ਡਾਕਟਰ
ਹਰੀਸ਼ ਮਲਹੋਤਰਾ ਬਰਤਾਨਵੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਬੜਾ ਮਹੱਤਵਪੂਰਣ ਨਾਂ
ਹੈ। ਮਹੱਤਵਪੂਰਣ ਇਸ ਲਈ ਕਿ ਅੱਜ ਤਕ ਇਸ ਲੇਖਕ ਨੇ ਪੰਜਾਬੀ ਸਾਹਿਤ ਨੂੰ ਸੱਤ
ਪੰਜਾਬੀ ਦੀਆਂ ਪੁਸਤਕਾਂ ਦਿਤੀਆਂ ਹਨ ਅਤੇ ਇਨ੍ਹਾਂ ਸੱਤੋ ਪੁਸਤਕਾਂ ਵਿਚ
ਬਰਤਾਨਵੀ ਅਤੇ ਬਰਤਾਨਵੀ ਏਸ਼ੀਅਨ ਸਮਾਜ ਦੇ ਸਰੋਕਾਰਾਂ ਨੂੰ ਪੇਸ਼ ਕੀਤਾ ਹੈ।
ਡਾਕਟਰ ਹਰੀਸ਼ ਮਲਹੋਤਰਾ ਨੇ ਆਪਣੀ ਪਹਿਲੀ ਪੁਸਤਕ 'ਜਾਅਲੀ ਦੁਨੀਆ' ਜਿਸਨੂੰ ਸਵੈ
ਗਾਥਾ ਕਿਹਾ ਜਾ ਸਕਦਾ ਹੈ ਵਿਚ ਆਪਣੇ ਜੀਵਨ ਦੀ ਕਥਾ ਦੇ ਬਿਆਨ ਰਾਹੀਂ ਜਾਅਲੀ
ਦੁਨੀਆ ਦੇ ਗੁੱਝੇ ਭੇਦਾਂ ਨੂੰ ਪਾਠਕਾਂ ਸਾਹਵੇਂ ਰੱਖਿਆ ਹੈ। 'ਵੱਖਰੀ ਨਸਲ',
'ਮਸਲੇ ਪਰਵਾਸ ਦੇ', 'ਨੈਤਿਕਤਾ ਅਤੇ ਤਰਕਸ਼ੀਲਤਾ', 'ਬਰਤਾਨਵੀ ਤੇ ਭਾਰਤੀ ਸਮਾਜ'
ਲੇਖ ਸੰਗ੍ਰਹਿ ਹਨ ਜਿਨ੍ਹਾ ਵਿਚ ਡਾਕਟਰ ਹਰੀਸ਼ ਮਲਹੋਤਰਾ ਨੇ ਪਰਵਾਸੀ ਜੀਵਨ ਦੀਆਂ
ਸਮੱਸਿਆਵਾਂ ਨੂੰ ਮਨੁੱਖੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਹਿਤ ਦੁਨੀਆ ਤੇ ਵਾਪਰਨ
ਵਾਲੇ ਗ਼ੈਰ ਮਨੁੱਖੀ ਕਰਮਾਂ ਅਤੇ ਗ਼ੈਰ ਮਨੁੱਖੀ ਸੋਚ ਦਾ ਖੰਡਨ ਕਰ ਕੇ ਮਾਨਵੀ
ਦ੍ਰਿਸ਼ਟੀਕੋਣ ਤੋਂ ਨਜਿੱਠਣ ਦਾ ਯਤਨ ਕੀਤਾ ਹੈ। ਏਸ ਦ੍ਰਿਸ਼ਟੀ ਕੋਣ ਪਿੱਛੇ
ਨੈਤਿਕਤਾ ਅਤੇ ਤਰਕਸ਼ੀਲਤਾ ਵਾਲਾ ਪਹਿਲੂ ਕਾਰਜਸ਼ੀਲ ਹੈ। ਇਸੇ ਤਰ੍ਹਾਂ 'ਗੋਰੀ
