ਕੁਝ ਸਮੇਂ ਤੋਂ ਬਾਬਿਆਂ ਵਾਲਾ
ਗੀਤ ਗਾਉਣ ਕਰਕੇ ਬੱਬੂ ਮਾਨ ਦੀ ਚਰਚਾ ਛਿੜੀ ਹੋਈ ਹੈ। ਇੱਕ ਵਰਗ ਉਹ ਹੈ, ਜਿਹੜਾ ਇਹ
ਆਖ ਰਿਹਾ ਹੈ ਕਿ ਬੱਬੂ ਨੇ ਚੰਗਾ ਗੀਤ ਗਾਇਆ ਹੈ। ਦੂਜਾ ਵਰਗ ਉਹ ਹੈ, ਜਿਹੜਾ ਇਹ ਕਹਿ
ਰਿਹਾ ਹੈ ਕਿ ਬੱਬੂ ਦਾ ਆਪਣਾ ਕੋਈ ਸਟੈਂਡ ਨਹੀਂ। ਉਹ ਚਰਚਾ ਵਿੱਚ ਆਉਣ ਲਈ ਸਭ ਢਕਵੰਜ
ਰਚਦਾ ਰਹਿੰਦਾ ਹੈ। ਭਾਵੇਂ ਬੱਬੂ ਮਾਨ ਸਟੇਜਾਂ ’ਤੇ ਮੰਦਾ ਬੋਲਣ ਕਰਕੇ ਪਹਿਲਾਂ ਵੀ
ਚਰਚਾ ਵਿੱਚ ਰਹਿੰਦਾ ਹੈ, ਪਰ ਇਸ ਵਾਰ ਹੋਈ ਚਰਚਾ ਤੇ ਪਹਿਲਾਂ ਵਾਲੀ ਚਰਚਾ ਵਿੱਚ
ਵਾਹਵਾ ਫ਼ਰਕ ਹੈ। ਇਸ ਵਾਰ ਉਹਨੇ ਆਪਣੇ ਗੀਤ ਵਿੱਚ ਉਨ੍ਹਾਂ ਬਾਬਿਆਂ ਵੱਲ ਉਂਗਲ ਕੀਤੀ
ਹੈ, ਜਿਹੜੇ ਰੱਬ ਨਾਲ ਆੜੀ ਪੁਆਉਣ ਦੀ ਵਿਚੋਲਗੀ ਕਰਦੇ ਹਨ। ਖੁਦ ਮਹਿੰਗੀਆਂ ਕਾਰਾਂ
ਵਿੱਚ ਸਫ਼ਰ ਕਰਦੇ ਹਨ, ਪਰ ਲੋਕਾਂ ਨੂੰ ਜ਼ਮੀਨ ਨਾਲ ਜੁੜ ਕੇ ਰਹਿਣ ਦੀ ਨੇਕ ਸਲਾਹ
ਦਿੰਦੇ ਹਨ। ਜਿਹੜੇ ਲੋਕਾਂ ਨੂੰ ਤਾਂ ਹੱਕ-ਹਲਾਲ ਦੀ ਕਮਾਈ ਖਾਣ ਲਈ ਪ੍ਰੇਰਦੇ ਹਨ, ਪਰ
ਖੁਦ ਮੋਟੀ ਕਮਾਈ ਕਰਦੇ ਹਨ। ਇਹੋ ਜਿਹੇ ਗੀਤ ਸਮੇਂ-ਸਮੇਂ ’ਤੇ ਆਉਂਦੇ ਰਹੇ ਹਨ ਤੇ
ਅਗਾਂਹ ਵੀ ਆਉਂਦੇ ਰਹਿਣਗੇ।
ਇੱਕ ਵਾਰ ਗਿੱਲ ਹਰਦੀਪ ਨੇ ਇਕ
ਗੀਤ ਗਾਇਆ ਸੀ, ‘ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਐ ...’, ਪਰ ਉਦੋਂ
‘ਯੂ ਟਿਊਬ’ ਦਾ ਬਹੁਤਾ ਬੋਲਬਾਲਾ ਨਾ ਹੋਣ ਕਰਕੇ ਉਹ ਗੀਤ ਓਨੀ ਚਰਚਾ ਨਹੀਂ ਸੀ ਕਰਾ
ਸਕਿਆ, ਜਿੰਨੀ ਦਾ ਉਹ ਹੱਕਦਾਰ ਸੀ। ਜੇ ਉਦੋਂ ਅੱਜ ਵਾਲਾ ਵੇਲਾ ਹੁੰਦਾ ਤੇ ਗੀਤ ਦੇ
ਵੀਡੀਓ ਵਿੱਚ ਭ੍ਰਿਸ਼ਟ ਮੰਤਰੀਆਂ ਦੀਆਂ ਫੋਟੋਆਂ ਪਾ ਦਿੱਤੀਆਂ ਜਾਂਦੀਆਂ ਤਾਂ ਗਿੱਲ ਦੀ
ਵੀ ਤੂਤੀ ਬੋਲਣ ਲੱਗ ਜਾਣੀ ਸੀ। ਹੁਣ ਜਦੋਂ ਇੰਟਰਨੈੱਟ ਦਾ ਜਾਲ਼ ਚਾਰੇ ਪਾਸੇ ਵਿਛ ਗਿਆ
ਹੈ ਤਾਂ ਬੱਬੂ ਦਾ ਬਾਬਿਆਂ ਵਾਲਾ ਗੀਤ ਕੈਸਿਟ ਆਉਣ ਤੋਂ ਪਹਿਲਾਂ ਹੀ ਚਰਚਾ ਵਿੱਚ ਆ
