ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

likhari2001@yahoo.co.uk

ਔਰਤ-ਮਰਦ ਸੰਬੰਧਾਂ ਦੀ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ਕਾਰੀ : ''ਜੋਗੀਆਂ ਦੀ ਧੀ"

-ਡਾ. ਰਜਨੀ ਰਾਣੀ-

ਪਰਵਾਸੀ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਬਰਤਾਨੀਆ ਵਿਚ ਰਹਿੰਦੀ ਵੀਨਾ ਵਰਮਾ ਇਕ ਸਥਾਪਿਤ ਲੇਖਿਕਾ ਹੈ। ਉਹ ਪਹਿਲੀ ਰਚਨਾ 'ਮੁੱਲ ਦੀ ਤੀਵੀਂ' ਤੇ ਫਿਰ 'ਫਰੰਗੀਆਂ ਦੀ ਨੂੰਹ' ਨਾਂ ਦੀ ਰਚਨਾ ਨਾਲ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਹੁਣ ਉਸ ਨੇ ਪੰਜਾਬੀ ਸਾਹਿਤ ਨੂੰ ਇਕ ਨਵਾਂ ਕਹਾਣੀ ਸੰਗ੍ਰਹਿ ਦੇ ਕੇ ਆਪਣੀ ਹੋਂਦ ਨੂੰ ਹੋਰ ਮਜਬੂਤ ਕੀਤਾ ਹੈ। ਉਸ ਦੇ ਇਸ ਕਹਾਣੀ ਸੰਗ੍ਰੁਹਿ ਦਾ ਨਾਂ ਫਿਰ ਇਕ ਔਰਤ ਤੋਂ ਹੀ ਸ਼ੁਰੂ ਹੁੰਦਾ ਹੈ। ਕਹਾਣੀ ਸੰਗ੍ਰਹਿ ਦਾ ਨਾਂ ਹੈ 'ਜੋਗੀਆਂ ਦੀ ਧੀ'ਇਸ ਵਿਚ ਕੁੱਲ 15 ਕਹਾਣੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚ ਜੋ ਨਾਰੀ ਬਿੰਬ ਉਭਰ ਕੇ ਸਾਹਮਣੇ ਆਉਂਦਾ ਹੈ ਉਹ ਉਸ ਦੀਆਂ ਪਹਿਲੀਆਂ ਕਹਾਣੀਆਂ ਵਿਚ ਵੀ ਪੇਸ਼ ਹੋ ਚੁੱਕਾ ਹੈ। ਇਹ ਬਿੰਬ ਇੱਕਲਤਾ, ਉਪਰਾਮਤਾ ਤੇ ਵਿਸ਼ਾਦ ਭੋਗਦੀ ਹੋਈ ਨਾਰੀ ਦਾ ਹੈ। ਬੁਨਿਆਦੀ ਤੌਰ ਤੇ ਇਹ ਉਹ ਨਾਰੀ ਹੈ ਜੋ ਮਨ ਦੀ ਆਜ਼ਾਦੀ ਲਈ ਸਥਾਪਿਤ ਸਮਾਜਿਕ ਤੇ ਭਾਈਚਾਰਕ ਪ੍ਰਤਿਮਾਨਾਂ ਨੂੰ ਉਲੰਘਦੀ ਹੈ ਅਤੇ ਸਮਾਜ ਦੇ ਪ੍ਰਤੀ ਬਗਾਵਤ ਕਰਦੀ ਹੈ। ਪਰ ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਸਾਡਾ ਧਿਆਨ ਆਪਣੇ ਵਲ ਆਕਰਸ਼ਿਤ ਕਰਦੀ ਹੈ ਕਿ ਇਸ ਬਗਾਵਤ ਰਾਹੀਂ ਉਹ ਕਿਸੇ ਨਵੇਂ ਜੀਵਨ ਆਦਰਸ਼ ਨੂੰ ਸਿਰਜਣ ਦੇ ਆਹਰ ਵਿਚ ਨਹੀਂ। ਇਸੇ ਲਈ ਉਸ ਨੂੰ ਇਕੱਲਤਾ, ਉਪਰਾਮਤਾ ਤੇ ਵਿਸ਼ਾਦ ਭਰਿਆ ਜੀਵਨ ਜਿਉਂਣਾ ਪੈਦਾ ਹੈ। ਉਹ ਸ਼ਰੇਆਮ ਸੁਤੰਤਰਤਾ ਦਾ ਨਾਅਰਾ ਦਿੰਦੀ ਹੋਈ ਇਕ ਤੋਂ ਵੱਧ ਮਰਦਾਂ ਨਾਲ ਪ੍ਰੇਮ ਸੰਬੰਧ ਗੰਢਦੀ ਹੈ। ਇਹ ਸਭ ਕੁਝ ਕਰਦੀ ਹੋਈ ਉਹ ਇਨਸਾਨੀਅਤ ਦੇ ਰਿਸ਼ਤੇ ਨੂੰ ਪਹਿਲ ਦੇਣ ਦੀ ਗੱਲ ਕਰਦੀ ਹੈ। ਪਰ ਇਸ ਸਭ ਕਾਸੇ ਦੇ ਬਾਵਜੂਦ ਉਹ ਉਪਰਾਮ ਰਹਿੰਦੀ ਹੈ। ਉਸ ਨੂੰ ਕੋਈ ਸ਼ਾਂਤੀ ਜਾਂ ਮਾਨਸਿਕ ਸੰਤੁਸ਼ਟੀ ਹਾਸਲ ਨਹੀਂ ਹੁੰਦੀ।

ਇਨ੍ਹਾਂ ਕਹਾਣੀਆਂ ਵਿਚ ਪੇਸ਼ ਹੋ ਰਹੇ ਪੰਜਾਬੀ ਪਰਵਾਸੀ ਅਜਿਹੀ ਮਾਨਸਿਕ ਅਤੇ ਬੌਧਿਕ ਅਵਸਥਾ ਤੱਕ ਪਹੁੰਚ ਚੁੱਕੇ ਹਨ ਜਿੱਥੇ ਹੇਰਵੇ ਅਤੇ ਨਸਲਵਾਦ ਵਰਗੇ ਸੰਕਲਪ ਉਸ ਤੋਂ ਬਹੁਤ ਪਿੱਛੇ ਰਹਿ ਗਏ ਹਨ। ਪਰ ਇਥੇ ਔਰਤ ਦੀ ਸਮੱਸਿਆ ਦਿਨ ਪ੍ਰਤੀਦਿਨ ਹੋਰ ਗੁੰਝਲਦਾਰ ਹੁੰਦੀ ਜਾ ਰਹੀ ਹੈ। ਔਰਤ ਭਾਵੇਂ ਕਿਥੋਂ ਦੀ ਵੀ ਹੋਵੇ ਉਸ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਹੀ ਹਨ। ਪਰ ਪਰਵਾਸੀ ਔਰਤ ਦਾ ਦਵੰਦ ਇਹ ਹੈ ਕਿ ਨਾ ਤਾਂ ਉਹ ਪਰੰਪਰਾਗਤ ਭਾਰਤੀ ਔਰਤ ਦਾ ਰੋਲ ਨਿਭਾਉਣਾ ਚਾਹੁੰਦੀ ਹੈ ਤੇ ਨਾ ਹੀ ਮਰਦ ਨੂੰ ਲੁਭਾਉਣ ਵਾਲੀ ਔਰਤ ਦਾ। ਉਹ ਲਿੰਗ ਨਿਰਲੇਪ ਮਨੋ-ਅਵਸਥਾ ਵਿਚ ਆਪਣਾ ਸਰੀਰ ਮਰਦ ਨੂੰ ਵਰਤਣ ਦਿੰਦੀ ਹੈ। ਵੀਨਾ ਵਰਮਾ ਆਪਣੀਆਂ ਕਹਾਣੀਆਂ ਵਿਚ ਜਿਸ ਸੁਤੰਤਰ ਹੋਂਦ ਦੀ ਗੱਲ ਕਰਦੀ ਹੈ, ਉਸ ਦਾ ਕੋਈ ਮੂੰਹ-ਮੁਹਾਂਦਰਾ ਉਸ ਤੋਂ ਨਹੀਂ ਬਣਦਾ। ਇਸ ਲਈ ਉਸਦੀ ਸੁਤੰਤਰਤਾ ਸਿਰਫ ਲਿੰਗਕ ਸੁਤੰਤਰਤਾ ਬਣ ਕੇ ਰਹਿ ਜਾਂਦੀ ਹੈ ਜੋ ਉਸਦੀ ਦੁਬਿਧਾ ਦਾ ਹੱਲ ਨਹੀਂ ਹੈ।