ਧਰਤੀ ਮੇਰੇ ਲੋਕ' ਅਤੇ 'ਰਿਸ਼ਤਿਆਂ ਦਾ ਕਤਲ' ਜਿਸਨੂੰ ਹਰੀਸ਼ ਮਲਹੋਤਰਾ ਨੇ
ਸੱਚੀਆਂ ਕਹਾਣੀਆਂ ਦੀ ਸੰਗਿਆ ਦਿੱਤੀ ਹੈ ਵਿਚ ਵੀ ਬਰਤਾਨਵੀ ਸਮਾਜ ਵਿਚ
ਰਹਿੰਦਿਆਂ ਏਸ਼ੀਅਨ ਲੋਕਾਂ ਨੂੰ ਦਰਪੇਸ਼ ਨਸਲ ਵਾਦ ਵਰਗੇ ਮਸਲਿਆਂ ਨਾਲ ਨਜਿੱਠਦਿਆਂ
ਜੋ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਨੂੰ ਬੜੇ ਸੱਚੇ ਅਤੇ ਨਿੱਝਕ ਤਰੀਕੇ ਨਾਲ
ਪੇਸ਼ ਕੀਤਾ ਹੈ।
ਰਿਸ਼ਤਿਆਂ ਦਾ ਕਤਲ' ਵਿਚ ਮੁੱਖ ਰੂਪ ਵਿਚ ਜੋ ਵਿਸ਼ਾ ਲਿਆ ਗਿਆ ਹੈ ਉਹ ਰਿਸ਼ਤਿਆਂ
ਨਾਲ ਕੀਤੀ ਜਾਣ ਵਾਲੀ ਬਦਸਲੂਕੀ ਨਾਲ ਸੰਬੰਧਿਤ ਹੈ। ਬਰਤਾਨਵੀ ਸਮਾਜ ਵਿਚ ਇਹ
ਬਦਸਲੂਕੀ ਏਸ ਹੱਦ ਤਕ ਘਰ ਕਰ ਚੁੱਕੀ ਹੈ ਕਿ ਇਸ ਦੀਆਂ ਜੜ੍ਹਾਂ ਸਮੁੱਚੇ ਏਸ਼ੀਅਨ
ਭਾਈ ਚਾਰੇ ਸਾਹਵੇਂ ਖ਼ਤਰਾ ਬਣ ਕੇ ਫੈਲ੍ਹ ਰਹੀਆਂ ਹਨ। ਲੇਖਕ ਦਾ ਕਿੱਤਾ ਸਮਾਜ
ਸੇਵਾ ਨਾਲ ਸੰਬੰਧਿਤ ਹੋਣ ਕਰਕੇ ਉਸ ਕੋਲ ਇਨ੍ਹਾਂ ਬਦਸਲੂਕੀਆਂ ਦੇ ਜ਼ਾਹਰਾ
ਪ੍ਰਮਾਣ ਮੌਜੂਦ ਹਨ। ਉਨ੍ਹਾਂ ਪ੍ਰਮਾਣਾ ਦੇ ਆਧਾਰ ਤੇ ਹੀ ਲੇਖਕ ਨੇ ਸੱਚੀਆਂ
ਕਹਾਣੀਆਂ ਪਾਠਕਾਂ ਸਾਹਵੇਂ ਰੱਖਣੀਆਂ ਚਾਹੀਆਂ ਹਨ।
ਇਨ੍ਹਾਂ ਕਹਾਣੀਆਂ ਬਾਰੇ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਇਹ ਉਦੇਸ਼-ਮੁੱਖ ਹਨ।
ਇਨ੍ਹਾਂ ਦਾ ਉਦੇਸ਼ ਲੋਕ-ਕਲਿਆਣ ਹੈ। ਇਹ ਉਦੇਸ਼ ਇਸ ਪੁਸਤਕ ਦੇ ਪੰਨਾ 124 ਤੇ