ਗਿਆ ਹੈ। ਪਬਲੀਸਿਟੀ ਸਟੰਟ ਲਈ ਇਹ ਗੀਤ ‘ਯੂ ਟਿਊਬ’ ’ਤੇ ਉਸ ਨੇ ਖੁਦ ਪਾਇਆ ਸੀ ਜਾਂ
ਕਿਸੇ ਜਾਅਲਸਾਜ਼ ਨੇ, ਇਹ ਤਾਂ ਰੱਬ ਜਾਣੇ, ਪਰ ਇਹ ਸੱਚ ਹੈ ਕਿ ਉਸ ਦੀ ਰੀਸੇ ਹੁਣ ਹੋਰ
ਗਾਇਕ ਵੀ ਆਪਣੀ ਕੈਸਿਟ ਵਿੱਚ ਇੱਕ ਗੀਤ ਇਹੋ ਜਿਹਾ ਦਰਜ ਕਰਿਆ ਕਰਨਗੇ, ਜਿਹੜਾ
ਥੋੜ੍ਹੀ-ਬਹੁਤ ਭਸੂੜੀ ਖੜ੍ਹੀ ਕਰ ਸਕਦਾ ਹੋਵੇ।
‘ਯੂ ਟਿਊਬ’ ਵਾਲੇ ਗੀਤ ਦੇ ਵੀਡੀਓ
ਤੇ ਚੈਨਲਾਂ ’ਤੇ ਦਿਸਦੇ ਵੀਡੀਓ ਵਿੱਚ ਢੇਰ ਸਾਰਾ ਅੰਤਰ ਐ। ‘ਯੂ ਟਿਊਬ’ ਵਾਲੇ ਗੀਤ
ਦੇ ਵੀਡੀਓ ਵਿੱਚ ਢੱਡਰੀਆਂ ਵਾਲੇ ਬਾਬੇ ਰਣਜੀਤ ਸਿੰਘ ਨੂੰ ਵੀ ਦਿਖਾਇਆ ਗਿਆ ਹੈ,
ਸਿਰਸੇ ਵਾਲੇ ਨੂੰ ਵੀ, ਲਾਲ ਬੱਤੀ ਵਾਲੀਆਂ ਮਹਿੰਗੀਆਂ ਗੱਡੀਆਂ ਨੂੰ ਵੀ ਤੇ ਹੋਰ
ਕਾਫੀ ਕੁੱਝ ਨੂੰ ਵੀ। ਉਹ ਨੇ ਗਾਇਆ ਹੈ,
ਇੱਕ ਬਾਬਾ ਨਾਨਕ ਸੀ ਜੀਹਨੇ ਤੁਰ
ਕੇ ਦੁਨੀਆ ਗਾਹ’ਤੀ,
ਇੱਕ ਅੱਜਕਲ ਬਾਬੇ ਨੇ ਬੱਤੀ ਲਾਲ ਗੱਡੀ ’ਤੇ ਲਾ’ਤੀ।’
ਬੱਬੂ ਸਿੱਖੀ ਵਿੱਚ ਆਏ ਨਿਘਾਰ ਦੀ
ਗੱਲ ਕਰਦਾ ਹੈ, ਇਹ ਵਧੀਆ ਗੱਲ ਹੈ। ਉਹ ਭੜਕੀਲਾ ਬੋਲਣ ਵਿੱਚ ਮਾਹਰ ਹੈ, ਇਹ ਵੀ ਸੱਚ
ਹੈ। ਪਰ ਸੱਚ ਜਾਣਿਓਂ ਬੱਬੂ ਦੀ ਸੋਚ ਵੀ ਤਿਲਕਵੀਂ ਹੈ। ਕਿਸੇ ਵੇਲੇ ਉਹ ਚਰਚਾ ਖਾਤਰ
ਇਹ ਵੀ ਗਾ ਛੱਡਦਾ ਹੈ ਕਿ ਮੁਟਿਆਰ ਨੂੰ ਮਿਲਣ ਲਈ ਕਮਾਦ ਵਰਗੀ ਸੇਫ਼ ਜਗ੍ਹਾ ਕੋਈ
ਨਹੀਂ। ਕਿਸੇ ਵੇਲੇ ਗਾਉਂਦਾ ਹੈ ਕਿ ਚੌਥਾ ਪੈੱਗ ਲਾ ਕੇ ਬਾਂਹ ਫੜ ਲੈਣੀ ਚਾਹੀਦੀ ਐ।
ਕਿਸੇ ਵੇਲੇ ‘ਰਾਤੀਂ ਮਿਲਣ ਨਾ ਆਈਂ ਓਏ’ ਗਾ ਛੱਡਦਾ ਹੈ ਤੇ ਕਿਸੇ ਵੇਲੇ ਨੌਜਵਾਨ
ਪੀੜ੍ਹੀ ਨੂੰ ਪਿੱਛੇ ਲਾਉਣ ਲਈ ‘ਚੱਕ ਲਓ ਰਿਵਾਲਵਰ ਰਫ਼ਲਾਂ’ ਵਰਗਾ ਗੀਤ ਵੀ ਗਾ ਦਿੰਦਾ
ਹੈ।
ਸਾਡੀ ਜਾਚੇ ਅਜੋਕੇ ਬਾਬਿਆਂ ਦੀ
ਤੁਲਨਾ ਬਾਬੇ ਨਾਨਕ ਨਾਲ ਕਰਨੀ ਕਿਸੇ ਤਰ੍ਹਾਂ ਵੀ ਉੱਚਿਤ ਨਹੀਂ। ਬਾਬਾ ਨਾਨਕ ਮਹਾਨ
