ਗ਼ਲਤੀ ਹੈ।

ਜਫਰਨਾਮਾ ਅਤੇ 858+ 6 ਛੰਦ 858 ਦਸਮ ਗ੍ਰੰਥ ਦੀ ਹਿਕਾਇਤ 12 ਵਿੱਚ 6 ਛੰਦ ਵਾਧੂ ਹਨ।
ਹਿਕਾਇਤਾਂ ਦੀ ਕੁੱਲ ਗਿਣਤੀ

ਆਪਣੀ ਦਲੀਲ ਨੂੰ ਹੋਰ ਸਪਸ਼ਟ ਕਰਨ ਲਈ ਚਰਿਤ੍ਰੋਪਾਖਿਆਨ ਦੀ ਉਦਾਹਰਨ ਲੈਂਦੇ ਹਾਂ ਜੋ ਕਥਤ ਦਸਮ ਗ੍ਰੰਥ ਦਾ ਤਕਰੀਬਨ ਤੀਜਾ ਹਿੱਸਾ ਹੈ। ਜਵਾਹਰ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਅਤੇ ਡਾ. ਜੱਗੀ ਵਲੋਂ ਵਰਤੀ ਗਈ ਬੀੜ, ‘ਸ੍ਰੀ ਦਸਮ ਗ੍ਰੰਥ ਸਾਹਿਬ - ਪਾਠ ਸੰਪਾਦਨ ਅਤੇ ਵਿਆਖਿਆ’ ਵਿੱਚ ਚਰਿਤ੍ਰੋਪਾਖਿਆਨ ਦੇ 405 ਚਰਿਤ੍ਰ ਹਨ। ਜਵਾਹਰ ਸਿੰਘ ਵਾਲੀ ਬੀੜ ਵਿੱਚ ਇਕ ਤੋਂ 404 ਚਰਿਤ੍ਰ ਤੱਕ 7151 ਛੰਦ ਹਨ ਅਤੇ ਚਰਿਤ੍ਰ 405 ਵਿੱਚ 405 ਛੰਦ ਹਨ; ਕੁੱਲ ਗਿਣਤੀ ਹੋਈ 7151+405 = 7556 ਜੋ ਕੋਲਬਰੁੱਕ ਬੀੜ ਦੇ ਬਰਾਬਰ ਹੈ। ਜੱਗੀ ਵਾਲੀ ਬੀੜ ਵਿੱਚ ਇਕ ਤੋਂ 403 ਚਰਿਤ੍ਰ ਤੱਕ 7134 ਛੰਦ ਹਨ ਅਤੇ ਚਰਿਤ੍ਰ 404 ਵਿੱਚ 305 ਛੰਦ ਹਨ, ਕੁੱਲ ਗਿਣਤੀ ਹੋਈ 7134+ 305 = 7439 ਛੰਦ। 405ਵਾਂ ਚਰਿਤ੍ਰ ਚੌਪਈ ਦੇ ਰੂਪ ਵਿੱਚ ਹੈ ਜਿਸ ਵਿੱਚ ਗ੍ਰੰਥ ਦੀ ਲਿਖਣ ਤਾਰੀਖ 1753 ਬਿਕਰਮੀ (1694 ਈ.) ਦਿੱਤੀ ਹੋਈ ਹੈ ਜੋ ਸਤਲੁਜ ਦੇ ਕੰਢੇ ਬੈਠ ਕੇ ਲਿਖਿਆ ਗਿਆ। (ਇਹ ਚੌਪਈ ਬਾਅਦ ਵਿੱਚ ਦਰਜ ਕੀਤੀ ਗਈ ਤਾਂਕਿ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਸਿੱਧ ਕੀਤੀ ਜਾ ਸਕੇ।)। ਜੱਗੀ ਅਨੁਸਾਰ “ ਕੁਝ ਚਰਿਤ੍ਰ ਕਥਾਵਾਂ ਇਕ ਤੋਂ ਵੱਧ ਅਧਿਆਵਾਂ ਵਿੱਚ ਪਸਰੀਆਂ ਹੋਈਆਂ ਹਨ, ਜਿਵੇਂ ਅਨੂਪ ਕੌਰ ਦੇ ਚਰਿਤ੍ਰ ਦਾ ਵਰਣਨ ਤਿੰਨ ਅਧਿਆਵਾਂ (21,22 ਅਤੇ 23) ਵਿੱਚ ਹੋਇਆ ਹੈ। ਇਸੇ ਤਰ੍ਹਾਂ ਅਹਿਲਿਆ ਗੌਤਮ ਦੀ ਕਥਾ ਵੀ ਤਿੰਨ ਅਧਿਆਵਾਂ (115, 116 ਅਤੇ 117) ਵਿੱਚ ਵਰਣਿਤ ਹੈ। ਇਸ ਤਰ੍ਹਾਂ ਦੇ ਕੁਝ ਹੋਰ ਚਰਿਤ੍ਰ-ਪ੍ਰਸੰਗ ਵੀ ਹਨ। ਸਪਸ਼ਟ ਹੈ ਕਿ ਚਰਿਤ੍ਰ ਸੰਖਿਆ 404 ਤੋਂ ਵੀ ਘੱਟ ਹੈ। ਅਨੁਮਾਨ ਹੈ ਕਿ ਇਹ ਗਿਣਤੀ 395 (ਚਰਿਤ੍ਰਾਂ) ਦੇ ਨੇੜੇ ਤੇੜੇ ਬੈਠੇਗੀ।

ਕੋਲਬਰੁੱਕ ਬੀੜ ਦੀ ਲਿਖਣ ਤਾਰੀਖ:

ਕੋਲਬਰੁੱਕ ਵਾਲੀ ਬੀੜ ਦੇ ਅੰਦਰ ਕਿਤੇ ਵੀ ਕਿਸੇ ਛੰਦ ਵਿੱਚ ਜਾਂ ਕਿਸੇ ਹੋਰ ਰੂਪ ਵਿੱਚ ਕੋਈ ਪ੍ਰਮਾਣਿਕ ਤਵਾਰੀਖ ਦਰਜ ਨਹੀਂ ਅਤੇ ਨਾ ਹੀ ਇਸ ਤੇ ਕਿਸੇ ਲੇਖਕ/ਕਾਤਿਬ ਦਾ ਨਾਂ ਹੈ। ਪਰ ਕੁਝ ਹੇਠਲੇ ਤੱਤ ਇਸ ਦੀ ਲਿਖਣ ਤਾਰੀਖ ਬਾਰੇ ਚਾਨਣਾ ਪਾਉਂਦੇ ਹਨ:

1. ਬੀੜ ਦੇ 158 ਅਤੇ 159 ਵਰਕਿਆਂ ਦੇ ਵਿਚਕਾਰ 3x2 ਇੰਚ ਲੰਬੀ ਕਾਤਰ ਰੱਖੀ ਹੋਈ ਜਿਸ ਦੇ ਇਕ ਪਾਸੇ ਤੇ 1840 ਮਿਤੀ ਪੂਸ਼ਬਦੀ (ਪੋਹ), 15 ਮੰਗਲਵਾਰ (ਦਸੰਬਰ 23, 1783 ਈ.) ਲਿਖਿਆ ਹੈ। ਅੰਦਰਲੀ ਗਵਾਹੀ ਤੋਂ ਵੀ ਪਤਾ ਲਗਦਾ ਹੈ ਕਿ ਇਹ ਦਸੰਬਰ 23, 1783 ਨੂੰ ਲਿਖਿਆ ਗਿਆ।

2. ਸੰਨ 1976 ਵਿੱਚ ਡਾ. ਸ਼ੈਕਲ ਵਲੋਂ ਲਿਖੀ ਗਈ ਪੁਸਤਕ, ‘ Catalogue of the Punjabi and Sindhi Manuscripts in the India Office Library’ ਵਿੱਚ ਲਿਖਿਆ ਹੈ ਕਿ ਇਸ ਗ੍ਰੰਥ ਦੀ ਸ਼ੈਲੀ ਤੋਂ ਇਹ 18ਵੀਂ ਸਦੀ ਦੀ ਕਿਰਤ ਜਾਪਦੀ ਹੈ।

