|
|
|
ਅਜੋਕਾ
ਵਾਧਾ:
Monday August 09, 2010 |
|
|
'ਲਿਖਾਰੀ'
ਵਿਚ ਪ੍ਰਕਾਸਿ਼ਤ ਹੋਣ ਵਾਲੀਆਂ
ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ
'ਲਿਖਾਰੀ'
ਦਾ ਸਹਿਮਤ ਹੋਣਾ ਜ਼ਰੂਰੀ
ਨਹੀਂ।
ਹਰ ਲਿਖਤ ਵਿਚ ਪ੍ਰਗਟਾਏ
ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ'
ਦਾ ਕਰਤਾ ਹੋਵੇਗਾ। |
|
ਤੁਹਾਡੇ
ਪੱਤਰ/ਹੁੰਗਾਰੇ-ਨਿਹੋਰੇ/ਪਠਨ-ਪਾਠਨ/ਟਿੱਪਣੀਆਂ |
|
|
ਕਰਮ ਬਰਸਟ ਦੇ ਪ੍ਰਮਾਣੂ ਸੰਧੀ ਬਾਰੇ
ਵਿਚਾਰ ਸ਼ਲਾਘਾ-ਯੋਗ ਹਨ----ਦਰਸ਼ਨ ਨੱਤ (ਪ੍ਰਿੰਸੀਪਲ) |
ਪਿਆਰੇ ਸੰਪਾਦਕ ਜੀਓ,
ਕਰਮ ਬਰਸਟ ਦੇ ਪ੍ਰਮਾਣੂ ਸੰਧੀ ਬਾਰੇ ਵਿਚਾਰ ਸ਼ਲਾਘਾ-ਯੋਗ ਹਨ। ਆਪਣੀ ਲ਼ਾਗਤ ਅਤੇ
ਪ੍ਰਮਾਣੂ ਪ੍ਰਦੂਸ਼ਣ ਕਾਰਨ ਇਹ ਬਿਜਲੀ ਬਹੁਤ ਮਹਿੰਗੀ ਅਤੇ ਨੁਕਸਾਨ ਦਾਇਕ ਹੋਵੇਗੀ।
ਭਾਰਤ ਵਿੱਚ ਉੱਤਰ-ਪੂਰਬੀ ਰਾਜਾਂ ਅਤੇ ਕੇਰਲਾ
ਆਦਿ ਵਿੱਚ ਥੋਰੀਅਮ ਦੇ ਅਥਾਹ ਭੰਡਾਰ ਮੌਜੂਦ ਹਨ। ਹੋਰ ਨਹੀਂ ਤਾਂ ਟੋਭਿਆਂ ਵਿੱਚ
ਮਿਲਦੀ ਕਾਈ ਦੀ ਵਪਾਰਕ ਪੱਧਰ ਤੇ ਖੇਤੀ ਕਰਕੇ ਉਸ ਤੋਂ ਪੈਟਰੋਲੀਅਮ ਬਨਾਉਣ ਦੀਆਂ
ਸੰਭਾਵਨਾਵਾਂ ਮੌਜੂਦ ਹਨ। ਉਭਰਦੇ ਵਿਗਿਆਨਕਾਂ
ਨੂੰ ਉਤਸ਼ਾਹ ਦੇ ਕੇ ਊਰਜਾ ਦੇ ਕਈ ਹੋਰ ਸਰੋਤਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਤੁਹਾਡਾ ਆਪਣਾ,
ਦਰਸ਼ਨ ਨੱਤ (ਪ੍ਰਿੰਸੀਪਲ)
12 ਅਕਤੂਬਰ 2008
|
|
|
ਵਿਸਾਖੀ, ਬੈਸਾਖੀ ਜਾਂ ਵੈਸਾਖੀ.....ਵੈਸਾਖੀ ਸਹੀ ਮੰਨਿਆ ਜਾਣਾ ਚਾਹੀਦਾ ਹੈ--------ਮਹਿੰਦਰ
ਸਿੰਘ ਘੱਗ |
ਕੈਨੇਡਾ ਵਾਸੀ ਅਮਨਪਾਲ ਸਾਰਾ ਪੰਜਾਬੀ ਬੋਲੀ ਦਾ ਇਕ
ਨਾਂਮੀ ਲੇਖਕ ਹੈ। ਪੰਜਾਬੀ ਬੋਲੀ ਨੂੰ ਸੰਸਾਰ
ਦੀਆਂ ਬੋਲੀਆਂ ਦੇ ਕਾਫਲੇ ਵਿਚ ਪਹਿਲੀ ਕਤਾਰ ਵਿਚ ਦੇਖਣ ਦਾ ਚਾਹਵਾਨ ਹੈ। ਬੋਲੀ
ਪ੍ਰਤੀ ਆਪਣਾ ਫਰਜ਼ ਪਛਾਣਦੇ ਹੋਇਆਂ ਹੀ ਉਸ ਨੇ ਆਪਣੇ ਲੇਖ ਵਿਚ ਕੁਝ ਨੁਕਤੇ ਉਠਾਏ
ਹਨ।
ਪੰਜਾਬੀ ਬੋਲੀ ਬਹੁਤ ਪੁਰਾਣੀ
ਬੋਲੀ ਹੈ ਭਾਸ਼ਾ ਵਿਗਿਆਨੀ ਇਸ ਨੂੰ ਇੰਡੋਯੋਰਪੀਅਨ ਬੋਲੀ ਮੰਨਦੇ ਹਨ। ਪੁਰਾਤਨ ਕਾਲ
ਵਿਚ ਇਸ ਦਾ ਪਾਸਾਰ ਬਨਾਰਸ ਤਕ ਸੀ। ਹੋਲੀ ਹੌਲੀ ਬੜੀ ਸੋਚੀ ਸੱਮਝੀ ਸਕੀਮ ਨਾਲ ਇਸ
ਨੂੰ ਸਿਰਫ ਸਿਖਾਂ ਦੀ ਬੋਲੀ ਆਖ ਕੇ ਇਸ ਨੂੰ ਕੀਲਣ ਦਾ ਯਤਨ ਕੀਤਾ ਗਿਆ ਜੋ ਅਜ ਤਕ
ਜਾਰੀ ਹੈ। ਪੰਜਾਬੀ ਬੋਲੀ ਦਾ ਹਾਜ਼ਮਾਂ ਇਡਾ ਤਕੜਾ ਹੈ ਕਿ ਸਮੇਂ ਸਮੇਂ ਸੰਸਾਰ ਦੀਆਂ
ਬੋਲੀਆਂ ਵਿਚੋਂ ਬਹੁਤ ਸਾਰੇ ਸ਼ਬਦ ਲੈਣ ਕਾਰਨ ਪੰਜਾਬੀ ਬੋਲੀ ਬਹੁਤ ਅਮੀਰ ਹੋਈ ਹੈ।
ਸੰਸਾਰ ਦੀਆਂ ਬੋਲੀਆਂ ਨਾਲੋਂ ਇਸ ਦਾ ਸ਼ਬਦ ਭੰਡਾਰ ਵਿਸ਼ਾਲ ਹੈ। ਜਿਸ ਤਰਾਂ ਅਮਨਪਾਲ
ਸਾਰਾ ਨੇ ਦੂਜੀਆਂ ਬੋਲੀਆਂ ਵਿਚੋਂ ਸ਼ਬਦ ਲੈਣ ਦੇ ਤਰੀਕੇ ਦਾ ਵਰਨਣ ਕੀਤਾ ਹੈ ਸਲਾਹਣ
ਯੋਗ ਹੈ । ਅਮਨਪਾਲ ਸਾਰਾ ਲਿਖਦਾ ਹੈ ਕਿ ਜੇ ਸ਼ਬਦ ਨੁੰ ਉਸੇ ਦਾ ਉਸੇ ਤਰਾਂ ਲੈ ਲਿਆ
ਜਾਵੇ ਜਿਵੇਂ ਟਰੱਕ, ਬੱਸ ਵਗੈਰਾ ਤਾਂ ਉਸ ਨੂੰ (ਤਤਸਮ ਰੂਪ ਕਿਹਾ ਜਾਂਦਾ ਹੈ ਅਤੇ ਜੇ
ਸੌਖੇ ਉਚਾਰਨ ਲਈ ਥੋੜ੍ਹਾ ਬਦਲ ਕਰ ਲਿਆ ਜਾਵੇ ਜਿਵੇਂ ਸੈਕਲ, ਪੈਂਚਰ ਵਗੈਰਾ ਤਾਂ ਉਸ
ਨੂੰ ਤਦਭਵ ਰੂਪ ਆਖੀਦਾ ਹੈ । ਉਸੇ ਦਾ ਉਸੇ ਤਰਾਂ ਜਾਂ ਜਿਉਂ ਦਾ ਤਿਊਂ ਸਭ ਦੀ ਸਮਝ
ਵਿਚ ਆਉਂਦਾ ਹੈ ਅਤੇ ਤਤਸਮ ਰੂਪ ਸਮਝਣ ਲਈ ਪੰਜਾਬੀ ਕੋਸ਼ ਫੋਲਣ ਤੇ ਵੀ ਜੇ ਨਾਂ ਮਿਲੇ
ਤਾਂ ਪਰੇਸ਼ਾਨੀ ਹੁੰਦੀ ਹੈ । ਜਿਉਂ ਦਾ ਤਿਉਂ ਅਤੇ ਤਤਸਮ ਰੂਪ ਦੋਵਾਂ ਦੀ ਬਨਾਵਟ ਵੀ
ਛੇ ਅਖਰੀ ਹੈ ਇਸੇ ਤਰਾਂ ਹੀ ਤਦਭਵ ਸ਼ਬਦ ਦਾ ਬਦਲ ਵੀ ਪੰਜਾਬੀ ਵਿਚ ਹੈ । ਅਮਨਪਾਲਸਾਰਾ
ਗੁੱਝੀ ਰਮਜ਼ ਨਾਲ ਬੁਧੀਮਾਨ ਭਾਈਚਾਰੇ ਨੂੰ ਦੱਸਣ ਦਾ ਯਤਨ ਕਰ ਰਿਹਾ ਹੈ ਕਿ ਵੀਰੋ
ਪੰਜਾਬੀ ਵਿਚ ਖਾਹ ਮਖਾਹ ਸੰਸਕ੍ਰਿਤ ਦੇ ਸ਼ਬਦ ਘੁਸੇੜਦੇ ਰਹੇ ਤਾਂ ਮਾਂ ਬੋਲੀ ਪੰਜਾਬੀ
ਕੁਦੇਸੜ ਲੱਗਣ ਲੱਗ ਜਾਵੇਗੀ। ਅਮਨਪਾਲਸਾਰਾ ਨੇ ਆਪਣਾ ਸੁਨੇਹਾ ਦੇਣ ਲਈ ਧੀਏ ਗੱਲ ਕਰ
ਅਤੇ ਨੂਹੇਂ ਕੰਨ ਕਰ ਦਾ ਢੰਗ ਵਰਤਿਆ ਹੈ ।
ਦੂਸਰਾ ਨੁਕਤਾ ਵਿਵਹਾਰਕ ਬੋਲੀ
ਅਤੇ ਸਾਹਤਿਕ ਬੋਲੀ ਬਾਰੇ ਹੈ। ਕਹਾਣੀ, ਨਾਟਕ, ਨਾਵਲ, ਕਵਿਤਾ ਅਤੇ ਲੇਖ ਸਾਰੇ ਹੀ
ਸਾਹਿਤ ਮਾਲਾ ਦੇ ਮੋਤੀ ਹਨ। ਸਾਰੀਆਂ ਵਿਧੀਆਂ ਦਾ ਲਿਖਣ ਢੰਗ ਵਖਰਾ ਹੈ। ਨਾਵਲ, ਨਾਟਕ
ਅਤੇ ਕਹਾਣੀ ਦੇ ਲੇਖਕ ਦੀ ਮਜਬੂਰੀ ਹੈ ਕਿ ਉਸ ਨੂੰ ਆਪਣੇ ਪਾਤਰ ਮੂਹੋਂ ਗੱਲ ਕਹਾਉਣ
ਲਗਿਆਂ ਉਸ ਦੀ ਵਿਵਹਾਰਕ ਬੋਲੀ ਹੀ ਵਰਤਣੀ ਪਵੇਗੀ। ਲੇਖ ਅਤੇ ਕਵਿਤਾ ਵਿਚ ਲੇਖਕ ਦੀ
ਆਪਣੀ ਸੂਝ ਹੈ ਕਿ ਉਹ ਆਪਣੀ ਸ਼ੈਲੀ ਨੂੰ ਸ਼ੰਗਾਰ ਵੀ ਲਵੇ ਅਤੇ ਲੋਕਾਈ ਨਾਲੋਂ ਵੀ ਨਾ
ਟੁਟੇ । ਸਿਰਫ ਵਿਦਵਤਾ ਦੀ ਧਾਂਕ ਬਿਠਾਲਣ ਲਈ ਕੱਦੂਆਂ ਜਿਡੇ ਸ਼ਬਦ ਵਰਤ ਕੇ ਸਾਹਤਿਕ
ਬੋਲੀ ਲਿਖਣ ਵਾਲੇ ਲੇਖਕ ਆਪਣੀ ਲਿਖਤ ਦਾ ਦਾਇਰਾ ਮਹਦੂਦ ਕਰ ਲੈਂਦੇ ਹਨ।
ਅਮਨਪਾਲਸਾਰਾ ਨੇ ਵਿਵਹਾਰਕ ਬੋਲੀ
ਦੀ ਉਦਾਹਰਣ ਦੇ ਕੇ ਫੇਰ ਉਸ ਦਾ ਸਾਹਿਤਕ ਰੂਪ ਪੇਸ਼ ਕੀਤਾ ਹੈ
“ਮੈਂ ਆਪਣਾ ਵੇਟ ਘਟਾਉਣ ਲਈ ਜੋਗਿੰਗ ਅਤੇ ਸਵਿਮਿੰਗ ਸਟਾਰਟ ਕੀਤੀ ਹੈ, ਦੋਨੋਂ ਚੀਜਾਂ
ਮੈਂ ਪੂਰਾ ਵੀਕ ਬਾਰੀ ਬਾਰੀ ਕਰਦਾ ਹਾਂ“ ਅੰਗਰੇਜੀ ਦੇ ਸ਼ਬਦ ਜ਼ਰੂਰ ਰੜਕਦੇ ਹਨ ਪਰ
ਗੱਲ ਪੂਰੀ ਤਰਾਂ ਸਮਝ ਪੈਂਦੀ ਹੈ।“
ਸਾਹਿਤਕ ਰੂਪ:
“ ਮੈਂ ਆਪਣਾ ਵਜ਼ਨ ਘਟਾਉਣ ਲਈ ਪੂਰਾ ਹਫਤਾ ਵਾਰੀ ਵਾਰੀ ਰੋਜ਼ ਦੌੜਨਾਂ ਜਾਂ ਤੈਰਨਾਂ
ਆਰੰਭ ਕੀਤਾ ਹੈ”
ਸਾਰੇ ਲੇਖਕਾਂ ਦੀ ਸ਼ਬਦ ਚੋਣ ਅਤੇ ਉਹਨਾਂ ਦੀ ਗੁੰਦਾਈ ਇਕੋ ਜਹੀ ਨਹੀਂ ਹੋ ਸਕਦੀ।
ਸ਼ਾਇਦ ਕੋਈ ਦੂਸਰਾ ਲੇਖਕ ਰੋਜ਼ ਸ਼ਬਦ ਨੂੰ ਫਾਲਤੂ ਸਮਝ ਕੇ ਉਸੇ ਗੱਲ ਨੂੰ ਕੁਝ ਇਸ
ਤਰਾਂ ਲਿਖ ਦੇਵੇ। ਆਪਣਾ ਭਾਰ ਘਟ ਕਰਨ ਲਈ ਮੈਂ ਹਰ ਹਫਤੇ ਵਾਰੀ ਨਾਲ ਨੱਠਣਾ ਅਤੇ
ਤੈਰਨਾ ਸ਼ੁਰੂ ਕੀਤਾ ਹੈ।
ਜਨਸਾਧਾਰਨ ਤਕ ਪਹੁੰਚ ਕਰਨ ਲਈ
ਗੁਰਬਾਣੀ ਵਿਚ ਕਾਫੀ ਹਦ ਤਕ ਇਲਾਕਾਈ ਅਤੇ ਵਿਵਹਾਰਕ ਬੋਲੀ ਹੀ ਵਰਤੀ ਗਈ ਹੈ । ਬਹੁਤ