ਲੇਖਕ ਵੱਲੋਂ ਵੀ ਸਪੱਸ਼ਟ ਕਰ ਦਿਤਾ ਗਿਆ ਹੈ। ਮਿਸਾਲ ਪੇਸ਼ ਹੈ:-
''ਮੈਂ ਸਾਰੀ ਉਮਰ ਬੇ-ਇਨਸਾਫੀਆਂ ਦੇ ਖ਼ਿਲਾਫ਼ ਲੜਿਆ
ਹਾਂ। ਚਾਹੇ ਉਹ ਜਾਤੀ ਜ਼ਿੰਦਗੀ 'ਚ ਹੋਣ ਜਾਂ ਸਮਾਜਿਕ
ਵਲਗਣਾਂ ਦੀਆਂ ਅਤੇ ਇਹ ਵੀ ਮੇਰਾ ਜ਼ਾਤੀ ਫ਼ੈਸਲਾ ਸੀ
ਕਿ ਮੈਂ ਬਰਾਬਰੀ ਦੇ ਹੱਕਾਂ ਵਾਲੇ ਸਰਕਾਰੀ ਸੈਕਸ਼ਨ 'ਚ
ਕੰਮ ਕਰਨੈ ਤਾਂ ਕਿ ਲੋਕਾਂ ਦਾ ਭਲਾ ਹੋ ਸੱਕੇ।''
ਉਪਰੋਕਤ ਉਦਾਹਰਣ ਤੋਂ ਪਤਾ ਲਗਦਾ ਹੈ ਕਿ ਲੇਖਕ ਦੀ ਜ਼ਾਤੀ ਜ਼ਿੰਦਗੀ ਦੀ ਸੋਚ ਦਾ
ਉਸਦੇ ਸਾਹਿਤ ਨਾਲ ਬੜਾ ਗਹਿਰਾ ਸੰਬੰਧ ਹੈ।
ਇਨ੍ਹਾਂ ਕਹਾਣੀਆਂ ਦੇ ਪਾਠ ਉਪਰੰਤ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਨ੍ਹਾਂ ਦਾ
ਰੂਪ ਪੱਤਰਕਾਰੀ ਵਾਲਾ ਹੈ। ਪੱਤਰਕਾਰੀ ਦਾ ਕੰਮ ਸਮਾਜ ਦੇ ਸਮਾਚਾਰਾਂ ਅਤੇ
ਉਨ੍ਹਾਂ ਸਬੰਧੀ ਸਮੀਖਿਆ ਨੂੰ ਆਮ ਲੋਕਾਂ ਤਕ ਪਹੁੰਚਾਣਾ ਹੈ। ਲੇਖਕ ਨੇ ਬਰਤਾਨਵੀ
ਏਸ਼ੀਅਨ ਸਮਾਜ ਦੀ ਤਹਿ ਹੇਠ ਪ੍ਰਫੁਲਤ ਹੋ ਰਹੇ ਹਾਦਸਿਆਂ ਦੇ ਸਮਾਚਾਰਾਂ ਨੂੰ
ਆਪਣੀ ਨਿੱਜੀ ਯੋਗਤਾ, ਨਿਰਪੱਖ ਅਤੇ ਮਨੁੱਖੀ ਦ੍ਰਿਸ਼ਟੀ ਰਾਹੀਂ ਕਹਾਣੀ ਦੇ ਰੂਪ
ਵਿਚ ਪੇਸ਼ ਕਰਣ ਦਾ ਯਤਨ ਕੀਤਾ ਹੈ। ਏਥੇ ਭਾਵੇਂ ਇਨ੍ਹਾਂ ਕਹਾਣੀਆਂ ਦਾ ਰੂਪ
ਪੱਤਰਕਾਰੀ ਵਾਲਾ ਹੈ ਲੇਕਿਨ ਇਨ੍ਹਾਂ ਵਿਚ ਸ਼ੁੱਧ ਪੱਤਰਕਾਰੀ ਨਾਲੋਂ ਵਖਰੇਵਾਂ ਵੀ
ਹੈ। ਪੱਤਰਕਾਰੀ ਨਿਰਪੱਖ ਹੋਣ ਦੇ ਨਾਲ ਨਾਲ ਨਿਰਲੇਪ ਵੀ ਹੁੰਦੀ ਹੈ। ਏਥੇ ਲੇਖਕ