ਕਹਾਣੀ ਸੰਗ੍ਰਹਿ ਵਿਚਲੀ ਪਹਿਲੀ ਕਹਾਣੀ 'ਤੂੰ ਕੌਣ ਹੈਂ' ਇਕ ਸੌਦਾਗਰੀ ਦੀ ਕਹਾਣੀ ਜਾਪਦੀ ਹੈ ਜਿਸ ਦੀ ਨਾਇਕਾ ਕਿਰਨ ਜੋ ਇਕ ਤਲਾਕਸ਼ੁਦਾ ਔਰਤ ਹੈ ਉਹ ਆਪਣੇ ਕਿਰਾਏਦਾਰ ਸੁਖਪਾਲ ਨਾਲ ਜਿਸਮਾਨੀ ਦੋਸਤੀ ਪਾਲਦੀ ਹੋਈ ਆਖਦੀ ਹੈ, ''ਜੇ ਤੂੰ ਮੈਨੂੰ ਭੋਗ ਰਿਹਾ ਹੈਂ ਤਾਂ ਮੈਂ ਵੀ ਤੈਨੂੰ ਭੋਗ ਰਹੀ ਹਾਂ। ਕੋਈ ਮੇਰੇ ਨਾਲ ਜ਼ਬਰਦਰਸਤੀ ਨਹੀਂ ਕੀਤੀ ਤੂੰ। ਜੋ ਵੀ ਹੋਇਆ ਮੇਰੀ ਕੰਸੈਂਟ ਨਾਲ ਹੋਇਐ---। ਐਡਲਟ ਹਾਂ ਮੈਂ, ਆਪਣੇ ਕੰਮਾਂ ਲਈ ਰਿਸਪਾਂਸੀਵੱਲ ਹਾਂ। ਮੈਂ ਤੈਨੂੰ ਕੋਈ ਬਲੇਮ ਨਹੀਂ ਦੇ ਰਹੀ। ਦੋ ਜਵਾਨ ਜਿਸਮ ਨੇੜੇ ਹੋਣਗੇ ਤਾਂ ਇਹੀ ਕੁਝ ਹੋਵੇਗਾ।" (ਪੰਨਾ-30) ਸੁਖਪਾਲ ਦੇ ਵਿਆਹ ਦੇ ਪ੍ਰਸਤਾਵ ਨੂੰ ਵੀ ਕਿਰਨ ਇਨਕਾਰ ਕਰਦੀ ਹੋਈ ਆਖਦੀ ਹੈ,''ਇਸ ਲਈ ਮੈਂ ਕੋਈ ਸੀਰੀਅਸ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ। ਮੇਰੇ ਵਰਗੀਆਂ ਔਰਤਾਂ ਨੂੰ ਖ਼ਸਮ ਤਾਂ ਮਿਲ ਜਾਂਦੇ ਨੇ, ਪਰ ਸਾਡੇ ਬੱਚਿਆਂ ਨੂੰ ਬਾਪ ਨਹੀਂ ਮਿਲਦੇ ਕਦੇ ਵੀ। ਸਗੋਂ ਕਈ ਵਾਰ ਇਸ ਕੋਸ਼ਿਸ ਵਿਚ ਉਹ ਆਪਣੀਆਂ ਮਾਵਾਂ ਵੀ ਗੁਆ ਬੈਠਦੇ ਨੇ---।" (ਪੰਨਾ-30.) ਔਰਤ ਆਪਣੀ ਸਵੈ ਇੱਛਾ ਨਾਲ ਪਰੰਪਰਾਗਤ ਨੈਤਿਕ ਮਰਿਆਦਾ ਦਾ ਤਿਆਗ ਕਰਦੀ ਹੈ। ਉਸ ਦੇ ਦੂਜੇ ਮਰਦਾਂ ਨਾਲ ਸੰਬੰਧ ਕਈ ਸਥਿਤੀਆਂ ਤੇ ਲੋੜਾਂ ਵਿਚੋਂ ਬਣਦੇ ਹਨ। ਕਈ ਵਾਰ ਉਹ ਆਪਣੇ ਜਾਂ ਨਾਰੀ ਜਾਤੀ ਤੇ ਹੋਏ ਅਤਿਆਚਾਰ ਦਾ ਬਦਲਾ ਲੈਣ ਲਈ ਅਜਿਹੀ ਜ਼ਿੰਦਗੀ ਬਿਤਾਉਣ ਦੇ ਰਾਹ ਤੇ ਤੁਰਦੀ ਹੈ, ਜਾਂ ਉਹ ਆਪਣੇ ਅੰਦਰ ਦੀ ਕਿਸੇ ਥੁੜ, ਇਕੱਲ ਜਾਂ ਸੁੰਨ ਭਰਨ ਲਈ ਇਹ ਰਾਹ ਅਪਣਾਉਂਦੀ ਹੈ। ਉਦਾਹਰਣ ਦੇ ਤੋੌਰ ਤੇ ਕਿਰਨ ਦੇ ਇਹ ਸ਼ਬਦ,''ਇਹਦੇ 'ਚ ਬੁਰਾਈ ਵੀ ਕੀ ਹੈ? ਜੋ ਤੁਸੀ ਸਾਨੂੰ ਸਦੀਆਂ ਤੋਂ ਦੇ ਰਹੇ ਹੋ ਉਹ ਹੁਣ ਅਸੀਂ ਤੁਹਾਨੂੰ ਵਿਆਜ ਸਮੇਤ ਮੋੜ ਰਹੀਆਂ ਹਾਂ। ਕਿਹੜੇ ਪਿਆਰ ਦੀ ਗੱਲ ਕਰਦਾ ਹੈਂ ਤੂੰ? ਕਿਤਾਬਾਂ ਤੇ ਫਿਲਮਾਂ ਵਾਲੇ ਪਿਆਰ ਦੀ, ਜਿਸ ਵਿਚ ਲਵਰਜ਼ ਇਕ ਦੂਜੇ ਲਈ ਜਾਨ ਦੇ ਦਿੰਦੇ ਨੇ? (ਪੰਨਾ-29.) ਇਸ ਤਰ੍ਹਾਂ ਸੁਖਪਾਲ ਦੇ ਜਾਣ ਦੀ ਗੱਲ ਸੁਣ ਕੇ ਉਹ ਕਹਿੰਦੀ ਹੈ:-''ਅੱਪ ਟੂ ਯੂ। ਤੂੰ ਚਲਾ ਜਾਵੇਗਾ ਤਾਂ ਕੋਈ ਹੋਰ ਆ ਜਾਵੇਗਾ। ਜੱਗੇ ਜੰਮਦੇ ਰਹਿਣਗੇ---।" (ਪੰਨਾ-31.) ਇਸ ਪ੍ਰਕਾਰ ਇਹ ਕਹਾਣੀ ਨਾਰੀਵਾਦੀ ਸੁਰ ਦੀ ਧਾਰਨੀ ਹੋ ਨਿਬੜਦੀ ਹੈ। ਇੱਥੇ ਔਰਤ ਭਟਕਦੀ ਹੀ ਰਹਿੰਦੀ ਹੈ ਤੇ ਇਕ ਤੋਂ ਬਾਦ ਦੂਜੇ ਦੇ ਆਉਣ ਦਾ ਇੰਤਜਾਰ ਕਰਦੀ ਹੈ।

ਕਹਾਣੀ ਸੰਗ੍ਰੁਹਿ ਦੀ ਦੂਜੀ ਕਹਾਣੀ 'ਨਵਾਂ ਮਾਸ' ਦੋ ਭੈਣਾਂ ਦੇ ਖੂਨ ਦੇ ਰਿਸ਼ਤੇ ਵਿਚ ਪਈ ਦਰਾਰ ਨੂੰ ਪੇਸ਼ ਕਰਦੀ ਹੈ। ਆਦਮੀ ਦਾ ਰਿਸ਼ਤਾ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਇਸ ਦੇ ਲਈ ਹਰ ਰਿਸ਼ਤੇ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਇਸ ਕਹਾਣੀ ਵਿਚ ਇਹ ਸਥਿਤੀ ਨਾਇਕ ਜਸਵੀਰ ਤੇ ਰਾਜਵਿੰਦਰ ਦੇ ਪਤੀ ਦੇ ਕਾਰਨ ਪੈਦਾ ਹੁੰਦੀ ਹੈ। ਜਿਸਦਾ ਅਸਰ ਰਾਜਵਿੰਦਰ ਤੇ ਇੰਨਾ ਹੁੰਦਾ ਹੈ ਕਿ ਉਹ ਫ਼ਜ਼ੂਲ ਆਪਣੇ ਪੁੱਤਰ ਗੈਰੀ (ਗੁਰਵਿੰਦਰ) ਨੂੰ ਮਾਰਦੀ ਪਿੱਟਦੀ ਹੈ। ਪਤੀ ਜਸਵੀਰ ਦੇ ਤੇ ਛੋਟੀ ਭੈਣ ਸ਼ਰਨ ਦੇ ਵੱਖ ਹੋਣ ਤੋਂ ਬਾਦ ਰਾਜਵਿੰਦਰ ਮੁੜ ਆਪਣੇ ਕਮਰੇ ਵਿਚ ਨਹੀਂ ਜਾਂਦੀ ਤੇ ਆਖਦੀ ਹੈ, ''ਬੈੱਡਰੂਮ ਮੈਨੂੰ ਖਾਣ ਨੂੰ ਆਂਦਾ ਹੈ, ਖਾਲੀ ਬਿਸਤਰ ਸੱਪ ਵਾਂਗ ਲੜਦਾ ਹੈ ਮੇਰੇ। ਇਸੇ ਬਿਸਤਰ ਤੇ ਕਦੇ ਮੈਂ ਆਪਣਾ ਆਪ ਜਸਵੀਰ ਨੂੰ ਸੌਪਿਆ ਸੀ ਤੇ ਇਕ ਰਾਤ ਲਈ ਵੀ ਉਹ ਮੇਰੇ ਤੋਂ ਵੱਖ ਨਹੀਂ ਸੀ ਸੁੱਤਾ। ਹੁਣ---ਹੁਣ ਮੈਂ ਇਥੇ ਹੀ ਸੋਫੇ ਤੇ ਕੰਬਲ ਸੁੱਟ ਕੇ ਪਈ ਰਹਿੰਦੀ ਹਾਂ, ਬੈਡਰੂਮ ਮੈਂ ਕਦੇ ਨਹੀਂ ਖੋਲ੍ਹਿਆ।" (ਪੰਨਾ-47) ਬਿਰਤਾਂਤਕਾਰ ਦੇ ਇਹ ਪੁੱਛਣ ਤੇ ਕਿ ਕੀ ਉਸਦੀ ਭੈਣ ਕਾਫੀ ਸੋਹਣੀ ਹੈ? ਦੇ ਜਵਾਬ ਵਿਚ ਉਹ ਆਖਦੀ ਹੈ, ''ਸੋਹਣੀ ਕਿਥੇ? ਮੇਰੇ ਤੇ ਪਰਛਾਵੇਂ ਵਰਗੀ ਵੀ ਨਹੀਂ ਹੈਗੀ ਉਹ ਪਰ ਨਵਾਂ ਮਾਸ ਤਾਂ ਜਾਨਵਰਾਂ ਤੇ ਪੰਛੀਆਂ ਨੂੰ ਵੀ ਪਾਗਲ ਕਰ ਦਿੰਦਾ ਹੈ ਤੇ ਉਹ ਸੈਕੜੇ ਮੀਲ ਤੋਂ ਇਸ ਦੀ ਗੰਧ ਸੁੰਘ ਕੇ ਭੱਜੇ ਆਉਂਦੇ ਨੇ। ਜਸਵੀਰ ਦੇ ਘਰ 'ਚ ਤਾਂ ਇਹ ਮਾਸ ਜਿਉਂਦਾ ਜਾਗਦਾ ਤੁਰਿਆ ਫਿਰਦਾ ਸੀ, ਫੇਰ ਉਸਨੂੰ ਇਸ ਦਾ ਨਸ਼ਾ ਕਿਉਂ ਨਾ ਚੜ੍ਹਦਾ। ਹਰ ਬੰਦੇ ਚ ਦਰਿੰਦਾ ਹੁੰਦਾ ਹੈ ਜੋ ਮੋਕਾ ਪੈਣ ਤੇ ਬਾਹਰ ਆ ਹੀ ਜਾਂਦੈ। ਇਹਦੇ ਵਿਚ ਉਸ ਦਾ ਕੀ ਦੋਸ਼।" (ਪੰਨਾ-47.)

ਇਸ ਕਹਾਣੀ ਦਾ ਸੱਚ ਇਹ ਹੈ ਕਿ ਜਸਵੀਰ ਜਿਹੇ ਮਰਦ ਕੇਵਲ ਵਰਤਮਾਨ ਦੇ ਸੁੱਖ ਨੂੰ ਹੀ ਸਦੀਵੀ ਬਣਾਉਣਾ ਚਾਹੁੰਦੇ ਹਨ। ਜਸਵੀਰ ਦੇ ਬੋਲਾਂ ਵਿਚ ਜੋ ਉਹ ਆਪਣੀ ਪਤਨੀ ਰਾਜਵਿੰਦਰ ਨੂੰ ਆਖਦਾ ਹੈ,''ਇਸ਼ਕ 'ਚ ਤਾਂ ਤੂੰ ਵੀ ਪਾਗਲ ਹੋਈ ਪਈ ਹੈਂ ਮੇਰੇ ਵਿਚ, ਪਰ ਕਿੰਨਾ ਉੱਚਾ ਹੈ ਉਸਦਾ ਇਸ਼ਕ ਕਿ ਉਹ ਮੇਰੀਆਂ ਸੌ ਕਮੀਆਂ ਦੇ ਬਾਵਜੂਦ ਮੈਨੂੰ ਇਸ਼ਕ ਕਰਦੀ ਹੈ ਤੇ ਤੂੰ ਸਿਰਫ਼ ਮੈਨੂੰ ਆਪਣੀ ਜਾਇਦਾਦ ਸਮਝਦੀ ਹੈਂ। ਉਹ ਬੱਚਿਆਂ ਸਮੇਤ ਤੇ ਤੇਰੇ ਸਮੇਤ ਮੇਰੇ ਨਾਲ ਰਹਿਣ ਲਈ ਤਿਆਰ ਹੈ ਤੇ ਤੂੰ ਸਕੀ ਭੇੈਣ ਨੂੰ ਬਰਦਾਸ਼ਤ ਨਹੀਂ ਕਰਦੀ।" (ਪੰਨਾ-44.) ਦੂਜੇ ਪਾਸੇ ਕਹਾਣੀ ਇਹ ਵੀ ਪ੍ਰਗਟ ਕਰਦੀ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਹਰ ਰਿਸ਼ਤੇ ਦਾ ਰੰਗ ਸਫ਼ੇਦ ਹੋ ਜਾਂਦਾ ਹੈ। ਸ਼ਰਨ ਦੇ ਆਖੇ ਹੋਏ ਇਹ ਬੋਲ, ''ਭੈਣ, ਮੈਂ ਬਚਪਨ ਤੋਂ ਤੇਰੀ ਜੂਠ, ਹੰਢਾਂਦੀ ਰਹੀ ਹਾਂ, ਤੇਰੇ ਪੁਰਾਣੇ ਕੱਪੜੇ ਪੁਰਾਣੀਆਂ ਜੁੱਤੀਆਂ ਤੇ ਪੁਰਾਣਾ ਸਮਾਨ। ਤੂੰ ਕਦੇ ਇਤਰਾਜ਼ ਨਹੀਂ ਕੀਤਾ ਬਲਕਿ ਫ਼ਖਰ ਸਮਝਦੀ ਰਹੀ ਕਿ ਤੂੰ ਅਮੀਰ ਹੈਂ, ਤੇਰਾ ਸੁੱਟਿਆ ਖੋਰ ਮੈਂ ਵਰਤਦੀ ਹਾਂ। ਤੇਰੇ ਵਰਤੇ ਹੋਏ ਆਦਮੀ ਨੂੰ ਜੇ ਮੈਂ ਵਰਤ ਲਵਾਂਗੀ ਤਾਂ ਕਿਹੜਾ ਗਾਂ ਕੋਠੇ ਚੜ੍ਹ ਜਾਵੇਗੀ? (ਪੰਨਾ-42.)