ਹਸਤੀ ਸੀ। ਉਸ ਨੇ ਹਰ ਗੱਲ ਤਰਕ ਅਧਾਰਤ ਕੀਤੀ। ਸਾਰੀ ਉਮਰ ਲੋਕਾਂ ਨੂੰ ਸਿੱਧੇ ਰਾਹ
ਪਾਉਣ ਦੇ ਲੇਖੇ ਲਾ ਦਿੱਤੀ। ਉਸ ਤੋਂ ਬਾਅਦ ਨਾ ਕੋਈ ਬਾਬਾ ਨਾਨਕ ਪੈਦਾ ਹੋਇਆ ਅਤੇ ਨਾ
ਹੀ ਆਉਂਦੇ ਸਮੇਂ ਵਿੱਚ ਹੋਵੇਗਾ। ਇਸ ਕਰਕੇ ਅਜੋਕੇ ਗੱਡੀਆਂ ਵਾਲੇ ਬਾਬਿਆਂ ਦੀ ਤੁਲਨਾ
ਸਿੱਖਾਂ ਦੇ ਉਸ ਪਹਿਲੇ ਗੁਰੂ ਨਾਲ ਕਰਨੀ ਕਿਸੇ ਪੱਖੋਂ ਵੀ ਸਿਆਣੀ ਗੱਲ ਨਹੀਂ।
ਜੇ ਹੁਣ ਬੱਬੂ ਦੀ ਤੁਲਨਾ ਬੜੇ
ਗੁਲਾਮ ਅਲੀ ਖ਼ਾਨ ਨਾਲ ਕੀਤੀ ਜਾਵੇ, ਤਾਂ ਇਹ ਵੀ ਮੂਰਖਤਾ ਹੀ ਹੋਵੇਗੀ। ਕਿਉਂਕਿ ਬੜੇ
ਗੁਲਾਮ ਅਲੀ ਖ਼ਾਨ ਦਾ ਸਾਰਾ ਜੀਵਨ ਸੁਰ ਸੰਗੀਤ ਨੂੰ ਪ੍ਰਣਾਇਆ ਹੋਇਆ ਸੀ ਤੇ ਬੱਬੂ
ਵਪਾਰੀ ਗਾਇਕ ਬਣ ਕੇ ਵਿਚਰ ਰਿਹਾ ਹੈ। ਬੜੇ ਗੁਲਾਮ ਅਲੀ ਖ਼ਾਨ ਵਰਗਿਆਂ ਨੇ ਫੱਕਰਾਂ
ਵਾਲਾ ਜੀਵਨ ਬਤੀਤ ਕੀਤਾ। ਕਦੇ ਵੀ ਮਾਇਆ ਮੁਖੀ ਹੋ ਕੇ ਨਹੀਂ ਗਾਇਆ। ਆਖਰੀ ਸਾਹ ਤੱਕ
ਸਿਰਫ਼ ਸੰਗੀਤ ਦੀ ਇਬਾਦਤ ਕੀਤੀ। ਪਰ ਅੱਜ ਦੇ ਗਾਇਕਾਂ ਵਿੱਚੋਂ ਅਜਿਹਾ ਕਿਹੜਾ ਹੈ,
ਜਿਸ ਦੀ ਤੁਲਨਾ ਉਨ੍ਹਾਂ ਨਾਲ ਕੀਤੀ ਜਾ ਸਕੇ?
ਅਸਲ ਗੱਲ ਇਹ ਹੈ ਕਿ ਇਹੋ ਜਿਹਾ
ਭਖਦੇ ਮੁੱਦੇ ਵਾਲਾ ਗੀਤ ਅੱਜ ਤੱਕ ਕਿਸੇ ਨੇ ਗਾਉਣ ਦਾ ਹੀਆ ਨਹੀਂ ਸੀ ਕੀਤਾ ਤੇ ਜਦੋਂ
ਬੱਬੂ ਨੇ ਗਾ ਦਿੱਤਾ ਤਾਂ ਮੁੰਡਿਆਂ-ਖੁੰਡਿਆਂ ਨੇ ਇਸ ਨੂੰ ਮੋਬਾਈਲਾਂ ’ਚ ਭਰਾਉਣ ਦੀ
ਹਨੇਰੀ ਲਿਆ ਦਿੱਤੀ। ‘ਟਾਈਮ ਟੀ.ਵੀ’ ’ਤੇ ਜਦੋਂ ਇਸ ਗੀਤ ਨੂੰ ਵਿਸ਼ਾ ਬਣਾ ਕੇ ਸਟੋਰੀ
ਚਲਾਈ ਗਈ ਅਤੇ ਉਸ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਗੀਤਾਂ ਦੀ
ਦੁਕਾਨਦਾਰੀ ਕਰਨ ਵਾਲਿਆਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਗਈਆਂ; ਉਨ੍ਹਾਂ ਆਖਿਆ,
‘ਮੈਨੂੰ ਕਿਸੇ ਸ਼ਰਧਾਲੂ ਨੇ ਫੋਨ ’ਤੇ ਦੱਸਿਆ ਕਿ ਇੱਕ ਗਾਇਕ ਨੇ ਗੀਤ ਗਾਇਐ ...