ਜਿਹੜੇ ਬਦਸਲੂਕੀ ਦੇ ਰਿਸ਼ਤਿਆਂ ਦੀ ਪੇਸ਼ਕਾਰੀ ਕਰ ਰਿਹਾ ਹੈ ਉਨ੍ਹਾਂ ਦੇ ਨਾਲ
ਉਸਦਾ ਪੂਰੀ ਤਰ੍ਹਾਂ ਹਮਦਰਦੀ ਅਤੇ ਦਰਦ ਭਰਿਆ ਰਿਸ਼ਤਾ ਹੈ। ਏਸ ਗੱਲ ਦੀ ਪੁਸ਼ਟੀ
ਵੀ ਉਹ ਪੁਸਤਕ ਦੇ ਸ਼ੁਰੂ ਵਿਚ 'ਮੇਰਾ ਦਰਦ' ਸਿਰਲੇਖ ਹੇਠ ਕਰਦਾ ਹੈ:-
''ਮੇਰੀ ਮਾਨਸਿਕਤਾ ਨੂੰ ਇਨ੍ਹਾਂ ਦਿਲ-ਹਿਲਾਊ ਕਹਾਣੀਆਂ
ਬੁਰੀ ਤਰ੍ਹਾਂ ਝੰਜੋੜੀ ਰੱਖਿਆ ਹੈ। ਇਹ ਅੱਖਰ-ਅੱਖਰ
ਸੱਚ ਲਿਖਣ ਵੇਲੇ ਮੈਂ ਬਹੁਤ ਵਾਰ ਰੋਇਆ ਹਾਂ।''
( ਰਿਸ਼ਤਿਆਂ ਦਾ ਕਤਲ, ਪੰਨਾ 7 )
ਇਹੀ ਕਾਰਣ ਹੈ ਕਿ ਜਿਹਨਾਂ ਪਾਤਰਾਂ ਨਾਲ ਲੇਖਕ ਹਮਦਰਦੀ ਜਾਂ ਨਫ਼ਰਤ ਕਰਦਾ ਹੈ
ਉਨ੍ਹਾਂ ਲਈ ਭਾਵ-ਵਾਚਕ ਸ਼ਬਦਾਂ ਦੀ ਵਰਤੋਂ ਕਰਦਾ ਹੈ। ਮਿਸਾਲ ਵਜੋਂ ਹਮਦਰਦੀ ਲਈ
ਉਹ 'ਗ਼ਰੀਬੜੀ', ਕਰਮਾਂ ਮਾਰੀ' ( ਪੰਨਾ,24 ) ਅਤੇ ਨਫ਼ਰਤ ਲਈ ਉਹ 'ਗਸ਼ਤੀ ਬਹੂ' (
ਪੰਨਾ131 ), "ਗਸ਼ਤੀਆਂ', ( ਪੰਨਾ, 132 ) ' 'ਮਾਂ ਦਾ ਯਾਰ' ( ਪੰਨਾ 23
)ਆਦਿ।ਇਸੇ ਤਰ੍ਹਾਂ ਇਨ੍ਹਾਂ ਕਹਾਣੀਆਂ ਵਿਚ ਜਦੋਂ ਕਿਸੇ ਦਾ ਘਰ ਉੱਜੜਦਾ ਹੈ ਤਾਂ
ਲੇਖਕ ਉਦਾਸ ਹੁੰਦਾ ਹੈ ਅਤੇ ਉੱਜੜੇ ਲੋਕਾਂ ਦੇ ਘਰ ਵਸਾਉਣ ਤੇ ਲੇਖਕ ਖ਼ੁਸ਼ ਹੁੰਦਾ
ਹੈ। ਦਰਅਸਲ ਲੇਖਕ ਇਨਸਾਨ ਦੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਨਾਉਣ ਦੇ ਹੱਕ ਵਿਚ
ਵਿਸ਼ਵਾਸ ਰੱਖਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਲੇਖਕ ਸਮਾਜ ਵਿਚ ਸੁਧਾਰ ਲਿਆਣਾ