ਰਾਜਵਿੰਦਰ ਦੇ ਸਕੀ ਭੈਣ ਹੋਣ ਦਾ ਤਰਲਾ ਕਰਨ ਤੇ ਵੀ ਉਹ ਆਖਦੀ ਹੈ,''ਉਹ ਡੈਣ ਇੰਡੀਆ 'ਚ ਰਹਿੰਦੀ ਹੋਣੀ, ਇੰਗਲੈਂਡ 'ਚ ਨਹੀਂ। ਇਥੇ ਕੋਈ ਡੈਣ ਕਿਸੇ ਦਾ ਘਰ ਨਹੀਂ ਛੱਡਦੀ।" (ਪੰਨਾ-43.) ਇਸ ਕਹਾਣੀ ਦਾ ਨਾਇਕ ਆਪਣੀ ਸਾਲੀ ਸ਼ਰਨ ਨਾਲ ਘਰ ਬਾਰ ਵਸਾ ਲੈਂਦਾ ਹੈ ਪਰ ਸ਼ਾਇਦ ਉਹ ਦਿਲ ਤੋਂ ਅਵਾਰਾ ਬਣਿਆ ਰਹਿਣਾ ਚਾਹੁੰਦਾ ਹੈ। ਇਸੇ ਲਈ ਰਾਜਵਿੰਦਰ ਦੀ ਰੋਕ ਟੋਕ ਉਸ ਨੂੰ ਪਸੰਦ ਨਹੀਂ। ਉਹ ਪਰੰਪਰਾਗਤ ਬੰਧਨ ਨੂੰ ਨਿਭਾਉਣ ਵਾਲਾ ਮਰਦ ਹੈ। ਇਹ ਉਸਦੀ ਪਤਨੀ ਰਾਜਵਿੰਦਰ ਦੇ ਸ਼ਬਦਾਂ ਤੋਂ ਸਪੱਸ਼ਟ ਹੋ ਕੇ ਵੀ ਸਾਹਮਣੇ ਆਉਂਦਾ ਹੈ, ''ਕਈ ਵਾਰ ਸੋਚਦੀ ਹੁੰਦੀ ਹਾਂ ਕਿ ਸ਼ਰਨ ਨੂੰ ਕੀ ਮਿਲਿਆ? ਉਸ ਨੂੰ ਲੱਗਦਾ ਸੀ ਕਿ ਮੇਰਾ ਆਦਮੀ ਬਹੁਤ ਚੰਗਾ ਹੈ, ਜਿਵੇਂ ਮੈਨੂੰ ਪਿਆਰ ਕਰਦਾ ਹੈ, ਉਵੇਂ ਹੀ ਉਸ ਨੂੰ ਵੀ ਕਰੇਗਾ। ਪਾਗਲ ਨੇ ਇਹ ਨਹੀਂ ਸੋਚਿਆ ਕਿ ਅਜਮਾਏ ਹੋਏ ਨੂੰ ਕੀ ਅਜਮਾਉਣਾ।" (ਪੰਨਾ-46.) ਪਰ ਦੂਜੇ ਹੀ ਪਲ ਉਹ ਫਿਰ ਆਖਦੀ ਹੈ:-''ਜਸਵੀਰ ਨੇ ਬਿਨਾ ਲੜੇ ਘੁਲੇ ਮੈਨੂੰ ਖਰਚਾ ਦੇਣਾ ਸ਼ੁਰੂ ਕਰ ਦਿੱਤਾ ਤੇ ਘਰ ਵੀ ਮੇਰੇ ਨਾਮ ਕਰ ਦਿੱਤਾ। ਆਪ ਉਹ ਸ਼ਰਨ ਨਾਲ ਕਿਰਾਏ ਦੇ ਕਮਰੇ ਵਿਚ ਰਹਿਣ ਲੱਗ ਪਿਆ। ਦੋਵੇਂ ਇਸ਼ਕ 'ਚ ਸ਼ਹੀਦ ਹੋ ਰਹੇ ਸੀ, ਦੁਨੀਆਂ ਨੂੰ ਦੱਸ ਰਹੇ ਸੀ ਕਿ ਇਸ਼ਕ ਕਿੰਨਾ ਮਹਾਨ ਹੈ, ਲੋਕਾਂ ਨੂੰ ਘਰ ਬਾਰ ਲੁਟਾਉਣ ਤੇ ਮਜਬੂਰ ਕਰ ਦਿੰਦਾ ਹੈ। ਮੈਂ ਜੋ ਤਪ ਕੀਤਾ ਸੀ, ਉਹਦਾ ਫਲ ਮੈਨੂੰ ਸਜ਼ਾ ਬਣ ਕੇ ਮਿਲਿਆ।" (ਪੰਨਾ-46.)

ਰਾਜਵਿੰਦਰ ਦੇ ਆਪਣੇ ਹੀ ਸ਼ਬਦਾਂ ਵਿਚ ਜਸਵੀਰ ਦੇ ਦੋ ਰੂਪ ਸਾਹਮਣੇ ਆਉਂਦੇ ਹਨ ਇਕ ਪਾਸੇ ਉਸ ਨਾਲ ਬੇਵਫ਼ਾਈ ਕਰਨ ਤੇ ਦੂਜੇ ਪਾਸੇ ਉਸ ਦੀ ਛੋਟੀ ਭੈਣ ਨਾਲ ਵਫ਼ਾ ਨਿਭਾਉਣ ਦੇ। ਰਾਜਵਿੰਦਰ ਦੀ ਭੈਣ ਸ਼ਰਨ ਵੀ ਭੈਣ ਦੀ ਘਰੇਲੂ ਮਦਦ ਕਰਦੀ ਹੋਈ ਆਪਣੇ ਹੱਕਾਂ ਨੂੰ ਇਵੇਂ ਜਤਾਉਂਦੀ ਹੈ, ''ਤੂੰ ਕਿਹੜਾ ਸਹਾਰਾ ਦਿੱਤਾ ਹੈ ਮੈਨੂੰ? ਸਾਰਾ ਦਿਨ ਮੈਂ ਤੇਰੇ ਘਰ 'ਚ ਭਾਂਡੇ ਮਾਂਜਦੀ ਹਾਂ ਜਾਂ ਸਫ਼ਾਈਆਂ ਕਰਦੀ ਹਾਂ। ਜੇ ਤੂੰ ਮੈਨੂੰ ਰਹਿਣ ਲਈ ਕਮਰਾ ਦੇ ਦਿੱਤਾ ਹੈ ਤਾਂ ਇਸ ਨੂੰ ਸਹਾਰਾ ਸਮਝਦੀ ਹੈਂ? ਇਹੋ ਜਿਹਾ ਨੌਕਰਪੁਣਾ ਤਾਂ ਮੈਂ ਕਿਤੇ ਵੀ ਕਰ ਸਕਦੀ ਹਾਂ।" (ਪੰਨਾ-40.) ਔਰਤ ਦੀ ਦੁਸ਼ਮਣ ਔਰਤ ਹੈ ਇਹ ਵੀ ਤੱਥ ਇਥੇ ਪੇਸ਼ ਹੁੰਦਾ ਹੈ। ਜਦੋਂ ਸ਼ਰਨ ਆਖਦੀ ਹੈ, ''ਔਰਤ ਜੇ ਔਰਤ ਦੀ ਮਦਦ ਕਰੇ ਤਾਂ ਫਿਰ ਗੱਲਾਂ ਹੀ ਕਾਹਦੀਆਂ? ਔਰਤ ਦੇ ਹੱਥ ਜੇ ਦੂਜੀ ਔਰਤ ਆ ਜਾਂਦੀ ਹੈ ਤਾਂ ਰਗੜ ਕੇ ਰੱਖ ਦਿੰਦੀ ਹੈ। ਜਿਵੇਂ ਭੁੱਖੇ ਬਿੱਲੇ ਦੇ ਹੱਥ ਬਟੇਰ ਲੱਗ ਗਿਆ ਹੋਵੇ। ਭਾਂਡੇ ਮੰਜਵਾਣੇ, ਸਫ਼ਾਈਆਂ ਕਰਵਾਉਣੀਆਂ, ਕੱਪੜੇ ਧੁਲਾਣੇ, ਰੋਟੀਆਂ ਪਕਵਾਉਣੀਆਂ, ਗੱਲ ਕੀ ਸਾਰਾ ਗੋੱਲੀ- ਧੰਦਾ ਉਹ ਉਸ ਮਜਬੂਰ ਔਰਤ ਤੋਂ ਕਰਵਾਉਂਦੀ ਹੈ। ਪਰ ਇਕ ਆਪਣੇ ਮਰਦ ਦੇ ਨੇੜੇ ਨਹੀਂ ਲੱਗਣ ਦਿੰਦੀ, ਉਹਦੀ ਸੇਵਾ ਸਾਵਿਤਰੀ ਬਣ ਕੇ ਆਪ ਕਰਦੀ ਹੈ। ਏਨੀ ਕੁ ਜ਼ਰੂਰ ਹੋਸ਼ ਚ ਰਹਿੰਦੀ ਹੈ ਉਹ।" (ਪੰਨਾ-41.)