ਸਾਰੀਆਂ ਅੰਗਰੇਜ਼ੀ ਬੋਲੀ ਦੀਆਂ ਨੋਬਲ ਪੁਰਸਕਾਰ ਜੇਤੂ ਪੁਸਤਕਾਂ ਵਿਵਹਾਰਕ ਬੋਲੀ ਵਿਚ
ਹੀ ਲਿਖੀਆਂ ਹੋਈਆਂ ਹਨ।
ਵ ਦੀ ਥਾਂਹ ਬ ਦੀ ਵਰਤੋਂ ਕੱਲਾ ਦੁਆਬਾ ਹੀ ਨਹੀਂ ਕਰਦਾ । ਗੁਰਬਾਣੀ ਵਿਚ ਬ ਅਤੇ ਵ
ਦੋਵਾਂ ਦੀ ਵਰਤੋਂ ਕੀਤੀ ਗਈ ਹੈ ।
(ਵਚਨੁ ਅਤੇ ਬਚਨ ) ਦੀ ਵਰਤੋਂ ਇਕੋ ਮਤਲਬ ਲਈ ਵਰਤੇ ਗਏ ਹਨ
“ ਵਚਨੁ ਦੇਹਿ,ਛੋਡਿ ਨਾ ਜਾਸਾ ਹੇ “ ( ਮਾਰੂ ਸੋਹਲੇ ਮਹਲਾ ੫ ) ਹੁਣ ਭਾਈ ਗੁਰਦਾਸ
ਜੀ ਦੀ ਪੰਗਤੀ ਦੇਖੋ
“ਮੰਤਰ ਮੂਲ ਸਤਿਗੁਰ ਬਚਨ ਇਕ ਮਨ ਹੋਏ ਆਰਾਧੇ ਕੋਈ “
“ਕਬੀਰ ਜੋਰ ਕੀ ਸੋ ਜ਼ੁਲਮ ਹੇ ਲੇ ਜਬਾਬ ਖੁਦਾਇ ”( ਜਬਾਬ ਅਤੇ ਜਵਾਬ )
“ ਬੇਦ ਪੁਰਾਨ ਪੜੇ ਕਿਆ ਕਾ ਗੁਨੁ ਖਰ ਚੰਦਨ ਜਸ ਭਾਰਾ “ ਰਾਗ ਮਾਰੂ ਕਬੀਰ ਜੀ ( ਵੇਦ
ਅਤੇ ਬੇਦ )
ਇਸੇ ਤਰਾਂ ਨ ਅਤੇ ਣ ਵਰਤੇ ਜਾਂਦੇ ਹਨ:
ਜਿਵੇਂ ਬਰਨੀ ਅਤੇ ਵਰਣੀ। ਸ ਅਤੇ ਸ਼ ਵੀ ਇਕੋ ਸ਼ਬਦ ਬਣਤਰ ਵਿਚ ਵਰਤੇ ਜਾਂਦੇ ਹਨ। ਸਮੇਂ
ਸਥਾਨ ਨਾਲ ਸ਼ਬਦ ਜੋੜ ਅਤੇ ਉਚਾਰਨ ਦੁਨੀਆਂ ਦੀ ਹਰ ਬੋਲੀ ਵਿਚ ਬਦਲ ਜਾਂਦਾ ਹੈ। ਬਰਿਟਨ
ਅਤੇ ਅਮਰੀਕਾ ਵਿਚ ਉਚਾਰਨ ਵਖਰੇਵਾਂ ( ਐਡਜੇਕਟਵ ਦਾ ਉਚਾਰਨ ਅਮਰੀਕਾ ਵਿਚ ਐਜੀਟਵ ਹੈ
) । ਸ਼ਬਦ ਜੋੜਾਂ ਬਾਰੇ ਸਿਰਫ color-colour ਦੀ ਹੀ ਮਿਸਾਲ ਦੇਵਾਂਗਾ
ਤੀਸਰਾ ਨੁਕਤਾ ਹੈ “ਵਿਸਾਖੀ,
ਬੈਸਾਖੀ ਅਤੇ ਵੈਸਾਖੀ “ ਤਿਨਾਂ ਵਿਚੋਂ ਠੀਕ ਕੇਹੜਾ ਹੈ ਉਸ ਤੇ ਵਿਚਾਰ ਕਰਨੀ ਹੈ।
ਅਮਨਪਾਲਸਾਰਾ ਵਿਸਾਖੀ ਸ਼ਬਦ ਦੇ ਅਰਥਾਂ ਦੀ ਗੱਲ
“(ਵਿ+ਸਾਖਾ ) ਸ਼ਬਦ ਦਾ ਸਹਾਰਾ ਲੈਂਦਾ ਹੋਇਆ ਲਿਖਦਾ ਹੈ ਕਿ ‘ ਵਿ ‘ ਦਾ ਭਾਵ ਹੈ
ਵਿਸ਼ੇਸ਼ ਅਤੇ ‘ ਸਾਖਾ ‘ ਦਾ ਅਰਥ ਹੈ ‘ ਟਾਹਣੀ ‘ ਜਾਂ ‘ ਕਰੂੰਬਲ ‘ ਅਰਥਾਤ ਇਹ
ਤਿਉਹਾਰ ਕਰੂੰਬਲਣਾਂ ਜਾਂ ਨਵੀਆਂ ਟਾਹਣੀਆਂ ਫੁੱਟਣ ਦਾ ਵਿਸ਼ੇਸ਼ ਸਮਾਂ ਹੈ ਜੋ ਅਜ ਕਲ
ਦੇ ਮੋਸਮ ਨਾਲ ਪੂਰੀ ਤਰਾਂ ਢੁਕਦਾ ਹੈ।“
ਮੈਂ ਭਾਸ਼ਾ ਵਿਗਿਆਨੀ ਹੁੰਦਾ ਤਾਂ
ਸ਼ਾਇਦ ਵਿਸਾਖਾ ਸ਼ਬਦ ਦੇ ਅਰਥਾਂ ਤੇ ਕਿੰਤੂ ਪਰੰਤੂ ਕਰਨ ਬੈਠ ਜਾਂਦਾ। ਮੈਂ ਤਾਂ ਬਾਬੇ
ਨਾਨਕ ਦੇ ਉਪਦੇਸ਼ ( ਕੁਝ ਸੁਣੀਏ ਕੁਝ ਕਹੀਏ ) ਦਾ ਧਾਰਨੀ ਹੋਣ ਕਰਕੇ ਕੁਝ ਹੋਰ ਸਿਖਣ
ਲਈ ਆਪਣੇ ਵਿਚਾਰ ਸਾਂਝੇ ਕਰਨ ਦੀ ਹੀ ਇਜਾਜ਼ਤ ਚਾਹਾਂਗਾ।
“ਵਿਸਾਖੀ, ਬੈਸਾਖੀ ਅਤੇ ਵੈਸਾਖੀ“
ਸਹੀ ਕੀ ਹੈ ਤੇ ਵਿਚਾਰ ਕਰਨ ਲਈ ਸਾਨੂੰ ਇਸ ਸ਼ਬਦ ਦੀ ਹੋਂਦ ਕਦੋਂ ਅਤੇ ਕਿਦਾਂ ਹੋਈ ਤੇ
ਵਿਚਾਰ ਕਰਨੀ ਪਵੇਗੀ। ਅਜ ਦੇ ਮਨੁਖ ਵਾਂਗੂ ਜੰਗਲ ਵਾਸੀ ਮਨੁਖ ਵੀ ਅੰਧੇਰੇ ਤੋਂ ਭੈ
ਖਾਂਦਾ ਸੀ ਉਸ ਪਾਸ ਅੰਧੇਰੇ ਤੋਂ ਬਚਣ ਲਈ ਦੋ ਕੁਦਰਤੀ ਸੋਮੇਂ ਸਨ ਇਕ ਸੀ ਸੂਰਜ ਅਤੇ
ਦੂਸਰਾ ਸੀ ਚੰਦਰਮਾਂ। ਸੂਰਜ ਦੀ ਰੋਜ਼ਾਨਾ ਹਾਜ਼ਰੀ ਕਾਰਨ ਮਨੁਖ ਉਸ ਬਾਰੇ ਕੋਈ ਚਿੰਤਾ
ਨਹੀਂ ਸੀ ਕਰਦਾ ਅਤੇ ਚੰਦਰਮਾਂ ਦੀ ਲੁਕਣਮੀਟੀ ਨੇ ਮਨੁਖ ਨੂੰ ਗਿਣਤੀ ਮਿਣਤੀ ਸਿਖਾਈ
ਜਿਸ ਤੋਂ ਕੈਲੰਡਰ ਨੇ ਜਨਮ ਲਿਆ। ਹੋਰ ਸੂਝ ਆਉਣ ਨਾਲ ਸਮੇਂ ਦੀ ਵੰਡ ਵਿਚ ਹੋਰ
ਬਾਰੀਕੀ ਆਈ ਤਾਂ ਛਿਨ ਪਲ ਘੜੀ ਨਛੱਤਰ ਮਹੀਨੇ ਅਤੇ ਸਾਲ ਸਦੀ ਆਦ ਹੌਂਦ ਵਿਚ ਆਏ।
ਨਵੀਆਂ ਕਰੂੰਬਲਣਾ ਆਉਣ ਅਤੇ ਪਤਝੜ ਸਮੇਂ ਸਾਰੀ ਬਨਸਪਤੀ ਸੋਂ ਜਾਣ ਦੇ ਵਿਚਕਾਰਲੇ
ਸਮੇਂ ਨੂੰ ਸਾਲ ਆਖਿਆ। ਸਾਲ ਦੀ ੧੨ ਮਹੀਨਿਆਂ ਵਿਚ ਵੰਡ ਕੀਤੀ ਗਈ ਅਤੇ ਮਹੀਨਿਆਂ ਦੇ
ਨਾਂ ਰਖਣ ਲਈ ਸ਼ਾਸਤ੍ਰੀ ਮਾਂਡੁਕਯੇ ਨੇ ਅਕਾਸ਼ ਸਿਥਤ ੨੭ ਨਛੱਤਰਾਂ ਦੇ ਆਧਾਰ ਤੇ ੧੨
ਮਹੀਨੇ ਦਾ ਸਾਲ ਮਿਥ ਕੇ ਕੁਝ ਨਛੱਤਰਾਂ ਦੇ ਨਾਮ ਤੇ ਮਹੀਨਿਆਂ ਦੇ ਨਾਂ ਰਖੇ ਜਿਵੇਂ
(ਚੇਤ੍ਰ ) ਚੇਤ ਮਹੀਨੇ ਲਈ ਚਿਤਰਾ ਨਛੱਤਰ, (ਜੇਸ਼ਠ ) ਜੇਠ ਲਈ ਜੇਸ਼ਠਾ ਨੱਛਤਰ ਅਤੇ (
ਵੈਸ਼ਾਖ ) ਵੈਸਾਖ ਮਹੀਨੇ ਲਈ ਵਿਸ਼ਾਖਾ ਨਛੱਤਰ ਦੀ ਚੌਣ ਕੀਤੀ ਜੋ ੨੭ ਨਛੱਤਰਾਂ ਵਿਚੋਂ
ਸੋਲਵਾਂ ਨਛੱਤਰ ਹੈ । ਗੁਰੂ ਗਰੰਥ ਸਾਹਿਬ ਵਿਚ ਦੋ ਬਾਰਹਮਾਹਾ ਦਰਜ ਹਨ। ਪਹਿਲਾ
ਬਾਰਹਮਾਹਾ ਤੁਖਾਰੀ ਰਾਗ ਵਿਚ ਸਤਿਗੁਰ ਨਾਨਕ ਦੇਵ ਜੀ ਵਲੋਂ ਉਚਾਰਨ ਕੀਤਾ ਹੋਇਆ ਗੁਰੂ
ਗਰੰਥ ਸਾਹਿਬ ਦੇ ਪਨਾਂ ੧੧੦੮ ਤੇ ਦਰਜ ਹੈ।
ਵੈਸਾਖੁ ਭਲਾ ਸਾਖਾ ਵੇਸ ਕਰੇ।।ਨਾਨਕ ਵੈਸਾਖੀਂ ਪ੍ਰਭੁ ਪਾਵੈ------ਸੁਰਤਿ ਸਬਦਿ ਮਨੁ
ਮਾਨਾ।।
ਦੂਸਰਾ ਬਾਰਹਮਾਹਾ ਜਿਸ ਦਾ ਪਾਠ
ਹਰ ਸੰਗਰਾਂਦ ਵਾਲੇ ਦਿਨ ਸੰਗਤਾਂ ਬੜੀ ਸ਼ਰਧਾ ਨਾਲ ਸੁਣਦੀਆਂ ਹਨ ਸੰਗਤਾਂ ਦੀ ਬੇਨਤੀ
ਤੇ ਗੁਰੂ ਅਰਜਨ ਦੇਵ ਜੀ ਨੇ ਮਾਝ ਮਹਲਾ ੫ ਵਿਚ ਦਰਜ ਕੀਤਾ ਹੈ। “ਵੈਸਾਖ ਸੁਹਾਵਾ ਤਾ
ਲਗੈ ਜਾ ਸੰਤ ਭੇਟੈ “
ਜੇ ਗੁਰਬਾਣੀ ਨੂੰ ਮਿਆਰ ਸਮਝਣਾ ਹੈ ਤਾਂ
ਅਖਬਾਰਾਂ ਵਲੋਂ ਵਰਤਿਆ ਵੈਸਾਖੀ ਸ਼ਬਦ ਸਹੀ ਮੰਨਿਆ ਜਾਣਾ ਚਾਹੀਦਾ ਹੈ ਜਿਸ ਨੂਂ
ਅੰਗਰੇਜ਼ੀ ਵਿਚ (VAISAKHI ) ਲਿਖਿਆ ਜਾਵੇਗਾ।
ਮੁਹਿੰਦਰ ਸਿੰਘ ਘੱਗ
12 ਅਕਤੂਬਰ 2008
|
|
|
'ਮਸਲਾ ਪੰਜਾਬੀ ਦੇ ਸ਼ਬਦ ਜੋੜਾਂ' ਦਾ
ਲੇਖ ਬਹੁਤ ਹੀ ਵਧੀਆ ਲੱਗਿਆ---ਸੁਧੀਰ ਧੀਰ |
ਸੰਪਾਦਕ ਸਾਹਿਬ,
'ਮਸਲਾ ਪੰਜਾਬੀ ਦੇ ਸ਼ਬਦ ਜੋੜਾਂ' ਦਾ ਲੇਖ ਬਹੁਤ ਹੀ ਵਧੀਆ ਲੱਗਿਆ। ਕਿਰਪਾ ਕਰਕੇ
ਪੰਜਾਬੀ ਭਾਸ਼ਾ ਨਾਲ ਸਬੰਧਿਤ ਇਸ ਤਰਾਂ ਦੇ ਹੋਰ ਲੇਖ ਵੀ ਪਬਲਿਸ਼ ਕਰੋ ਤਾਂ ਕਿ ਦੇਸ਼
ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੇ ਉਹ ਲੋਕ ਜੋ ਕਿਸੇ ਕਾਰਨਾਂ
ਕਰਕੇ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਤੋਂ ਚੰਗੀ ਤਰਾਂ ਜਾਣੂ ਨਹੀਂ ਹਨ ਉਹ ਆਪਣੀ
ਇਸ ਮਾਂ ਬੋਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰ ਸਕਣ।
ਧੰਨਵਾਦ ਸਹਿਤ
ਸੁਧੀਰ ਧੀਰ
09977132340
sudhir.dhir@gmail.com
sudhir.kumar@webdunia.net
|
|
'ਮੰਗਣ ਨਾਲੋਂ ਮਰਨਾ ਚੰਗਾ'---ਨਿਸ਼ਾਨ
ਸਿੰਘ
ਤੁਹਾਡਾ ਕੀ ਖ਼ਿਆਲ ਹੈ? ਤੁਸੀਂ ਜੇਕਰ ਇਸ ਵਿਸ਼ੇ ਸਬੰਧੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਜੀ
ਆਇਆਂ ਨੂੰ। |
ਪੰਜਾਬੀ ਗਾਇਕੀ ਨੂੰ
ਅੰਤਰ ਰਾਸ਼ਟਰੀ ਪੱਧਰ ਤੇ ਸਥਾਪਿਤ ਕਰਨ ਵਾਲਾ ਗਾਇਕ, ਜਿਸ ਨੂੰ ਲੋਕ ਪਿਆਰ ਨਾਲ
‘ਪੰਜਾਬ ਦਾ ਮਾਣ’ ਕਹਿ ਕੇ ਸਤਿਕਾਰ ਦਿੰਦੇ ਹਨ, ਗੁਰਦਾਸ ਮਾਨ ਦਾ ਗੀਤ ‘ਰੋਟੀ ਹੱਕ
ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’ ਪਿਛਲੇ ਦਿਨੀਂ ਟੀ.ਵੀ. ਤੇ ਸੁਣਿਆ। ਗੀਤ
ਸੁਣਨ ਤੋਂ ਬਾਅਦ ਬੜੀ ਅਜੀਬ ਜਿਹੀ ਸਥਿਤੀ ਬਣ ਗਈ, ਜਿਸ ਦਿਨ ਮੈਂ ਬਾਈ ਗੁਰਦਾਸ ਦਾ
ਗੀਤ ਸੁਣਿਆ ਠੀਕ ਉਸੇ ਦਿਨ ਹੀ ਮੇਰਾ ਵਾਸਤਾ ਇਕ ਮੰਗਤੇ ਨਾਲ ਪੈ ਗਿਆ। ਜਿਹੜਾ ਮੈਨੂੰ
ਪੰਜਾਬੀ ਜਾਪਿਆ, ਪਰ ਸ਼ਾਇਦ ਇਹ ਮੇਰਾ ਵਹਿਮ ਸੀ ਅਸਲ ਵਿਚ ਉਹ ਰਾਜਸਥਾਨੀ ਰਾਂਗੜ ਸੀ।
ਗੁਰਦਾਸ ਦੇ ਗੀਤ ਵਾਂਗ ਉਹ ਵੀ ਮੰਗਣ ਨੂੰ ਮੌਤ ਤੋਂ ਵੱਧ ਸਮਝਦਾ ਸੀ, ਪਰ ਇਹ ਕੀ
ਕਾਰਣ ਸਨ ਕਿ ਉਹ ਕਿਸੇ ਦੇ ਦਰ ਤੇ ਮੰਗਣ ਲਈ ਮਜਬੂਰ ਹੋ ਰਿਹਾ ਸੀ। ਉਸ ਨੇ ਜੋ ਕਹਾਣੀ
ਮੈਨੂੰ ਸੁਣਾਈ ਉਹ ਮੈਂ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ।
ਉਸ ਨੇ ਕਿਹਾ “ਸਰਦਾਰ ਸਾਹਬ, ਰਾਜਸਥਾਨ ਕਾ ਰਾਂਗੜ ਜਾਟ ਹੂੰ, ਮਾਂਗਣੇ ਕੋ ਮੌਤ ਕੇ
ਬਰਾਬਰ ਮਾਨਤਾ ਹੂੰ, ਪਰ ਭੂਖ ਕੇ ਮਾਰੇ ਆਪ ਕੇ ਦਰ ਪਰ ਆਇਆ ਹੂੰ।” ਆਪਣੀ ਹੱਡ ਬੀਤੀ
ਜਾਂ ਫਿਰ ਆਪਣੇ ਵੱਲੋਂ ਜੋੜੀ ਕਹਾਣੀ ਸ਼ੁਰੂ ਕਰਦਿਆਂ ਉਸ ਨੇ ਕਿਹਾ, “ਹਮਾਰੇ ਇਲਾਕੇ
ਮੇਂ ਅਕਾਲ ਪੜ ਗਿਆ ਅਰ ਗਾਂਵ ਕੇ 200 ਆਦਮੀ ਇਸ ਕੀ ਚਪੇਟ ਮੇਂ ਆ ਕੇ ਮਰ ਗਏ ਸੈਂ।”
ਗੱਲ ਅੱਗੇ ਤੋਰਦਿਆਂ ਉਸ ਨੇ ਕਿਹਾ, “ਮੇਰੀ ਘਰਵਾਲੀ ਅਰ ਦੋ ਜਵਾਨ ਬੇਟੀਆਂ ਭੀ ਇਸ
ਮੇਂ ਮਾਰੀ ਗਈ, ਹਮਾਰੇ ਗਾਂਵ ਕੇ 500-600 ਆਦਮੀਆਂ ਕਾ ਜੱਥਾ ਆਪ ਕੇ ਸ਼ਹਿਰ ਮੇਂ ਕਾਮ
ਕੀ ਤਲਾਸ਼ ਮੇਂ ਆਏ ਸੈਂ। ਹਮਾਰੀ ਮਦਦ ਕਰੋ ਸਰਦਾਰ ਸਾਹਬ।”
ਮੈਂ ਚੁਪਚਾਪ ਉਸ ਦੇ ਨਾਲ ਹੀ ਧਰਤੀ ਤੇ ਬੈਠਾ ਉਸ ਦੀ ਕਹਾਣੀ ਬੜੇ ਧਿਆਨ ਨਾਲ ਸੁਣ
ਰਿਹਾ ਸੀ। ਉਸ ਵੱਲੋਂ ਸੁਣਾਈ ਗਈ ਕਹਾਣੀ ਸ਼ਾਇਦ ਝੂਠ ਸੀ ਪਰ ਉਸ ਦੀ ਪੇਸ਼ਕਾਰੀ ਦਾ ਢੰਗ
ਮੈਨੂੰ ਬੜਾ ਜਚਿਆ। ਮੈਨੂੰ ਉਹ ਚੰਗਾ ਕਹਾਣੀਕਾਰ ਜਾਪ ਰਿਹਾ ਸੀ ਪਰ ਉਹ ਝੂਠਾ ਸੀ।
ਕਿਉਂਕਿ ਸਾਡੇ ਪਿੰਡਾਂ ਵਿਚ ਅਕਸਰ ਹੀ ਅਜਿਹੇ ਲੋਕ ਮੰਗਣ ਲਈ ਅਜਿਹੀਆਂ ਕਹਾਣੀਆਂ ਜੋੜ
ਲੈਂਦੇ ਹਨ ਅਤੇ ਪਿੰਡਾਂ ਦੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਰਫੂਚੱਕਰ ਹੋ ਜਾਂਦੇ
ਹਨ। ਇਸ ਲਈ ਮੈਂ ਉਸ ਨੂੰ ਕੋਰਾ ਜਵਾਬ ਦੇ ਦਿੱਤਾ।
ਉਸ ਦੇ ਜਾਣ ਤੋਂ ਬਾਅਦ ਮਨ ਵਿਚ ਕਈ ਪ੍ਰਕਾਰ ਦੇ ਵਿਚਾਰ ਆਉਣ ਲੱਗੇ ਕਿ ਸ਼ਾਇਦ ਉਹ
ਆਦਮੀ ਸੱਚ ਬੋਲ ਰਿਹਾ ਹੋਵੇ। ਪਰ ਹੁਣ ਤਕ ਉਹ ਆਦਮੀ ਸਾਡੇ ਘਰੋਂ ਜਾ ਚੁਕਿਆ ਸੀ। ਇਹ
ਵਿਸ਼ਾ ਅਤੇ ਬਾਈ ਗੁਰਦਾਸ ਦਾ ਗੀਤ ਪੂਰਾ ਦਿਨ ਦਿਮਾਗ’ਚ ਘੁੰਮਦੇ ਰਹੇ।
ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹਣ ਦੀ ਆਦਤ ਮੁਤਾਬਕ ਜਦੋਂ ਸੂਫ਼ੀ ਕਵੀ ਬਾਬਾ ਫ਼ਰੀਦ
ਦੇ ਸਲੋਕਾਂ ਤੇ ਨਜਰ ਮਾਰਨ ਲੱਗਾ ਤਾਂ ਇਹ ਸਲੋਕ ਸਾਹਮਣੇ ਆਇਆ, “ਫ਼ਰੀਦਾ ਬਾਰਿ ਪਰਾਇ
ਬੈਸਣਾ ਸਾਂਈ ਮੁਝੈ ਨ ਦੇਇ॥ ਜੇ ਤੂੰ ਏਵੈ ਰੱਖਸੀ ਜੀਉ ਸਰੀਰਹੁ ਲੈਹਿ॥” ਪੜ੍ਹ ਕੇ
ਫਿਰ ਦਿਨ ਵਾਲੀ ਘਟਨਾ ਯਾਦ ਆ ਗਈ। ਮਨ ਵਿਚ ਵਿਚਾਰ ਆਇਆ ਕਿ ਜਿਹੜੀ ਗੱਲ ਅੱਜ ਬਾਈ
ਗੁਰਦਾਸ ਲੋਕਾਂ ਨੂੰ ਆਖ ਰਿਹਾ ਹੈ ਉਹ ਤਾਂ ਬਾਬਾ ਫ਼ਰੀਦ ਆਪਣੇ ਕਲਾਮ ਵਿਚ ਸੈਂਕੜੇ
ਸਾਲ ਪਹਿਲਾਂ ਹੀ ਕਹਿ ਚੁਕਿਆ ਹੈ।
ਫ਼ਰੀਦ ਕਹਿ ਰਿਹਾ ਹੈ ਕਿ ਰੱਬ ਮੈਨੂੰ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਨਾ ਭੇਜੇ,
ਜੇਕਰ ਰੱਬ ਦੀ ਅਜਿਹੀ ਰਜ਼ਾ ਹੈ ਤਾਂ ਮੰਗਣ ਭੇਜਣ ਤੋਂ ਪਹਿਲਾਂ ਮੈਨੂੰ ਮਾਰ ਦੇਵੇ।
“ਮੰਗਣ ਨਾਲੋਂ ਮਰਨਾ ਚੰਗਾ।”
ਇਸ ਗੱਲ ਨੂੰ ਅੱਜ ਦੇ ਸਮੇਂ ਵਿਚ ਜੇਕਰ ਵਿਚਾਰ ਦਾ ਵਿਸ਼ਾ ਬਣਾਈਏ ਤਾਂ ਅੱਜ ਹਰ ਕੋਈ
ਮੰਗ ਰਿਹਾ ਜਾਪਦਾ ਹੈ ਜਾਂ ਕਹਿ ਲਵੋ ਮਰ ਰਿਹਾ ਹੈ। ਕਿਸੇ ਸਮੇਂ ਇਹ ਗੱਲ ਬੜੀ ਮਸ਼ਹੂਰ
ਹੁੰਦੀ ਸੀ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ ਤੁਹਾਨੂੰ ਕੋਈ
ਪੰਜਾਬੀ ਮੰਗਤਾ ਨਜ਼ਰ ਨਹੀਂ ਆਵੇਗਾ, ਪਰ ਅੱਜ ਸਥਿਤੀ ਬਦਲ ਗਈ ਹੈ।
ਉਪਰਲੀ ਘਟਨਾ ਤੋਂ ਯਾਦ ਆਇਆ ਕਿ ਤਕਰੀਬਨ ਚਾਰ ਸਾਲ ਪਹਿਲਾਂ ਜਦੋਂ ਮੈਂ ਐਮ.ਫਿਲ
ਪੰਜਾਬੀ ਕਰ ਰਿਹਾ ਸਾਂ ਤਾਂ ਐਤਵਾਰ ਦਿਨ ਹੋਣ ਕਾਰਣ ਸਾਰੇ ਮੈਂਬਰ ਘਰ ਬੈਠ ਕੇ ਅਖ਼ਬਾਰ
ਪੜ੍ਹ ਰਹੇ ਸਨ। ਮੈਂ ਵੀ ਕੋਲ ਬੈਠਾ ਆਪਣੇ ਐਮ.ਫਿਲ ਦੇ ਸੈਮੀਨਾਰ ਤਿਆਰ ਕਰ ਰਿਹਾ ਸਾਂ
ਕਿ ਬਾਹਰੋਂ ਕਿਸੇ ਨੇ ਗੇਟ ਖੜਕਾਇਆ। ਮੈਂ ਦਰਵਾਜਾ ਖੋਲ੍ਹਣ ਚਲਾ ਗਿਆ। ਮੈਂ ਜਦੋਂ
ਦਰਵਾਜਾ ਖੋਲਿਆ ਤਾਂ ਸਾਹਮਣੇ ਚਾਰ ਨਿਹੰਗ ਸਿੰਘ ਖੜੇ ਸਨ। ਮੈਂ ਬੜੇ ਅਦਬ-ਸਤਿਕਾਰ
ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹੀ ਅਤੇ ਅੰਦਰ ਆਉਣ ਲਈ ਕਿਹਾ।
ਚਾਰੇ ਸਿੰਘ ਅੰਦਰ ਆ ਗਏ ਅਤੇ ਮੇਰੇ ਪਿਤਾ ਜੀ ਕੋਲ ਬੈਠਕ ਵਿਚ ਬੈਠ ਗਏ। ਮੈਂ ਜਾ ਕੇ
ਉਹਨਾਂ ਲਈ ਪਾਣੀ ਲੈ ਆਇਆ, ਪਾਣੀ ਪੀਣ ਤੋਂ ਬਾਅਦ ਉਹਨਾਂ ਵਿਚੋਂ ਇਕ ਸ਼ਾਇਦ ਉਹਨਾਂ ਦਾ
ਲੀਡਰ ਮੇਰੇ ਪਿਤਾ ਜੀ ਨੂੰ ਕਹਿਣ ਲੱਗਾ, “ਸਰਦਾਰ ਸਾਹਬ, ਅਸੀਂ ਸਾਰੇ ਕਸਬਾ ਸੁਨਾਮ
ਤੋਂ ਆਏ ਹਾਂ। ਅਸੀਂ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰ ਰਹੇ ਹਾਂ।
ਤੁਸੀਂ ਆਪਣੇ ਵਿਤ ਮੁਤਾਬਕ ‘ਸੇਵਾ’ ਕਰਦਿਆਂ ਪਰਚੀ ਕਟਵਾ ਲਵੋ।”
ਮੇਰੇ ਪਿਤਾ ਜੀ ਨੇ ਕਿਹਾ, “ਸੁਨਾਮ ਵਿਚ ਕਿਹੜੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ
ਇਮਾਰਤ ਦੀ ਉਸਾਰੀ ਚੱਲ ਰਹੀ ਹੈ?” ਚਾਰੇ ਸਿੰਘ ਚੁਪ ਕਰ ਗਏ। ਮੇਰੇ ਪਿਤਾ ਜੀ ਨੇ ਫਿਰ
ਕਿਹਾ ਸਾਡੀ ਬੇਟੀ ਸੁਨਾਮ ਵਿਚ ਵਿਆਹੀ ਹੋਈ ਹੈ। “ਕਾਕਾ, ਫੋਨ ਕਰ ਕੁਲਦੀਪ ਨੂੰ ਅਤੇ