ਚਾਹੁੰਦਾ ਹੈ। ਉਹ ਕਹਾਣੀਆਂ ਸਿਰਫ਼ ਦਿਲ ਪਰਚਾਵੇ ਜਾਂ ਜ਼ਿਹਨੀ ਕਸਰਤ ਲਈ ਨਹੀਂ
ਲਿਖਦਾ। ਇਸੇ ਤਰ੍ਹਾਂ ਸਿਰਫ਼ ਪੱਤਰਕਾਰੀ ਰਾਹੀਂ ਸਨਸਨੀ ਖੇਜ਼ ਖ਼ਬਰਾਂ ਸੁਣਾ ਕੇ
ਪਾਠਕਾਂ ਲਈ ਕੋਈ ਸੁਆਦ ਪੈਦਾ ਨਹੀਂ ਕਰਦਾ ਸਗੋਂ ਲੇਖਕ ਏਥੇ ਪੱਤਰਕਾਰੀ ਅਤੇ
ਕਹਾਣੀ ਦੇ ਲੱਛਣਾਂ ਨੂੰ ਮਿਲਾ ਕੇ ਇਕ ਐਸੀ ਕਹਾਣੀ ਲਿਖਦਾ ਹੈ ਜੋ ਪਾਠਕਾਂ ਦੇ
ਦਿਲ ਵਿਚ ਬੁਰੇ ਪਾਤਰਾਂ ਲਈ ਨਫ਼ਰਤ ਅਤੇ ਚੰਗੇ ਪਾਤਰਾਂ ਲਈ ਹਮਦਰਦੀ ਪੈਦਾ ਕਰਦੀ
ਹੈ। 'ਰਿਸ਼ਤਿਆਂ ਦਾ ਕਤਲ' ਇਸ ਦ੍ਰਿਸ਼ਟੀ ਤੋਂ ਲੇਖਕ, ਰਚਨਾ ਅਤੇ ਪਾਠਕ ਨਾਲ
ਅਨਿੱਖੜ ਸੰਬੰਧ ਕਾਇਮ ਕਰ ਲੈਂਦੀ ਹੈ। ਇਨ੍ਹਾਂ ਕਹਾਣੀਆਂ ਵਿਚ ਲੇਖਕ ਸੁਧਾਰਕ ਦੇ
ਤੌਰ ਤੇ ਪੂਰੀ ਤਰ੍ਹਾਂ ਸ਼ਾਮਿਲ ਹੈ। ਧਰਮ ਦੀ ਆੜ ਵਿਚ ਦੂਹਰੀ ਜ਼ਿੰਦਗੀ ਜਿਉਣ
ਵਾਲੇ ਲੋਕਾਂ ਦਾ ਪਰਦਾ ਫ਼ਾਸ਼ ਕਰਦਾ ਹੈ, ਉਹ ਲੋਕ ਜੋ ਫ੍ਰੀ ਸੁਸਾਇਟੀ ਵਾਲੇ
ਸੱਭਿਆਚਾਰ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਵਰਤਦੇ ਹਨ ਦੇ ਕਾਰਨਾਮਿਆਂ ਨੂੰ
ਵੀ ਲੇਖਕ ਸਾਹਮਣੇ ਲੈ ਕੇ ਆਉਂਦਾ ਹੈ।
ਇਨ੍ਹਾਂ ਕਹਾਣੀਆਂ ਵਿਚ ਸਹਿਜੇ ਹੀ ਇਕ ਅਦ੍ਰਿਸ਼ਟ ਤਣਾਓ ਉਭਰ ਕੇ ਆਉਂਦਾ ਹੈ।
ਕਹਾਣੀ ਸਮੱਸਿਆ ਦੇ ਸੁਝਾਓ ਵੱਲ ਤੁਰ ਰਹੀ ਹੁੰਦੀ ਹੈ ਅਤੇ ਅਚਾਨਕ ਫ਼ੈਸਲੇ ਦੀ