ਤੁਹਾਡੇ ’ਤੇ ਕਈ ਵਿਅੰਗ ਕੱਸੇ ਨੇ ...।’ ਨਾਲ ਹੀ ਉਨ੍ਹਾਂ ਕਿਹਾ, ‘ਛੱਜ ਤਾਂ ਬੋਲੇ
... ਛਾਣਨੀ ਵੀ ਬੋਲੇ, ਜੀਹਦੇ ਵਿੱਚ ਛੱਤੀ ਸੌ ਛੇਕ ਨੇ ... ਜੇ ਕੋਈ ਪੰਥਕ ਸ਼ਖ਼ਸੀਅਤ
ਸਾਡੇ ’ਤੇ ਕਿੰਤੂ ਕਰੇ ਤਾਂ ਮੰਨ ਵੀ ਲਈਏ, ਪਰ ਇੱਕ ਰੋਡਾ-ਭੋਡਾ ਜਿਹਾ ਗਾਇਕ ਇਹੋ
ਜਿਹੀਆਂ ਗੱਲਾਂ ਕਰੇ ਤਾਂ ਬਾਤ ਹਜ਼ਮ ਨਹੀਂ ਹੁੰਦੀ ...।’
ਗੀਤ ਦੇ ਹਵਾਲੇ ਨਾਲ ਅੱਗੇ ਆਖਿਆ
ਗਿਆ, ‘ਗਾਉਣ ਵਾਲਾ ਬਾਬੇ ਨਾਨਕ ਦੇ ਵੇਲੇ ਦੀ ਗੱਲ ਕਰਦਾ ਕਹਿੰਦਾ ਹੈ ਕਿ ਉਹ ਪੈਦਲ
ਯਾਤਰਾ ਕਰਕੇ ਲੋਕਾਂ ’ਚ ਪ੍ਰਚਾਰ ਕਰਦੇ ਸਨ, ਪਰ ਹੁਣ ਵਾਲੇ ਬਾਬੇ ਗੱਡੀਆਂ ’ਤੇ
ਫਿਰਦੇ ਨੇ ... ਬਾਬਾ ਨਾਨਕ ਵੇਲੇ ਗੱਡੀਆਂ ਹੁੰਦੀਆਂ ਹੀ ਨਹੀਂ ਸਨ ... ਉਦੋਂ
ਪ੍ਰਚਾਰ ਕਰਨ ਵਾਲੇ ਵੀ ਪੈਦਲ ਜਾਂਦੇ ਸਨ ਤੇ ਸੁਣਨ ਵਾਲੇ ਵੀ ਪੈਦਲ ਚੱਲਦੇ ਸਨ। ਫੇਰ
ਘੋੜਿਆਂ ਦਾ ਜ਼ਮਾਨਾ ਆਇਆ ... ਫੇਰ ਰੱਥਾਂ ਵਾਲਾ ਆ ਗਿਆ ਤੇ ਹੁਣ ਗੱਡੀਆਂ ਦਾ ਆ ਗਿਐ
... ਹੁਣ ਜਦੋਂ ਸੁਣਨ ਵਾਲੇ ਗੱਡੀਆਂ ’ਤੇ ਆਉਂਦੇ ਨੇ ਤਾਂ ਪ੍ਰਚਾਰ ਕਰਨ ਵਾਲਿਆਂ ਨੂੰ
ਕੀ ਗੱਡੀਆਂ ਵੱਢਦੀਆਂ ਨੇ ...।’
ਬਾਬਾ ਢੱਡਰੀਆਂ ਵਾਲਿਆਂ ਨੇ ਇੱਕ
ਗੱਲ ਹੋਰ ਕਹੀ, ‘ਜੇ ਇਹ ਗੀਤ ਗਾਉਣ ਵਾਲਾ ਸਿੰਘ ਸਜ ਜਾਵੇ, ਅੰਮ੍ਰਿਤ ਦਾ ਬਾਟਾ ਛਕ
ਲਵੇ, ਪਤਿਤ ਹੋਣਾ ਛੱਡ ਦੇਵੇ ਅਤੇ ਉਨ੍ਹਾਂ ਨਾਲ ਸਿੱਖੀ ਦਾ ਪ੍ਰਚਾਰ ਕਰਨ ਲਈ ਮੋਢੇ
ਨਾਲ ਮੋਢਾ ਜੋੜ ਲਵੇ ਤਾਂ ਉਹ ਆਪਣੀਆਂ ਸਾਰੀਆਂ ਗੱਡੀਆਂ ਗਾਉਣ ਵਾਲੇ ਦੇ ਨਾਂ ਕਰ
ਦੇਣਗੇ ...।’
ਇਸ ਤੋਂ ਇਲਾਵਾ ਢਾਡੀ ਤਰਸੇਮ
ਸਿੰਘ ਮੋਰਾਂਵਾਲੀ ਨੇ ਵੀ ਕਰਾਰੀ ਟਿੱਪਣੀ ਦਿੱਤੀ, ‘ਇੱਕ ਸਮੈਕੀਆ ਗਾਇਕ ਸਿੱਖੀ ਦੇ
ਪ੍ਰਚਾਰਕਾਂ ’ਤੇ ਤੋਹਮਤਾਂ ਲਾ ਰਿਹਾ ਹੈ ਤੇ ਲੋਕ ਦੰਦ ਕੱਢ ਰਹੇ ਨੇ ... ਇਹ ਗਾਉਣ