3. ਸੰਨ 1781 ਈ. ਵਿੱਚ ਚਾਰਲਜ਼ ਵਿਲਕਿਨ (Charles Wilkins) ਨੇ ਪਟਨੇ ਵਿਖੇ ਨਾਨਕ ਪੰਥੀ ਕਾਵਯ’ ਗ੍ਰੰਥ ਬਾਰੇ ਸੁਣਿਆ ਸੀ, ਜੋ ਹਿੰਦਵੀ ਅਤੇ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਸੀ ਅਤੇ ਉਸੇ ਨੂੰ ਭਵਿੱਖ ਵਿੱਚ ਅਨੁਵਾਦ ਕਰਾਉਣ ਬਾਰੇ ਵੀ ਲਿਖਿਆ ਹੈ। ਇਸ ਗ੍ਰੰਥ ਨੂੰ ਬਾਅਦ ਵਿੱਚ ‘ਦਸਵਾਂ ਪਾਤਸ਼ਾਹ ਕਾ ਗ੍ਰੰਥ’ ਵਿੱਚ ਤਬਦੀਲ ਕੀਤਾ ਗਿਆ।
4. ਰਣਧੀਰ ਸਿੰਘ ਆਪਣੀ ਪੁਸਤਕ, ‘ਸ਼ਬਦ ਮੂਰਤ--ਦਸਵੇਂ ਪਾਤਸ਼ਾਹ ਦਾ ਇਤਿਹਾਸ’ (1965), ਦੇ 52 ਪੰਨੇ ਤੇ ਇਕ ਛਪੇ ਹੋਏ ਗ੍ਰੰਥ ਨੂੰ ਵਾਚ ਕੇ ਲਿਖਦਾ ਹੈ ਕਿ ਇਹ 1783 ਈ. ਵਿੱਚ ਲਿਖਿਆ ਜਾਪਦਾ ਹੈ। ਇਹ ਗ੍ਰੰਥ ਉਸ ਨੇ ਕਲਕੱਤਾ ਵਿਖੇ ਗੁਰਦੁਆਰਾ ‘ਛੋਟਾ ਸੰਗਤ, ਤੂਲਾ ਪੱਟੀ’ ਵਿੱਚ ਦੇਖਿਆ ਸੀ। ਉਸ ਅਨੁਸਾਰ ਕਲਕੱਤੇ ਵਾਲੀ ਇਹ ਬੀੜ, ਗਿਆਨੀ ਗਿਆਨ ਸਿੰਘ ਜੀ ਵਲੋਂ ਵਿਚਾਰੀਆਂ ਗਈਆਂ ਚਾਰ ਬੀੜਾਂ ਵਿੱਚੋਂ ਕਿਸੇ ਨਾਲ ਨਹੀਂ ਮਿਲਦੀ ਅਤੇ ਨਾ ਹੀ ਇਹ ਮਨੀ ਸਿੰਘ ਬੀੜ ਅਤੇ ਪਟਨਾ ਸਾਹਿਬ ਵਾਲੀ ਬੀੜ ਨਾਲ ਮਿਲਦੀ ਹੈ। ਪਰ ਇਹ 1900 ਵਿੱਚ ਸੋਧਕ ਕਮੇਟੀ ਵਲੋਂ ਛਾਪੇ ਦਸਮ ਗ੍ਰੰਥ ਨਾਲ ਮਿਲਦੀ ਹੈ। ਜਾਪਦਾ ਹੈ ਕਿ ਇਹ ਉਹੀ ਬੀੜ ਸੀ ਜੋ ਅੰਗ੍ਰੇਜ਼ਾਂ ਨੇ ਤਿਆਰ ਕਰਵਾਈ ਅਤੇ ਜਿਸ ਦੀ ਕਾਪੀ ਕਰਕੇ ਕੋਲਬਰੁੱਕ ਨੇ ਲੰਡਨ ਲਾਇਬਰੇਰੀ ਨੂੰ ਸੌਂਪੀ।

ਉਪਰੋਕਤ ਵਿਸ਼ਸ਼ਲੇਸ਼ਣ ਤੋਂ ਇਹੋ ਨਤੀਜਾ ਨਿਕਲਦਾ ਹੈ ਕਿ ਕਲਕੱਤੇ ਵਾਲੇ ਗ੍ਰੰਥ ਦੀ ਲਿਖਣ ਤਾਰੀਖ 1783 ਈ. ਹੈ ਜੋ ਕੋਲਬਰੁੱਕ ਬੀੜ ਦੀ ਤਾਰੀਖ 1783 ਨਾਲ ਮਿਲਦੀ ਹੈ। ਦੋਹਾਂ ਦੀ ਸਮਗਰੀ ਬਿਲਕੁਲ ਇਕ ਹੈ ਜੋ ਸੋਧਕ ਕਮੇਟੀ ਦੇ ਗ੍ਰੰਥ ਨਾਲ ਵੀ ਮੇਚਵੀਂ ਹੈ। ਇਸ ਦਾ ਸਾਰੰਸ ਇਹ ਹੈ ਕਿ ਕੋਲਬਰੁੱਕ ਨੇ ਕਲਕੱਤੇ ਵਾਲੇ ਗ੍ਰੰਥ ਦੀ ਕਾਪੀ ਕਰ ਕੇ ਬ੍ਰਿਟਿਸ਼ ਲਾਇਬਰੇਰੀ ਨੂੰ ਦਾਨ ਕਰ ਦਿੱਤੀ ਅਤੇ ਇਕ ਕਾਤਰ ਤੇ ਲਿਖਣ ਤਾਰੀਖ 1783 ਦਰਜ ਕਰਕੇ ਬੀੜ ਵਿੱਚ ਰੱਖ ਦਿੱਤੀ।

ਕਲਕੱਤੇ ਵਿਖੇ ‘ਗੁਰਦੁਆਰਾ ਛੋਟਾ ਸੰਗਤ’ ਸੱਭ ਤੋਂ ਪੁਰਾਣਾ ਹੈ ਜੋ ਹਮੇਸ਼ਾ ਪਟਨਾ ਸਾਹਿਬ ਗੁਰਦੁਆਰੇ ਦੇ ਨਿਰਮਲਿਆਂ ਦੇ ਅਧਿਕਾਰ ਵਿੱਚ ਰਿਹਾ। ਇਹ ਗੁਰਦੁਆਰਾ, ਤਖ਼ਤ ਹਰਿਮੰਦਰ ਸਾਹਿਬ, ਪਟਨਾ, ਦੀ ਮਲਕੀਅਤ ਸੀ ਅਤੇ ਪਟਨਾ ਉਸ ਵੇਲੇ ਬੰਗਾਲ ਪ੍ਰਾਂਤ ਦਾ ਹਿੱਸਾ ਸੀ (see Sikhs in Bihar by Ved Parkash)। ਲਗਦਾ ਹੈ ਕਿ ਨਿਰਮਲਾ ਆਤਮਾ ਰਾਮ ਕਲਕੱਤੇ ਦੇ ਇਸ ਗੁਰਦੁਆਰੇ ਦਾ ਗ੍ਰੰਥੀ ਸੀ ਜਿਸ ਤੋਂ ਕੋਲਬਰੁੱਕ ਨੇ ਇਸ ਗ੍ਰੰਥ ਦੀ ਕਾਪੀ ਪ੍ਰਾਪਤ ਕੀਤੀ। ਸਰਵਰਕ ਤੇ ਨਿਰਮਲਿਆਂ ਵਲੋਂ ਲਿਖੇ “ਨਾਨਕ ਪੰਥੀ ਕਾਵਿਯ” ਦੇ ਉੱਤੇ ਲੀਕ ਵਾਹ ਕੇ “ਗੁਰਮੁਖੀ ਗ੍ਰੰਥ ਦਸਵੀ ਪਾਤਸ਼ਾਹੀ” ਲਿਖ ਦਿੱਤਾ। ਇਸ ਵਿੱਚ ਰੱਖੀ 3x2 ਇੰਚ ਕਾਤਰ ਤੇ ਲਿਖੇ ਹੋਏ ਸ਼ਬਦ ‘ਪੂਸ਼ਬਦੀ’ ਤੋਂ ਵੀ ਜ਼ਾਹਿਰ ਹੈ ਕਿ ਇਸ ਬੀੜ ਦਾ ਰਚੇਤਾ ਪੰਜਾਬੋਂ ਬਾਹਰਲਾ ਕੋਈ ਨਿਰਮਲਾ ਹੈ ਜਿਸ ਦਾ ਨਾਂ ਆਤਮਾ ਰਾਮ ਸੀ। ਆਤਮਾ ਰਾਮ ਨੇ ਅਕਾਲ ਉਸਤਤਿ ਵਿੱਚ ਛੰਦ 201 ਅਤੇ ਚਾਰ ਛੰਦ (126-130) ਗਿਆਨ ਪ੍ਰਬੋਧ ਵਿੱਚ ਆਪਣੇ ਵਲੋਂ ਲਿਖ ਕੇ ਅੰਕਿਤ ਕੀਤੇ ਜਾਪਦੇ ਹਨ। ਇਨ੍ਹਾਂ ਛੰਦਾਂ ਦਾ ਵੇਰਵਾ ਇਸ ਪਰਕਾਰ ਹੈ।

ਮਹਾ ਸੁਰ ਪਾਇਓ ਨਹਿ ਪਾਰ॥20॥200॥ਤਵਪ੍ਰਸਾਦਿ॥ ਦੋਹਰਾ॥
ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉ ਬੈਨ॥
ਸੁ ਪਰਤਾਪ ਜਗਦੀਸ ਕੋ ਕਹੋ ਸਕਲ ਬਿਧ ਤੈਨ॥1॥202॥ ਦੋਹਰਾ॥
ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟ ਕੋ ਬਿਚਾਰ॥
ਕਉਨ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ॥2॥202॥ ਦੋਹਰਾ॥

ਗਿਆਨ ਪਰਬੋਧ ਦੇ ਛੰਦ ਵਿੱਚ ਵੀ ਆਤਮਾ ਰਾਮ ਦਾ ਨਾਂ ਆਉਂਦਾ ਹੈ:
ਪਾਧਛੀ ਛੰਦ ਤਵਪ੍ਰਸਾਦਿ॥ ਦਿਨ ਅਜਬ ਏਕ ਆਤਮਾ ਰਾਮ॥

ਕੋਲਬਰੁੱਕ ਨੇ ਪਟਨੇ ਦੇ ਗਰੰਥੀ ਸੁੱਖਾ ਸਿੰਘ ਦੀ ਮਦਦ ਨਾਲ ਇਸ ਗ੍ਰੰਥ ਨੂੰ ਮੁਕੰਮਲ ਕੀਤਾ ਜਿਸ ਦੀ ਮੌਲਕ ਕਾਪੀ ਕਲਕੱਤੇ ਦੀ ਲਾਰਿੲਬ੍ਰੇਰੀ ਨੂੰ ਦੇ ਦਿੱਤੀ ਅਤੇ ਇਕ ਉਤਾਰਾ ਕਰਵਾ ਕੇ ਲੰਡਨ ਲਾਇਬਰੇਰੀ ਨੂੰ ਦੇ ਦਿੱਤਾ।