ਘੜੀ ਤੇ ਕਹਾਣੀਆਂ ਵਿਚਲੇ ਪਾਤਰ ਆਪਣੇ ਫ਼ੈਸਲੇ ਬਦਲ ਲੈਂਦੇ ਹਨ। ਮਿਸਾਲ ਵਜੋਂ
ਪਰਿਵਾਰ ਦੇ ਦਬਾਓ ਹੇਠ, ਬਦਨਾਮੀ ਦੇ ਡਰੋਂ, ਪਰਿਵਾਰ ਟੁੱਟ ਜਾਣ ਦੇ ਡਰੋਂ ਉਹ
ਕੁੜੀਆਂ ਜੋ ਆਪਣੇ ਬਾਪ, ਭਰਾ ਜਾਂ ਮਾਮੇ ਹੱਥੋਂ ਬਦਸਲੂਕੀ ਦਾ ਸ਼ਿਕਾਰ ਹੁੰਦੀਆਂ
ਰਹਿੰਦੀਆਂ ਹਨ, ਆਪਣੇ ਹੀ ਪਰਿਵਾਰ ਦੇ ਜੀਆਂ ਦੀ ਗੱਲ ਸੁਣ ਕੇਸ ਵਾਪਸ ਲੈਣ ਲਈ
ਤਿਆਰ ਹੋ ਜਾਂਦੀਆਂ ਹਨ। ਦਰ ਅਸਲ ਏਹੋ ਜਿਹੇ ਪਾਤਰਾਂ ਨੂੰ ਏਥੇ ਗਾਲਪਿਕ ਰੰਗ
ਦੇਣ ਦੀ ਲੋੜ ਮਹਿਸੂਸ ਹੁੰਦੀ ਹੈ।ਲੇਖਕ ਨੇ ਕਿਉਂਕਿ ਇਹ ਕਹਾਣੀਆਂ ਤੱਥਾਂ ਦੇ
ਆਧਾਰ ਤੇ ਲਿਖੀਆਂ ਹਨ, ਏਸ ਲਈ ਉਹ ਇਨ੍ਹਾਂ ਨੂੰ ਵਾਪਰ-ਕਹਾਣੀਆਂ ਵਾਂਗ ਹੀ ਪੇਸ਼
ਕਰਦਾ ਹੈ। ਦਰਅਸਲ ਏਥੇ ਲੇਖਕ ਕਹਾਣੀ ਸੁਣਾਉਂਦਾ ਹੈ। ਇਸ ਸਾਰੀ ਪੁਸਤਕ ਵਿਚ
ਕਹਾਣੀ ਸੁਨਾਉਣ ਵਾਲੀ ਵਿਧੀ ਵਰਤੀ ਗਈ ਹੈ।
ਲੇਖਕ ਕੋਲ ਸਮਾਜ ਦੀ ਤਹਿ ਵਿਚ ਕੰਮ ਕਰ ਰਹੀ ਜੋ ਤਸਵੀਰ ਹੈ, ਉਸਨੂੰ ਕਹਾਣੀ ਦੇ
ਰੂਪ ਵਿਚ ਬੜੇ ਸਫ਼ਲ ਢੰਗ ਨਾਲ ਰੂਪਾਂਤਰਿਤ ਕੀਤਾ ਜਾ ਸਕਦਾ ਹੈ। ਦਰਅਸਲ ਕਿਸੇ
ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਕਹਾਣੀਆਂ ਹੀ ਹੁੰਦੀਆਂ ਹਨ, ਇਸ ਲਈ ਕਹਾਣੀ
ਦੀ ਵਿਧਾ ਹੀ ਇਨ੍ਹਾਂ ਲਈ ਢੁਕਵੀਂ ਵਿਧਾ ਹੋ ਸਕਦੀ ਹੈ। ਕਹਾਣੀ ਸੁਨਾਉਣ ਅਤੇ
ਕਹਾਣੀ ਸਿਰਜਣ ਵਿਚ ਅੰਤਰ ਹੈ। ਕਹਾਣੀ ਸੁਨਾਉਣ ਦਾ ਸੰਬੰਧ ਕਹਾਣੀ ਦੀ ਵਸਤੂ