ਪੁਛ ਕੀ ਤੁਹਾਡੇ ਸ਼ਹਿਰ ਦੇ ਕਿਸੇ ਮੁਹੱਲੇ ਵਿਚ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ
ਹੈ?” ਪਿਤਾ ਜੀ ਨੇ ਮੈਂਨੂੰ ਕਿਹਾ।
ਉਹ ਚਾਰੇ ਸਿੰਘ ਉਠ ਖੜੇ ਹੋਏ ਕਿਉਂਕਿ ਮੇਰੇ ਪਿਤਾ ਜੀ ਉਹਨਾਂ ਦੀ ਅਸਲੀਅਤ ਜਾਣ ਚੁਕੇ
ਸਨ। ਉਹ ਚਾਰੇ ਚੁਪ ਸਨ ਅਤੇ ਜਾਣ ਦੀ ਕਾਹਲੀ ਵਿਚ ਸਨ। ਪਿਤਾ ਜੀ ਨੇ ਉਹਨਾਂ ਨੂੰ
ਕਿਹਾ, “ਜਿਹੜੇ ਖਾਲਸੇ ਮਜਲੂਮਾਂ ਦੀ ਰੱਖਿਆ ਕਰਦੇ ਸਨ, ਗ਼ਰੀਬਾਂ ਨੂੰ ਖਾਣ ਲਈ ਦਿੰਦੇ
ਸਨ। ਉਹ ਅੱਜ ਆਪ ਗੁਰੂ ਸਾਹਿਬਾਂ ਦੇ ਨਾਂ ਤੇ ਦਰ-ਦਰ ਤੇ ਮੰਗ ਰਹੇ ਹਨ।” ਚਾਰੇ ਸਿੰਘ
ਆਪਣੀ ਚੋਰੀ ਫੜੀ ਜਾਣ ਕਰਕੇ ਚੁਪਚਾਪ ਸੁਣੀ ਜਾ ਰਹੇ ਸਨ।
ਮੇਰੇ ਪਿਤਾ ਜੀ ਨੇ ਉਹਨਾਂ ਦੇ ਜਥੇਦਾਰ ਨੂੰ ਕਿਹਾ, “ਸਿੰਘ ਸਾਹਬ, ਗੁਰੂ ਨਾਨਕ ਦਾ
ਘਰ ਤਾਂ ਸਭ ਨੂੰ ਦੇਣ ਵਾਲਾ ਹੈ। ਗੁਰੂ ਜੀ ਦੇ ਚਲਾਏ ਲੰਗਰ ਵਿਚੋਂ ਤਾਂ ਕੁਲ ਲੋਕਾਈ
ਆਪਣੀ ਭੁੱਖ ਮਿਟਾਉਂਦੀ ਹੈ ਪਰ ਅੱਜ ਤੁਹਾਡੇ ਜਿਹੇ ਕੁੱਝ ਲੋਕ ਗੁਰੂ ਨਾਨਕ ਅਤੇ ਬਾਬਾ
ਫ਼ਰੀਦ ਵੱਲੋਂ ਪੇਸ਼ ਅਣਖ ਅਤੇ ਗ਼ੈਰਤ ਨੂੰ ਮਿੱਟੀ’ਚ ਮਿਲਾ ਰਹੇ ਨੇ।”
ਹੁਣ ਉਹਨਾਂ ਦਾ ਜਥੇਦਾਰ ਬੋਲਿਆ, “ਸਰਦਾਰ ਸਾਹਬ, ਸਾਨੂੰ ਖਿਮਾ ਕਰੋ, ਅਸੀਂ ਗਲਤੀ
ਕੀਤੀ ਹੈ ਹੁਣ ਅੱਗੇ ਤੋਂ ਅਸੀਂ ਮਿਹਨਤ ਕਰਾਂਗੇ ਅਤੇ ਗੁਰੂ ਸਾਹਿਬਾਂ ਦੇ ਨਾਂ ਤੇ
ਲੋਕਾਂ ਨਾਲ ਫਰੇਬ ਨਹੀਂ ਕਰਾਂਗੇ।” ਚਾਰਾਂ ਨੇ ਕਿਹਾ, “ਸਾਨੂੰ ਖਿਮਾ ਕਰੋ।”
ਮੈਂ ਉਹਨਾਂ ਕੋਲ ਖੜਾ ਸਾਰੀ ਗੱਲਬਾਤ ਸੁਣ ਰਿਹਾ ਸਾਂ ਅਤੇ ਸੋਚ ਰਿਹਾ ਸਾਂ ਕਿ ਗੁਰੂ
ਨਾਨਕ, ਬਾਬਾ ਫ਼ਰੀਦ ਅਤੇ ਅਜੋਕੇ ਸਮੇਂ ਬਾਈ ਗੁਰਦਾਸ ਦੇ ਗੀਤਾਂ ਦਾ ਅਸਰ ਵੀ ਲੋਕਾਂ
ਤੇ ਨਹੀਂ ਹੋ ਰਿਹਾ। ਸਭ ਮੰਗ ਰਹੇ ਹਨ ਭਾਵ ਮਰ ਰਹੇ ਹਨ।
ਤੁਸੀਂ ਕਿਸੇ ਪਾਸੇ ਵੀ ਦੇਖ ਲਵੋ ਸਭ ਮੰਗਤੇ ਨਜ਼ਰ ਆ ਰਹੇ ਹਨ। ਬਾਬੇ ਮੰਗ ਰਹੇ ਹਨ,
ਸਾਧ ਸੰਤ ਮੰਗ ਰਹੇ ਹਨ, ਲੀਡਰ ਪਾਰਟੀ ਦੇ ਨਾਂ ਤੇ ਚੰਦਾ ਮੰਗ ਰਹੇ ਹਨ, ਕੋਈ
ਗੁਰਦੁਆਰੇ ਦੇ ਨਾਂ ਤੇ, ਕੋਈ ਮੰਦਰ ਦੇ ਨਾਂ ਤੇ, ਕੋਈ ਜਗਰਾਤੇ ਦੇ ਨਾਂ ਤੇ, ਕੋਈ
ਕੀਰਤਨ ਦਰਬਾਰ ਦੇ ਨਾਂ ਤੇ, ਕੋਈ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ। ਅੱਜ ਸਾਰੇ ਹੀ
ਮੰਗਤੇ ਬਣੇ ਹੋਏ ਹਨ। ਬਾਈ ਗੁਰਦਾਸ ਦੇ ਨਾਲ-ਨਾਲ ਅਸੀਂ ਗੁਰੂ ਨਾਨਕ ਅਤੇ ਬਾਬੇ ਫ਼ਰੀਦ
ਦੇ ਬੋਲਾਂ ਤੋਂ ਕੋਹਾਂ ਦੂਰ ਜਾ ਰਹੇ ਹਾਂ। ਰੱਬ ਸੁਮਤਿ ਬਖ਼ਸੇ। ਅਸੀਂ ਮੰਗਤੇ ਨਾ
ਬਣੀਏ………। “ਮੰਗਣ ਨਾਲੋਂ ਮਰਨਾ ਚੰਗਾ”
ਨਿਸ਼ਾਨ ਸਿੰਘ
ਗੁਰਦੁਆਰਾ ਸੱਤਵੀਂ ਪਾਤਸ਼ਾਹੀ, ਥਾਨੇਸਰ
ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)
ਮੋਬਾਈਲ ਨੰਬਰ 094660-66683
|
|
|
ਅਮਰਜੀਤ ਤੋਂ ਪੰਜਾਬੀ ਸਾਹਿਤ ਨੂੰ ਅਜੇ ਬਹੁਤ ਦੇਣਾਂ ਦੀ ਆਸ
ਸੀ--ਪ੍ਰੋ. ਪ੍ਰੀਤਮ ਸਿੰਘ ਗਰੇਵਾਲ |
ਤਕਰੀਬਨ ਹਰ ਰੋਜ਼ ਲਿਖਾਰੀ ਨੂੰ ਉਤਸੁਕਤਾ ਨਾਲ ਪੜ੍ਹਦਾ ਹਾਂ।
ਅੱਜ ਜਦੋਂ ਇਸਦੀ
29
ਜੂਨ ਵਾਲੇ ਵਾਧੇ ਵਾਲੀ ਐਡੀਸ਼ਨ ਨੂੰ ਖੋਹਲਿਆ ਤਾਂ ਠਠੰਬਰ ਗਿਆ ਇਹ ਅਤਿ ਦੁਖਮਈ
ਸਿਰਲੇਖ ਦੇਖ ਕੇ-
“ਪੰਜਾਬੀ
ਸ਼ਾਇਰ ਅਮਰਜੀਤ ਘਣਗਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ”
ਕੁਝ
ਪਲ ਯਕੀਨ ਹੀ ਨਹੀਂ ਆਇਆ।
ਸਾਰੀ ਖ਼ਬਰ ਨੂੰ ਫੇਰ
ਗਹੁ ਨਾਲ ਪੜ੍ਹਿਆ।
ਇਹ ਝੂਠ ਨਾ ਸੀ।
ਅਮਰਜੀਤ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਚ ਮੇਰਾ ਅਜੀਜ਼ ਵਿਦਿਆਰਥੀ ਰਿਹਾ।
ਪੰਜਾਬੀ ਤੇ ਅੰਗ੍ਰੇਜ਼ੀ
ਵਿਚ ਉਸਨੇ ਕਾਲਜ ਮੈਗਜ਼ੀਨ ਲਈ ਲਿਖ ਕੇ ਹੋਣਹਾਰ ਹੋਣ ਦਾ ਸਬੂਤ ਦਿਤਾ।
ਉਸ ਨਾਲ ਓਦੋਂ ਤੋਂ
ਬਣੀ ਸਾਹਿਤਕ ਸਾਂਝ ਕਾਇਮ ਰਹੀ।
ਅਜੇ ਕੁਝ ਦਿਨ ਪਹਿਲਾਂ
ਹੀ ਉਸ ਨੇ ਬਰੁਕਲਿਨ ਤੋਂ ਫੋਨ ਰਾਹੀਂ ਮੇਰੀ ਕਿਤਾਬ
‘ਅਨਿਕ
ਤਰੰਗ’
ਮਿਲ ਜਾਣ ਦੀ ਸੂਚਨਾ ਅਤੇ ਆਪਣੇ
ਤੀਜੇ ਕਾਵਿ-ਸੰਗ੍ਰਿਹ ਦੀ ਪ੍ਰਕਾਸ਼ਨਾ ਬਾਰੇ ਜਾਣਕਾਰੀ ਦਿਤੀ।
ਅਮਰਜੀਤ ਤੋਂ ਪੰਜਾਬੀ
ਸਾਹਿਤ ਨੂੰ ਅਜੇ ਬਹੁਤ ਦੇਣਾਂ ਦੀ ਆਸ ਸੀ।
ਅਮਰਜੀਤ ਦੀ ਪਲੇਠੀ ਪੁਸਤਕ ‘ਊਣੇ
ਦੁੱਧ’
ਵਿਚਲੀ ਕਵਿਤਾ
‘ਬੰਦਨਾ’
ਦੀਆਂ ਇਹ ਸਤਰਾਂ ਉਸ
ਦੇ ਜੀਵਨ ਫਲਸਫੇ ਨੂੰ ਸਮੋਈ ਉਸ ਦੀ ਨਿਰਛਲ ਹੋਂਦ ਦਾ ਅਕਸ ਬਣੀਆਂ ਰਹਿਣਗੀਆਂ।
“ਸਿੱਧਾ
ਸਰਲ ਨਿਰਮਲ ਜੂਹੀਂ ਵਿਚਰਾਂ
ਲ਼ਾਹ ਹੁੱਬ ਸ਼ੇਖੀਆਂ ਦੀ ਮੈਂ ਪੰਡ
ਦੇ ਦੇ ਦਾਨ ਬਾਬਾ ਮੈਨੂੰ ਸੱਚ ਵਾਲਾ
ਕੋਈ ਸਿਦਕ ਸਬੂਰੀ ਦਰਵੇਸ਼ ਘੱਲ ਦੇ…”
ਪ੍ਰੋ. ਪ੍ਰੀਤਮ ਸਿੰਘ ਗਰੇਵਾਲ
(30 ਜੂਨ 2008)
|
|
|
‘ਲਿਖਾਰੀ’ ਸਭ ਤੋਂ ਵੱਧ ਮਿਆਰੀ ਸਾਹਿਤਕ
ਵੈਬਸਾਇਟ ਮੈਗਜ਼ੀਨ ਹੈ--ਮੁਖਵੀਰ ਸਿੰਘ ਪਿੰਡ ਮਲ੍ਹੀਆਂ ਤੋਂ |
ਸੰਪਾਦਕ ਜੀ
ਸਤਿ ਸ੍ਰੀ ਅਕਾਲ ।
‘ਲਿਖਾਰੀ’ ਸਭ ਤੋਂ ਵੱਧ ਮਿਆਰੀ ਸਾਹਿਤਕ ਵੈਬਸਾਇਟ ਮੈਗਜ਼ੀਨ ਹੈ । ਆਪ ਨੇ ਮਿਆਰੀ
ਸਾਹਿਤ ਨੂੰ ਅੱਗੇ ਲਿਆਉਣ ਦਾ ਜੋ ਉਪਰਾਲਾ ਕੀਤਾ ਹੈ ਉਸ ਲਈ 'ਲਿਖਾਰੀ' ਦੀ ਸਾਰੀ ਟੀਮ
ਮੁਬਾਰਕਬਾਦ ਦੀ ਹੱਕਦਾਰ ਹੈ । ਮੈਂ 'ਲਿਖਾਰੀ' ਦਾ ਪੁਰਾਣਾ ਪਾਠਕ ਹਾਂ ਅਤੇ ਪੰਜਾਬੀ
ਦੇ ਬਾਕੀ ਵੈਬਸਾਇਟਸ ਤੇ ਮੇਰੀਆ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ । ਪਰ ਲਿਖਾਰੀ ਲਈ
ਮੈਂ ਆਪਣਾ ਅਣਪ੍ਰਕਾਸਿਤ ਖੋਜ-ਪੱਤਰ 'ਥੀਮ ਵਿਗਿਆਨ: ਸਿਧਾਂਤਕ ਪਰਿਪੇਖ' ਭੇਜ ਰਿਹਾ
ਹਾਂ , ਉਮੀਦ ਹੈ ਕੇ ਤੁਸੀਂ ਇਸ ਖੋਜ ਕਾਰਜ ਨੂੰ ਲਿਖਾਰੀ ਦੇ ਪਾਠਕਾਂ ਨਾਲ ਸਾਂਝਾ
ਕਰਨ ਦਾ ਜ਼ਰੂਰ ਮੌਕਾ ਦਿਓ ਗਏ । ਇਹ ਖੋਜ-ਪੱਤਰ ਮੈਂ ਹੋਰ ਕਿਸੇ ਮੈਗਜੀਨ ਵਿਚ ਨਹੀਂ
ਭੇਜ ਰਿਹਾ । ਜੇ ਰਚਨਾ ਛਪਣ ਯੋਗ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਸੂਚਿਤ ਕੀਤਾ
ਜਾਵੇ।
ਆਪ ਦੇ ਵਿਚਾਰਾਂ ਦਾ ਪ੍ਰਸੰਸਕ,
ਮੁਖਵੀਰ ਸਿੰਘ
ਪਿੰਡ ਮਲ੍ਹੀਆਂ, ਜਿਲ੍ਹਾ ਜਲੰਧਰ,
ਪੰਜਾਬ।
|
|
|
'ਗੁਰ
ਪਰਸਾਦੀ ਦੁਬਿਧਾ ਜਾਏ'---ਸ.