ਕੋਲਬਰੁੱਕ ਬੀੜ ਅਤੇ ਦਸਮ ਗ੍ਰੰਥ ਵਿੱਚ ਕੁਝ ਛੰਦਾਂ ਦੀ ਗਿਣਤੀ ਵਿੱਚ ਫਰਕ ਹੈ ਪਰ ਬਹੁਤਾ ਨਹੀਂ। ਉਦਾਹਰਨ ਦੇ ਤੌਰ ਤੇ ਕੁਝ ਬਾਣੀਆਂ ਦਾ ਅੰਤਰ ਉੱਪਰ ਦਿੱਤਾ ਗਿਆ ਹੈ।

John Milcolm (1810) ਵਿੱਚ ਇਹ ਵੀ ਕਿਹਾ ਹੈ ਕਿ ਆਪਣੀ ਪੁਸਤਕ ਲਿਖਣ ਲਈ ਉਸ ਨੇ ਡਾ. ਲੇਡਨ ਦਾ ਅਨੁਵਾਦ ਕੀਤਾ ਹੋਇਆ ‘ਬਚਿੱਤਰ ਨਾਟਕ’ ਗ੍ਰੰਥ ਵਰਤਿਆ। ਪਰ ਲੇਡਨ ਨੇ ਕੇਵਲ ਬਚਿੱਤਰ ਨਾਟਕ ਦੇ 14 ਬੰਦਾਂ ਦਾ ਅਨੁਵਾਦ ਕੀਤਾ ਸੀ ਜਿਸ ਦਾ ਖਰੜਾ, MSS IOR EUR McKenzie volume 40 ਦੇ ਨਾਂ ਹੇਠ ਬ੍ਰਿਟਿਸ਼ ਲਾਇਬਰੇਰੀ ਵਿੱਚ ਸਾਂਭਿਆ ਹੋਇਆ ਹੈ। ਇਸ ਦੇ ਮੁੱਖ ਪੰਨੇ ਤੇ ਲਿਖਿਆ ਹੋਇਆ ਹੈ:

Sri Bichetra Natuk by Guru Govind Singh translated from Sikh Ms by Dr. Leyden
ਇਸ ਖਰੜੇ ਵਿੱਚ ਕਿਤੇ ਵੀ ਦਸਮ ਗ੍ਰੰਥ ਦਾ ਨਾਂ ਨਹੀਂ ਹੈ। ਇਸ ਦੀ ਅੰਦਰਲੀ ਗਵਾਹੀ ਤੋਂ ਪਤਾ ਲਗਦਾ ਹੈ ਕਿ ਇਸ ਵਿੱਚ ਕਈ ਗ਼ਲਤ ਬਿਆਨੀਆਂ ਹਨ ਜਿਵੇਂ,

• ਗੁਰੂ ਗੋਬਿੰਦ ਸਿੰਘ ਵਾਲਾ ਕਾਂਡ, ਜੋ ਪੰਜਾਬੀ ਦੀ ਉਪ-ਬੋਲੀ ਡੋਗਰੀ ਵਿੱਚ ਹੈ, ਅਵਤਾਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਗੁਰੂ ਸਾਹਿਬ ਦੀਆਂ ਪਹਾੜੀ ਰਾਜਿਆਂ ਅਤੇ ਖਾਨਾਂ ਨਾਲ ਹੋਈਆਂ ਲੜਾਈਆਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਗੁਰੂ ਸਾਹਿਬ ਦੇ ਮੂੰਹ ਲੁਕੋ ਕੇ ਅੱਧੀ ਰਾਤ ਨੂੰ ਚਮਕੌਰ ਦੀ ਗੜ੍ਹੀ ਵਿੱਚੋਂ ਕੂਚ ਕਰਨ ਨਾਲ ਅੰਤ ਹੁੰਦਾ ਹੈ।

• ਭਗਤ ਰਤਨਾਵਲੀ ਵਾਲੇ ਭਾਗ ਵਿੱਚ ਜੋ ਨਾਰਦਮੁਨੀ, ਪ੍ਰਹਲਾਦ, ਰਾਜਾ ਜਨਕ, ਰਾਜਾ ਹਰੀਸ਼ ਚੰਦਰ, ਦ੍ਰੋਪਤੀ, ਪਾਂਡਵ, ਜੈਦੇਵ, ਨਾਮਦੇਵ, ਤ੍ਰਲੋਚਨ, ਧੰਨਾ ਜੱਟ, ਕੁਵੇਰ, ਇੰਦ੍ਰਾ, ਬਾਲਮੀਕ, ਗੋਬਿੰਦ ਰਾਏ, ਕ੍ਰਿਸ਼ਨਾ ਬਾਰੇ ਲਿਖਿਆ ਹੈ ਉਹ ਭਾਈ ਗੁਰਦਾਸ (ਜੋ ਆਦਿ ਗੁਰੂ ਗ੍ਰੰਥ ਸਾਹਿਬ ਦਾ ਕਾਤਿਬ ਸੀ) ਦੀ ਦਸਵੀਂ ਵਾਰ ਦਾ ਉਲਥਾ ਹੈ।

• ਗਿਆਨ ਰਤਨਾਵਲੀ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਉਲਥਾ ਹੈ।

3. ਕਥਤ ਦਸਮ ਗ੍ਰੰਥ ਦੇ ਨਾਂ ਦਾ ਪਹਿਲੀ ਵਾਰੀ ਵਰਨਣ:

ਦਸਮ ਗ੍ਰੰਥ ਦੀ ਗਾਥਾ ਜੌਹਨ ਮੈਲਕਮ ਦੀ ਪੁਸਤਕ, Sketch of the Sikhs, ਦੇ ਛਪਣ ਨਾਲ ਸ਼ੁਰੂ ਹੋਈ ਜਿਸ ਵਿੱਚ ਪਹਿਲੀ ਵਾਰੀ ਨਾਂ ‘ਦਸਵਾਂ ਪਾਦਸ਼ਾਹ ਕਾ ਗ੍ਰੰਥ’ (Dasima Padshah Ka Granth) ਆਇਆ। ਇਸ ਦਾ ਅਧਾਰ ਕੋਲਬਰੁੱਕ ਵਾਲੀ ਬੀੜ ਸੀ ਜੋ 1783 ਈ. ਵਿੱਚ ਮੁਕੰਮਲ ਕੀਤੀ ਗਈ। ਕੋਲਬਰੁੱਕ ਵਾਲੀ ਬੀੜ ਦੇ ਸਰਵਰਕ ਤੇ ਹਿੰਦੀ ਵਿੱਚ ਦੋ ਨਾਂ ਲਿਖੇ ਹੋਏ ਹਨ: ਪਹਿਲਾ ਨਾਂ ਸੀ ‘ਨਾਨਕ ਪੰਥੀ ਕਾਵਿਯ’ ਅਤੇ ਇਸ ਦੇ ਉੱਤੇ ਲੀਕ ਵਾਹ ਕੇ ਹਿੰਦੀ ਵਿੱਚ “ਗੁਰਮੁਖੀ ਗ੍ਰੰਥ ਦਸਵੀ ਪਾਤਸਾਹੀ” ਲਿਖਿਆ ਹੋਇਆ ਹੈ। ਦੋਹਾਂ ਨਾਵਾਂ ਦਾ ਲਿਖਣ ਢੰਗ, ਸ਼ੈਲੀ ਅਤੇ ਸਿਹਾਈ ਵਿੱਚ ਫਰਕ ਹੈ। ਹਿੰਦੀ ਵਿੱਚ ਲਿਖਣ ਤੋਂ ਭਾਸਦਾ ਹੈ ਕਿ ਇਹ ਗ੍ਰੰਥ ਪਹਿਲਾਂ ਹਿੰਦੀ ਵਿੱਚ ਸੀ ਅਤੇ ਬਾਅਦ ਵਿੱਚ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਪੀਅੰਤਰ ਕੀਤਾ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ਅਠਾਰਵੀਂ ਸਦੀ ਦੇ ਆਖੀਰ ਤੱਕ ਕਿਸੇ ਦਸਮ ਗ੍ਰੰਥ ਦੀ ਕੋਈ ਉੱਘ-ਸੁੱਘ ਨਹੀਂ ਸੀ। ਅੰਗ੍ਰੇਜ਼ਾਂ ਨੇ ਸੋਚੀ ਸਮਝੀ ਚਾਲ ਹੇਠ ਇਹ ਗ੍ਰੰਥ ਪੈਦਾ ਕਰ ਲਿਆ ਤਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿੱਚ ਸਿੱਖਾਂ ਦੇ ਮਨਾਂ ਵਿੱਚ ਦੁਬਿਧਾ ਅਤੇ ਭਰਮ ਭੁਲੇਖੇ ਪਾ ਕੇ ਫੁੱਟ ਪਾਈ ਜਾ ਸਕੇ। ਉਨ੍ਹਾਂ ਦਾ ਮੂਲ ਮੁੱਦਾ ਸਿੱਖ ਰਾਜ ਨੂੰ ਖੋਰਾ ਲਾ ਕੇ ਪੰਜਾਬ ਨੂੰ ਫਤਹਿ ਕਰਨਾ ਸੀ ਜਿਸ ਵਿੱਚ ਉਹ ਅੰਤ ਨੂੰ ਕਾਮਯਾਬ ਹੋ ਗਏ।