ਵਾਲੇ ਥਾਂ ਥਾਂ ਕੁੜੀਆਂ ਦਾ ਨੰਗੇਜ ਦਿਖਾਉਂਦੇ ਨੇ। ਪੈਸਿਆਂ ਖਾਤਰ ਕੁੜੀਆਂ ਦੇ
ਕੱਪੜੇ ਲੁਹਾਉਂਦੇ ਨੇ। ਇਹ ਕਿੱਧਰੋਂ ਪੰਥ ਦੇ ਵਫ਼ਾਦਾਰ ਸਿਪਾਹੀ ਹੋ ਗਏ।’ ਨਾਲ ਹੀ
ਉਨ੍ਹਾਂ ਕਿਹਾ, ‘ਇਹੋ ਜਿਹੇ ਗਾਉਣ ਵਾਲਿਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਇਹ
ਖੁਦ ਗੱਡੀਆਂ ’ਚ ਰਹਿਣਾ ਲੋਚਦੇ ਨੇ ਤੇ ਸਿੱਖੀ ਦੇ ਪ੍ਰਚਾਰਕਾਂ ਨੂੰ ਭੁੱਖੇ ਮਰਦੇ
ਦੇਖਣਾ ਚਾਹੁੰਦੇ ਨੇ।’
ਸਾਡਾ ਨਾ ਬੱਬੂ ਨਾਲ ਕੋਈ ਰੋਸਾ
ਹੈ ਅਤੇ ਨਾ ਹੀ ਕਿਸੇ ਬਾਬੇ ਨਾਲ। ਪਰ ਨਾ ਅਸੀਂ ਉਨ੍ਹਾਂ ਗਾਇਕਾਂ ਦੇ ਹੱਕ ਵਿੱਚ
ਹਾਂ, ਜਿਹੜੇ ਦੋ ਕੈਸਿਟਾਂ ਹਿੱਟ ਹੋਣ ’ਤੇ ਆਪਣੇ ਨਾਲ ਚਾਰ-ਚਾਰ ਗੰਨਮੈਨ ਰੱਖ ਲੈਂਦੇ
ਨੇ। ਰੱਬ ਨੂੰ ਟੱਬ ਦੱਸਣਾ ਸ਼ੁਰੂ ਕਰ ਦਿੰਦੇ ਨੇ। ਘਰਵਾਲੀ ਬਦਲਣ ’ਚ ਬਹੁਤੀ ਦੇਰ
ਨਹੀਂ ਲਾਉਂਦੇ। ਲੋਕ ਮਸਲਿਆਂ, ਲੋਕ ਭਾਵਨਾਵਾਂ ਦੀ ਪ੍ਰਵਾਹ ਕਰਨੀ ਛੱਡ ਦਿੰਦੇ ਨੇ।
ਗੱਡੀ ਦੇ ਸ਼ੀਸ਼ੇ ਇਉਂ ਕਾਲੇ ਕਰਵਾ ਲੈਂਦੇ ਨੇ ਜਿਵੇਂ ਉਹ ਸਿਰਫ਼ ਰਾਸ਼ਟਰਪਤੀ ਭਵਨ ਦੇ
ਗਾਇਕ ਹੋਣ। ਅਤੇ ਨਾ ਹੀ ਅਸੀਂ ਉਨ੍ਹਾਂ ਬਾਬਿਆਂ ਦੇ ਝੋਲੀ ਚੁੱਕ ਹਾਂ, ਜਿਹੜੇ
ਮਾਇਆਧਾਰੀ ਬਣ ਚੁੱਕੇ ਨੇ, ਜਿਹੜੇ ਸਿਰਫ਼ ਪੈਸੇ ਲਈ ਪ੍ਰਚਾਰ ਕਰਦੇ ਨੇ, ਜਿਹੜੇ ਕਹਿਣੀ
ਤੇ ਕਰਨੀ ਦੇ ਪੂਰੇ ਨਹੀਂ।
ਭਾਵੇਂ ਬੱਬੂ ਨੇ ਕਿਸੇ ਬਾਬੇ ਦਾ
ਨਾਂ ਨਹੀਂ ਲਿਆ ਪਰ ਉਸ ਵੱਲੋਂ ਚਿਮਟਿਆਂ, ਢੋਲਕੀਆਂ ਵਾਲੀ ਗੱਲ ਕਰਨ ਕਰਕੇ ਸਭ ਸਮਝ
ਗਏ ਨੇ ਕਿ ਉਹਨੇ ਗੱਲ ਕਿਸ ਵਿੱਚੋਂ ਕੱਢੀ ਹੈ। ਪਹਿਲਾਂ ਗੀਤ ਵਿੱਚ ‘ਓਡੀ’ ਗੱਡੀ ਦਾ
ਜ਼ਿਕਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਗੱਡੀ ਦਾ ਨਾਂ ਕੱਢ ਕੇ ‘ਗੱਡੀ ਕੀਮਤੀ’ ਕਰ
ਦਿੱਤਾ ਗਿਆ। ਜੇ ਬੱਬੂ ਦੀ ਮੰਨ ਲਈਏ ਕਿ ਅੱਜ ਦੇ ਬਾਬਿਆਂ ਨੇ ਮਹਿੰਗੀਆਂ ਗੱਡੀਆਂ