ਸਮਗਰੀ ਨਾਲ ਹੈ। ਵਸਤੂ ਸਮਗਰੀ ਨੂੰ ਕਲਾ ਵਿਚ ਢਾਲਣ ਲਈ, ਕਹਾਣੀ ਦੀਆਂ ਗਾਲਪਿਕ
ਜੁਗਤਾਂ ਦੀ ਅਤੇ ਲੇਖਕ ਦੀ ਕਾਲਪਨਿਕ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਕਹਾਣੀ ਵਿਚ
ਵਿਸ਼ੇ ਦੇ ਨਾਲ ਨਾਲ ਉਸ ਦੀ ਬਣਤਰ ਦਾ ਵੀ ਪੂਰਾ ਪੂਰਾ ਖ਼ਿਆਲ ਰੱਖਿਆ ਜਾਣਾ
ਚਾਹੀਦਾ ਹੈ। ਖ਼ਾਸ ਕਰ ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਵਿਸ਼ਾ-ਸੰਸਾਰ ਕਹਾਣੀ
ਦੇ ਹੁਨਰ ਦੇ ਨਾਲ ਨਾਲ ਲੇਖਕ ਦੀ ਐਸੀ ਸੂਝ ਦੀ ਵੀ ਮੰਗ ਕਰਦਾ ਹੈ ਜਿਹੜੀ ਸਮਾਜ
ਵਿਚ ਕਾਰਜਸ਼ੀਲ ਕੋੜ੍ਹ ਦੀਆਂ ਜੜ੍ਹਾਂ ਤਕ ਪਹੁੰਚ, ਉਨ੍ਹਾਂ ਦੇ ਕਾਰਨਾਂ ਦਾ
ਮਨੋਵਿਗਿਆਨਕ ਵਿਸ਼ਲੇਸ਼ਣ ਕਰ ਆਪਣੀ ਸੋਚ ਦ੍ਰਿਸ਼ਟੀ ਰਾਹੀਂ ਦਮਿਤ ਪਾਤਰਾਂ ਅੰਦਰ
ਚੇਤਨਾ ਪੈਦਾ ਕਰ ਸਕਦੀ ਹੋਵੇ। ਮਿਸਾਲ ਵਜੋਂ ਉਨ੍ਹਾਂ ਪਾਤਰਾਂ ਦੀ ਥਾਂ ਜਿਹੜੇ
ਕਿਸੇ ਦਬਾਓ ਹੇਠ ਅਪਣਾ ਕੇਸ ਵਾਪਸ ਲੈ ਲੈਂਦੇ ਹਨ ਦੇ ਯਥਾਰਥ ਵਿਚ ਗਾਲਪਿਕ ਰੰਗ
ਭਰ ਕੇ ਉਨ੍ਹਾਂ ਨੂੰ ਐਸਾ ਭਰੋਸੇਯੋਗ ਬਣਾਇਆ ਜਾਵੇ ਕਿ ਉਹ ਪਾਤਰ ਸਮਾਜ ਦੇ
ਚੇਤੰਨ ਲੋਕਾਂ ਦੀ ਪ੍ਰਤੀਨਿਧਤਾ ਕਰ ਸਕਣ। ਉਨ੍ਹਾਂ ਕੁੜੀਆਂ ਵਿੱਚ ਏਨੀ ਹਿੰਮਤ
ਪੈਦਾ ਕੀਤੀ ਜਾਏ ਕਿ ਉਹ ਲੋਕਾਂ ਸਾਹਵੇਂ ਆਪਣੇ ਨਾਲ ਹੋ ਰਹੀਂ ਬਦਸਲੂਕੀ ਨੂੰ
ਸਾਹਮਣੇ ਲਿਆ ਸੱਕਣ। ਮੈਨੂੰ ਪੂਰਾ ਯਕੀਨ ਹੈ ਕਿ ਡਾਕਟਰ ਹਰੀਸ਼ ਮਲਹੋਤਰਾ ਇਸ
ਸਾਰੀ ਸੂਝ ਦਾ ਮਾਲਿਕ ਹੈ। ਜ਼ਰੂਰਤ ਸਿਰਫ਼ ਕਹਾਣੀ ਨੂੰ ਸੁਨਾਉਣ ਦੀ ਹੀ