ਕੋਲਬਰੁੱਕ ਵਾਲੀ ਬੀੜ ਦੇ ਸੰਕਲਨ ਸਮੇਂ ਅਨੇਕ ਹੋਰ ਬੀੜਾਂ ਵੀ ਮਿਲਦੀਆਂ ਸਨ ਜਿਵੇਂ, (1) ਭਾਈ ਮਨੀ ਸਿੰਘ ਵਾਲੀ ਬੀੜ, (2), ਪਟਨੇ ਵਾਲੀ ਬੀੜ, (3) ਸੰਗਰੂਰ ਵਾਲੀ ਬੀੜ, (4) ਮੋਤੀ ਬਾਗ ਵਾਲੀ ਬੀੜ, (5) ਬਾਬਾ ਦੀਪ ਸਿੰਘ ਬੀੜ, (6) ਆਨੰਦਪੁਰੀ (ਹਜ਼ੂਰੀ) ਬੀੜ, (7) ਪਟਨਾ ਜੀ ਮਿਸਲ ਬੀੜ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਬੀੜਾਂ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਵਾਲੇ ਮਾਲਵੇ ਦੇ ਇਲਾਕਿਆਂ ਵਿੱਚ ਮਿਲਦੀਆਂ ਹਨ। ਕਾਰਨ ਇਸ ਦਾ ਇਹ ਹੈ ਕਿ ਸਤਲੁਜ ਦੇ ਲਹਿੰਦੇ ਪਾਸੇ ਦੇ ਇਲਾਕਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਚੜ੍ਹਦੇ ਪਾਸੇ ਸਿੱਖ ਰਿਆਸਤਾਂ ਸਨ ਜੋ ਗੋਰਿਆਂ ਨਾਲ ਸੰਧੀ ਕਰ ਚੁੱਕੇ ਸਨ। ਪਰ ਗੋਰਿਆਂ ਦੀ ਅੱਖ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਸੀ। ਇਸ ਲਈ ਉਨ੍ਹਾਂ ਨੇ ਕਥਤ ਦਸਮ ਗ੍ਰੰਥ ਦੀਆਂ ਬੀੜਾਂ ਪਹਿਲਾਂ ਮਹਾਰਾਜਿਆਂ ਦੇ ਇਲਾਕਿਆਂ ਵਿੱਚ ਵੰਡੀਆਂ ਤਾਂਕਿ ਸਿੱਖਾਂ ਵਿੱਚ ਵਾਦ ਵਿਵਾਦ ਪੈਦਾ ਕਰਕੇ ਹੌਲੀ ਹੌਲੀ ਸਿੱਖ ਰਾਜ ਨੂੰ ਖੋਰਾ ਲਾਇਆ ਜਾ ਸਕੇ। ਇਸ ਲਈ ਸਤਲੁਜ ਦੇ ਚੜ੍ਹਦੇ ਪਾਸੇ ਵਲ ਅਨੇਕਾਂ ਬੀੜਾਂ ਦੇ ਖਰੜੇ ਮਿਲਦੇ ਹਨ ਪਰ ਦੁਆਬੇ ਅਤੇ ਮਾਲਵੇ ਦੇ ਇਲਾਕਿਆਂ ਵਿੱਚ ਇਨ੍ਹਾਂ ਦੀ ਘਾਟ ਹੈ।

(ਸ) ਦਸਮ ਗ੍ਰੰਥ ਅਤੇ ਹੋਰ ਬੀੜਾਂ ਵਿੱਚ ਬਾਣੀਆਂ ਦੀ ਭਿੰਨਤਾ:

ਕੋਲਬਰੁੱਕ ਵਾਲੀ ਬੀੜ ਤੋਂ ਸਿਵਾਏ ਲੰਡਨ ਲਾਇਬਰੇਰੀ ਵਿੱਚ ਕੁਝ ਹੋਰ ਬੀੜਾਂ ਵੀ ਹਨ ਜਿਨ੍ਹਾਂ ਦਾ ਅੰਗ੍ਰੇਜ਼ਾਂ ਵਲੋਂ ਸਿੱਖ ਇਤਿਹਾਸ ਨਾਲ ਰਾਬਤਾ ਦਿਖਾਇਆ ਗਿਆ ਹੈ। ਡਾ. ਜਸਬੀਰ ਸਿੰਘ ਮਾਨ ਨੇ ਇਨ੍ਹਾਂ ਬੀੜਾਂ ਨੂੰ ਵਾਚਿਆ ਵੀ ਹੈ ਅਤੇ ਇਨ੍ਹਾਂ ਦੀਆਂ ਕਾਪੀਆਂ ਕਰ ਕੇ ਸਿੱਖ ਜਗਤ ਦੀ ਪਰਖ ਪੜਚੋਲ ਲਈ ਮੁਹੱਈਆ ਵੀ ਕੀਤਾ ਹੈ। ਇਨ੍ਹਾਂ ਬੀੜਾਂ ਦੇ ਨਾਂ ਇਸ ਪਰਕਾਰ ਹਨ:

1. ਖਰੜਾ ਨੰ. ਡੀ-6 ਦੇਵਨਾਗਰੀ 2. (PunjabI?)(Mss D-6 Devnagri):
ਖਰੜਾ ਨੰ. ਏਡੀਡੀ-214452 (Mss ADD 214452):
3. ਖਰੜਾ ਨੰ. ਪੰਜਾਬੀ ਈ-1 (Mss Punjabi E1):
ਉਪਰੋਕਤ ਬੀੜਾਂ ਵਿੱਚ ਬਾਣੀਆਂ ਦੀ ਸਮਗਰੀ ਅਤੇ ਉਨ੍ਹਾਂ ਦੀ ਤਰਤੀਬ ਵਿੱਚ ਭਿੰਨਤਾ ਹੈ। ਬੀੜਾਂ ਦੇ ਪਾਠਗਤ ਵਿਸ਼ਲੇਸ਼ਣ (Textual analysis) ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਿੱਚ ਛੰਦਾਂ ਦੀ ਤਾਸੀਰ, ਤਰਤੀਬ ਅਤੇ ਕੁਲ ਜੋੜ ਵਿੱਚ ਕਾਫੀ ਵਖਰਾਉ ਹੈ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਕਥਤ ਦਸਮ ਗ੍ਰੰਥ ਦੀ ਕੋਈ ਟਕਸਾਲੀ ਅਤੇ ਪਰਮਾਣਤ ਬੀੜ ਨਹੀਂ ਮਿਲਦੀ ਜਿਸ ਨੂੰ ਯਕੀਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਿਆਂ ਜਾ ਸਕੇ। ਇਨ੍ਹਾਂ ਬੀੜਾਂ ਦੀ ਅਕਾਦਮਿਕ ਅਤੇ ਵਿਹਾਰਕ ਖੋਜ ਤੋਂ ਦਸਮ ਗ੍ਰੰਥ ਦੇ ਨਿਕਾਸ ਅਤੇ ਵਿਕਾਸ ਬਾਰੇ ਕੋਈ ਨਿਸਚਿਤ ਨਿਰਣਾ ਨਹੀਂ ਲਿਆ ਜਾ ਸਕਦਾ, ਕੇਵਲ ਭਿੰਨ ਭਿੰਨ ਗ੍ਰੰਥਾਂ ਦੇ ਸਮੇਂ ਸਮੇਂ ਸਿਰ ਨਿਰੰਤਰ ਵਿਕਾਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪ੍ਰਮਾਣ ਵਜੋਂ ਡਾ. ਰਤਨ ਸਿੰਘ ਜੱਗੀ (ਦਸਮ ਗ੍ਰੰਥ ਦਾ ਕਰਤ੍ਰਿਤਵ, 1966) ਵਲੋਂ ਚਾਰ ਮਸ਼ਹੂਰ ਬੀੜਾਂ ਦਾ ਤੁਲਨਾਤਮਿਕ ਵੇਰਵਾ ਉਨ੍ਹਾਂ ਦੇ ਤਤਕਰਿਆਂ ਦੇ ਅਧਾਰ ਤੇ ਪਰਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਭਾਈ ਮਨੀ ਸਿੰਘ ਵਾਲੀ ਬੀੜ, ਪਟਨੇ ਵਾਲੀ ਬੀੜ, ਮੋਤੀ ਬਾਗ ਵਾਲੀ ਬੀੜ, ਬਾਬਾ ਦੀਪ ਸਿੰਘ ਬੀੜ ਸ਼ਾਮਿਲ ਹਨ। ਇਨ੍ਹਾਂ ਤੋਂ ਬਗੈਰ ਆਨੰਦਪੁਰੀ ਬੀੜ ਅਤੇ ਪਟਨਾ ਜੀ ਮਿਸਲ ਬੀੜ ਵੀ ਮਿਲਦੀਆਂ ਹਨ। ਪਰ ਇਨ੍ਹਾਂ ਬੀੜਾਂ ਦੀ ਸਮਗਰੀ ਇਕ ਦੂਜੇ ਨਾਲ ਨਹੀਂ ਮਿਲਦੀ ਜਿਸ ਦਾ ਸਿੱਧਾ ਜਿਹਾ ਅਰਥ ਇਹ ਨਿਕਲਦਾ ਹੈ ਕਿ ਕੋਈ ਵੀ ਪ੍ਰਮਾਣਕ ਬੀੜ ਨਹੀਂ ਮਿਲਦੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਜਾ ਸਕੇ।

(ਹ) ਸੋਧਕ ਕਮੇਟੀ ਦਾ ਦਸਮ ਗ੍ਰੰਥ:

ਫਰੰਗੀ ਰਾਜ ਵੇਲੇ ਸਿੱਖਾਂ ਦੇ ਗੁਰਦੁਆਰਿਆਂ ਤੇ ਅੰਗ੍ਰੇਜ਼ਾਂ ਨੇ ਮਹੰਤ ਬਿਠਾ ਰੱਖੇ ਸਨ ਇਸ ਲਈ ਇਨ੍ਹਾਂ ਦੇ ਕੰਟਰੋਲ ਹੇਠਾਂ ਸੋਧਕ ਕਮੇਟੀ ਨੇ ਚਰਚਤ ਦਸਮ ਗ੍ਰੰਥ ਦਾ ਸੰਪਾਦਨ 1895-96 ਵਿੱਚ ਆਰੰਭਿਆ, 1897 ਈ. ਵਿੱਚ ਮੁਕੰਮਲ ਕੀਤਾ ਅਤੇ 1900 ਈ. ਵਿੱਚ ਪਹਿਲੀ ਵਾਰੀ ਸੰਪੂਰਨ ਗ੍ਰੰਥ ਛਾਪਿਆ ਗਿਆ। ਪਰ ਇਸ ਦੀ ਪ੍ਰਮਾਣਕਤਾ ਬਾਰੇ ਵਾਦ-ਵਿਵਾਦ ਵੀ ਨਾਲ ਹੀ ਸ਼ੁਰੂ ਹੋ ਗਿਆ। ਸੰਨ 1895 ਵਿੱਚ ਹੀ ਗਿਆਨੀ ਸਰਦੂਲ ਸਿੰਘ, ਜੋ ਸੋਧਕ ਕਮੇਟੀ ਦੇ ਮੈਂਬਰ ਸਨ, ਨੇ ਇਕ ਇਸ਼ਤਿਹਾਰ ਵਿੱਚ ਲਿਖਿਆ ਕਿ ਦਸਮ ਗ੍ਰੰਥ ਸਾਹਿਬ ਦਾ ਅਸਲੀ ਅਸਵਾਰਾ ਜੀ ਨਾ ਹੋਣ ਕਰਕੇ ਛਾਪੇ ਵਾਲਿਆਂ ਨੇ ਇਸ ਧਰਮ ਪੁਸਤਕ ਨੂੰ ਅਸ਼ੁੱਧ ਛਾਪਿਆ ਹੈ ਇਸ ਕਰਕੇ ਅਸੀਂ ਇਕ ਕਮੇਟੀ ਬਣਾਈ ਹੈ ਜੋ ਇਸ ਅਸਵਾਰੇ ਨੂੰ ਸੋਧੇਗੀ ਜਿਸ ਲਈ 20 ਅਸਵਾਰੇ ਇਕੱਠੇ ਕੀਤੇ ਜਾਣਗੇ। ਇਸ਼ਤਿਹਾਰ ਪੜ੍ਹ ਕੇ ਇਕ ਗੁਪਤ ਸ਼ਰਧਾਲੂ ਨੇ ਤਿਆਰ ਕੀਤੇ ਜਾ ਰਹੇ ਦਸਮ ਗ੍ਰੰਥ ਵਿੱਚ ਅਨੇਕ ਗ਼ਲਤੀਆਂ ਕੱਢ ਕੇ “ਖਾਲਸਾ ਅਖ਼ਬਾਰ ਲਾਹੌਰ” ਦੇ ਅਕਤੂਬਰ 5 ਅਤੇ 11, 1895, ਦੇ ਨੰਬਰਾਂ ਵਿੱਚ ‘ਸ਼ੁੱਧੀ ਹੈ ਕਿ ਅਸ਼ੁੱਧੀ ਹੈ’ ਨਾਮੀਂ ਸਿਰਲੇਖ ਹੇਠਾਂ ਛਾਪ ਦਿੱਤੀਆਂ। ਇਨ੍ਹਾਂ ਗਲਤੀਆਂ ਵਿੱਚ ਲਗਾਂ ਮਾਤਰਾਂ ਦੀਆਂ ਗ਼ਲਤੀਆਂ ਦੇ ਨਾਲ ਨਾਲ ਬਾਣੀ ਵਿੱਚ ਆਏ ਕਵਿਤਾ ਦੇ ਛੰਦਾਂ ਵਿੱਚ ਵੀ ਗ਼ਲਤੀਆਂ ਕੱਢੀਆਂ। ਇਨ੍ਹਾਂ ਗ਼ਲਤੀਆਂ ਬਾਰੇ ਸਰਦੂਲ ਸਿੰਘ ਗਿਯਾਨੀ ਨੇ ਇਸੇ ਅਖ਼ਬਾਰ ਦੇ ਅਕਤੂਬਰ 25, 1895, ਦੇ ਅੰਕ ਵਿੱਚ ‘ਦਸਮ ਗ੍ਰੰਥ ਸਾਹਿਬ ਜੀ ਦੀ ਸ਼ੁੱਧੀ’ ਨਾਮੀਂ ਸਿਰਲਖ ਹੇਠਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਮੇਟੀ 18 ਤੋਂ 20 ਜਾਂ ਇਸ ਤੋਂ ਵੀ ਉੱਪਰ ਦਸਮ ਗ੍ਰੰਥ ਦੇ ਅਸਵਾਰੇ (ਖਰੜੇ) ਵਾਚ ਕੇ ਸ਼ੁੱਧੀ ਕਰਦੀ ਹੈ।

ਸਿੱਧ ਹੈ ਕਿ ਦਸਮ ਗ੍ਰੰਥ ਦੇ ਸ਼ੁੱਧ ਅਤੇ ਅਸ਼ੁੱਧ ਹੋਣ ਦਾ ਸਵਾਲ ਇਸ ਦੇ ਸੰਕਲਨ ਵੇਲੇ ਹੀ ਸ਼ੁਰੂ ਹੋ ਗਿਆ ਸੀ ਅਤੇ ਅੱਜ ਤੱਕ ਚੱਲ ਰਿਹਾ ਹੈ। ਉਸ ਵੇਲੇ ਮਿਲਦੇ ਕੋਈ 32 ਦਸਮ ਗ੍ਰੰਥ ਦੀਆਂ ਬੀੜਾਂ ਵਿੱਚੋਂ ਕਾਂਟੀ-ਛਾਂਟੀ ਕਰਕੇ ਸੋਧਕ ਕਮੇਟੀ ਨੇ ਅਯੋਕਾ ਦਸਮ ਗ੍ਰੰਥ ਬਣਾਇਆ। ਕਈ ਬੀੜਾਂ ਵਿੱਚ ਵਾਰ ਮਾਲਕੌਂਸ, ਵਾਰ ਭਗੌਤੀ ਜੀ ਕੀ, ਰਾਗ ਆਸਾ ਅਤੇ ਰਾਗ ਸੋਰਠ ਪਾਤਸ਼ਾਹੀ ਦਸ, ਮਾਝ ਪਾਤਸ਼ਾਹੀ ਦਸ, ਅਸਪਾਟਕ ਕਬਿਤ ਵਗੈਰਾ ਮਿਲਦੇ ਹਨ; ਸੋਧਕ ਕਮੇਟੀ ਨੇ ਇਹ ਦਸਮ ਗ੍ਰੰਥ ਵਿੱਚ ਸ਼ਾਮਿਲ ਨਹੀਂ ਕੀਤੇ। ਸਵਾਲ ਪੈਦਾ ਹੁੰਦਾ ਹੈ ਕਿ ਕਮੇਟੀ ਨੇ ਕਿਹੜੇ ਪੈਮਾਨੇ ਜਾਂ ਮਿਆਰ ਦੇ ਅਧਾਰ ਤੇ ਚਰਚਤ ਦਸਮ ਗ੍ਰੰਥ ਵਿੱਚ ਅੰਕਤ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਲਾ ਦਿੱਤਾ? ਇਸ ਲਈ ਇਸ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਸ਼ੰਕੇ ਪੈਦਾ ਹੋਣਾ ਕੁਦਰਤੀ ਗੱਲ ਹੈ।

(ਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਅਤੇ ਦਸਮ ਗ੍ਰੰਥ:

ਸੰਨ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਬਹੁਤੀ ਸ਼ੰਕਾ ਕਥਤ ਦਸਮ ਗ੍ਰੰਥ ਵਿੱਚ ਅੰਕਤ ‘ਚਰਿਤ੍ਰੋਪਾਖਿਆਨ’ ਬਾਰੇ ਚਲਦੀ ਰਹੀ ਜਿਸ ਵਿੱਚ ਅਤਿ ਦਰਜੇ ਦੀਆਂ ਅਸ਼ਲੀਲ ਕਥਾ ਕਹਾਣੀਆਂ ਦਾ ਜ਼ਿਕਰ ਹੈ। ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖਸੀਅਤ ਨਾਲ ਜੋੜਨਾ ਤਾਂ ਇਕ ਪਾਸੇ ਰਿਹਾ, ਕਿਆਸ ਕਰਨਾ ਵੀ ਗੁਰੂ ਸਾਹਿਬ ਦੀ ਸਿੱਧੀ ਬੇਅਦਬੀ ਕਰਨ ਬਰਾਬਰ ਹੈ। ਫਲਸਰੂਪ, ਇਸ ਬਾਰੇ ਸਿੱਖਾਂ ਵਲੋਂ ਹਮੇਸ਼ਾ ਤਿੱਖਾ ਅਤੇ ਕਰਾਰਾ ਇਤਰਾਜ਼ ਕੀਤਾ ਗਿਆ ਹੈ ਅਤੇ ਅਕਾਲ ਤਖ਼ਤ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਰਿਹਾ। ਆਖਰ ਨੂੰ 1973 ਵਿੱਚ ਅਕਾਲ ਤਖ਼ਤ ਤੋਂ ਇਕ ਸਪਸ਼ਟੀਕਰਨ ਵਿੱਚ ਕਿਹਾ ਗਿਆ, “ ‘ਚਰਿਤ੍ਰੋਪਖਯਾਨ’ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ‘ਦਸਮੇਸ ਬਾਣੀ’ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”। ਪਰ ਫੇਰ ਵੀ ਕੁਝ ਕੱਟੜ ਸਿੱਖਾਂ ਅਤੇ ਸੰਸਥਾਵਾਂ ਨੇ ਕਥਤ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਰੱਖਿਆ। ਵਾਦ ਵਿਵਾਦ ਉਸੇ ਤਰ੍ਹਾਂ ਮਘਦਾ ਰਿਹਾ। ਅੰਤ ਨੂੰ ਸਿੱਖ ਵਿਦਵਾਨਾਂ ਅਤੇ ਸੱਚੇ ਸਿੱਖਾਂ ਵਲੋਂ ਜ਼ੋਰ ਪਾਉਣ ਤੇ 6 ਜੂਨ, 2008 ਵਿੱਚ ਪੰਜ ਸਿੱਖ ਸਾਹਬਾਨ ਦੀ ਇਕੱਤਰਤਾ ਵਿੱਚ ਗੁਰਮਤਾ ਪਾਸ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ,