ਲਈਆਂ ਨੇ, ਬੱਤੀਆਂ ਲਾ ਲਈਆਂ ਨੇ ਤਾਂ ਇਹ ਵੀ ਸੱਚ ਹੈ ਕਿ ਸਾਫ਼-ਸੁਥਰੇ ਅਕਸ ਵਾਲੇ ਕਈ
ਬਾਬਿਆਂ ਵੱਲੋਂ ਹਜ਼ਾਰਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਗਿਆ।
ਅਸਲ ਵਿੱਚ ਇਹ ਗੀਤ ਕੋਈ ਏਨਾ ਵੱਡਾ ਮੁੱਦਾ ਨਹੀਂ ਸੀ, ਜਿੰਨਾ ਕਿ ਬਿਨਾਂ ਵਜ੍ਹਾ ਹੀ
ਬਣਾ ਦਿੱਤਾ ਗਿਆ। ਸਾਡੇ ਲੋਕਾਂ ਦੀ ਆਦਤ ਹੈ ਕਿ ਕਈ ਵਾਰ ਸੋਨੇ ਨੂੰ ਵੀ ਕੌਡੀ ਦੇ
ਭਾਅ ਵੇਚਣਾ ਹੈ ਤੇ ਕਈ ਵਾਰ ਕੌਡੀ ਨੂੰ ਕੀਮਤੀ ਹੀਰੇ ਦੇ ਭਾਅ ਵੇਚਣ ਦੀ ਕੋਸ਼ਿਸ਼ ਕੀਤੀ
ਜਾਂਦੀ ਹੈ। ਜੇ ਬੱਬੂ ਬਾਬਿਆਂ ਦੀਆਂ ਗੱਡੀਆਂ ਦੀ ਗੱਲ ਕਰਦਾ ਹੈ ਤਾਂ ਇਹ ਵੀ ਸੱਚ ਹੈ
ਕਿ ਉਸ ਨੇ ਲੋਕਾਂ ਦੀਆਂ ਕੁੜੀਆਂ-ਚਿੜੀਆਂ ਦੇ ਛਤਰੀਆਂ ਤੋਂ ਉੱਡਣ, ਪੈੱਗ ਲਗਾ ਕੇ
ਬਾਹਵਾਂ ਫੜਨ ਅਤੇ ਹਥਿਆਰਬਾਜ਼ੀ ਵਾਲੇ ਗੀਤ ਗਾ ਕੇ ਵੱਡੀਆਂ ਗੱਡੀਆਂ ਲਈਆਂ ਨੇ। ਉਹ
ਪੰਜ-ਛੇ ਲੱਖ ਰੁਪਇਆ ਇੱਕ ਪ੍ਰੋਗਰਾਮ ਦਾ ਲੈਂਦਾ ਹੈ ... ਮਹਿੰਗੀ ਗੱਡੀ ਵਿੱਚ ਜਾਂਦਾ
ਹੈ ...।
ਕਮਾਲ ਸਿਰਫ਼ ਏਸ ਗੱਲ ਦੀ ਹੋਈ ਕਿ
ਬੱਬੂ ਦੇ ਗੀਤ ’ਤੇ ਜਿਉਂ-ਜਿਉਂ ਤਵਾ ਲੱਗਾ, ਉਹਦੀ ਓਨੀ ਚਰਚਾ ਵਧੀ। ਬਾਬਿਆਂ ਦੇ
ਸ਼ਰਧਾਲੂਆਂ ਨੂੰ ਨਾ ਕੋਈ ਫ਼ਰਕ ਗੀਤ ਆਉਣ ਨਾਲ ਪੈਣਾ ਏ ਤੇ ਨਾ ਹੀ ਪਹਿਲਾਂ ਕਦੇ ਪਿਆ
ਹੈ, ਇਹ ਗੱਲ ਵੀ ਪੱਕੀ ਹੈ। ਜਿਹੜਾ ਮਰਜ਼ੀ ਬਾਬਾ ਹੋਵੇ, ਉਸ ਦੇ ਅੱਧੋਂ ਵੱਧ ਚੇਲੇ
ਅਜਿਹੇ ਹੋਣਗੇ, ਜਿਹੜੇ ਇਹੋ ਜਿਹੇ ਗੀਤਾਂ ਨੂੰ ਵੀ ਸੁਣਦੇ ਹੋਣਗੇ ਤੇ ਬਾਬਿਆਂ ਦੇ
ਦੀਵਾਨ ਵੀ।
ਜੇ ਇਹ ਕਹਿ ਲਿਆ ਜਾਵੇ ਕਿ ਬੱਬੂ
ਦੀ ਕੈਸਿਟ ਨੂੰ ਢੱਡਰੀਆਂ ਵਾਲੇ ਬਾਬੇ ਨੇ ਹਿੱਟ ਕਰਨ ’ਚ ਅਹਿਮ ਯੋਗਦਾਨ ਪਾਇਆ ਤਾਂ
ਸ਼ਾਇਦ ਹੀ ਕੋਈ ਗ਼ਲਤ ਗੱਲ ਹੋਵੇ ਕਿਉਂਕਿ ਜੇ ਬਾਬਾ ਚੁੱਪ ਰਹਿੰਦਾ ਤੇ ਬੱਬੂ ਦੇ ਗੀਤ