ਸਰਵਜੀਤ ਸਿੰਘ ਵਲੋਂ ਸਪਸ਼ਟੀਕਰਣ |
ਸ: ਮਹਿੰਦਰ ਸਿੰਘ ਘੱਗ ਜੀ, ਆਪ ਜੀ ਨੇ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ
ਮੈਨੂੰ ਹੀ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਹੁਕਮ ਕਰ ਦਿੱਤਾ ਹੈ। ਮੈਂ
ਇਹ ਪਹਿਲੀ ਵੇਰਾਂ ਪੜ੍ਹਿਆ ਹੈ ਕੇ ਸਵਾਲ ਕਰਨ ਵਾਲਾ ਹੀ ਆਪਣੇ ਸਵਾਲ ਦਾ ਜਵਾਬ ਦੇਵੇ,
ਨਹੀਂ ਤਾਂ ਲੇਖਕ
ਨੇ ਜੋ ਲਿਖਿਆ ਹੈ ਉਹ ਹੀ ਠੀਕ ਮੰਨਿਆ ਜਾਵੇਗਾ।
ਆਪ ਦੇ ਪੱਤਰ ਤੋਂ ਇਹ ਸਪੱਸ਼ਟ ਹੈ ਕੇ ਆਪ ਜੀ ਨੂੰ ਇਨ੍ਹਾਂ ਸਵਾਲਾਂ ਬਾਰੇ ਜਾਣਕਾਰੀ
ਨਹੀਂ ਹੈ। ਜੇ ਹੁੰਦੀ ਤਾਂ ਆਪ ਪਾਣੀ ਰਿੜਕਣ ਦੀ
ਬਜਾਏ ਸਵਾਲਾਂ ਦੇ ਜਵਾਬ ਨਾ ਦਿੰਦੇ! ਆਪ ਜੀ ਦੇ ਬਚਨ,“ਮੈਂ ਨਾ ਮਾਰਕੰਡੇ ਪੁਰਾਨ
ਦੇਖਿਆ ਹੈ ਨਾ ਦਸਮ ਗਰੰਥ, ਇਸ ਕਰਕੇ ਮੈਂ ਕੁਝ ਨਹੀਂ ਆਖ ਸਕਦਾ।” ਬੇਨਤੀ ਹੈ ਕੇ
ਕਲਪਣਾ ਕਰਕੇ ਲਿਖਣਾ ਕਵਿਤਾ-ਕਹਾਣੀ ਵਿਚ ਤਾਂ ਜਾਇਜ ਹੈ ਪਰ ਇਤਿਹਾਸ ਅਤੇ ਧਰਮ ਵਿੱਚ
ਅਜੇਹਾ ਨਹੀ ਹੁੰਦਾ। ਇਤਿਹਾਸ ਵਿਚ ਤਾਂ ਸਬੂਤ ਅਤੇ ਦਲੀਲ ਹੁੰਦੀ ਹੈ।
ਤਰਕ ਨੂੰ ਅੱਜ ਸਭ ਤੋਂ ਬੁਰਾ ਸਮਝਿਆ ਜਾਂਦਾ ਹੈ। ਪਰਚਾਰਕ
ਤਾਂ ਪਹਿਲਾਂ ਹੀ ਕਹਿ ਦਿੰਦੇ ਹਨ “ਭਾਈ ਸ਼ੰਕਾਂ ਨਹੀ ਕਰਨਾ।” ਵਿਦਵਾਨਾਂ ਨੂੰ ਸਵਾਲ
ਪੁਛੋ ਤਾਂ ਉਹ ਪਾਣੀ ਵਿਚ ਮਧਾਣੀ ਪਾ ਦਿੰਦੇ ਹਨ। ਦੋਸ਼ੀ ਸਵਾਲ ਪੁਛਣ ਵਾਲੇ ਨੂੰ
ਬਣਾਉਣ ਦਾ ਅਸਫਲ ਯਤਨ ਕਰਦੇ ਹਨ, ਬਈ ਤੂੰ ਤਾਂ ਤਰਕ ਵਾਦੀ ਹੈਂ।
ਸ: ਮਹਿੰਦਰ ਸਿੰਘ ਘੱਗ ਜੀ, ਸਾਡਾ ਤਾਂ ਧਰਮ ਹੀ ਸ਼ੰਕੇ ਤੋਂ
ਸੁਰੂ ਹੋਇਆ ਸੀ:
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ (ਪੰਨਾ477)
ਕੀ
ਗੁਰੂ ਨਾਨਕ ਜੀ ਨੂੰ ਵੀ ਪੁੱਛਿਆ ਹੈ ਕਿ ਸ਼ੰਕਾਂ ਕਿਉਂ ਕੀਤਾ ਸੀ। ਗੁਰੂ ਨਾਨਕ ਜੀ
ਨੇ ਸ਼ੰਕਾ ਕਰਕੇ ਹੀ ਜਨੇਉ ਪਾਉਣ ਤੋਂ ਨਾਂਹ ਕਰ ਦਿਤੀ ਸੀ। ਕੀ ਬਾਬੇ ਵਲੋਂ ਖੇਤੀ
ਨੂੰ ਪਾਣੀ ਦੇਣਾ, ਸੂਰਜ ਗ੍ਰਹਿਣ ਵੇਲੇ ਹਿਰਨ ਦਾ ਮਾਸ ਬਾਣਉਣਾ ਆਦਿ ਸ਼ੰਕੇ ਨਹੀ ਸਨ?
ਜਿਹੜੀ ਧਾਰਨਾ ਚਿਮਟਿਆਂ ਵਾਲੇ ਬਾਬੇ ਪੜ੍ਹਦੇ ਹਨ, “ਬਾਬੇ ਮੱਕਾ ਫੇਰਿਆ ਜ੍ਹੌਰੀ ਕਲਾ
ਦਿਖਾਈ”, ਜੇ ਇਹ ਸ਼ੰਕਾ ਨਹੀ ਤਾਂ ਹੋਰ ਕੀ ਹੈ? ਸਾਡਾ ਤਾਂ ਧਰਮ ਹੀ ਸ਼ੰਕੇ ਤੋਂ
ਸ਼ੁਰੂ ਹੋਇਆ ਸੀ। ਗੁਰੂ ਨਾਨਕ ਜੀ ਨੇ ਸ਼ੰਕਾ ਕਰਨਾ ਦਸਿਆ, ਗੁਰੂ ਗੋਬਿੰਦ ਸਿੰਘ ਜੀ
ਨੇ ਇਮਤਿਹਾਨ ਲਿਆ, ਸਿੱਖ ਪਾਸ ਹੋਏ ਸਨ।
ਆਪ ਜੀ
ਲਿਖਦੇ ਹੋ, “ਕੋਈ ਤਿੰਨ ਸੌ ਸਾਲ ਤੋਂ ਉਸ ਇਤਿਹਾਸਕ ਵਰਤਾਰੇ ਦਾ ਵਰਨਣ ਵਿਦਵਾਨ ਅਤੇ
ਪਰਚਾਰਕ ਆਪਣੇ ਆਪਣੇ ਢੰਗਾਂ ਨਾਲ ਕਰਦੇ ਆ ਰਹੇ ਹਨ।” ਘੱਗ ਜੀ, ਸਵਾਲ ਤਾਂ ਇਹ ਹੈ ਕਿ
ਸਾਰੇ ਇਕੋ ਢੰਗ ਨਾਲ ਹੀ ਪ੍ਰਚਾਰ ਕਿਉਂ ਨਹੀਂ ਕਰਦੇ? ਉਸ ਇਤਿਹਾਸ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ
ਹੈ ਜਿਸ ਵਾਰੇ ਦੋ ਲਿਖਤਾਂ ਆਪਾ ਵਿਰੋਧੀ ਹਨ।
ਮਸਾਲ ਦੇ ਤੌਰ ਤੇ ਜਿਵੇਂ ਇਸ ਵਿਸ਼ੇ ਤੇ ਹੇਠ ਲਿਖੇ ਦੋ ਇਤਿਹਾਸਕਾਰਾਂ
ਦੀਆਂ ਲਿਖਤਾਂ ਵੱਖ-ਵੱਖ ਹਨ;
ਤੰਬੂ ਚਾਰ ਸੁ ਅਧਿਕ ਮੰਗਾਏ। ਭਿੰਨ ਭਿੰਨ ਕਰਤ ਹਾਂ ਲਟਾਏ।
ਪਾਂਚ ਅਜਾ ਸੁਤ ਗੁਪਤ ਮੰਗਾਈ। ਤਾ ਤੇ ਦੀਨ ਨਿਸਾ ਬੰਧਵਾਈ॥
(ਗੁਰਬਿਲਾਸ ਪਾਤਸ਼ਾਹੀ 10 ਕੁਇਰ ਸਿੰਘ ਪੰਨਾ 108)
ਉਸ ਵਕਤ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਭਾਈ ਦਇਆ ਸਿੰਘ ਜੀ ਦਾ
ਸੀਸ ਕੱਟ ਕੇ ਮਹਾਰਾਜ ਸਾਹਿਬ ਨੇ ਭੇਟ ਕਰ ਦਿੱਤਾ… ਸਤਿਗੁਰੂ ਸਾਹਿਬ ਨੇ ਜੀ ਅੰਮ੍ਰਿਤ
ਤਿਆਰ ਕੀਤਾ, ਉਸ ਵੇਲੇ ਤੇ ਇਨ੍ਹਾਂ ਸਿੱਖਾਂ ਦੇ ਉਤੇ ਛਿੜਕ ਕਰਕੇ, ਇਨ੍ਹਾਂ ਨੂੰ
ਜਿਊਂਦੇ ਕੀਤਾ, ਨਵੇਂ ਸਿਰ ਇਨ੍ਹਾਂ ਦੇ ਪੈਦਾ ਕੀਤੇ, ਪੋਥੀ ‘ਗੁਹਜ ਕਥਾ’ ਵਿਚ ਇਉਂ
ਲਿਖਿਆ ਹੈ। (ਗੁਰਬਾਣੀ ਪਾਠ ਦਰਪਣ ਪੰਨਾ 44)
ਆਪ ਜੀ ਲਿਖਦੇ ਹੋ, “ਉਹ ਸੀਸ ਮੇਰਾ ਤਾਂ ਹੋ ਨਹੀਂ ਸਕਦਾ ਕਿਉਂਕਿ ਮੈਂ ਤਾਂ ਇਸ ਸਾਰੇ
ਕਾਂਡ ਵਿਚ ਇਕ ਲੇਖਕ ਦੀ ਭੂਮਿਕਾ ਨਿਭਾ ਰਿਹਾ ਹਾਂ। ਵੀਰ ਸਰਵਜੀਤ ਦਾ ਵੀ ਨਹੀਂ ਹੋ
ਸਕਦਾ, ਉਹ ਤਾਂ 309 ਸਾਲ ਬੀਤਣ ਤੇ ਵੀ ਇੱਕੋ ਸੋਚ ਵਿਚ ਡੁੱਬਿਆ ਹੋਇਆ ਹੈ। ਮੇਰੇ
ਮੌਲਾ! ਫੇਰ ਉਹ ਸੀਸ ਕਿਸ ਦਾ ਸੀ?”
ਸ:
ਮਹਿੰਦਰ ਸਿੰਘ ਘੱਗ ਜੀ, ਜਦੋ ਆਪ ਜੀ ਪਿਛਲੇ 309 ਸਾਲਾਂ ਤੋ ਲਹੂ ਦੇ ਪਰਨਾਲੇ ਵਗਾਈ
ਜਾਂਦੇ ਹੋ ਤਾਂ ਮੈ ਕਿਉਂ ਨਾ ਇਹ ਸੋਚਾਂ, ਮੇਰੇ
ਮੌਲਾ! ਫੇਰ ਉਹ ਲਹੂ ਕਿਸ ਦਾ ਸੀ?
ਬੇਨਤੀ
ਹੈ ਕੇ ਇਸ ਵਿਸ਼ੇ ਤੇ ਹੋਰ ਲੇਖ ਲਿਖਣ ਤੋਂ ਪਹਿਲਾ ਇਸ ਲਿੰਕ ਤੇ,
http://www.sikhmarg.com/article-dasamgranth.html
ਜਾਣ ਦੀ ਖੇਚਲ ਜਰੂਰ ਕਰ ਲੈਣੀ ਜੀ। ਮੇਰੇ ਸਵਾਲਾਂ ਦੇ ਜਵਾਬ ਵੀ ਆਪ ਇਥੇ ਪੜ੍ਹ
ਸਕੋਗੇ। ਅਖੌਤੀ ਦਸਮ ਗ੍ਰੰਥ ਬਾਰੇ ਸਾਰੇ ਪੱਖਾਂ ਤੋਂ
ਜਾਣਕਾਰੀ ਦੇਣ ਵਾਲੇ 75 ਲੇਖ ਅਤੇ ਵੀਡੀਓ ਆਪ ਨੂੰ ਇਥੇ ਪੜ੍ਹਨ-ਦੇਖਣ ਨੂੰ ਮਿਲ
ਜਾਣਗੇ। ਆਪ ਜੀ ਦੇ ਗਿਆਨ ਵਿਚ ਢੇਰ ਸਾਰਾ ਵਾਧਾ ਹੋਵੇਗਾ। ਫਿਰ ਆਪ ਜੀ ਨੂੰ ਇਹ ਨਹੀਂ
ਲਿਖਣਾ ਪਵੇਗਾ, “ਮੈਂ ਨਾ ਮਾਰਕੰਡੇ ਪੁਰਾਨ ਦੇਖਿਆ ਹੈ ਨਾ ਦਸਮ ਗ੍ਰੰਥ, ਇਸ ਕਰਕੇ
ਮੈਂ ਕੁਝ ਨਹੀਂ ਆਖ ਸਕਦਾ”
ਆਦਰ ਸਹਿਤ:
ਸਰਵਜੀਤ ਸਿੰਘ
ਪਰਮ ਸਤਿਕਾਰ ਯੋਗ ਲੇਖਕੋ ਅਤੇ
ਪਾਠਕੋ,
ਅਸੀਂ ਦੋਹਾਂ ਹੀ ਲੇਖਕਾਂ: ਸ. ਸਰਵਜੀਤ ਸਿੰਘ ਅਤੇ ਸ. ਮਹਿੰਦਰ ਸਿੰਘ ਘੱਗ ਜੀ ਦੇ ਅਤਿ
ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਵਿਚਾਰਾਂ ਨਾਲ 'ਲਿਖਾਰੀ' ਦੇ ਪਾਠਕਾਂ ਦੇ
ਗਿਆਨ ਵਿੱਚ ਵਾਧਾ ਕੀਤਾ। ਇਸ ਵਿਸ਼ੇ ਸਬੰਧੀ ਅਸੀਂ ਹੋਰ ਕੋਈ ਪੱਤਰ ਜਾਂ ਰਚਨਾ ਛਾਪਣ
ਤੋਂ ਅਸਮਰਥ ਹਾਂ।
ਦਸਮ ਗ੍ਰੰਥ ਬਾਰੇ ਸਾਰੇ ਪੱਖਾਂ
ਤੋਂ
ਜਾਣਕਾਰੀ ਦੇਣ ਵਾਲੇ 75 ਲੇਖ ਅਤੇ ਵੀਡੀਓ ਪੜ੍ਹਨ ਲਈ
ਅਸੀਂ
ਵੀਰ ਸ. ਸਰਵਜੀਤ ਸਿੰਘ ਹੁਰਾਂ ਵਲੋਂ 'ਪੱਤਰ ਵਿੱਚ ਦਿੱਤੇ ਗਏ ਲਿੰਕ ਦੀ ਸਫਾਰਸ਼ ਕਰਦੇ
ਹਾਂ।--ਲਿਖਾਰੀ (ਗੁਰਦਿਅਲ ਸਿੰਘ ਰਾਏ)
|
|
|
“ਦੁਬਿਧਾ ਦੂਰਿ ਕਰੋ ਲਿਵ ਲਾਇ“ |
੩੦ ਮਾਰਚ
੧੬੯੯ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਇਤਿਹਾਸ ਵਿਚ ਇਕ ਨਵਾਂ ਕਾਂਡ ਲਿਖਿਆ।
ਇਤਿਹਾਸ ਗਵਾਹ ਹੈ ਕਿ ਉਸ ਦਿਨ ਤੋਂ ਬਾਅਦ ਜਿਸ ਨੇ ਵੀ ਪੰਜਾਂ ਪਿਆਰਿਆਂ ਦੇ ਰਾਹ ਤੇ
ਚੱਲਦਿਆਂ ਆਪਣਾ ਤਨ ਮਨ ਧੰਨ ਗੁਰੂ ਨੂੰ ਅਰਪਨ ਕਰ ਦਿੱਤਾ ਉਹਨਾਂ ਸ਼ਹੀਦੀ ਗਾਨੇ ਬੰਨ੍ਹ
ਲਏ। ਵਰਣ ਵੰਡ ਤੋਂ ਨਜਾਤ ਪਾ ਕੇ ਉਹਨਾਂ ਦਾ ਸਵੈਮਾਨ ਜਾਗ ਪਿਆ ਫਲਸਰੂਪ ਪਛੱਮ ਤੋਂ
ਆਉਂਦੇ ਹਮਲਾਆਵਰਾਂ ਅੱਗੇ ਛਾਤੀਆਂ ਡਾਹ ਖਲੋਤੇ। ਕੋਈ ਤਿੰਨ ਸੌ ਸਾਲ ਤੋਂ ਉਸ ਇਤਿਹਾਸਕ
ਵਰਤਾਰੇ ਦਾ ਵਰਨਣ ਵਿਦਵਾਨ ਅਤੇ ਪਰਚਾਰਕ ਆਪਣੇ ਆਪਣੇ ਢੰਗਾਂ ਨਾਲ ਕਰਦੇ ਆ ਰਹੇ ਹਨ।
ਖਾਲਸੇ ਦੀ ਰਾਜਮਾਤਾ ਦੇ ਸਿਰਲੇਖ ਨਾਲ ਮੈਂ ਵੀ ਉਸੇ ਅਨੋਖੇ ਕਾਂਡ ਬਾਰੇ ਆਪਣੇ ਸ਼ਬਦਾਂ
ਵਿਚ ਕੁਝ ਇਸ ਤਰ੍ਹਾਂ ਜ਼ਿਕਰ ਕਰਨ ਦਾ ਯਤਨ ਕੀਤਾ ਕਿ ਪਾਠਕਾਂ ਨੂੰ ਅੱਖੀਂ ਡਿੱਠਾ ਲੱਗੇ।
ਮੇਰੇ ਵੀਰ ਸਰਵਜੀਤ ਸਿੰਘ
ਜੀ ਨੇ ਉਸ ਨੂੰ ਪੜ੍ਹ ਕੇ ਤਿੰਨ ਸਵਾਲ ਉਠਾਏ ਹਨ। ਸਵਾਲਾਂ ਦਾ ਉੱਤਰ ਦੇਣ ਦੇ ਨਾਲ ਨਾਲ
ਮੈਂ ਸਰਵਜੀਤ ਸਿੰਘ ਜੀ ਦਾ ਧੰਨਵਾਦੀ ਹਾਂ ਜੋ ਉਹਨਾਂ ਨੇ ਮੇਰਾ ਲੇਖ ਪੜ੍ਹਿਆ।
ਮੇਰੀਆਂ
ਕੁਝ ਲਾਈਨਾਂ ਦਾ ਹਵਾਲਾ ਦੇ ਕੇ ਵੀਰ ਸਰਵਜੀਤ ਸਿੰਘ ਜੀ ਸਵਾਲ ਕਰਦੇ ਹਨ (ਹੁਣ ਸਵਾਲ
ਪੈਦਾ ਹੁੰਦਾ ਹੈ, ਹਰ ਵੇਰ ਤਲਵਾਰ ਚਲਦੀ ਹੈ, ਸ਼ੂੰ ---ਦੀ ਆਵਾਜ਼ ਆਉਂਦੀ ਹੈ। ਫੇਰ
ਕੁਝ ਡਿੱਗਣ ਦੀ ਆਵਾਜ਼ ਆਉਂਦੀ ਹੈ ਤੰਬੂ ਦੀ ਕੰਧ ਤੇ ਲਹੂ ਦੇ ਛਿੱਟੇ ਪੈਂਦੇ ਹਨ, ਫਰਸ਼
ਤੋਂ ਬਾਹਰ ਆਉਂਦੀ ਲਹੂ ਦੀ ਧਾਰ ਪਰਨਾਲੇ ਦਾ ਰੂਪ ਧਾਰਨ ਕਰ ਜਾਂਦੀ ਹੈ ਆਖੀਰ ਪੰਜ
ਪਿਆਰੇ ਨਵੇਂ ਵਸਤਰ ਪਹਿਨ ਸੰਗਤ ਵਿਚ ਆ ਹਾਜ਼ਰ ਹੁੰਦੇ ਹਨ ਤਾਂ ਹਰ ਵੇਰ ਤਲਵਾਰ ਚਲਣ
ਨਾਲ ਕਟਿਆ ਜਾਣ ਵਾਲਾ ਸੀਸ ਕਿਸ ਦਾ ਸੀ?