ਸ਼ਰਨ ਮਰਦ ਦਾ ਪੱਖ ਪੂਰਦੀ ਹੋਈ ਆਖਦੀ ਹੈ:- ''ਮਰਦ ਹੀ ਹੈ, ਜਿਹੜਾ ਮਾੜਾ ਜ੍ਹਾ ਕਹਿਣ ਤੇ ਔਰਤ ਕੋਲ ਭੱਜਿਆ ਆਂਦਾ ਹੈ।" (ਪੰਨਾ-40.) ਉਹ ਇਸ ਗੱਲ ਦਾ ਇਲਜ਼ਾਮ ਵੀ ਔਰਤ ਤੇ ਹੀ ਦਾਗਦੀ ਹੈ ਕਿ ਔਰਤ ਹੀ ਔਰਤ ਨੂੰ ਮਰਦ ਨਾਲ ਸੰਬੰਧ ਬਣਾਉਣ ਲਈ ਮਜਬੂਰ ਵੀ ਕਰਦੀ ਹੈ। ਜੇ ਔਰਤ ਸੱਚੇ ਦਿਲੋਂ ਔਰਤ ਦਾ ਸਾਥ ਦੇਵੇ ਤਾਂ ਮਰਦਾਂ ਨੂੰ ਮਾਤ ਦੇ ਸਕਦੀ ਹੈ। ਪਰ ਅਜਿਹਾ ਨਾ ਕਰਕੇ ਉਹ ਅੋਰਤ ਨੂੰ ਮਾਤ ਦਿੰਦੀ ਹੈ ਤੇ ਸਾਰਾ ਦੋਸ਼ ਮਰਦਾਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਔਰਤਾਂ ਨੂੰ ਖਰਾਬ ਕਰਦੇ ਹਨ। ਇਸ ਕਹਾਣੀ ਦੀਆਂ ਕਈ ਪਰਤਾਂ ਖੁੱ਼ਲ੍ਹਦੀਆਂ ਹਨ। ਇਹ ਸਾਰੀ ਕਹਾਣੀ ਪਿਛਲ-ਝਾਤ ਵਿਧੀ ਦੁਆਰਾ ਨਾਇਕਾ ਬਿਰਤਾਂਤਕਾਰਾ ਨੂੰ ਸੁਣਾਉਂਦੀ ਹੈ। ਸੱਚ ਤਾਂ ਇਹ ਹੈ ਕਿ ਔਰਤ ਚਾਹੇ ਪਤਨੀ ਹੋਵੇ ਤੇ ਚਾਹੇ ਪ੍ਰੇਮਿਕਾ ਉਹ ਖ਼ੁਦ ਹੀ ਨਹੀਂ ਜਾਣਦੀ ਕਿ ਉਹ ਚਾਹੁੰਦੀ ਕੀ ਹੈ? ਸੁਤੰਤਰਤਾ ਕੀ ਹੈ?

'ਮੇਰਾ ਘਰ ਕਿੱੇਥੇ ਹੈ' ਕਹਾਣੀ ਦੋ ਭੈਣਾਂ ਚੰਦ ਕੌਰ ਤੇ ਤਾਜ ਕੌਰ ਦੀ ਕਹਾਣੀ ਹੈ। ਜਿੱਥੇ ਇਕ ਪਾਸੇ ਕਹਾਣੀ 'ਨਵਾਂ ਮਾਸ' ਵਿਚ ਭੈਣ ਹੀ ਭੈਣ ਦਾ ਘਰ ਤੋੜਦੀ ਹੈ ਉਥੇ ਦੂਜੇ ਪਾਸੇ ਇਸ ਕਹਾਣੀ ਵਿਚ ਚੰਦ ਕੌਰ ਤੇ ਤਾਜ ਕੌਰ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਚੰਦ ਕੌਰ ਦਾ ਹੋਣ ਵਾਲਾ ਪਤੀ ਹਰਨੇਕ ਇਕ ਦੁਰਘਟਨਾ ਵਿਚ ਮਾਰਿਆ ਜਾਂਦਾ ਹੈ ਤੇ ਫਿਰ ਦੋਹਾਂ ਭੈਣਾਂ ਦਾ ਵਿਆਹ ਗੁਰਮੁਖ ਸਿੰਘ ਨਾਲ ਕਰ ਦਿੱਤਾ ਜਾਂਦਾ ਹੈ। ਪਰ ਤ੍ਰਾਸਦੀ ਇਥੇ ਇਹ ਵਾਪਰਦੀ ਹੈ ਕਿ ਸਮਾਂ ਪਾ ਕੇ ਤਾਜ ਕੌਰ ਵੀ ਦੁਨੀਆ ਤੋਂ ਚਲੀ ਜਾਂਦੀ ਹੈ ਪਰ ਚੰਦ ਕੌਰ ਅਜੇ ਵੀ ਆਪਣੇ ਮਰੇ ਹੋਏ ਮੰਗੇਤਰ ਤੋਂ ਘਰ ਦੀ ਭਾਲ ਕਰਦੀ ਹੋਈ ਆਖਦੀ ਹੈ, ''ਮੈਂ ਸਾਰੀ ਉਮਰ ਬੇਗਾਨਿਆਂ ਦਰਾਂ ਤੇ ਰਹੀ...। 'ਮੇਰਾ ਘਰ ਕਿੱਥੇ ਹੈ...? ਵੇ ਨੇਕ...ਮੇਰਾ ਘਰ ਕਿੱਥੇ ਹੈ ਵੇ...ਵੇ...? ਨੇਕ...ਨੇਕ...ਨੇਕ...।" (ਪੰਨਾ-66.) ਹਰ ਭਾਰਤੀ ਔਰਤ ਦੇ ਲਈ ਇਕ ਸੁਪਨਿਆਂ ਦੇ ਰਾਜਕੁਮਾਰ ਤੇ ਇਕ ਘਰ ਦੀ ਕਿੰਨੀ ਜਰੂਰਤ ਹੁੰਦੀ ਹੈ? ਅਗਰ ਉਸ ਦੇ ਸੁਪਨਿਆਂ ਵਿਚੋਂ ਕੋਈ ਇਕ ਚੀਜ਼ ਵੀ ਉਸ ਨੂੰ ਅੱਧੀ ਅਧੂਰੀ ਮਿਲਦੀ ਹੈ ਤਾਂ ਉਹ ਆਪਣੇ ਦਿਮਾਗ ਦਾ ਸੰਤੁਲਨ ਖੋ ਬੈਠਦੀ ਹੈ।

ਕਹਾਣੀ 'ਸਾਂਝੀ ਰੰਨ' ਵਿਚ ਚਾਨਣ ਰਾਮ ਤੇ ਗਰੀਬ ਦਾਸ ਦੋਵੇ ਮਰਦ ਇਕੋਂ ਪਰਵਾਸੀ ਔਰਤ ਨੂੰ ਭੋਗਦੇ ਹਨ। ਜਿਨ੍ਹਾਂ ਤੋਂ ਨਾਇਕਾ ਅੰਗੂਰੀ ਇਕ ਮੁੰਡਾ ਤੇ ਇਕ ਕੁੜੀ ਨੂੰ ਜਨਮ ਦਿੰਦੀ ਹੈ। ਪਰ ਚਾਨਣ ਦੋਵੇਂ ਬੱਚੇ ਆਪਣੇ ਹੀ ਸੋਚਦਾ ਹੈ। ਗੱਲ ਦਾ ਖੁਲਾਸਾ ਉੱਥੇ ਹੁੰਦਾ ਹੈ ਜਦੋਂ ਗਰੀਬ ਦਾਸ ਅੰਗੂਰੀ ਦੇ ਕਹਿਣ ਤੇ ਕੁੜੀ ਦਾ ਕੰਨਿਆਦਾਨ ਕਰਨ ਲਈ ਆਉਂਦਾ ਹੈ। ਇਸ ਤਰ੍ਹਾਂ ਇਹ ਤਿੰਨੋਂ ਕਹਾਣੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਨੂੰ ਪੇਸ਼ ਕਰਦੀਆਂ ਹਨ। ਔਰਤ ਕੇਂਦਰ ਵਿਚ ਹੈ ਕਦੇ ਇਕ ਔਰਤ ਨੂੰ ਦੋ ਮਰਦ ਭੋਗਦੇ ਹਨ ਤੇ ਕਦੇ ਦੋ ਔਰਤਾਂ ਨੂੰ ਇਕ ਮਰਦ ਭੋਗਦਾ ਹੈ। ਘਰ ਸਭ ਦੇ ਟੁੱਟਦੇ ਹੀ ਰਹਿੰਦੇ ਹਨ। ਉਪਰਾਮਤਾ ਹਰ ਪਾਸੇ ਹੇੈ ਕਿਸੇ ਨੂੰ ਪਤਾ ਹੀ ਨਹੀਂ ਕਿ ਬੱਚਾ ਕਿਸ ਦਾ ਹੈ। ਇਹ ਸਭ ਕਿਸ ਦੇ ਲਈ, ਜਦ ਕਿ ਵਿਸ਼ਵਾਸ ਕਿਸੇ ਵਿਚ ਵੀ ਨਹੀਂ। ਇਸ ਤਰ੍ਹਾਂ ਔਰਤ ਅੱਜ ਵੀ ਇਕ ਜ਼ਮੀਨ ਹੀ ਹੈ ਜਿਸ ਨੂੰ ਕੋਈ ਵੀ ਵਾਹ ਲਵੇ। ਅੰਗੂਰੀ ਦੇ ਸ਼ਬਦਾਂ ਵਿਚ:-''ਲੋਕਾਂ ਨੂੰ ਪਤੈ ਬਈ ਤੁਸੀਂ ਰੰਨ ਸਾਂਝੀ ਰੱਖੀ ਹੋਈ ਸੀ...ਜਦੋਂ ਉਦੋਂ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਫੇਰ ਹੁਣ ਕਾਹਦੀ ਸ਼ਰਮਿੰਦਗੀ ਐ...ਸਾਂਝੀ ਜ਼ਮੀਨ 'ਚੋਂ ਸਾਂਝੀ ਫਸਲ ਈ ਉਗਦੀ ਹੁੰਦੀ ਐ...ਇਹ ਗੱਲ ਕਿਸੇ ਤੋਂ ਲੁਕੀ ਨਹੀਂ...। ਨਾਲੇ ਕਿਹੜਾ ਬੀਜ ਕਿਵੇਂ ਪਿਆ ਇਹ ਭੇਦ ਸਿਰਫ ਧਰਤੀ ਹੀ ਜਾਣਦੀ ਐ ਬੀਜਣ ਵਾਹੁਣ ਵਾਲਿਆਂ ਨੂੰ ਤਾਂ ਸਿਰਫ ਭੁਲੇਖੇ ਹੀ ਹੁੰਦੇ ਨੇ...।" (ਪੰਨਾ-91.)