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਦਿਵਸ ਸਮੁੱਚੇ ਸਿੱਖ ਪੰਥ ਲਈ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਸਿਧਾਂਤਾਂ ਪ੍ਰਤੀ ਵਚਨਵਧਤਾ ਪ੍ਰਗਟਾਉਣ ਦਾ ਸੁਨਹਿਰੀ ਮੌਕਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉਂ ਗ੍ਰੰਥ’ ਤੇ ਸਿੱਖ ਪੰਥ ਅਮਲ ਕਰਦਿਆਂ ਹੋਇਆਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਾਗਤਿ ਜੋਤਿ ਸਤਿਗੁਰੂ ਸਵੀਕਾਰ ਕੇ ਦ੍ਰਿੜ੍ਹਤਾ ਸਹਿਤ ਪਹਿਰਾ ਦਿੰਦਾ ਆਇਆ ਹੈ। ਸਿੱਖ ਪੰਥ ਨੇ ਹਰ ਕੌਮੀ ਸੰਕਟ ਦੀ ਨਿਵ੍ਰਤੀ ਲਈ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰਹਿਨੁਮਾਈ ਗ੍ਰਹਿਣ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਬੰਧੀ ਖੜ੍ਹਾ ਕੀਤਾ ਗਿਆ ਵਿਵਾਦ ਬਿਲਕੁਲ ਬੇਲੋੜਾ ਹੈ। ਸਿੱਖ ਪੰਥ ਵਲੋਂ ਦਸਮ ਗ੍ਰੰਥ ਦੀਆਂ ਜਿਨ੍ਹਾਂ ਰਵਾਇਤਾਂ ਨੂੰ ਸਿੱਖ ਰਹਿਤ ਮਰਯਾਦਾ, ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਸਵੀਕਾਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਬਾਰੇ ਕਿਸੇ ਨੂੰ ਵਾਦ ਵਿਵਾਦ ਖੜਾ ਕਰਨ ਦਾ ਕੋਈ ਅਧਿਕਾਰ ਨਹੀਂ। ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਅਤੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ, ਪਰ ਇਸ ਨੂੰ ਸ੍ਰੀ ਗੁਰੂ ਗੋਬਿੰਦ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਤਾ ਗੱਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।”

ਚਰਚਤ ਦਸਮ ਗ੍ਰੰਥ ਦੇ ਛਪਣ ਤੋਂ ਕੋਈ ਦੋ ਦਹਾਕੇ ਬਾਅਦ ਸਿੱਖ ਗੁਰਦੁਆਰਾ ਐਕਟ, 1925 ਲਾਗੂ ਕੀਤਾ ਗਿਆ ਅਤੇ ਗੁਰਦੁਆਰਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ। ਇਸ ਐਕਟ ਵਿੱਚ ਅਦਾਲਤੀ ਅਮਲੇ ਵਲੋਂ ਸਿੱਖ ਸਿਧਾਂਤਾਂ, ਸੰਸਥਾਵਾਂ, ਗੁਰਦੁਆਰਿਆਂ ਅਤੇ ਗ੍ਰੰਥਾਂ ਬਾਰੇ ਨਿਰਣੇ ਦਿੱਤੇ ਗਏ। ਅਦਾਲਤ ਦੀ ਦਫਤਰੀ ਕਾਰਵਾਈ ਵਿੱਚ ਕਿਹਾ ਗਿਆ ਕਿ ਇਸ ਐਕਟ ਦਾ ਮਕਸਦ ਇਹ ਹੈ ਕਿ ਸਿੱਖਾਂ ਦੇ ਧਾਰਮਕ ਸਮਾਗਮ ਅਤੇ ਰਸਮੋ ਰਿਵਾਜ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਅਨੁਸਾਰ ਕੀਤੇ ਜਾਣ। ਐਕਟ ਵਿੱਚ “ਸਿੱਖ” ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ ‘ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ, ਦਸ ਗੁਰੂਆਂ ਨੂੰ ਮਾਨਤਾ ਦਿੰਦਾ ਹੈ ਅਤੇ ਕਿਸੇ ਹੋਰ ਧਰਮ ਵਿੱਚ ਯਕੀਨ ਨਹੀਂ ਰਖਦਾ; ਏਥੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਹੈ। ਸਿੱਖ ਗੁਰਦੁਆਰਾ ਐਕਟ ਤੋਂ ਬਾਅਦ ਦਿੱਲੀ ਸਿੱਖ ਗੁਦੁਆਰਾ ਐਕਟ, 1971 ਅਤੇ ਨਦੇੜ ਸਿੱਖ ਗੁਰਦੁਆਰਾ ਐਕਟ, 1973 ਵਿੱਚ ਵੀ ਇਹੋ ਕਿਹਾ ਗਿਆ ਕਿ ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰਖਦਾ ਹੈ; ਇਨ੍ਹਾਂ ਐਕਟਾਂ ਵਿੱਚ ਵੀ ਦਸਮ ਗ੍ਰੰਥ ਦਾ ਨਾਂ ਕਿਤੇ ਨਹੀਂ ਆਉਂਦਾ। ਪਿੱਛੇ ਜਿਹੇ ਭਾਰਤ ਦੀ ਮਹਾਂ ਅਦਾਲਤ ਵਲੋਂ ‘ਗੁਰੂ ਗ੍ਰੰਥ ਸਾਹਿਬ’ ਨੂੰ ਕਾਨੂੰਨ ਪੱਖੋਂ ਇਕ ‘ਪੁਰਸ਼’(Juristic person) ਗਰਦਾਨਿਆ ਗਿਆ ਹੈ। ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ “ਗੁਰੂ ਗ੍ਰੰਥ ਸਾਹਿਬ” ਨੂੰ ਗੁਰਦੁਆਰਿਆਂ ਵਿੱਚ ਇਕ ਗੁਰੂ ਵਾਂਗ ਸਤਿਕਾਰਿਆ ਜਾਂਦਾ ਹੈ ਇਸ ਲਈ ਇਹ ਇਕ ‘ਪੁਰਸ਼’ ਦੀ ਪਦਵੀ ਦੇ ਸਮਾਨ ਹੈ। ਏਥੇ ‘ਗੁਰੂ ਗ੍ਰੰਥ ਸਾਹਿਬ’ ਨੂੰ ‘ਪੁਰਸ਼’ ਦੀ ਪਦਵੀ ਦਿੱਤੀ ਗਈ ਹੈ ਅਤੇ ਦਸਮ ਗ੍ਰੰਥ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ।

(ਖ) ਅਜੋਕੀ ਸਥਿਤੀ:

ਸਿੱਖ ਧਰਮ ‘ਇਕ ਗ੍ਰੰਥ ਇਕ ਪੰਥ’ ਦੇ ਸਿਧਾਂਤ ਤੇ ਖੜ੍ਹਾ ਹੈ। ਪਰ ਜੇ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਸਿੱਖਾਂ ਵਿੱਚ ਵੰਡੀਆ ਪੈ ਜਾਣਗੀਆ। ਇਸ ਦੇ ਆਸਾਰ ਦਿਸਣੇ ਸ਼ੁਰੂ ਹੋ ਗਏ ਹਨ। ਕੱਟੜ ਹਿੰਦੂਵਾਦੀ ਸੰਸਥਾਵਾਂ ਦੇ ਪ੍ਰਭਾਵ ਹੇਠ ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਸੰਬੰਧਤ ਗੁਰਦੁਆਰਿਆਂ ਵਿੱਚ ਦੋਵੇਂ ਗ੍ਰੰਥ ਬਰਾਬਰ ਪਰਕਾਸ਼ ਕਰੀ ਬੈਠੇ ਹਨ। ਲਗਦਾ ਇਉਂ ਹੈ ਕਿ 100 ਸਾਲ ਬਾਅਦ ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ; ਗੁਰਦੁਆਰੇ ਜਥੇਦਾਰਾਂ ਦੇ ਰੂਪ ਵਿੱਚ ਮਹੰਤਾਂ ਦੇ ਅਧਿਕਾਰ ਹੇਠ ਆ ਰਹੇ ਹਨ। ਅੰਗ੍ਰੇਜ਼ਾਂ ਵੇਲੇ ਦੀ ਸਥਿਤੀ ਪੈਦਾ ਹੋ ਰਹੀ ਹੈ ਜਦ ਗੋਰਿਆਂ ਵਲੋਂ ਥਾਪੇ ਹੋਏ ਮਹੰਤ, ਉਦਾਸੀਆਂ ਅਤੇ ਨਿਹੰਗਾਂ ਦੇ ਬਲਬੂਤੇ, ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰਦੇ ਸਨ ਅਤੇ ਹਰਿਮੰਦਰ ਸਾਹਿਬ ਵਿੱਚ ਬੁੱਤ ਪੂਜਾ ਹੁੰਦੀ ਸੀ। ਪਹਿਲਾਂ ਇਸ ਕੁਕਰਮ ਵਿੱਚ ਅੰਗ੍ਰੇਜ਼ ਸ਼ਾਮਿਲ ਸਨ ਅਤੇ ਹੁਣ ਕੱਟੜਵਾਦੀ ਹਿੰਦੂ ਸ਼ਾਮਿਲ ਹਨ। ਪੰਜਾਬ ਤੋਂ ਬਾਹਰ ਦਿੱਲੀ ਵਾਲਿਆਂ ਨੇ ਜੁਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਹੈ ਅਤੇ ਹਰਿਆਣਾ ਅਤੇ ਰਾਜਿਸਥਾਨ ਦੇ ਸਿੱਖ ਆਪਣੀਆਂ ਆਪਣੀਆਂ ਗੁਰਦੁਆਰਾ ਪਬੰਧਕ ਕਮੇਟੀਆਂ ਬਣਾਉਣ ਲਈ ਤਤਪਰ ਹਨ। ਜੇ ਇਹ ਰੁਝਾਨ ਚਲਦਾ ਰਿਹਾ ਤਾਂ ਬਾਹਰ ਵਸਦੇ ਸਿੱਖ ਵੀ ਆਪਣੀਆਂ ਆਪਣੀਆਂ ਪ੍ਰਬੰਧਕ ਕਮੇਟੀਆਂ ਬਣਾਉਣ ਲਈ ਮਜ਼ਬੂਰ ਹੋ ਸਕਦੇ ਹਨ। ਇਹ ਸਭ ਕੁਝ ਅਕਾਲ ਤਖ਼ਤ ਦੀ ਕਮਜ਼ੋਰ ਪੈਂਦੀ ਜਾ ਰਹੀ ਮਾਣ ਮਰਯਾਦਾ ਕਰਕੇ ਹੋ ਰਿਹਾ ਹੈ। ਅਕਾਲ ਤਖ਼ਤ ਜੋ ਸਿੱਖਾਂ ਦੀ ਮੀਰੀ-ਪੀਰੀ ਦੇ ਸੰਕਲਪ ਦਾ ਚਿੰਨ੍ਹ ਹੈ, ਕਮਜ਼ੋਰ ਜਥੇਦਾਰਾਂ ਕਰਕੇ ਆਪਣਾ ਰੁਤਬਾ ਗੁਆ ਰਿਹਾ ਹੈ। ਇਤਿਹਾਸਕ ਤੌਰ ’ਤੇ ਸਾਰੇ ਤਖ਼ਤਾਂ ਦੇ ਜਥੇਦਾਰਾਂ ਨਾਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਮੀਰੀ-ਪੀਰੀ ਦੇ ਸੰਕਲਪ ਨੂੰ ਕਾਇਮ ਰੱਖਣ ਦੀ ਆਸ ਕੀਤੀ ਜਾਂਦੀ ਹੈ। ਪਰ ਇਹ ਆਸ ਨਾਉਮੀਦੀ ਵਿੱਚ ਬਦਲ ਰਹੀ ਹੈ। ਇਸ ਕੁਕਰਮ ਨੂੰ ਧਰਮ ਮਰਯਾਦਾ ਪੱਖੋਂ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਤੌਰ ’ਤੇ ਰੋਕਣ ਦਾ ਵਕਤ ਆ ਗਿਆ।

ਸਨ 1925 ਦੇ ਪੰਜਾਬ ਐਕਟ VIII ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਮਹੰਤਾਂ ਦੇ ਪ੍ਰਬੰਧ ਹੇਠ ਖਲਤ ਮਲਤ ਹੋ ਚੁੱਕੇ ਸਿੱਖ ਸਿਧਾਂਤਾਂ ਨੂੰ ਮੁੜ ਕੇ ਬਹਾਲ ਕਰਨ ਲਈ 1927 ਵਿੱਚ ਇਕ ‘ਰਹਿਤ ਮਰਯਾਦਾ ਕਮੇਟੀ’ ਸਥਾਪਤ ਕੀਤੀ, ਜਿਸ ਨੇ 1927-1944 ਦੌਰਾਨ ਰਹਿਤ ਮਰਯਾਦਾ ਮੁਕੰਮਲ ਕੀਤੀ। ਪੰਜਾਂ ਅਕਾਲ ਤਖਤਾਂ ਦੇ ਜਥੇਦਾਰ ਵੀ ਇਸ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਮਾਨਤਾ ਦਿੱਤੀ। ਇਹ ਰਹਿਤ ਮਰਯਾਦਾ ‘ਗੁਰੂ ਮਾਨਿਉਂ ਗ੍ਰੰਥ’ ਦੇ ਸਿਧਾਂਤ ਤੇ ਅਧਾਰਤ ਹੈ, ਬਾਕੀ ਦੀਆਂ ਸਾਰੀਆਂ ਮੱਦਾਂ ਇਸ ਸਿਧਾਂਤ ਦੀ ਪਾਲਣਾ ਕਰਦੀਆਂ ਹਨ। ਇਸ ਸਿਧਾਂਤ ਦੀ ਸਰਵੋਤਮਤਾ ਨੂੰ ਨਿਸਚਿਤ ਬਣਾਉਣ ਲਈ 1944 ਵਿੱਚ ਪੰਜਾਬ ਐਕਟ VIII ਵਿੱਚ ਸੋਧ ਕੀਤੀ ਗਈ। ਇਸ ਸੋਧ ਦੇ ਐਕਟ 11 ਅਨੁਸਾਰ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ, ਗੁਰਦੁਆਰੇ ਦਾ ਕਾਮਾ ਜਾਂ ਤਖ਼ਤਾਂ ਦੇ ਜਥੇਦਾਰ ਕੋਈ ਧਾਰਮਕ ਕੁਰੀਤੀ ਵਿੱਚ ਭਾਈਵਾਲ ਬਣਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਬਰਖਾਸਤ ਕਰ ਸਕਦੀ ਹੈ। ਧਾਰਮਕ ਕੁਤਾਹੀ ਦੀ ਇਕ ਉਪ-ਧਾਰਾ f (ਪੰਜਾਬ ਐਕਟ ਦੇ ਕਾਂਡ 11, ਮੁੱਖ ਧਾਰਾ 134) ਅਨੁਸਾਰ ਜੇ ਕੋਈ ਪ੍ਰਬੰਧਕ ਕਿਸੇ ਧਾਰਮਕ ਕੁਰੀਤੀ ਜਾਂ ਕੁਕਰਮ ਕਰਕੇ ਕਸੂਰਵਾਰ ਠਹਿਰਾਇਆ ਜਾਂਦਾ ਹੈ ਤਾਂ ਕਮੇਟੀ ਉਸ ਦੀ ਛੁੱਟੀ ਕਰ ਸਕਦੀ ਹੈ। ਪਰ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੇ ਰਹਿਤ ਮਰਯਾਦਾ ਤੇ ਦਸਤਖ਼ਤ ਕਰਨ ਉਪਰੰਤ ਅਤੇ ਐਕਟ ਦੀ ਇਸ ਧਾਰਾ ਨੂੰ ਜਾਣਦਿਆਂ ਹੋਇਆਂ ਵੀ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰੀ ਰੱਖਿਆ। ਅਰਥਾਤ ਮਹੰਤਾਂ ਵਾਲੀ ਪ੍ਰਥਾ ਨੂੰ ਬਰਕਰਾਰ ਰੱਖਿਆ ਜੋ ਅੱਜ ਤੱਕ ਚੱਲ ਰਹੀ ਹੈ।