’ਤੇ ਕੋਈ ਪ੍ਰਤੀਕਰਮ ਨਾ ਦਿੰਦਾ ਤਾਂ ਬਹੁਤ ਘੱਟ ਲੋਕਾਂ ਨੂੰ ਬੱਬੂ ਦੀ ਕੈਸਿਟ ਬਾਰੇ
ਪਤਾ ਲੱਗਣਾ ਸੀ। ਬਾਬੇ ਨੇ ਬੱਬੂ ਨੂੰ ‘ਰੋਡਾ ਭੋਡਾ’ ਕਹਿ ਦਿੱਤਾ ਤੇ ਜਿਨ੍ਹਾਂ ਨੂੰ
ਨਹੀਂ ਸੀ ਪਤਾ, ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਕਿ ਬੱਬੂ ਦੀ ਕੋਈ ਕੈਸਿਟ ਆਈ ਹੈ,
ਜਿਸ ਤੋਂ ਬਾਬਾ ਔਖਾ ਹੋਇਆ ਹੈ। ਸਿਰਸੇ ਵਾਲੇ ਸਾਧ ਦੀ ਗੱਲ ਹੀ ਕਰ ਲਵੋ, ਸ਼ਰੇਆਮ ਉਸ
ਬਾਰੇ ਖ਼ਬਰਾਂ ਆਈਆਂ ਕਿ ਉਹ ਬਲਾਤਕਾਰੀ ਹੈ, ਪਰ ਉਸ ਨੂੰ ਪੂਜਣ ਵਾਲਿਆਂ ਦੀ ਗਿਣਤੀ
ਨਹੀਂ ਘਟੀ। ਸ਼ਰੇਆਮ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰ ਦਿਖਾਈ, ਪਰ ਚਾਰ
ਦਿਨ ਦੰਗੇ ਹੋਣ ਤੋਂ ਬਾਅਦ ਲੋਕ ਫੇਰ ਸਿਰਸੇ ਜਾ ਕੇ ਸੰਗਤਾਂ ਵਿੱਚ ਹਿੱਸਾ ਲੈਣ ਲੱਗ
ਗਏ। ਇਹ ਭੀੜਾਂ ਬਿਨਾਂ ਸਮਝ ਵਾਲੀਆਂ ਨੇ, ਇਨ੍ਹਾਂ ਦਾ ਕੋਈ ਨਿਸ਼ਾਨਾ ਨਹੀਂ, ਕੋਈ
ਮਕਸਦ ਨਹੀਂ। ‘ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ’ ਵਾਲਾ ਹਾਲ ਏ
ਇਨ੍ਹਾਂ ਦਾ। ਲੋਕਾਂ ਨੂੰ ਸਮਝ ਦੇਣੀ ਕੋਈ ਸੌਖੀ ਗੱਲ ਨਹੀਂ। ਬਾਬਾ ਨਾਨਕ ਤਾਂ ਮੂਰਤੀ
ਪੂਜਾ ਦੇ ਵੀ ਸਖ਼ਤ ਖਿਲਾਫ਼ ਸੀ, ਪਰ ਅਸੀਂ ਉਸੇ ਕ੍ਰਾਂਤੀਕਾਰੀ ਬਾਬੇ ਦੀਆਂ ਫੋਟੋਆਂ ਦੀ
ਪੂਜਾ ਕਰ ਰਹੇ ਹਾਂ। ਬਾਬੇ ਨਾਨਕ ਨੇ ਆਖਿਆ ਸੀ, ‘ਹਰ ਬੰਦੇ ਦੇ ਮਨ ਅੰਦਰ ਰੱਬ ਵਸਦਾ
ਹੈ।’ ਪਰ ਅਸੀਂ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ ਨੱਕ ਰਗੜ ਕੇ ਮੁਰਾਦਾਂ
ਪੂਰੀਆਂ ਕਰਨ ਦੀ ਤਾਕ ਵਿੱਚ ਹਾਂ। ਨਾ ਬੱਬੂ ਨੈਤਿਕ ਕਦਰਾਂ-ਕੀਮਤਾਂ ’ਤੇ ਪਹਿਰਾ ਦੇ
ਰਿਹਾ ਹੈ ਤੇ ਨਾ ਹੀ ਅੱਜਕਲ ਦੇ ਬਾਬੇ।
ਪਿੱਛੇ ਜਿਹੇ ਬੱਬੂ ਨੇ ਨਵੇਂ ਸਾਲ
ਦੇ ਪ੍ਰੋਗਰਾਮ ’ਤੇ ਇਕ ਗੀਤ ਗਾਇਆ ਸੀ,
ਹਾਰੇ ਹੋਏ ਹਾਂ ਜ਼ਿੰਦਗੀ ਤੋਂ