ਕਹਾਣੀ 'ਅੱਧਾ ਤੇਰਾ ਅੱਧਾ ਮੇਰਾ' ਇਕ ਪਰਵਾਸੀ ਤੇ ਇਕ ਵਿਦੇਸ਼ੀ ਨਾਇਕਾ ਰੂਬੀ ਤੇ ਕੈਮੀ ਦੀ ਆਪਸੀ ਦੋਸਤੀ ਦੀ ਦਾਸਤਾਂ ਪੇਸ਼ ਕਰਦੀ ਹੈ। ਦੋਵੇਂ ਸਹੇਲੀਆਂ ਮੰਨੋਰੰਜਨ ਦੀਆਂ ਹਰ ਥਾਵਾਂ ਤੇ ਜਾਂਦੀਆਂ ਹਨ। ਕੈਮੀ, ਰੂਬੀ ਨੂੰ ਲੈਜ਼ਬੀਅਨ ਕੁੜੀਆਂ ਨਾਲ ਮਿਲਾਉਂਦੀ ਹੈ ਜੋ ਬੜੇ ਮਜ਼ੇ ਨਾਲ ਮਰਦ ਔਰਤ ਦੇ ਜੋੜਿਆਂ ਵਾਂਗ ਇੱਕਠੀਆਂ ਰਹਿ ਰਹੀਆਂ ਸਨ ਤੇ ਮਿਲ ਕੇ ਇੱਕਠੀਆਂ ਇਕ ਦੂਜੇ ਨਾਲ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ। ਕੈਮੀ ਇਨ੍ਹਾਂ ਸੰਬੰਧਾਂ ਬਾਰੇ ਰੂਬੀ ਨੂੰ ਜਾਣਕਾਰੀ ਦਿੰਦੀ ਹੋਈ ਆਖਦੀ ਹੈ:-''ਹਾਂ ਰੂਬੀ ਸਾਡੇ ਜਨਮ ਦੀ ਪਹਿਲੀ ਸਟੇਜ ਤੇ ਹੀ ਸਾਡੇ ਜੀਨਜ਼ ਤੇ ਹਾਰਮੋਨਜ਼ ਦਾ ਫੈਸਲਾ ਕੁਦਰਤ ਕਰ ਦਿੰਦੀ ਹੈ। ਜੀਨਜ਼ ਅਤੇ ਐਕਸ ਵਾਈ ਕ੍ਰੋਮੋਸੋਮਜ਼ ਸਾਡੇ ਮਰਦ ਜਾਂ ਔਰਤ ਹੋਣ ਦਾ ਕਾਰਨ ਬਣਦੇ ਨੇ। ਜਿਥੇ ਵੀ ਕਿਤੇ ਥੋੜ੍ਹੀ ਜਿਹੀ ਗੜਬੜ ਹੋ ਗਈ ਤਾਂ ਆਦਮੀ ਦੇ ਹਾਰਮੋਨਜ਼ ਤੇ ਫ਼ਰਕ ਪੈ ਜਾਂਦਾ ਹੈ। ਉਵੇਂ ਹੀ ਜਿਵੇਂ ਕਈ ਪੌਦੇ ਇੱਕਠੇ ਲਗਾਏ ਜਾਂਦੇ ਹਨ ਪਰ ਕਿਸੇ ਕਿਸੇ ਤੇ ਅਜੀਬ ਗਰੀਬ ਪੱਤੇ ਤੇ ਫੁੱਲ ਵੀ ਨਿਕਲ ਆਉਂਦੇ ਨੇ...ਇਹ ਸਭ ਕੁਦਰਤ ਦੀ ਖੇਡ ਹੈ...। ਹੋਮੋਸੈਕਸੁਅਲ ਬੰਦਿਆਂ 'ਚ ਵੀ ਅਜਿਹੇ ਹੌਰਮੋਨਜ਼ ਵੱਧ ਜਾਂਦੇ ਹਨ ਜਿਸ ਨਾਲ ਉਹ ਆਪਣੇ ਹੀ ਸੈਕਸ ਦੇ ਬੰਦੇ ਵੱਲ ਜ਼ਿਆਦਾ ਅਟ੍ਰੈਕਟ ਹੁੰਦੇ ਨੇ...। ਦਿਸ ਇਜ਼ ਨੈਚੁਰਲ...ਇਸ 'ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ...ਤੇ ਉਹ ਇਹ ਕੰਮ ਜਾਣ ਬੁੱਝ ਕੇ ਨਹੀੰ ਕਰਦੇ...। ਕਿਸੇ ਨੂੰ ਕਿਸੇ ਨਾਲ ਪਿਆਰ ਹੋਣਾ ਨੈਚੁਰਲ ਫੀਲਿੰਗ ਹੈ...। ਜੇ ਮਰਦ ਔਰਤ ਆਪਸ ਚ ਪਿਆਰ ਕਰ ਸਕਦੇ ਨੇ ਤਾਂ ਫਿਰ ਗੇਅ ਜਾਂ ਲੈਜ਼ਬੀਅਨ ਕਿਉਂ ਨਹੀਂ ਕਰ ਸਕਦੇ...? ਐਵਰੀਬਾਡੀ ਹੈਜ਼ ਏ ਰਾਇਟ ਟੂ ਹੈਵ ਲਵ ਐਂਡ ਫਿਜ਼ੀਕਲ ਸੈਟਿਸਫੈਕਸ਼ਨ...।" (ਪੰਨਾ-101.) ਇਸ ਤਰ੍ਹਾਂ ਇਥੇ ਵੀ ਸਮੱਸਿਆ ਜਿਸਮਾਨੀ ਭੁੱਖ ਤੇ ਦੂਜਾ ਪੱਕੇ ਪੈਰੀਂ ਵਿਦੇਸ਼ ਵਿਚ ਜੰਮ ਜਾਣ ਦੀ ਹੀ ਹੈ, ਜਦ ਕਿ ਹੋਰ ਕਈ ਬਹਾਦਰੀਆਂ ਨਾਲ ਵੀ ਇਹੋ ਜਿਹੀਆਂ ਮੱਲਾਂ ਮਾਰੀਆਂ ਜਾ ਸਕਦੀਆਂ ਹਨ ਪਰ ਨਹੀਂ ਹਰ ਕੋਈ ਇਕ ਦੂਜੇ ਨੂੰ ਵਰਤਦਾ ਹੈ ਕੀ ਔਰਤ ਤੇ ਕੀ ਮਰਦ। ਕੀ ਲੈਜ਼ਬੀਅਨ ਤੇ ਕੀ ਗੇਅ। ਮਸਲਾ ਤਾਂ ਫਿਰ ਸੁਰੱਖਿਆ ਦਾ ਹੀ ਹੈ। ਰੂਬੀ ਦੇ ਸ਼ਬਦਾਂ ਅਨੁਸਾਰ :- ''ਨਹੀਂ...ਅੱਧਾ ਤੇਰਾ..ਅੱਧਾ ਮੇਰਾ...ਕਿਉਂਕਿ ਇਕ ਵਾਰ ਪਾਸਪੋਰਟ ਤੇ ਪੱਕਾ ਠੱਪਾ ਲੱਗਣ ਤੋਂ ਬਾਦ ਮੈਂ ਤੈਨੂੰ ਛੱਡ ਜਾਣਾ ਸੀ...ਤੇ ਪਾਕਿਸਤਾਨ ਤੋਂ ਆਪਣਾ ਬੁਆਏ ਫਰੈਂਡ ਵਿਆਹ ਲਿਆਉਣਾ ਸੀ...।" (ਪੰਨਾ-109.) ਅਜਿਹੇ ਰਿਸ਼ਤੇ ਤਾਂ ਕੇਵਲ ਚੰਗੀ ਭਲੀ ਚਲਦੀ ਜ਼ਿੰਦਗੀ ਵਿਚ ਵੀ ਘ੍ਰਿਣਾ ਪੈਦਾ ਕਰਦੇ ਹਨ।