ਉਹ ਸੀਸ
ਮੇਰਾ ਤਾਂ ਹੋ ਨਹੀਂ ਸਕਦਾ ਕਿਉਂਕਿ ਮੈਂ ਤਾਂ ਇਸ ਸਾਰੇ ਕਾਂਡ ਵਿਚ ਇਕ ਲੇਖਕ ਦੀ
ਭੂਮਿਕਾ ਨਿਭਾ ਰਿਹਾ ਹਾਂ। ਵੀਰ ਸਰਵਜੀਤ ਦਾ ਵੀ ਨਹੀਂ ਹੋ ਸਕਦਾ, ਉਹ ਤਾਂ ੩੦੯ ਸਾਲ
ਬੀਤਣ ਤੇ ਵੀ ਇੱਕੋ ਸੋਚ ਵਿਚ ਡੁੱਬਿਆ ਹੋਇਆ ਹੈ। ਮੇਰੇ ਮੌਲਾ! ਫੇਰ ਉਹ ਸੀਸ ਕਿਸ ਦਾ ਸੀ?
ਮੇਰੇ ਲੇਖ ਕਾਰਨ ਜੇ ਮੇਰਾ
ਵਿਦਵਾਨ ਦੋਸਤ ਸਰਵਜੀਤ ਸਿੰਘ ਦੁਬਿਦਾ ਕਰ ਬੈਠਾ ਹੋਵੇ ਤਾਂ ਚਿੰਤਾ ਵਾਲੀ ਗੱਲ ਹੈ
ਕਿਉਂਕਿ (ਦੁਬਿਧਾ ਮੇਂ ਦੋਨੋ ਗਏ, ਮਾਇਆ ਮਿਲੀ ਨਾ ਰਾਮ)। ਮੈਂ ਤਰਕ ਦੇ ਖਿਲਾਫ਼ ਵੀ
ਨਹੀਂ ਪਰ ਤਰਕ ਕਰਨ ਵਾਲੇ ਲਈ ਉਸ ਦਾ ਬਦਲ ਦੱਸਣਾ ਜ਼ਰੂਰੀ ਹੈ ਅਤੇ ਨਾਲ ਹੀ ਉਸ ਵਿਚ
ਉਸ ਬਦਲ ਨੂੰ ਸਾਕਾਰ ਕਰਨ ਦੀ ਸਮਰੱਥਾ ਹੋਵੇ ਨਹੀਂ ਤਾਂ ਉਹ 'ਬਦਲ' ਇਕ ਗੱਪ ਬਣ ਕੇ ਰਹਿ
ਜਾਂਦਾ ਹੈ।
ਮੇਰੇ
ਵਿਦਵਾਨ ਦੋਸਤ ਨੇ ਮੇਰੇ ਲੇਖ 'ਤੇ ਸਿਰਫ਼ ਉੜਨਝਾਤ ਮਾਰੀ ਹੈ ਚੰਗੀ ਤਰ੍ਹਾਂ ਘੋਖਿਆ
ਵਿਚਾਰਿਆ ਨਹੀਂ। ਤਾਂ ਹੀ ਤਾਂ ਉਹਨਾਂ ਨੇ ਮੇਰੇ ਤੇ ਇਸ ਤਰ੍ਹਾਂ ਦਾ ਸਵਾਲ ਕੀਤਾ ਹੈ,
ਜਿਵੇਂ ਮੈਂ ਤੰਬੂ ਦੇ ਅੰਦਰ ਖੜ੍ਹਾ ਚਸ਼ਮਦੀਦ ਗਵਾਹ ਹੋਵਾਂ।
ਮੈਂ ਗੁਰੂ
ਮਹਾਰਾਜ ਦੇ ਨਾਲ ਵਾਰੋ ਵਾਰੀ ਭਾਈ ਦਇਆ ਰਾਮ, ਭਾਈ ਧਰਮਦਾਸ, ਭਾਈ ਹਿਮੰਤ ਰਾਏ, ਭਾਈ
ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ ਨੂੰ ਤੰਬੂ ਵਿਚ ਜਾਂਦੇ ਲਿਖਦਾ ਹਾਂ। ਕੀ ਵਾਪਰ
ਰਿਹਾ ਹੈ, ਉਸਦਾ ਇਕ ਪੱਤਰਕਾਰ ਦੀ ਤਰ੍ਹਾਂ ਸਿਰਫ਼ ਅੰਦਾਜ਼ਾ ਹੀ ਬਿਆਨ ਕਰ ਰਿਹਾ ਹਾਂ ।
ਮੇਰੀ ਲਿਖਤ ਮੁਤਾਬਕ ਗੁਰੂ ਗੋਬਿੰਦ ਰਾਏ ਨਾਲ ਉਸ ਸਮੇਂ ਤੰਬੂ ਅੰਦਰ ਦਇਆ ਰਾਮ,
ਧਰਮਦਾਸ, ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਹਨ। ਅੰਦਰ ਦੇ ਵਰਤਾਰੇ 'ਤੇ ਸਹੀ
ਰੌਸ਼ਨੀ ਉਹਨਾਂ ਛੇਆਂ ਤੋਂ ਸਿਵਾ ਕੋਈ ਨਹੀਂ ਪਾ ਸਕਦਾ।
ਤੰਬੂ ਦੇ ਅੰਦਰ ਪ੍ਰੀਖਿਆ ਹੋਈ ਸੀ ਜਦ ਪੰਜੇ ਪ੍ਰੀਖਿਆ 'ਚੋਂ ਪਾਸ ਹੋ ਕੇ ਨਵਾਂ ਜੀਵਨ
ਪਾ ਕੇ ਬਾਹਰ ਆਉਂਦੇ ਹਨ, ਗੁਰੂ ਵਰਗੇ ਬਾਣੇ ਵਿਚ ਸਜੇ ਹੋਏ ਹਨ। ਜੋ ਬਾਹਰ ਬੈਠੇ ਸਨ
ਉਹਨਾਂ ਦਾ ਜ਼ਿਕਰ ਮੈਂ ਦੋ ਲਾਈਨਾਂ ਵਿਚ ਕਰਦਾ ਹਾਂ (ਜੋ ਦਿਸ ਰਿਹਾ ਸੀ ਉਸ ਤੇ ਯਕੀਨ
ਕਰਨਾ ਔਖਾ ਸੀ ਅਤੇ ਜੋ ਯਕੀਨ ਕਰ ਚੁੱਕੇ ਸਨ ਉਸ ਤੇ ਸ਼ੰਕਾ ਕਰਨਾ ਮੁਸ਼ਕਲ ਸੀ......
ਕੁਝ ਹੀ ਸਮਾਂ ਪਹਿਲਾਂ ਜੀਵਨ ਨੂੰ ਮੌਤ ਭੈ ਭੀਤ ਕਰ ਰਹੀ ਸੀ ਅਤੇ ਇਹ ਅੱਲੋਕਾਰੀ
ਸੀ ਕਿ ਮੌਤ ਵਿੱਚੋਂ ਨਵਾਂ ਜੀਵਨ ਪਾ ਕੇ ਉਹ ਪੰਜੇ ਸੇਵਕ ਨੌਂ ਬਰ ਨੌਂ ਆਪਣੇ ਗੁਰੂ ਦੇ
ਸਨਮੁੱਖ ਖੜ੍ਹੇ ਸਨ) ਇਸ ਤੋਂ ਅੱਗੇ ਹਾਜ਼ਰੀਨ ਦਾ ਧਿਆਨ ਅੰਮ੍ਰਿਤ ਸੰਚਾਰ ਨਾਲ ਜੁੜ
ਜਾਂਦਾ ਹੈ। ਹੋ ਸਕਦਾ ਹੈ ਕੁਝ ਇਕ ਦੁਬਿਧਾ ਦਾ ਸ਼ਿਕਾਰ ਹੋ ਕੇ ਖੜੋਤ ਵਿਚ ਵੀ ਆ ਗਏ
ਹੋਣ।
ਦੂਸਰਾ ਸਵਾਲ ਅਮ੍ਰਿਤ ਦੀ ਤਿਆਰੀ ਸਮੇਂ ਪੜ੍ਹੀਆਂ ਗਈਆਂ ਬਾਣੀਆਂ ਤੇ ਹੈ।
ਮੇਰੇ ਵੀਰ ਸਰਵਜੀਤ ਸਿੰਘ ਨੇ ਇਹ
ਸ਼ੰਕਾ ਪ੍ਰਗਟ ਕੀਤਾ ਹੈ ਕਿ ੩੦ ਮਾਰਚ ੧੬੯੯ ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ
ਤਿਆਰੀ ਸਮੇਂ ਜਪੁ ਜੀ ਸਾਹਿਬ, ਜਾਪ ਸਾਹਿਬ, ਸੁਧਾ ਸਵੱਈਏ, ਚੌਪਈ ਅਤੇ ਅਨੰਦ ਸਾਹਿਬ
ਦਾ ਪਾਠ ਨਹੀਂ ਕੀਤਾ ਗਿਆ, ਕੁਝ ਹੋਰ ਬਾਣੀਆਂ ਪੜ੍ਹੀਆਂ ਗਈਆਂ ਸਨ।
ਹੋਣਗੀਆਂ। ਹਰ ਲੇਖਕ ਦੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਹਨ। ਨਾ ਤਾਂ ਮੈਂ ਉਸ ਵਕਤ
ਹਾਜ਼ਰ ਸੀ ਨਾ ਹੀ ਇਹਨਾਂ ਬਾਣੀਆਂ ਤੇ ਕਿੰਤੂ ਕਰਨ ਵਾਲੇ ਲੇਖਕ। ਪਰ ਅੱਜ ਇਹ ਬਾਣੀਆਂ
ਸਾਡੇ ਨਿਤ ਨੇਮ ਦਾ (ਅਤੇ ਅੰਮ੍ਰਿਤ ਪਾਨ ਦਾ) ਹਿੱਸਾ ਹੋਣ ਕਰਕੇ ਇਹਨਾਂ ਦਾ ਪੜ੍ਹਿਆ ਜਾਣਾ
ਜ਼ਿਆਦਾ ਸਾਰਥਕ ਲਗਦਾ ਹੈ। ਚੰਗਾ ਹੁੰਦਾ ਜੇ ਵੀਰ ਸਰਵਜੀਤ ਸਿੰਘ ਪੜ੍ਹੀਆਂ ਗਈਆਂ ਬਾਣੀਆਂ
ਦੀ ਸੂਚੀ ਅਤੇ ਲੇਖਕਾਂ ਦਾ ਹਵਾਲਾ ਦਿੰਦੇ। ਸਭ ਤੋਂ ਜ਼ਰੂਰੀ ਹੈ ਕਿਉਂ ਦਾ ਉੱਤਰ ਦੇਣਾ।
ਹੋ ਸਕੇ ਤਾਂ ਲਿਖਾਰੀ
ਦੇ ਪਾਠਕਾਂ ਦੇ ਗਿਆਨ ਅਤੇ ਕਿਉਂ ਦੀ ਤਸੱਲੀ ਲਈ ਇਸ ਵਿਸ਼ੇ ਤੇ ਇਕ ਬਾਕਾਇਦਾ ਲੇਖ
ਲਿਖਣ।
ਇਸ ਤੋਂ
ਅਗਲਾ ਸਵਾਲ ਹੇਠ ਲਿਖੇ ਸ਼ਬਦ ਨਾਲ ਸਬੰਧ ਰਖਦਾ ਹੈ:
“ਦੇਹ
ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ॥
ਨ ਡਰੋਂ ਅਰਿ ਸੇ ਜਬ ਜਾਏ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ॥
ਅਰ ਸਿਖ ਹੋਂ ਆਪੁਣੇ ਹੀ ਮਨ ਕੌ ਇਹ ਲਾਲਚ ਹੈ ਗੁਣ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤ ਹੀ ਰਨ ਮੈਂ ਤਬ ਜੂਝ ਮਰੋਂ॥“
ਵੀਰ
ਸਰਵਜੀਤ ਸਿੰਘ ਜੀ ਲਿਖਦੇ ਹਨ ਕਿ ਇਹ ਸ਼ਬਦ ਜਿਸ ਨੂੰ ਦਸਮ ਗਰੰਥ ਆਖਦੇ ਹਨ ਉਸ ਦੇ
ਪੰਨਾ ੯੯ ਤੇ ਦਰਜ ਹੈ। ਮਾਰਕੰਡੇ ਪੁਰਾਨ ਵਿੱਚੋਂ ਸ੍ਰੀ ਚੰਡੀ ਚਰਿਤ੍ਰ ਉਕਿਤ ਬਿਲਾਸ ਜਿਸ
ਦੇ ਕੁਲ ੨੩੩ ਛੰਦ ਹਨ ਅਤੇ ਇਹ ੨੩੧ ਨੰਬਰ ਛੰਦ ਹੈ। ਮੇਰੇ ਵਿਦਵਾਨ ਦੋਸਤ ਆਖਦੇ ਹਨ
ਕਿ ਜੇ ਉਪਰੋਕਤ ਛੰਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤਾਂ ਬਾਕੀ ਦੇ ਛੰਦ ਕਿਸ
ਦੇ ਲਿਖੇ ਹੋਏ ਹਨ। ਮੈਂ
ਨਾ ਮਾਰਕੰਡੇ ਪੁਰਾਨ ਦੇਖਿਆ ਹੈ ਨਾ ਦਸਮ ਗਰੰਥ, ਇਸ ਕਰਕੇ ਮੈਂ ਕੁਝ ਨਹੀਂ ਆਖ ਸਕਦਾ।
ਮਾਰਕੰਡੇ ਪੁਰਾਨ ਦੀ ਭਾਸ਼ਾ ਤਾਂ ਸ਼ਾਇਦ ਸੰਸਕ੍ਰਿਤ ਹੈ ਅਤੇ ਇਸ ਛੰਦ ਦੀ ਭਾਸ਼ਾ ਪੰਜਾਬੀ
ਲੱਗਦੀ ਹੈ। ਮੈਂ ਸਰਵਜੀਤ ਸਿੰਘ ਜੀ ਅੱਗੇ ਬੇਨਤੀ ਕਰਾਂਗਾ ਕਿ ਉਹ ਖੁਦ ਹੀ ਇਸ ਗੱਲ ਤੇ
ਚਾਨਣਾ ਪਾਉਣ। ਅਗਰ ਸਰਵਜੀਤ ਸਿੰਘ ਇਸ ਛੰਦ ਬਾਰੇ ਆਪਣੇ ਵਿਚਾਰ ਸਾਂਝੇ ਨਹੀਂ ਕਰਨਗੇ
ਤਾਂ ਸਮਝ ਲਿਆ ਜਾਵੇਗਾ ਕਿ ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ
ਹੈ।
ਮੁਹਿੰਦਰ ਸਿੰਘ ਘੱਗ (ਯੂਨੀਕੋਡ) ਮਈ ੧੦ ੨੦੦੮
|
|
|
ਸ਼ਿੰਦਰ ਮਾਹਲ ਅਤੇ ਕੇਹਰ
ਸ਼ਰੀਫ ਨੇ ਕਲਮ ਦਾ ਫਰਜ਼ ਨਿਭਾਇਆ ਹੈ----ਮੁਹਿੰਦਰ ਸਿੰਘ ਘੱਗ |
ਸ਼ਿੰਦਰ ਮਾਹਲ ਦਾ ਲੇਖ “ਕਬੱਡੀ
ਅਤੇ ਪੰਜਾਬੀ“
ਸਾਡੇ ਪੰਜਾਬੀ ਸੁਭਾਵ ਦੀ ਸਹੀ ਤਰਜਮਾਨੀ ਹੈ।
ਸਮੇਂ ਨੂੰ ਤਾਂ ਅਸੀਂ ਰਬੜ ਸਮਝਦੇ ਹਾਂ