ਬਹੁਤੇ ਲਾਚਾਰ ਹਾਂ,
ਬਾਕੀ ਗੱਲਾਂ ਬਾਅਦ ’ਚ ਆਪਾਂ ਪਹਿਲਾਂ ਸਰਦਾਰ ਹਾਂ ...।’
ਪਰ ਸੱਚ ਇਹੋ ਹੈ ਕਿ ਬੱਬੂ ਖੁਦ
ਵੀ ਸਰਦਾਰ ਨਹੀਂ, ਉਹ ਵੀ ਦਿਲਜੀਤ, ਰਵਿੰਦਰ ਗਰੇਵਾਲ ਤੇ ਹੋਰਨਾਂ ਕਈ ਗਾਇਕਾਂ ਵਾਂਗ
ਘੋਨਾ-ਮੋਨਾ ਹੈ। ਉਸ ਦੀ ਕਹਿਣੀ ਤੇ ਕਰਨੀ ਇੱਕ ਨਹੀਂ, ਸਗੋਂ ਬੜਾ ਅੰਤਰ ਹੈ ਇਸ
ਵਿੱਚ। ਬਾਬਿਆਂ ਵਾਲੇ ਗੀਤ ਜ਼ਰੀਏ ਬੱਬੂ ਨੇ ਜਿਹੜੀ ਸੋਚ ਦਿਖਾਈ ਹੈ, ਅਸੀਂ ਉਸ ਦਾ
ਤਾਂ ਹੀ ਸਮਰਥਨ ਕਰ ਸਕਦੇ ਹਾਂ ਜੇ ਉਹ ਖੁਦ ਵੀ ਫੱਕਰ ਬਣੇ। ਉਹ ਸਟੇਜਾਂ ’ਤੇ ਚੜ੍ਹ
ਕੇ ਲੋਕਾਂ ਨੂੰ ਇਹ ਨਾ ਆਖਿਆ ਕਰੇ ਕਿ ਫ਼ਲਾਣੇ ਦੀ ਭੈਣ ਮੇਰੇ ’ਤੇ ਸੈਂਟੀ ਹੋ ਗਈ।
ਅਮਰੀਕਾ ਤੇ ਆਸਟ੍ਰੇਲੀਆ ਜਾ ਕੇ ਲੋਕਾਂ ਨੂੰ ਮੰਦਾ ਨਾ ਬੋਲਿਆ ਕਰੇ। ਤੇ ਬਾਬਿਆਂ
ਬਾਰੇ ਵੀ ਅਸੀਂ ਇਹੀ ਕਹਾਂਗੇ ਕਿ ਉਹ ਵੀ ਧਰਮ ਦੀ ਆੜ ਵਿੱਚ ਮਨ ਆਈਆਂ ਨਾ ਕਰਨ, ਸਗੋਂ
ਸੱਚੇ ਦਿਲੋਂ ਸਿੱਖੀ ਦਾ ਪ੍ਰਚਾਰ ਕਰਨ।
ਜਿਹੜੇ ਬਾਬੇ ਸੱਚੇ ਮਨੋਂ ਸਿੱਖੀ
ਨੂੰ ਪ੍ਰਫੁੱਲਿਤ ਕਰ ਰਹੇ ਨੇ, ਉਨ੍ਹਾਂ ਅੱਗੇ ਸਾਡਾ ਸੀਸ ਝੁਕਦਾ ਹੈ ਤੇ ਜਿਹੜੇ
ਕਹਿੰਦੇ ਕੁੱਝ ਨੇ ਤੇ ਕਰਦੇ ਕੁਝ ਹੋਰ ਨੇ, ਉਨ੍ਹਾਂ ਨਾਲ ਸਾਨੂੰ ਸਖ਼ਤ ਨਫ਼ਰਤ ਹੈ। ਪਰ
ਇੱਕ ਸੱਚ ਇਹ ਵੀ ਹੈ ਕਿ ਬਾਬੇ ਭਾਵੇਂ ਜਿੰਨੇ ਗਲ਼ਤ ਹੋਣ, ਉਹ ਅੱਜ ਦੇ ਗਾਉਣ ਵਾਲਿਆਂ
ਨਾਲੋਂ ਇਸ ਗੱਲੋਂ ਚੰਗੇ ਕਹੇ ਜਾ ਸਕਦੇ ਨੇ ਕਿ ਇਨ੍ਹਾਂ ਨੇ ਗਾਇਕਾਂ ਨਾਲੋਂ ਸਮਾਜ ਦਾ
ਘੱਟ ਨੁਕਸਾਨ ਕੀਤਾ ਹੈ। ਜਿਹੜੇ ਗਾਉਣ ਵਾਲਿਆਂ ਨੇ ਬੱਬੂ ਦੀ ਰੀਸੇ ਆਪਣੀ ਕੈਸਿਟ
ਵਿੱਚ ਇੱਕ ਗੀਤ ਕਰਾਰਾ ਪਾਉਣ ਦੀ ਕੋਸ਼ਿਸ਼ ਕਰਨੀ ਹੈ, ਉਨ੍ਹਾਂ ਨੂੰ ਸਾਡੀ ਗੁਜਾਰਿਸ਼ ਹੈ
ਕਿ ਉਹ ਹਰ ਗੀਤ ਤੇ ਹਰ ਗੱਲ ਤਰਕ ਅਧਾਰਤ ਪੇਸ਼ ਕਰਨ, ਨਾ ਕਿ ਹਵਾ ਵਿੱਚ ਡਾਂਗਾਂ
ਮਾਰਨ।
*****
(31 ਜਨਵਰੀ 2010) ਯੂਨੀਕੋਡ