'ਬੋੜਾ ਸੱਪ' ਕਹਾਣੀ ਇਕ ਬਜ਼ੁਰਗ ਨਾਇਕ ਕਿੱਕਰ ਸਿੰਘ ਦੀ ਹੈ ਜੋ ਆਪਣੀ ਔਲਾਦ ਲਈ ਸਭ ਕੁਝ ਕਰਦਾ ਹੈ ਪਰ ਔਲਾਦ ਉਸ ਨੂੰ ਠੋਕਰ ਹੀ ਮਾਰਦੀ ਹੈ। ਜਦੋਂ ਕਿੱਕਰ ਸਿੰਘ ਵਿਦੇਸ਼ ਵਿਚ ਕਿਸੇ ਪੰਜਾਬੀ ਔਰਤ ਨਾਲ ਦੋਸਤੀ ਕਰਦਾ ਹੈ ਤਾਂ ਉਸ ਦੇ ਪੁੱਤਰ ਉਸ ਨੂੰ 'ਬੋੜਾ ਸੱਪ' ਆਖਦੇ ਹਨ ਤੇ ਉਸ ਦੀ ਮੌਤ ਲਈ ਰੱਬ ਤੋਂ ਦੁਆ ਮੰਗਦੇ ਹਨ ਪਰ ਕਿੱਕਰ ਸਿੰਘ ਅਜਿਹੇ ਪੁੱਤਰਾਂ ਨੂੰ ਛੱਡ ਬੰਤੋ ਆਪਣੀ ਪ੍ਰੇਮਿਕਾ ਕੋਲ ਚਲਾ ਜਾਂਦਾ ਹੈ। ਇਹੋ ਜਿਹੀ ਸਮੱਸਿਆ ਦੀਆਂ ਕਹਾਣੀਆਂ ਪਹਿਲੇ ਵੀ ਪੇਸ਼ ਹੁੰਦੀਆਂ ਰਹੀਆਂ ਹਨ। ਇਹ ਕੇਵਲ ਵਿਦੇਸ਼ ਵਿਚ ਹੀ ਨਹੀਂ ਸਾਡੇ ਆਪਣੇ ਮੁਲਕ ਵਿਚ ਵੀ ਅਜਿਹੇ ਯਥਾਰਥ ਸਾਹਮਣੇ ਆਉਂਦੇ ਹਨ। ਕਹਾਣੀ 'ਮੈਂ ਕੀ ਹਾਂ.....?' ਵਿਚ ਵੀ ਔਰਤ ਆਪਣੀ ਹੀ ਹੋਂਦ ਨੂੰ ਪਹਿਚਾਣਦੀ ਰਹਿੰਦੀ ਹੈ ਕਿ ਉਸ ਦਾ ਆਪਣਾ ਸੱਚ ਹੈ ਕੀ, ਉਹ ਚਾਹੁੰਦੀ ਕੀ ਹੈ? ਇਸ ਕਹਾਣੀ ਵਿਚ ਅੰਜਨਾ ਤੇ ਜੈਨੇਟ ਦੇ ਸ਼ਬਦਾਂ ਵਿਚ ਵੱਖੋ ਵੱਖਰੇ ਅੰਗ੍ਰੇਜ਼ੀ ਤੇ ਵਿਦੇਸ਼ੀ ਕਲਚਰ ਦੀ ਤੁਲਨਾ ਵੀ ਕੀਤੀ ਗਈ ਹੈ। ਜੈਨੇਟ ਦੇ ਸ਼ਬਦਾਂ ਵਿਚ :-''ਇਹ ਸੁਲਹਾ ਸਫ਼ਾਈਆਂ ਤੁਹਾਡੇ ਕਲਚਰ ਵਿਚ ਤਾਂ ਹੋ ਜਾਂਦੀਆਂ ਨੇ। ਪਰ ਗੋਰਿਆਂ ਵਿਚ ਜਦੋਂ ਕੋਈ ਇਕ ਵਾਰੀ ਕਿਸੇ ਨੂੰ ਸੌਰੀ ਕਹਿ ਦੇਵੇ, ਤਾਂ ਫ਼ਿਰ ਉਹਨੂੰ ਰੱਬ ਵੀ ਬਦਲ ਨਹੀਂ ਸਕਦਾ। ਨਾਲੇ ਸਾਡੇ ਦਰਮਿਆਨ ਕੋਈ ਜ਼ਰੂਰਤ ਜਾਂ ਮਜਬੂਰੀ ਨਹੀਂ ਹੈ। ਉਹ ਕਮਾਉਂਦਾ ਹੈ ਘਰ ਦੀ ਮਾਰਗੇਜ਼ ਦਿੰਦਾ ਹੈ। ਮੈਂ ਕਮਾਉਂਦੀ ਹਾਂ, ਘਰ ਦੇ ਬਿੱਲ ਪੇਅ ਕਰਦੀ ਹਾਂ। ਇਹ ਦੋਵੇਂ ਕੰਮ ਉਹ ਵੀ ਇਕੱਲਾ ਕਰ ਸਕਦਾ ਹੈ ਤੇ ਮੈਂ ਵੀ। ਫੇਰ ਕਿਉਂ ਨਾ ਜ਼ਿੰਦਗੀ ਸ਼ਾਂਤੀ ਨਾਲ ਗੁਜ਼ਾਰੀਏ।" (ਪੰਨ-136.) ਇਨ੍ਹਾਂ ਸ਼ਬਦਾਂ ਦੇ ਜਵਾਬ ਵਿਚ ਅੰਜਨਾ ਆਖਦੀ ਹੈ, ''ਪਰ ਸਾਡੇ ਕਲਚਰ ਵਿਚ ਇਕ ਵਾਰੀ ਜੋ ਗਲਤੀ ਹੋ ਗਈ, ਉਹਦੀ ਸਜ਼ਾ ਸਾਰੀ ਉਮਰ ਭੁਗਤਣੀ ਪੈਂਦੀ ਹੈ। ਕਲਚਰਲ ਪਰੈਸ਼ਰ ਇੰਨਾ ਹੈ ਸਾਡੇ ਉਤੇ ਕਿ ਕਈ ਵਾਰੀ ਸਾਡਾ ਦਮ ਘੁੱਟਣ ਲੱਗਦਾ ਹੈ। ਅਸੀਂ ਆਪਣੀ ਪਸੰਦ ਦੇ ਵਿਆਹ ਨਹੀਂ ਕਰਵਾ ਸਕਦੇ। ਪਰੈਸ਼ਰ ਹੈ-ਆਪਣੀ ਜਾਤ ਵਿਚ ਹੀ ਕਰਵਾਉ। ਅਸੀਂ ਵਿਆਹ ਕਰਵਾ ਕੇ ਆਪਣੀ ਪਸੰਦ ਦੀ ਜ਼ਿੰਦਗੀ ਨਹੀਂ ਜੀਅ ਸਕਦੇ। ਪਰੈਸ਼ਰ ਹੈ, ਸਾਂਝੇ ਪਰਿਵਾਰਾਂ ਵਿਚ ਇਕ ਸਿਸਟਮ ਅਧੀਨ ਚੱਲੋ। ਰੱਬ ਨਾ ਕਰੇ ਜੇ ਵਿਆਹ ਮੁਸੀਬਤ ਬਣ ਜਾਏ, ਤਾਂ ਅਸੀੰ ਤਲਾਕ ਨਹੀਂ ਕਰ ਸਕਦੇ। ਕਲਚਰਲ ਪਰੈਸ਼ਰ ਹੈ ਕਿ ਇਹ ਖਾਨਦਾਨ ਦੇ ਨਾਮ ਤੇ ਧੱਬਾ ਹੈ।" (ਪੰਨਾ-136.) ਗੱਲ ਤਾਂ ਇਥੇ ਇਹੋ ਸਾਬਿਤ ਹੁੰਦੀ ਹੈ ਕਿ ਦੋਵੇ ਹੀ ਸਥਿਤੀਆਂ ਵਿਚ ਔਰਤ ਪਰੇਸ਼ਾਨ ਹੈ। ਇਸੇ ਸੰਦਰਭ ਵਿਚ ਦੇਖੋ ਜੈਨੇਟ ਦੇ ਇਹ ਸ਼ਬਦ:- ''ਇਹ ਵੀ ਜੁੱਤੀਆਂ ਹੀ ਨੇ ਅੰਜੂ। ਸਾਡੇ ਜੁੱਤੀਆਂ ਮਾਰਨ ਦਾ ਤਰੀਕਾ ਥੋੜ੍ਹਾ ਤੁਹਾਡੇ ਨਾਲੋਂ ਵੱਖਰਾ ਹੈ। ਅਸੀਂ ਰੁਮਾਲ ਵਿਚ ਲਪੇਟ ਕੇ ਮਾਰਦੇ ਹਾਂ। ਮੈਨੂੰ ਘਰੋਂ ਕੱਢਣ ਦਾ ਇਹ ਉਸ ਦਾ ਬ੍ਰਿਟਿਸ਼ ਤਰੀਕਾ ਹੈ। ਠੀਕ ਹੈ ਸਾਡਾ ਤਲਾਕ ਹੋ ਰਿਹਾ ਹੈ, ਪਰ ਅਸੀਂ ਹਾਲੇ ਵੀ ਦੋਸਤ ਹਾਂ। ਫੇਰ ਵੀ ਮਿਲਦੇ ਜੁਲਦੇ ਰਹਾਂਗੇ...।" (ਪੰਨਾ-139.) ਇਸ ਕਹਾਣੀ ਦੀ ਵਿਦੇਸ਼ੀ ਨਾਇਕਾ ਨੇ ਵਿਆਹ ਵੀ ਕਰਵਾ ਕੇ ਵੇਖ ਲਿਆ ਤੇ ਵਿਆਹੇ ਬੰਦੇ ਨਾਲ ਇਸ਼ਕ ਵੀ ਕਰਕੇ ਵੇਖ ਲਿਆ। ਦੂਜੀ ਉਹ ਇਹ ਗੱਲ ਵੀ ਸਵੀਕਾਰ ਕਰਦੀ ਹੈ :- ''ਔਰਤਾਂ ਦਾ ਕੋਈ ਕਲਚਰ ਨਹੀਂ ਹੁੰਦਾ। ਅਸੀਂ ਸਿਰਫ਼ ਔਰਤਾਂ ਹਾਂ ਤੇ ਇਹੀ ਸਾਡਾ ਕਲਚਰ ਹੈ। ਗੋਰੀਆਂ, ਕਾਲੀਆਂ, ਚਿੱਟੀਆਂ ਤੇ ਬਰਾਊਨ ਸਭ ਅੰਦਰੋਂ ਇੱਕ ਹਾਂ। ਸਭ ਤੇ ਉਹੀਂ ਗੁਜ਼ਰਦੀ ਹੈ। ਆਪਣੀ ਹੋਂਦ ਲਈ ਲੜ ਰਹੀਆਂ ਅਸੀਂ ਜਦੋਂ ਬਾਹਰੋਂ ਮਦਦ ਮੰਗਦੀਆਂ ਹਾਂ, ਤਾਂ ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਂਦਾ ਹੈ ਮਰਦ। ਇਹ ਕਦੇ ਫਰੀ ਮਦਦ ਨਹੀਂ ਦੇਵੇਗਾ। ਮਦਦ ਕਰਨ ਤੋਂ ਪਹਿਲਾਂ ਦਸ ਵਾਰ ਸੋਚੇਗਾ ਕਿ ਮੈਨੂੰ ਇਸ ਕੰਮ ਵਿਚੋਂ ਕੀ ਮਿਲ ਰਿਹਾ ਹੈ। ਤੇ ਇਸ ਬਿਜ਼ਨਸ ਵਿਚ ਔਰਤ ਹਮੇਸ਼ਾ ਘਾਟਾ ਖਾਂਦੀ ਹੈ...।" (ਪੰਨਾ-152.) ਇਨ੍ਹਾਂ ਕਹਾਣੀਆਂ ਦਾ ਸੱਚ ਵੀ ਇਹੀ ਹੈ ਕਿ ਬਾਰ ਬਾਰ ਮਰਦ ਬਦਲਣ ਤੋਂ ਬਾਦ ਔਰਤ ਨੂੰ ਸਮਝ ਹੀ ਨਹੀਂ ਲੱਗਦੀ ਕਿ ਮੈਂ ਕਿ ਹਾਂ---? ਪ੍ਰੇਮਿਕਾ, ਪਤਨੀ, ਰਖੇਲ ਇਹੋ ਪ੍ਰਸ਼ਨ ਚਿੰਨ੍ਹ ਦਾ ਜਵਾਬ ਹੈ। ਕਹਾਣੀ

'ਬਿਗਾਨੀ ਅੱਗ' ਵੀ ਔਰਤ ਮਰਦ ਦੇ ਨਜਾਇਜ਼ ਸੰਬੰਧਾਂ ਦੀ ਹੀ ਕਹਾਣੀ ਪਾਉਂਦੀ ਹੈ। ਪਰ ਇਸ ਦੇ ਨਾਲ ਇਹ ਵੀ ਤੱਥ ਉਜਾਗਰ ਕਰਦੀ ਹੈ ਕਿ ਔਰਤ ਜਾਇਜ਼ ਜਾਂ ਨਾਜਾਇਜ਼ ਰਿਸ਼ਤਿਆਂ ਨਾਲ ਵੀ ਬੱਚੇ ਪੈਦਾ ਕਰ ਕੇ ਆਪਣੇ ਆਪ ਨੂੰ ਸੰਪੂਰਣ ਔਰਤ ਸਮਝਦੀ ਹੈ। ਪਰ ਮਰਦ ਦਾ ਉਹੀ ਜਾਨਵਰਾਂ ਵਾਲਾ ਚਿਹਰਾ ਸਾਹਮਣੇ ਆਉਂਦਾ ਹੈ। ਕਹਾਣੀ 'ਪ੍ਰਾਈਵੇਟ ਬੰਦਾ' ਵਿਚ ਨਾਇਕਾ ਸਵਰਾਜ ਦੀ ਬੂਆ ਉਸ ਨੂੰ ਵਿਆਹ ਕਰਵਾਉਣ ਲਈ ਆਖਦੀ ਹੈ ਪਰ ਸਵਰਾਜ ਦੇ ਆਖੇ 'ਬੂਆ ਜੀ, ਮੈਂ ਚਾਹੁੰਦੀ ਹਾਂ ਕਿ ਮੇਰੀ ਕਿਸੇ ਨਾਲ ਅੰਡਰਸਟੈਡਿੰਗ ਹੋ ਜਾਵੇ ਬੱਸ।' 'ਹਾਂ....।ਮੇਰੇ ਤੋਂ ਨਹੀਂ ਕਿਸੇ ਦੇ ਕੱਛੇ ਧੋਤੇ ਜਾਂਦੇ.....।' ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋ ਕੇ ਮੁੜ ਆਪ ਹੀ ਵਿਆਹ ਦੇ ਖਿਲਾਫ਼ ਹੋ ਜਾਂਦੀ ਹੋਈ ਆਖਦੀ ਹੈ, ''ਸੱਚੀਂ ਸਵਰਾਜ। ਜੇ ਮੇਰੇ ਦਿਲ ਦੀ ਸੁਣੇਂ, ਤਾਂ ਜਮ੍ਹਾਂ ਨਾ ਵਿਆਹ ਕਰਵਾਈਂ। ਘੋਰ ਗੁਲਾਮੀ ਐ। ਚੁੱਪ ਕਰਕੇ ਆਪਣਾ ਕੋਈ ਪ੍ਰਾਈਵੇਟ ਬੰਦਾ ਲੱਭ ਲੈ ਤੇ ਲੋਕਾਂ ਦੀ ਭੋਰਾ ਪਰਵਾਹ ਨਾ ਕਰੀਂ। ਨਹੀਂ ਤਾਂ ਸਾਡੇ ਵਾਗੂੰ ਸਾਰੀ ਉਮਰ ਲਈ ਸੰਗਲ ਗਲ 'ਚ ਪੈ ਜਾਣਗੇ।" (ਪੰਨਾ-191.) ਪਹਿਲਾਂ ਇਹੋ ਭੂਆਂ ਸਵਰਾਜ ਨੂੰ ਵਿਆਹ ਕਰਵਾਉਣ ਲਈ ਜ਼ੋਰ ਦਿੰਦੀ ਹੈ ਜਦ ਕਿ ਕਹਾਣੀਕਾਰ ਇਹ ਵੀ ਲਿਖਦੀ ਹੈ ਕਿ ਸਵਰਾਜ ਦਾ ਫੁੱਫੜ ਖ਼ੁਦ ਉਸ ਦੀ ਭੂਆ ਤੋਂ ਡਰਦਾ ਹੈ। ਆਖਿਰ ਇਹ ਔਰਤ ਚਾਹੁੰਦੀ ਕੀ ਹੈ?