ਸਿੱਧੇ ਸ਼ਬਦਾਂ ਵਿੱਚ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਗੁਰੂ ਮਾਨਿਉਂ ਗ੍ਰੰਥ’ ਦੀ ਕੋਈ ਪਰਵਾਹ ਨਹੀਂ ਕੀਤੀ। ਇਸੇ ਐਕਟ ਦੀ ਉਪ-ਧਾਰਾ g ਅਨੁਸਾਰ ਜੇ ਕੋਈ ਮੈਂਬਰ ‘ਗੁਰੂ ਗ੍ਰੰਥ ਸਾਹਿਬ’ ਦੇ ਸਿਧਾਂਤਾਂ ਤੋਂ ਉਲਟ ਗੁਰਦੁਆਰੇ ਵਿੱਚ ਜਾਂ ਲੋਕ ਸਥਾਨ ਤੇ ਕਿਸੇ ਕਰਮਕਾਂਡ ਨੂੰ ਮਾਣਤਾ ਦਿੰਦਾ ਹੈ ਜਾਂ ਉਸ ਵਿੱਚ ਭਾਈਵਾਲ ਬਣਦਾ ਹੈ ਤਾਂ ਉਸ ਨੂੰ ਵੀ ਬਰਖਾਸਤ ਕੀਤਾ ਜਾ ਸਕਦਾ ਹੈ। ਕਈ ਅਕਾਲੀ ਲੀਡਰ/ਮੈਂਬਰ ਵੋਟਾਂ ਦੀ ਖਾਤਰ ਹਿੰਦੂ ਕਰਮਕਾਂਡਾਂ ਅਨੁਸਾਰ ਮੱਥਿਆਂ ਤੇ ਟਿੱਕੇ ਲਗਵਾ ਕੇ ਜਾਂ ਧੋਤੀਆਂ ਪਹਿਨ ਕੇ ਹਵਨਾਂ ਵਿੱਚ ਸ਼ਰੇਆਮ ਭਾਗ ਲੈਂਦੇ ਹਨ। ਵੋਟਾਂ ਦੀ ਖਾਤਰ ਸੰਤਾਂ/ਮਹੰਤਾਂ ਦੇ ਡੇਰਿਆਂ, ਮੱਠਾਂ ਅਤੇ ਟਕਸਾਲਾਂ ਦੇ ਗੁਰਦੁਆਰਿਆਂ ਵਿੱਚ ਪ੍ਰਵਾਣਤ ਰਹਿਤ ਮਰਯਾਦਾ ਦਾ ਘਾਣ ਕੀਤਾ ਜਾ ਰਿਹਾ ਹੈ। ਕਈ ਸਥਾਨਾਂ ਤੇ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦਿੱਤੀ ਜਾ ਰਹੀ ਹੈ; ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ। ਪਰ ਯਾਦ ਰਹੇ ਕਿ ਜਦ ਵੀ ਕਿਸੇ ਸਰਕਾਰ ਜਾਂ ਕਿਸੇ ਸੰਸਥਾ ਨੇ ‘ਇਕ ਪੰਥ - ਇਕ ਗ੍ਰੰਥ’ ਅਤੇ ਰਹਿਤ ਮਰਯਾਦਾ ਦੇ ਸੂਤਰ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਗੁਰੂ ਗ੍ਰੰਥ ਦੀ ਮਾਣਤਾ ਨੂੰ ਗੰਧਲਾ ਕਰਨ ਲਈ ਅੰਗ੍ਰੇਜ਼ਾਂ ਨੇ ਦਸਮ ਗ੍ਰੰਥ ਪੈਦਾ ਕਰ ਲਿਆ। ਇਸ ਨੂੰ ਮਾਣਤਾ ਦੁਆਉਣ ਲਈ ਗੁਰਦੁਆਰਿਆਂ ਵਿੱਚ ਮਹੰਤਾਂ, ਟਕਸਾਲਾਂ ਦੇ ਅਹੁਦੇਦਾਰਾਂ ਅਤੇ ਨਿਰਮਲਿਆਂ ਨੂੰ ਬਿਠਾ ਦਿੱਤਾ। ਪਰ ਫਿਰ ਵੀ ਇਹ ਅਦਾਰੇ ‘ਗੁਰੂ ਗ੍ਰੰਥ ਸਾਹਿਬ’ ਪ੍ਰਤੀ ਸਿੱਖਾਂ ਦੀ ਅਤਿਅੰਤ ਸ਼ਰਧਾ ਅਤੇ ਇਸ ਦੀ ਸਰਵੋਤਮਤਾ ਨੂੰ ਨਾ ਤੋੜ ਸਕੇ। ਇਸ ਤੱਥ ਦੀ ਮਹਾਨਤਾ ਨੂੰ ਸਵੀਕਾਰ ਕਰਦੇ ਹੋਏ ਮੈਲਕਮ ਨੇ ਆਪਣੀ ਪੁਸਤਕ , Sketch of the Sikhs (1810), ਦੇ ਅੰਤ ਵਿੱਚ ਭਵਿੱਖਬਾਣੀ ਕੀਤੀ ਸੀ ਜਿਸ ਦਾ ਤੋੜਸਾਰ ਇਸ ਪਰਕਾਰ ਹੈ: ਵੈਰਾਗੀ ਬੰਦੇ ਬਹਾਦਰ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਥਾਪ ਕੇ ਗੁਰੂ ਗੋਬਿੰਦ ਸਿੰਘ ਦੇ ਸੰਕਲਪ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨਾ ਚਾਹਿਆ ਪਰ ਬੁਰੀ ਤਰ੍ਹਾਂ ਫੇਲ ਹੋ ਗਿਆ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਦੇ ਅਕਾਲੀ ਹੁਕਮਰਾਨ, ਟਕਸਾਲਾਂ ਦੇ ਕਰਤਾ ਧਰਤਾ ਅਤੇ ਗੁਰਦੁਆਰਿਆਂ ਦੇ ਨਿਰਮਲੇ ਜੋ ਗੁਰੂ ਗ੍ਰੰਥ ਨੂੰ ਪੜ੍ਹਦੇ ਅਤੇ ਸਤਿਕਾਰਦੇ ਹਨ, ਗੁਰੂ ਗ੍ਰੰਥ ਪ੍ਰਤੀ ਸ਼ਰਧਾ ਵਿੱਚ ਥੋੜ੍ਹੀ ਬਾਹਲੀ ਤਬਦੀਲੀ ਲਿਆਉਣ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ‘ਗੁਰੂ ਮਾਨਿਉਂ ਗ੍ਰੰਥ’ ਦੇ ਸੰਕਲਪ ਨੂੰ ਤੋੜਨਾ ਮੁਸ਼ਕਲ ਜਾਪਦਾ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਕਥਤ ਦਸਮ ਗ੍ਰੰਥ ਬਾਰੇ ਭਖੇ ਵਾਦ ਵਿਵਾਦ ਦਾ ਕੀ ਕੀਤਾ ਜਾਵੇ? ਇਹ ਕੋਈ ਮਾਮੂਲੀ ਮਸਲਾ ਤਾਂ ਹੈ ਨਹੀਂ ਜਿਸ ਨੂੰ ਉਰੇ-ਪਰੇ ਕੀਤਾ ਜਾ ਸਕੇ। ਸਿੱਖ ਧਰਮ ਲਈ ਇਹ ਇਕ ਸਿਧਾਂਤਕ ਮਸਲਾ ਹੈ ਜਿਸ ਨੂੰ ਨਜਿੱਠਣਾ ਅਤਿ ਜਰੂਰੀ ਹੈ ਕਿਉਂਕਿ ਇਸ ਨਾਲ ਧਰਮ ਦੀ ਹੋਂਦ ਜੁੜੀ ਹੋਈ ਹੈ। ਸਾਡੇ ਵਿਚਾਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਪੱਖ ਵਿਦਿਵਾਨਾਂ ਦੀ ਕਮੇਟੀ ਤੋਂ ਇਹ ਮਸਲਾ ਹੱਲ ਕਰਵਾਉਣਾ ਚਾਹੀਦਾ ਹੈ। ਇਹ ਕਮੇਟੀ ਦਸਮ ਗ੍ਰੰਥ ਦੇ ਪੱਖ ਅਤੇ ਵਿਰੋਧ ਵਿੱਚ ਖੜ੍ਹੇ ਵਿਦਵਾਨਾਂ ਦੀਆਂ ਰਾਵਾਂ ਇਕੱਤਰ ਕਰੇ ਜੋ ਧਾਰਮਕ ਸ਼ਰਧਾ ਅਤੇ ਅੰਧ ਵਿਸ਼ਵਾਸ ਅਧੀਨ ਨਾ ਹੋਣ, ਸਗੋਂ ਪਰਪੱਕ ਦਲੀਲਾਂ ਅਤੇ ਠੋਸ ਪਰਮਾਣਾਂ ਤੇ ਅਧਾਰਤ ਹੋਣ। ਕੇਂਦਰੀ ਨੁਕਤਾ ਇਹ ਹੋਣਾ ਚਾਹੀਦਾ ਹੈ ਕਿ ਕੋਈ ਵੀ ਦਲੀਲ ‘ਗੁਰੂ ਗ੍ਰੰਥ ਸਾਹਿਬ’ ਵਿੱਚ ਅੰਕਤ ਸਿੱਖ ਫਿਲਾਸਫੀ ਅਤੇ ਧਰਮ ਮਰਯਾਦਾ ਦੇ ਵਿਰੁੱਧ ਨਾ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਪ੍ਰਮਾਣਤ ਬਾਣੀਆਂ, ਜੋ ਸੀਨਾ-ਬ-ਸੀਨਾ ਸਾਡੇ ਪਾਸ ਪਹੁੰਚੀਆਂ ਹਨ ਉਨ੍ਹਾਂ ਤੇ ਕੋਈ ਵਾਦ ਵਿਵਾਦ ਨਹੀਂ ਹੋਣਾ ਚਾਹੀਦਾ। ਬਾਕੀ ਦੀਆਂ ਕਥਤ ਬਾਣੀਆਂ ਦਾ, ਸਿੱਖ ਸਿਧਾਂਤਾਂ ਅਤੇ ਇਤਿਹਾਸਕ ਪ੍ਰਮਾਣਾਂ ਨੂੰ ਮੁੱਖ ਰਖਦਿਆਂ, ਭਾਸ਼ਾ ਅਤੇ ਵਿਚਾਰਧਾਰਾ ਦੇ ਅਧਾਰ ਤੇ ਨਿਰਣਾ ਕਰਨਾ ਚਾਹੀਦਾ ਹੈ। ਕਮੇਟੀ ਵਿੱਚ ਚੁਣੇ ਗਏ ਵਿਦਵਾਨਾਂ ਦੀ ਵਿਦਵਤਾ ਅਤੇ ਨਿਰਪੱਖਤਾ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਵਿਦਵਾਨ ਸੰਸਕ੍ਰਿਤ, ਫ਼ਾਰਸੀ, ਹਿੰਦੀ, ਬ੍ਰਿਜ ਭਾਸ਼ਾ, ਹਿੰਦਵੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਨਿਪੁੰਨ ਹੋਣ ਤਾਂਕਿ ਕਥਤ ਦਸਮ ਗ੍ਰੰਥ ਦੀ ਬਾਣੀ ਦਾ ਭਾਵਪੂਰਤ ਨਰੀਖਣ ਅਤੇ ਨਿਰਣਾ ਕੀਤਾ ਜਾ ਸਕੇ। ਇਨ੍ਹਾਂ ਵਿੱਚ ਕੁਝ ਵਿਦਵਾਨ ਉਹ ਵੀ ਹੋਣੇ ਚਾਹੀਦੇ ਹਨ ਜੋ ਪੁਰਾਤਨ ਛੰਦ ਸ਼ਾਸਤਰ ਦਾ ਪੂਰਾ ਗਿਆਨ ਰਖਦੇ ਹੋਣ।

(ਦਸਮ ਗ੍ਰੰਥ ਬਾਰੇ ਛਪਣ ਹੇਤ ਮੌਨੋਗ੍ਰਾਫ ਚੋਂ ਕਸ਼ੀਦ ਕੀਤਾ ਹੋਇਆ।)

*****


*****
(31 ਜਨਵਰੀ 2010)

e-mail:
ilKfrI

ਡਾ: ਗੁਰੂਮੇਲ ਸ. ਸਿੱਧੂ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.