ਅਤੇ ਬੜੀ ਬੇਦਰਦੀ ਨਾਲ ਖਿਚ੍ਹ ਖਿਚ੍ਹ ਕੇ ਲੰਬਾਂ ਕਰੀ ਜਾਈਦਾ ਹੈ।
ਸ਼ਿੰਦਰ ਮਾਹਲ ਨੇ ਕਬੱਡੀ ਤੋਂ ਸ਼ੁਰੂ ਕਰਕੇ
ਸਿਆਸਤ, ਸਾਹਿਤ, ਸਮਾਜਕ ਰਸਮੋਂ ਰਿਵਾਜ ਅਤੇ ਸ਼ੋ ਬੌਟਲ
ਧਰਮ ਸਭ ਤੇ ਪੜਚੋਲ ਨਾਂ ਦੀ ਖੰਡ ਲਪੇਟੀ
ਕੋਨੀਨ ਦਿਤੀ ਹੈ। ਜੇ ਸੰਸਾਰ ਦੀਆਂ ਨਢੀਆਂ ਕੌਮਾਂ ਨਾਲ
ਪਹਿਲੀ ਕਤਾਰ ਵਿਚ ਖੜੇ ਹੋਣ ਦੀ ਇਛਾ ਹੈ ਤਾਂ ਇਹ ਗੋਲੀ ਨਿਗਲਣੀ
ਪਏਗੀ।
ਕੇਹਰ ਸ਼ਰੀਫ ਨੇ ਵੀ ਦੀਪਕ ਕੁਮਾਰ ਦੇ ਲੇਖ ਚੜ੍ਹਾਵੇ ਦੀ ਰਕਮ ਗਰੀਬਾਂ
ਤੇ ਖਰਚ ਕੀਤੀ ਜਾਵੇ ਦਾ ਅਨਵਾਦ
ਕਰਕੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ
ਹੈ। “ਗਰੀਬ
ਕਾ ਮੂੰਹ ਗੁਰੂ ਕੀ ਗੋਲਿਕ“
ਮੰਨਿਆ ਗਿਆ ਹੈ।
ਲੇਖਕਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ
ਸਮਾਜਕ,ਧਾਰਮਕ ਅਤੇ ਸਿਆਸੀ ਚਾਲਬਾਜ਼ਾਂ ਤੋਂ ਲੋਕਾਈ ਨੂੰ
ਖਬਰਦਾਰ ਕੀਤਾ ਜਾਵੇ। ਸ਼ਿੰਦਰ ਮਾਹਲ ਅਤੇ ਕੇਹਰ ਸ਼ਰੀਫ ਨੇ ਕਲਮ ਦਾ
ਫਰਜ਼ ਨਿਭਾਇਆ ਹੈ। ਉਹ ਵਧਾਈ
ਦੇ ਪਾਤਰ ਹਨ।
ਮੁਹਿੰਦਰ ਸਿੰਘ ਘੱਗ ਮਈ 6, 2008
|
|
|
ਪਬਲਿਸ਼ ਹੋਏ ਸਾਰੇ ਹੀ ਲੇਖ ਬਹੁਤ ਵਧੀਆ
ਅਤੇ ਪ੍ਰਭਾਵਸ਼ਾਲੀ ਹਨ--ਸੁਧੀਰ ਧੀਰ (ਵੈਬਦੁਨੀਆ ਡਾਟ ਕਾਮ) |
ਸੰਪਾਦਕ ਸਾਹਿਬ
ਮੈਂ ਵੈਬਦੁਨੀਆ ਡਾਟ ਕਾਮ ਪੰਜਾਬੀ ਪੋਰਟਲ ਵਿੱਚ ਬਤੌਰ ਉੱਪ ਸੰਪਾਦਕ ਅਤੇ ਟੀਮ
ਲੀਡਰ ਪੰਜਾਬੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ। ਮੈਨੂੰ ਕੁੱਝ ਦਿਨ
ਪਹਿਲਾਂ ਇੰਟਰਨੈਟ ਤੇ ਸਰਚ ਕਰਦੇ ਸਮੇਂ ਇਸ ਸਾਈਟ ਬਾਰੇ ਪਤਾ ਲੱਗਿਆ। ਇਸਤੇ
ਪਬਲਿਸ਼ ਹੋਏ ਸਾਰੇ ਹੀ ਲੇਖ ਬਹੁਤ ਵਧੀਆ ਅਤੇ ਪ੍ਰਭਾਵਸ਼ਾਲੀ ਹਨ।
|
|
|
ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਦਾ ਇੱਕ ਚੰਗਾ ਉਪਰਾਲਾ ਕਰ ਰਹੇ
ਹੋ---ਅਰਸ਼ਦ
ਮਹਿਮੂਦ ਨੰਦਨ |
ਅਤਿ ਸਤਿਕਾਰ ਯੋਗ ਸੰਪਾਦਕ ਜੀ,
ਇੰਟਰਨੈੱਟ ਤੇ ਯੂਨੀਕੋਡ ਪੰਜਾਬੀ ਫੌਂਟ ਲੱਭਦਿਆਂ ਅਚਾਨਕ ਹੀ
“ਲਿਖਾਰੀ”
ਦੀ ਵੈੱਬ ਸਾਈਟ ਵੇਖਣ ਨੂੰ ਮਿਲੀ। ਤੁਸੀਂ ਸੰਸਾਰ ਭਰ ਵਿੱਚ
ਅਤਿ ਉੱਤਮ ਸਾਧਨ ਯਾਨੀ ਇੰਟਰਨੈੱਟ ਰਾਹੀਂ ਪੰਜਾਬੀ ਭਾਸ਼ਾ
ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਦਾ ਇੱਕ ਚੰਗਾ
ਉਪਰਾਲਾ ਕਰ ਰਹੇ ਹੋ। ਇੱਕ ਪੰਜਾਬੀ ਹੋਣ ਦੇ ਨਾਤੇ ਇਸ
ਉਪਰਾਲੇ ਲਈ ਮੈਂ ਸਿਰ ਨਿਵਾ ਕੇ ਤੁਹਾਡਾ ਧੰਨਵਾਦ ਕਰਦਾ ਹਾਂ
ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਤੁਹਾਨੂੰ ਤੁਹਾਡੇ
ਇਨ੍ਹਾਂ ਯਤਨਾਂ ਵਿੱਚ ਸਫਲਤਾ ਬਖਸ਼ੇ।
ਮੈਂ ਮੂਲ ਤੌਰ ਤੇ
ਮਾਲੇਰ ਕੋਟਲਾ, ਜ਼ਿਲਾ ਸੰਗਰੂਰ ਪੰਜਾਬ ਦਾ ਰਹਿਣ ਵਾਲਾ ਹਾਂ।
ਪਿਛਲੇ
ਸਤਾਰਾਂ ਵਰ੍ਹਿਆਂ ਤੋਂ ਲਾਲ ਬਹਾਦੁਰ ਸ਼ਾਸ਼ਤਰੀ ਪ੍ਰਸ਼ਾਸ਼ਨ
ਅਕਾਦਮੀ ਵਿੱਚ ਆਈ. ਏ. ਐੱਸ ਅਧਿਕਾਰੀਆਂ ਨੂੰ ਪੰਜਾਬੀ
ਪੜ੍ਹਾ ਰਿਹਾ ਹਾਂ। ਵੀਹ ਵਰ੍ਹੇ ਪਹਿਲਾਂ ਜਦੋਂ ਕਾਲਜ ਵਿੱਚ
ਹੁੰਦਾ ਸੀ ਤਾਂ ਪੰਜਾਬੀ ਉਰਦੂ ਵਿੱਚ ਕਹਾਣੀਆਂ ਲਿਖਿਆ ਕਰਦਾ
ਸੀ। ਮਸੂਰੀ ਵਿੱਚ ਆਉਣ ਤੋਂ ਬਾਅਦ ਬਦਕਿਸਮਤੀ ਨਾਲ ਲਿਖਣ ਦਾ
ਸ਼ੌਕ ਦਮ ਤੋੜ ਗਿਆ।
ਪੁਰਾਣੀਆਂ ਲਿਖਤਾਂ ਵੀ ਜ਼ਾਇਆ ਹੋ ਗਈਆਂ।
“ਲਿਖਾਰੀ”
ਦੀ ਵੈੱਬ ਸਾਈਟ ਨੂੰ ਵੇਖ ਕੇ ਮੇਰੇ ਅੰਦਰਲਾ ਲੇਖਕ ਇੱਕ ਵਾਰ
ਫਿਰ ਸਾਹ ਲੈਣ ਲੱਗਿਆ ਹੈ। ਚਾਰ ਮਿੰਨੀ ਕਹਾਣੀਆਂ ਵਿਸ਼ੇਸ਼
ਤੌਰ ਤੇ “ਲਿਖਾਰੀ”
ਲਈ ਲਿਖੀਆਂ ਹਨ। ਚਾਰੇ ਮਿੰਨੀ ਕਹਾਣੀਆਂ ਮੌਲਿਕ ਹਨ। ਇਹ
ਕਹਾਣੀਆਂ ਨਾ ਕਿਸੇ ਹੋਰ ਪਰਚੇ ਵਿੱਚ ਛਪੀਆਂ ਹਨ ਅਤੇ ਨਾ ਹੀ
ਛਪਣ ਲਈ ਭੇਜੀਆਂ ਗਈਆਂ ਹਨ।
ਜੇਕਰ ਕਹਾਣੀਆਂ ਪਸੰਦ ਆਉਣ ਤਾਂ ਕਿਸੇ
“ਲਿਖਾਰੀ”
ਦੇ ਕਿਸੇ ਨਜ਼ਦੀਕੀ ਅੰਕ ਵਿੱਚ ਸ਼ਾਮਿਲ ਕਰ ਲੈਣਾ ਜੀ।
ਕਹਾਣੀਆਂ ਦੀ ਪ੍ਰਾਪਤੀ ਤੇ ਛਪਣ/ਨਾ ਛਪਣ ਸੰਬੰਧੀ ਫੈਸਲੇ ਦਾ
ਇੰਤਜ਼ਾਰ ਕਰਾਂਗਾ।
ਸ਼ੁਭਕਾਮਨਾਵਾਂ ਸਹਿਤ,
ਅਰਸ਼ਦ ਮਹਿਮੂਦ ਨੰਦਨ
ਲਾਲ ਬਹਾਦੁਰ ਸ਼ਾਸ਼ਤਰੀ ਪ੍ਰਸ਼ਾਸ਼ਨ ਅਕਾਦਮੀ
ਮਸੂਰੀ-248179
ਉੱਤਰਾਖੰਡ (ਭਾਰਤ)
26 ਅਪਰੈਲ 2008
|
|
|
|
ਘੱਗ ਜੀ! ਫਿਰ ਕੱਟਿਆ ਜਾਣ ਵਾਲਾ ਸੀਸ
ਕਿਸ ਦਾ ਸੀ?---ਸਰਬਜੀਤ
ਸਿੰਘ |
ਸਤਿਕਾਰ ਯੋਗ ਵਿਦਵਾਨ
ਲੇਖਕ ਸ: ਮਹਿੰਦਰ ਸਿੰਘ ਘੱਗ ਦਾ ਖੋਜ ਭਰਭੂਰ ਲੇਖ ‘ਖਾਲਸੇ
ਦੀ ਰਾਜ ਮਾਤਾ’
ਪੜ੍ਹਨ ਉਪ੍ਰੰਤ ਜਿਥੇ ਇਤਿਹਾਸਕ ਤੌਰ ਤੇ ਯਾਦਾਸ਼ਤ ਤਾਜਾ ਹੋਈ ਹੈ ਉੱਥੇ ਹੀ ਕੁਝ
ਸਵਾਲ ਵੀ ਪੈਦਾ ਹੋਏ ਹਨ
।
ਆਪ ਜੀ ਲਿਖਦੇ ਹੋ,
“ਆ ਜਾ ਮੇਰੇ ਨਾਲ,
ਆਖਦੇ ਹੋਏ ਗੁਰੂ ਜੀ ਦਇਆ
ਰਾਮ ਨੂੰ ਤੰਬੂ ਵਿਚ ਲੈ ਗਏ।
ਸ਼ੂੰ--- ਦੀ
ਆਵਾਜ਼, ਝਟਕ ਦੀ
ਆਵਾਜ਼, ਫੇਰ
ਕੁਝ ਡਿਗਣ ਦੀ ਆਵਾਜ਼ ਤੰਬੂ ਦੀ ਕੰਧ ਤੇ ਸੂਹੇ ਛਿੱਟੇ ਅਤੇ ਫਰਸ਼ ਤੋਂ ਬਾਹਰ ਆਉਂਦੀ
ਲਹੂ ਦੀ ਧਾਰ,
ਇਹ ਚਿੰਨ੍ਹ ਤੰਬੂ ਅੰਦਰ ਬੀਤੀ ਕਹਾਣੀ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ…
ਧਰਮ ਦਾਸ ! ਚੰਗਾ ਹੋਇਆ
ਤੂੰ ਆ ਗਿਆ।
ਦਇਆ ਅਤੇ ਧਰਮ
ਦਾ ਹੱਡ ਮਾਸ ਦਾ ਰਿਸ਼ਤਾ ਹੈ।
ਜੁਦੇ ਨਹੀਂ ਹੋ
ਸਕਦੇ।
ਨਿਆਏ ਦਾ ਦੂਸਰਾ ਨਾਮ
ਧਰਮ ਹੈ।
ਦਇਆਵਾਨ ਹੀ ਧਰਮ
ਕਮਾ ਸਕਦਾ ਹੈ।
ਇਹ ਆਖਦਿਆਂ
ਹੋਇਆਂ ਦਇਆ ਰਾਮ ਦੀ ਤਰ੍ਹਾਂ ਗੁਰੂ ਮਹਾਰਾਜ ਧਰਮ ਦਾਸ ਨੂੰ ਵੀ ਤੰਬੂ ਵਿਚ ਲੈ ਗਏ।
… ਦੂਸਰੀ ਦਫਾ
ਜਦੋਂ ਉਹੀ ਵਰਤਾਰਾ ਹੋਇਆ ਤਾਂ ਪਹਿਲਾਂ ਵਗੇ ਹੋਏ ਲਹੂ ਵਿਚ ਇਕ ਹੋਰ ਲਹੂ ਦੀ ਧਾਰ ਰਲ
ਕੇ ਲਹੂ ਦਾ ਰੰਗ ਕੁਝ ਹੋਰ ਗੂੜ੍ਹਾ ਹੋ ਗਿਆ”।
ਇਸੇ ਤਰਾਂ ਹੀ
ਗੁਰੂ ਜੀ ਭਾਈ ਦਇਆ ਰਾਮ,
ਭਾਈ ਹਿਮੰਤ ਰਾਏ ਅਤੇ
ਭਾਈ ਮੁਹਕਮ ਚੰਦ ਨੂੰ ਵੀ ਤੰਬੂ ਅੰਦਰ ਲੈ ਗਏ ਆਦਿਕ।
ਹੁਣ ਸਵਾਲ ਪੈਦਾ ਹੁੰਦਾ
ਹੈ, ਹਰ ਵਾਰ
ਤਲਵਾਰ ਚਲਦੀ ਹੈ,
ਸ਼ੂੰ---ਦੀ ਆਵਾਜ਼ ਆਉਂਦੀ
ਹੈ, ਫਿਰ ਕੁਝ
ਡਿੱਗਣ ਦੀ ਆਵਾਜ਼ ਆਉਂਦੀ ਹੈ,
ਤੰਬੂ ਦੀ ਕੰਧ ਤੇ ਲਹੂ
ਦੇ ਛਿੱਟੇ ਪੈਂਦੇ ਹਨ,
ਫਰਸ਼ ਤੋਂ ਬਾਹਰ ਆਉਂਦੀ
ਲਹੂ ਦੀ ਧਾਰ ਪਰਨਾਲੇ ਦਾ ਰੂਪ ਧਾਰਨ ਕਰ ਜਾਂਦੀ ਹੈ ਅਖੀਰ ਪੰਜ ਪਿਆਰੇ ਨਵੇਂ ਵਸਤਰ
ਪਹਿਨ ਕੇ ਸੰਗਤ ਵਿਚ ਆ ਹਾਜ਼ਰ ਹੁੰਦੇ ਹਨ ਤਾਂ ਹਰ ਵਾਰ ਤਲਵਾਰ ਦੇ ਚੱਲਣ ਨਾਲ ਕੱਟਿਆ
ਜਾਣ ਵਾਲਾ ਸੀਸ ਕਿਸ ਦਾ ਸੀ?