'ਆ ਜਾ ਘਰ ਵਸਾਈਏ' ਕਹਾਣੀ ਦੀ ਨਾਇਕਾ ਊਸ਼ਾ ਬਾਬੇ ਦੇ ਸੰਪਰਕ ਵਿਚ ਆਉਣ ਤੋਂ ਬਾਦ ਉਰਵਸ਼ੀ ਮਾਈ ਦੇ ਨਾਂ ਨਾਲ ਪ੍ਰਸਿੱਧ ਹੋ ਜਾਂਦੀ ਹੈ। ਦੂਜਿਆਂ ਨੂੰ ਵਰ ਦੇਣ ਵਾਲੀ ਉਰਵਸ਼ੀ ਖ਼ੁਦ ਗ਼ਮ ਦੇ ਹਨੇਰਿਆਂ ਵਿਚ ਡੁੱਬ ਜਾਂਦੀ ਹੈ। ਉਸ ਦਾ ਬਾਬੇ ਦੇ ਸੰਪਰਕ ਵਿਚ ਆਉਣ ਦਾ ਮੁੱਖ ਕਾਰਨ ਕੇਵਲ ਬੇਰੋਜ਼ਗਾਰੀ ਸੀ, ਜਿਸ ਕਰਕੇ ਬਾਬਾ ਉਸ ਦਾ ਇਸਤੇਮਾਲ ਕਰਦਾ ਹੈ ਪਰ ਅਖੀਰ ਜਦੋਂ ਉਹ ਅੱਕ ਜਾਂਦੀ ਹੈ ਤਾਂ ਆਖਦੀ ਹੈ, ''ਕਿਸ ਕੰਮ ਦੇ ਇਹ ਲੱਖਾਂ ਪੌਂਡ---। ਪੀਲੇ ਕੱਪੜੇ ਤੇ ਦੁਨੀਆਂ ਦੇ ਸਾਹਮਣੇ ਵਰਾਗ ਲੈਣਾ। ਆਮ ਔਰਤਾਂ ਵਾਲੀ ਜ਼ਿੰਦਗੀ ਤਾਂ ਨਹੀਂ ਹੈ ਮੇਰੀ---।" (ਪੰਨਾ-200.) ਫਿਰ ਹੋਸ਼ ਵਿਚ ਆਉਣ ਤੇ ਮੁੜ ਉਰਵਸ਼ੀ ਅੰਦਰਲੀ ਊਸ਼ਾ ਜਾਗ ਪੈਂਦੀ ਹੈ ਤੇ ਇਸ ਪਿੰਜਰੇ ਵਿਚੋਂ ਨਿਕਲ ਕੇ ਉੱਡ ਜਾਣ ਦਾ ਹੌਸਲਾ ਕਰਦੀ ਆਪਣੇ ਆਪ ਨੂੰ ਆਖਦੀ ਹੈ, 'ਪਿੰਜਰਿਆਂ ਸਮੇਤ ਉੱਡ ਜਾਂਦੇ ਨੇ ਉੱਡਣ ਵਾਲੇ---।' ਦਿਲ'ਚ ਤਮੰਨਾ ਹੋਣੀ ਚਾਹੀਦੀ ਹੈ---।" (ਪੰਨਾ-203.) ਜਦੋਂ ਉਸ ਨੂੰ ਕਾਂਤੀ ਨਾਮ ਦਾ ਨੌਜਵਾਨ ਮਿਲਦਾ ਹੈ ਤਾਂ ਉਹ ਉਸ ਨਾਲ ਘਰ ਵਸਾਉਣਾ ਚਾਹੁੰਦੀ ਹੈ। ਇਵੇਂ ਇਹ ਕਹਾਣੀ ਇਹ ਸੱਚ ਬਿਆਨ ਕਰਦੀ ਹੈ ਕਿ ਕਈ ਵਾਰੀ ਕੁਝ ਕਾਰਣਾਂ ਕਰਕੇ ਔਰਤਾਂ ਆਪਣੇ ਲਈ ਗਲਤ ਰਾਹ ਚੁਣ ਲੈਂਦੀਆਂ ਹਨ ਪਰ ਸੋਝੀ ਆਉਣ ਤੇ ਆਪਣੇ ਆਪ ਨੂੰ ਸੰਭਾਲ ਲੈਂਦੀਆਂ ਹਨ। ਸੱਚ ਹੈ ਔਰਤ ਭਾਵੇਂ ਵਿਦੇਸ਼ ਵਿਚ ਹੋਵੇ ਤੇ ਭਾਵੇਂ ਇੰਡੀਆ ਵਿਚ ਉਹ ਤਾਂ ਸਮਾਜ ਵਿਚ ਆਪਣੇ ਹਿੱਸੇ ਦੀ ਧਰਤੀ ਤੇ ਆਪਣੇ ਆਪਣੇ ਹਿੱਸੇ ਦੇ ਅਸਮਾਨ ਦੀ ਮੰਗ ਕਰਦੀ ਹੈ। ਅਸਲ ਵਿਚ ਔਰਤ ਮਰਦ ਨੂੰ ਘ੍ਰਿਣਾ ਨਹੀਂ ਕਰਦੀ ਬਲਕਿ ਆਪਣੇ ਤੇ ਹੋ ਰਹੇ ਜਬਰ ਤੇ ਸ਼ੋਸ਼ਣ ਤੋਂ ਮੁਕਤ ਹੋਣ ਦਾ ਉਪਰਾਲਾ ਕਰਦੀ ਹੈ।

'ਹੁਣ ਮੈਂ ਸੈੱਟ ਹਾਂ' ਕਹਾਣੀ ਅਜਿਹੀ ਦਾਸਤਾਂ ਪਾਉਂਦੀ ਹੈ ਜਿਸ ਵਿਚ ਪਾਖਰ ਸਿੰਘ ਜਿਹਾ ਪੜ੍ਹਿਆ ਹੋਇਆ ਪ੍ਰਿੰਸੀਪਲ ਵੀ ਕੈਨੇਡਾ ਜਿਹੇ ਮੁਲਕ ਤੋਂ ਪ੍ਰਭਾਵਿਤ ਹੋ ਕੇ ਆਪਣੇ ਪੁੱਤਰ ਗਗਨ (ਗੋਗੀ) ਨੂੰ ਵਿਦੇਸ਼ ਦੀ ਧਰਤੀ ਤੇ ਪਹੁੰਚਾ ਦਿੰਦਾ ਹੈ। ਪਰ ਵਿਦੇਸ਼ ਦੇ ਕੌੜੇ ਤਜਰਬੇ ਤੇ ਤਲਖੀਆਂ ਨੇ ਗਗਨ ਨੂੰ ਇਕ ਡਰੱਗ ਐਡਿਕਟ ਬਣਾ ਦਿੱਤਾ। ਉਸ ਦੀ ਅਜਿਹੀ ਹਾਲਤ ਤੇ ਵੀ ਘਰਦਿਆਂ ਨੂੰ ਆਪਣੀ ਇੱਜ਼ਤ ਵਧੇਰੇ ਪਿਆਰੀ ਲੱਗਦੀ ਹੈ ਤੇ ਉਹ ਉਸ ਨੂੰ ਉੱਥੇ ਹੀ ਰਹਿਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਵੱਲੋਂ ਕੀਤਾ ਇਹ ਤਰਲਾ ਗੋਗੀ ਦੀ ਆਪਣੇ ਮਾਪਿਆਂ ਪ੍ਰਤੀ ਸੋਚ ਬਦਲ ਦਿੰਦਾ ਹੈ, ''ਉਨ੍ਹਾਂ ਨੂੰ ਮੇਰੇ ਨਾਲੋਂ ਪੈਸੇ ਨਾਲ ਜ਼ਿਆਦਾ ਪਿਆਰ ਐ। ਆਪਣੇ ਪੁੱਤ ਦੀ ਜ਼ਿੰਦਗੀ ਨਾਲੋਂ ਆਪਣੀ ਇੱਜ਼ਤ ਜ਼ਿਆਦਾ ਵੱਡੀ ਚੀਜ਼ ਜਾਪਦੀ ਐ।" (ਪੰਨਾ-218.) ਗੋਗੀ ਮੁੜ ਕੇ ਇੰਡੀਆ ਨੂੰ ਕਦੇ ਯਾਦ ਨਹੀਂ ਕਰਦਾ। ਵਿਦੇਸ਼ਾਂ ਵਿਚ ਜਾ ਕੇ ਬੱਚਿਆਂ ਦਾ ਅਜਿਹਾ ਹੋਣਾ ਸੁਭਾਵਿਕ ਹੈ। ਜਿਥੇ ਬਚਪਨ ਤੋਂ ਹੀ ਬੱਚੇ ਦੇ ਇਮੋਸ਼ਨਜ਼ ਖਤਮ ਕਰ ਦਿੱਤੇ ਜਾਣ ਉਥੇ ਵਿਦੇਸ਼ਾ ਦੀ ਧਰਤੀ ਉਤੇ ਜਾ ਕੇ ਇਨ੍ਹਾਂ ਦਾ ਬਿਲਕੁਲ ਖਤਮ ਹੋਣ ਦਾ ਦੋਸ਼ ਬਗਾਨੇ ਮੁਲਕ ਨੂੰ ਨਹੀਂ ਆਪਣੇ ਸੁਆਰਥ ਪੁਣੇ ਨੂੰ ਦੇਣਾ ਚਾਹੀਦਾ ਹੈ।