ਨਹੀਂ,ਕਹਾਣੀ ਸਿਰਜਣ ਦੀ ਵੀ ਹੈ।ਲਈ ਤੱਥਾਂ ਦੇ ਨਾਲ ਨਾਲ ਮਾਨਵੀ ਮੁੱਲਾਂ ਦੀ
ਬਹਾਲੀ ਦੀ ਵੀ ਲੋੜ ਹੈ।
ਇਨ੍ਹਾਂ ਕਹਾਣੀਆਂ ਵਿਚ ਕਿਤੇ ਕਿਤੇ ਸਹਿਜ ਵਿਚ ਹੀ ਭਾਸ਼ਾ ਦੀ ਖ਼ੂਬਸੂਰਤ ਵਰਤੋਂ
ਵੀ ਹੋਈ ਹੈ। ਇਹ ਵਰਤੋਂ ਸਥਿਤੀ ਵਰਣਨ ਜਾਂ ਪਾਤਰ-ਚਿਤਰਣ ਵੇਲੇ ਜ਼ਿਆਦਾ ਮਹਿਸੂਸ
ਹੁੰਦੀ ਹੈ। ਮਿਸਾਲ ਵਜੋਂ 'ਪਾਪੀ ਅਤੇ ਜ਼ਾਲਮ ਬਾਪ' ਕਹਾਣੀ ਵਿਚ ਰਾਬੀਆ ਦੀ
ਤਸਵੀਰ ਕੁਝ ਇਸ ਤਰ੍ਹਾਂ ਪੇਸ਼ ਹੋਈ ਹੈ:-
''ਰਾਬੀਆ ਦੇ ਅਨਾਭੀ ਰੰਗ ਦਾ ਸੂਟ ਪਾਇਆ ਹੋਇਆ ਸੀ
ਅਤੇ ਉਹਦੇ ਪੌਣੇ ਛੇ ਫ਼ੁੱਟ ਲੰਬੇ ਕੱਦ ਵਿਚੋਂ ਹੁਸਨ ਡਲ੍ਹਕਾਂ
ਮਾਰ ਰਿਹਾ ਸੀ। ਤੂਤ ਦੀ ਛਿਟੀ ਵਰਗੀ ਰਾਬੀਆ ਦੁਕਾਨ
ਵਿਚ ਦੌੜੀ ਭੱਜੀ ਫਿਰਦੀ, ਹੰਸੂ ਹੰਸੂ ਕਰ ਰਾਹੀਂ ਸੀ।''
( ਉਹੀ, ਪੰਨਾ, 19 )
ਇਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕਹਾਣੀਆਂ ਵਿਚ ਕਹਾਣੀ ਸਿਰਜਣ ਵਿਧੀ ਦੇ ਤੱਤ
ਮੌਜੂਦ ਹਨ। ਸਮਾਜ ਦੀਆਂ ਇਨ੍ਹਾਂ ਸੱਚੀਆਂ ਕਹਾਣੀਆਂ ਨੂੰ ਹਮੇਸ਼ਾ ਰਹਿਣ ਵਾਲੀਆਂ
ਅਤੇ ਯਾਦਗਾਰੀ ਬਣਨ ਲਈ ਕਹਾਣੀ ਦੀਆਂ ਗਾਲਪਨਿਕ ਜੁਗਤਾਂ ਵਿਚੋਂ ਦੀ ਗੁਜ਼ਰਨ ਦੀ
ਲੋੜ ਹੈ।
***********************
(5 ਫਰਵਰੀ
2010) ਯੂਨੀਕੋਡ
ਡਾ: ਦੇਵਿੰਦਰ ਕੌਰ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ
ਕਲਿੱਕ ਕਰੋ