'ਮੁੰਡਾ ਪਸੰਦ ਹੈ' ਕਹਾਣੀ ਦੀ ਨਾਇਕਾ ਪ੍ਰਿਆ ਦੀ ਆਪਣੇ ਹੋਣ ਵਾਲੇ ਪਤੀ ਬਾਰੇ ਬਣੀ ਕਲਪਨਾ ਜਦੋਂ ਹਕੀਕਤ ਨਾਲ ਟਕਰਾਉਂਦੀ ਹੈ ਤਾਂ ਉਹ ਚੂਰ ਚੂਰ ਹੋ ਜਾਂਦੀ ਹੈ। ਨਾਇਕਾ ਦੀ ਇੱਛਾ ਹੈ ਕਿ ਉਸ ਦਾ ਪਤੀ ਮੋਮ ਦਾ ਪੁਤਲਾ ਨਹੀਂ ਬਲਕਿ ਇਕ ਕਿੱਲੇ ਵਰਗਾ ਮਜ਼ਬੂਤ ਹੋਣਾ ਚਾਹੀਦਾ ਹੈ। ਉਸ ਦਾ ਮੰਨਣਾ ਹੈ ਕਿ ਔਰਤ ਦੇ ਰਿਸ਼ਤੇ ਲਈ ਵਿਆਹ ਤੋਂ ਵਧ ਰਸਪੈਕਟੇਬਲ ਕੋਈ ਰਿਸ਼ਤਾ ਨਹੀਂ। ਇਸ ਕਹਾਣੀ ਦੀ ਇਸ ਨਾਇਕਾ ਦਾ ਪਹਿਲਾਂ ਵਿਆਹ ਟੁੱਟ ਚੁੱਕਾ ਹੈ। ਹੁਣ ਜੋ ਉਸ ਨਾਲ ਵਿਆਹ ਕਰਵਾਉਣ ਆਉਂਦਾ ਹੈ ਉਸ ਦਾ ਵੀ ਵਿਆਹ ਟੁੱਟ ਚੁੱਕਾ । ਪਰ ਇਸ ਗੱਲ ਦਾ ਉਸ ਉਪਰ ਕੋਈ ਅਸਰ ਨਹੀਂ ਪਰ ਨਾਇਕਾ ਦੇ ਲਈ, ''ਬੱਸ ਇਹੀ ਫ਼ਰਕ ਹੈ। ਤੇਰਾ ਵਿਆਹ ਟੁੱਟਣ ਨਾਲ ਤੇਰੇ ਛੋਲੇ ਨਹੀਂ ਸੁੱਕੇ---। ਪਰ ਮੇਰਾ ਵਿਆਹ ਟੁੱਟਣ ਵੇਲੇ ਜਿਹੜੀ ਬਿਜਲੀ ਮੇਰੇ ਦਿਲ ਤੇ ਗਿਰੀ ਸੀ ਉਸ ਨੇ ਮੇਰੇ ਮਨ ਦੀ ਕੋਮਲ ਭੂਮੀ ਨੂੰ ਭਸਮ ਕਰ ਦਿੱਤਾ ਸੀ। ਮੁੜ ਕੇ ਉਹਦੇ ਤੇ ਕਦੇ ਕੋਈ ਫਸਲ ਨਹੀਂ ਉੱਗੀ---। ਮਾਰੂਥਲ ਵਾਂਗ ਹੋ ਗਈ ਮੇਰੀ ਸੋਚ---। ਸੋਕਾ ਪੈ ਗਿਆ ਮੇਰੇ ਸੁਪਨਿਆਂ ਦੇ ਰੁੱਖਾਂ ਤੇ---। ਹੁਣ ਬੀਆਬਾਨ ਹੈ ਮੇਰੇ ਅੰਦਰ ਬਾਹਰ---।" (ਪੰਨਾ-244.) ਭਾਰਤੀ ਔਰਤ ਦੀ ਵਿਦੇਸ਼ ਦੀ ਧਰਤੀ ਤੇ ਆ ਕੇ ਵੀ ਵਿਆਹ ਪ੍ਰਤਿ ਸੋਚ ਨਹੀਂ ਬਦਲੀ ਅਤੇ ਭਾਰਤੀ ਮਰਦ ਵਿਦੇਸ਼ ਦੀ ਧਰਤੀ ਤੇ ਆ ਕੇ ਵੀ ਆਪਣੀ ਮਰਦਾਨੀ ਆਕੜ ਨੂੰ ਨਹੀਂ ਛੱਡਦਾ। ਪਰ ਨਾਇਕਾ ਦੰਭੀ ਸੋਚ ਵਾਲੇ ਮਰਦ ਨਾਲ ਵਿਆਹ ਕਰਵਾਉਣ ਤੋਂ ਸੁਤੰਤਰ ਰਹਿਣਾ ਪਸੰਦ ਕਰਦੀ ਹੈ। ਇਵੇਂ ਇਹ ਕਹਾਣੀ ਇਹ ਅਰਥ ਕੱਢਦੀ ਹੈ ਕਿ ਧੌਂਸ ਸਿਸਟਮ ਨੂੰ ਵਗਾਹ ਮਾਰਨਾ ਹੀ ਅਸਲੀ ਸੱਚ ਹੈ। ਇਵੇਂ ਔਰਤ ਨੂੰ ਮਰਦ ਦੇ ਵਿਰੁੱਧ ਨਹੀਂ ਸਗੋਂ ਔਰਤ ਤੇ ਮਰਦ ਨੂੰ ਉਨ੍ਹਾਂ ਦੋਹਾਂ ਨਾਲ ਹੋ ਰਹੇ ਸਮਾਜਕ ਅਨਿਆਂ ਤੇ ਜਬਰ ਨੂੰ ਦੂਰ ਕਰਨ ਲਈ ਬਾਂਹ ਵਿਚ ਬਾਂਹ ਪਾ ਕੇ ਲੜਨਾ ਪਵੇਗਾ। ਕਹਾਣੀ 'ਅੱਧੀ ਬੋਤਲ' 'ਜੁਝਾਰਵਾਦੀ' ਨਾਰੀ ਦੀ ਗੱਲ ਪੇਸ਼ ਕਰਦੀ ਹੈ। ਇੱਥੇ ਨਾਇਕਾ ਜਿੱਤ ਨੂੰ ਆਪਣਾ ਜਮਾਂਦਰੂ ਹੱਕ ਸਮਝਦੀ ਹੈ। ਜ਼ਿੰਦਗੀ 'ਚ ਵਾਪਰੇ ਅਨੇਕਾਂ ਹਾਦਸਿਆਂ ਨੂੰ ਉਹ ਬੜੀ ਬਹਾਦਰੀ ਨਾਲ ਝੱਲ ਜਾਂਦੀ ਹੈ। ਪਿਆਰ ਦੇ ਨਾਮ ਤੇ ਕੀਤੀਆਂ ਜਾਂਦੀਆਂ ਸੌਦੇਬਾਜ਼ੀਆਂ ਤੇ ਚਲਾਕੀਆਂ ਦਾ ਉਹ ਡੱਟ ਕੇ ਮੁਕਾਬਲਾ ਕਰਦੀ ਹੈ ਪਰ ਸ਼ਿਕਾਰੀਆਂ ਵਿਚ ਵਿਚਰਦੀ ਉਹ ਖ਼ੁਦ ਸ਼ਿਕਾਰਨ ਬਣ ਜਾਂਦੀ ਹੈ :- ''ਆਈ ਮੀਨ ਬੋਤਲਾਂ ਕਦੋਂ ਕਿਸੇ ਨੂੰ ਉਡੀਕਦੀਆਂ ਨੇ, ਉਹਨਾਂ ਨੂੰ ਪੀਣ ਵਾਲਿਆਂ ਦੀ ਕੋਈ ਘਾਟ ਨਹੀਂ ਹੁੰਦੀ। ਖਾਸ ਕਰਕੇ ਜਦੋਂ ਨਸ਼ੇ ਦੀਆਂ ਭਰੀਆਂ ਹੋਣ।" (ਪੰਨਾ-263.) ਇਸੇ ਦੇ ਨਾਲ ਹੀ ਅਗਲੇ ਬੋਲ:-''ਬੋਤਲ ਕਦੇ ਵੀ ਅੱਧੀ ਨਹੀਂ ਹੁੰਦੀ। ਪੀਣ ਵਾਲੇ ਅੱਧੇ ਹੁੰਦੇ ਨੇ, ਜੋ ਉਹਨੁੂੰ ਅੱਧ ਵਿਚਾਲੇ ਛੱਡ ਜਾਂਦੇ ਨੇ।" (ਪੰਨਾ-263.)

ਇਸ ਤਰ੍ਹਾਂ ਇਹ 'ਜੁਝਾਰੂ ਨਾਰੀਵਾਦੀ' ਸੁਰ ਦੀ ਔਰਤਾਂ ਦੀ ਮੁਕਤੀ ਦਾ ਮਾਰਗ ਹੈ ਵੀਨਾ ਵਰਮਾ ਲਈ। ਕਈਆਂ ਲਈ ਮੁਕਤੀ ਦਾ ਅਰਥ ਔਰਤ ਦੀ ਮਰਦ ਨਾਲ ਬਰਾਬਰੀ ਹੈ। ਜੋ ਸਮਾਜਿਕ ਇਤਿਹਾਸਕ ਸਮੱਸਿਆ ਦਾ ਹੱਲ ਸਰੀਰਕ ਭੋਗ ਦੀ ਟੈਕਨੀਕ ਵਿੱਚੋਂ ਲੱਭਦੇ ਹਨ। ਕਹਾਣੀ 'ਕਾਲਾ ਕੱਛਾ' ਵਿਚ ਨਾਇਕਾ ਵੱਲੋਂ ਮਰਦ ਨਾਲ ਧੋਖਾ ਕੀਤਾ ਗਿਆ ਹੈ। 'ਜੋਗੀਆਂ ਦੀ ਧੀ' ਕਹਾਣੀ ਵਿਚ ਇਕੱਲੀ ਔਰਤ ਦਾ ਦੂਜੇ ਦੇਸ਼ ਵਿਚ ਇਕੱਲੇ ਰਹਿਣਾ ਤੇ ਹਰ ਇਕ ਮਕਾਨ ਮਾਲਕ ਦੀ ਧੋਂਸ ਤੇ ਟੱਪਰੀ ਵਾਸੀਆਂ ਦੀ ਤਰ੍ਹਾਂ ਬਾਰ-ਬਾਰ ਮਕਾਨ ਬਦਲਣ ਦੀ ਸਮੱਸਿਆ ਬਿਰਤਾਂਤਕਾਰਾ ਨੂੰ ਬਚਪਨ ਵਿਚ ਆਪਣੇ ਪਿੰਡ ਦੇ ਬਾਣੀਏ ਦੇ ਉਸ ਨੂੰ ਦਿੱਤੇ ਨਾਮ 'ਜੋਗੀਆਂ ਦੀ ਧੀ' ਦੀ ਯਾਦ ਤਾਜ਼ਾ ਕਰਵਾਉਂਦਾ ਹੈ।

ਇਨ੍ਹਾਂ ਕਹਾਣੀਆਂ ਦਾ ਅਧਿਐਨ ਕਰਨ ਤੋਂ ਬਾਦ ਆਖੀਰ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਪ੍ਰੇਮ ਕਰਦੀਆਂ, ਭਾਵਨਾਵਾਂ ਨਾਲ ਭਰੀਆਂ ਇਹ ਨਾਇਕਾਵਾਂ ਆਪਣੇ ਦਰਦ ਅਤੇ ਦੁੱਖਾਂ ਦੇ ਬਾਵਜੂਦ ਇਕ ਯਥਾਰਥ ਤੇ ਸਚਾਈ ਨੂੰ ਰੇਖਾਂਕਿਤ ਕਰਦੀਆਂ ਹਨ। ਉਨ੍ਹਾਂ ਦਾ ਜੀਵਨ ਸਮਾਜਿਕ ਢਾਂਚੇ ਉੱਤੇ ਇਕ ਟਿੱਪਣੀ ਬਣ ਜਾਂਦਾ ਹੈ। ਵੀਨਾ ਵਰਮਾ ਦੀਆਂ ਨਾਇਕਾਵਾਂ ਦੀ ਸ਼ਖ਼ਸੀਅਤ ਕਈ ਪ੍ਰਕਾਰ ਦੇ ਕੰਪਲੈਕਸਾਂ ਨਾਲ਼ ਪੇਸ਼ ਹੋਈ ਹੈ। ਇਨ੍ਹਾਂ ਕਹਾਣੀਆਂ ਵਿਚ ਪੇਸ਼ ਨਾਰੀ ਬਿੰਬ ਨਾਰੀ ਦੀ ਵੱਖੋ ਵੱਖਰੀ ਹੋਂਦ ਵਿਚੋਂ ਨਿਕਲਦਾ ਹੈ। ਲੇਖਿਕਾ ਨੂੰ ਔਰਤਾ ਦੇ ਸਵਾਲਾਂ ਉੱਤੇ ਜ਼ਿਆਦਾ ਗਹਿਰਾਈ ਅਤੇ ਵਿਸਥਾਰ ਨਾਲ ਚਿੰਤਨ ਕਰਨ ਦੀ ਸੋਚ ਅਪਣਾਉਣੀ ਚਾਹੀਦੀ ਹੈ। ਵੀਨਾ ਵਰਮਾ ਕੋਲ ਦਬੰਗ ਬਿਆਨ ਹੈ, ਔਰਤ ਦੀਆਂ ਸਥਿਤੀਆਂ ਤੇ ਮਾਨਸਿਕ ਹਾਲਤਾਂ ਦੀ ਸਮਝ ਵੀ ਹੈ ਪਰੰਤੂ ਦ੍ਰਿਸ਼ਟੀਕੋਣ ਦਾ ਅਭਾਵ ਉਸਨੂੰ ਡੂੰਘਾਈ ਤਕ ਨਹੀਂ ਜਾਣ ਦਿੰਦਾ। ੀੲਸੇ ਕਰਕੇ ਉਸ ਵਿਚ ਦੁਹਰਾ ਵੀ ਆ ਆ ਗਿਆ ਹੈ। ਜਿਸਦਾ ਉਦਾਹਰਣ ਇਹ ਪੁਸਤਕ ਹੈ, ਜੋਗੀਆਂ ਦੀ ਧੀ।

(122-ਸੀ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ)


5 ਫਰਵਰੀ 2009

e-mail:
ilKfrI


© likhari: Punjabi Likhari Forum-2001-2009

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.