ਅੱਗੇ ਆਪ ਜੀ ਲਿਖਦੇ ਹੋ,
“ਨਾਲ ਨਾਲ ਗੁਰੂ ਜੀ ਨੇ
ਉੱਚੀ ਸੁਰ ਵਿਚ ਜਪੁ ਜੀ ਸਾਹਿਬ,
ਜਾਪ ਸਾਹਿਬ,
ਸੁਧਾ ਸੱਵਈਏ,
ਚੌਪਈ ਅਤੇ ਅਨੰਦ ਸਾਹਿਬ
ਦਾ ਪਾਠ ਕੀਤਾ”।
ਸ: ਮਹਿੰਦਰ ਸਿੰਘ ਘੱਗ
ਜੀ,
ਇਹ ਠੀਕ ਹੈ ਕੇ ਸਿੱਖ
ਰਹਿਤ ਮਰਯਾਦਾ ਵਿੱਚ ਇਹ ਪੰਜ ਬਾਣੀਆਂ ਹੀ ਦਰਜ ਹਨ ਪਰ ਉਪਲੱਭਦ ਇਤਿਹਾਸਕ ਵਸੀਲਿਆਂ
ਤੋ ਇਸ ਦੀ ਪੁਸ਼ਟੀ ਨਹੀਂ ਹੁੰਦੀ ਕਿ 30
ਮਾਰਚ 1699 ਦੀ
ਵੈਸਾਖੀ ਨੂੰ ਗੁਰੁ ਜੀ ਵਲੋਂ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਇਹ ਹੀ ਪੰਜ ਬਾਣੀਆਂ
ਪੜ੍ਹੀਆਂ ਗਈਆ ਸਨ।
ਸਾਰੇ ਲੇਖਕਾਂ
ਵਲੋਂ ਦਰਜ ਕੀਤੀਆਂ ਗਈਆਂ ਬਾਣੀਆਂ ਵੱਖ-ਵੱਖ ਹਨ।
ਆਪ ਜੀ ਦਾ ਇਸ
ਬਾਰੇ ਕੀ ਵਿਚਾਰ ਹੈ?
ਆਪ ਜੀ ਜੀ ਲਿਖਦੇ ਹੋ
, “ ਸ਼ੁਭ ਕਰਮਨ
ਤੇ ਕਬਹੂੰ ਨਾ ਟਰੂੰ,
ਤੁਹਾਡੀ ਨਿੱਤ ਦੀ ਅਰਦਾਸ
ਹੋਵੇਗੀ।
ਤੁਸੀਂ ਮੇਰੇ
ਪੰਜ ਪਿਆਰੇ ਹੋ।
ਖਾਲਸਾ ਪੰਥ ਦੇ
ਰਹਿਬਰ ਹੋ।
ਤੁਸੀਂ ਨਾ ਕਿਸੇ
ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ।
ਨਾਮ ਜਪਣਾ,
ਵੰਡ ਕੇ ਛਕਣਾ ਅਤੇ ਧਰਮ
ਦੀ ਕਾਰ ਕਰਨੀ,
ਤੁਹਾਡਾ ਜੀਵਨ ਸਿਧਾਂਤ ਹੋਵੇਗਾ”।
ਆਪ ਜੀ ਵਲੋਂ ਜਿਸ ਪੰਗਤੀ ਦਾ ਹਵਾਲਾ ਦਿੱਤਾ ਗਿਆ ਹੈ
‘ਸ਼ੁਭ
ਕਰਮਨ ਤੇ ਕਬਹੂੰ ਨਾ ਟਰੋ’
ਇਹ ਪੰਗਤੀ ਆਖੇ ਜਾਂਦੇ
ਦਸਮ ਗ੍ਰੰਥ ਵਿੱਚ ਪੰਨਾ 99
ਉੱਪਰ ਦਰਜ,
ਮਾਰਕੰਡੇ ਪੁਰਾਨ ‘ਚੋ
‘ਸ੍ਰੀ ਚੰਡੀ
ਚਰਿਤ੍ਰ ਉਕਤਿ ਬਿਲਾਸ’,
ਜਿਸ ਦੇ ਕੁਲ
233 ਛੰਦ ਹਨ,
ਵਿੱਚ ਦਰਜ 231
ਨੰ: ਛੰਦ ਵਿੱਚ ਦਰਜ ਹੈ।
ਦੇਹ ਸਿਵਾ ਬਰੁ ਮੋਹਿ
ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ
ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ।
ਅਰੁ ਸਿਖ ਹੌ
ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ
ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ।(231)
ਘੱਗ ਜੀ! ਇਹ ਜਾਣਕਾਰੀ ਦਿਓ ਕਿ
ਜੇ ਇਹ ਛੰਦ/ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ
ਹੋਇਆ ਹੈ ਤਾਂ ਬਾਕੀ 232
ਛੰਦਾਂ ਦਾ ਲੇਖਕ ਕੌਣ ਹੈ?
ਸ: ਮਹਿੰਦਰ ਸਿੰਘ ਘੱਗ
ਜੀ, ਆਪ ਜੀ ਤਾਂ
ਜਾਣਦੇ ਹੀ ਹੋ ਕੇ ਅਜੇਹੇ ਸਵਾਲ,
ਰੋਟੀ ਦੀ ਖਾਤਰ ਪ੍ਰਚਾਰਕ
ਬਣੇ ਅਨਪ੍ਹੜ ਬਾਬਿਆਂ ਨੂੰ ਤਾਂ ਨਹੀਂ ਪੁਛੇ ਜਾਂ ਸਕਦੇ।
ਅਜੇਹੀ ਜਾਣਕਾਰੀ
ਤਾਂ ਆਪ ਜੀ ਵਰਗੇ ਸਮਰੱਥ ਵਿਦਵਾਨਾਂ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਆਦਰ ਸਹਿਤ
ਸਰਵਜੀਤ ਸਿੰਘ(18 ਮਾਰਚ 2008)
|
|
|
Harbakhsh is a thinker with great talent---Harminder
Banwait |
Manu-Smirti: A very knowledgeable and 'everyone must read this article.
Harbakhsh is a thinker with great talent. I had heard about Manu-Smirti
a million times but did not know much about it. Harbakhsh has given me
insight to this most maligned book in the Indian sub-continent. I would
like to thank him for writing this great piece or work in Panjabi literature.
Harminder Banwait
|
|
ਤੁਹਾਡਾ ਲੇਖ਼: ਗਰੀਬਾਂ
'ਤੇ ਕਿਓਂ ਨਾ ਖ਼ਰਚ
ਹੋਵੇ--ਪੜ੍ਹਿਆ ਅਤੇ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਆਪ ਜੀ ਨੇ ਚੜ੍ਹਾਵੇ ਦੀ ਰਕਮ ਦੀ
ਸੂਚੀ ਬਹੁਤ ਹੀ ਵਿਸਤਾਰ ਪੂਰਬਕ ਲਿਖੀ ਹੈ,
ਮੁਆਫ ਕਰਨਾ ਜੇ ਕਿਤੇ ਸਾਡੇ
ਗੁਰਦੁਆਰਿਆਂ ਦੇ ਚੜ੍ਹਾਵੇ ਦੀ ਰਕਮ ਵੀ ਵਿਸਤਾਰ ਪੂਰਬਕ ਲਿਖ ਦਿੰਦੇ ਤਾਂ ਬਹੁਤ ਹੀ ਚੰਗਾ
ਹੋਣਾ ਸੀ--ਜੋਗੀ
ਬਿਲਗੇ ਵਾਲਾ (ਕਨੇਡਾ) |
ਮੇਰੇ ਵੀਰ
ਕਿਹਰ ਸ਼ਰੀਫ ਜੀ,
ਇਸ ਨਿਮਾਣੇ ਜਹੇ ਜੋਗੀ ਦੀ
ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ।
ਵੀਰ ਜੀ ਤੁਹਾਡਾ ਇਹ ਲੇਖ਼
(ਗਰੀਬਾਂ 'ਤੇ
ਕਿਓਂ ਨਾ ਖ਼ਰਚ ਹੋਵੇ ) ਪੜ੍ਹਿਆ ਅਤੇ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਆਪ ਜੀ ਨੇ
ਚੜ੍ਹਾਵੇ ਦੀ ਰਕਮ ਦੀ ਸੂਚੀ ਬਹੁਤ ਹੀ ਵਿਸਤਾਰ ਪੂਰਬ ਲਿਖੀ ਹੈ,
ਮੁਆਫ ਕਰਨਾ ਜੇ ਕਿਤੇ ਸਾਡੇ ਗੁਰਦੁਆਰਿਆਂ ਦੇ ਚੜ੍ਹਾਵੇ ਦੀ ਰਕਮ ਵੀ
ਵਿਸਤਾਰ ਪੂਰਬ ਲਿਖ ਦਿੰਦੇ ਤਾਂ ਬਹੁਤ ਹੀ ਚੰਗਾ ਹੋਣਾ ਸੀ ਕਿਓਂ ਕਿ ਚੜ੍ਹਵਾ ਤਾਂ ਸਾਡੇ
ਗੁਰਦੁਆਰਿਆਂ ਵਿੱਚ ਵੀ ਕਿਸੇ ਮੰਦਰ ਜਾਂ ਮਸਜਿਦ ਨਾਲੋਂ ਘੱਟ ਨਹੀਂ ਚੜ੍ਹਦਾ ਹੋਣਾ।
ਚਲੋ ਖ਼ੈਰ,
ਇਹ ਚੜ੍ਹਾਵੇ ਦਾ ਸਾਰਾ ਪੈਸਾ ਜਾਂਦਾ ਕਿੱਥੇ ਹੋਵੇਗਾ ਇਸ ਗੱਲ ਵਾਰੇ
ਵੀ ਕਦੇ ਖ਼ੋਜ਼ ਕਰਕੇ ਜੇ ਥੋੜਾ-ਬਹੁਤਾ ਲਿਖਿਆ ਜਾਵੇ ਤਾਂ ਸ਼ਾਇਦ ਸ਼ਰਧਾਵਾਨ ਲੋਕੀਂ
ਕੁਝ ਸੋਚਣ ਲਈ ਮਜ਼ਬੂਰ ਹੋ ਹੀ ਜਾਣ, ਸਾਵਧਾਨ ਹੋ ਹੀ ਜਾਣ,
ਸ਼ਾਇਦ ਸਮਝ ਹੀ ਜਾਣ ਕਿ ਇਹ ਚੜ੍ਹਾਵੇ ਦਾ ਪੈਸਾ ਹੀ ਹੈ ਜੋ
ਮਨੁੱਖਤਾ ਦੇ ਮਨਾ ਵਿੱਚ ਜਹਿਰ ਭਰ ਰਿਹਾ ਹੈ, ਜੋ ਮਨੁੱਖਤਾ
ਨੂੰ ਰੋਸ਼ਨੀ ਦੀ ਵਜਾਏ ਧਰਮਾ ਦੇ ਹਨੇਰੇ ਵਿੱਚ ਧਕੇਲ ਰਿਹਾ ਹੈ,
ਊਚ ਨੀਚ ਦੇ ਖਿ਼ਤਾਬ ਦੇ ਰਿਹਾ, ਇਹ
ਚੜ੍ਹਾਵੇ ਦਾ ਪੈਸਾ ਹੀ ਤਾਂ ਹੈ ਜੋ ਹਰ ਧਾਰਮਿਕ ਅਸਥਾਨ ਅੰਦਰ ਬਰੂਦ ਇਕੱਠਾ ਕਰ ਰਿਹਾ
ਹੈ ਜਿਸ ਬਰੂਦ ਦੇ ਬਲਬੂਤੇ ਤੇ ਇਹਨਾ ਧਾਰਮਿਕ ਅਸਥਾਨਾ ਤੇ ਕਮੇਟੀਆਂ ਵਿੱਚ ਮੈਂਬਰਾਂ ਦੇ
ਅਹੁਦੇ ਲਏ ਜਾਂਦੇ ਹਨ।
ਇਹਨਾ ਗੁਰਦੁਆਰਿਆਂ,
ਮੰਦਰਾਂ, ਮਸਜ਼ਦਾਂ,
ਚਰਚਾਂ ਦੇ ਮੱਲਾਂ ਦੀਆਂ ਝੋਲ੍ਹੀਆਂ ਭਰਨਾ ਤਾਂ ਆਪਣੇ ਹੱਥੀਂ ਸੱਪਾਂ
ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ, ਕਿਓਂਕਿ ਇਹਨਾ ਨੇ
ਜਦੋਂ ਵੀ ਡੰਗ ਮਾਰਨਾ ਹੈ ਦੁੱਧ ਪਿਲਾਣ ਵਾਲਿਆਂ ਨੂੰ ਹੀ ਮਾਰਨਾ ਹੈ।(ਹਰ
ਰੋਜ਼ ਇਹੀ ਹੋ ਰਿਹਾ ਹੈ )
ਪਤਾ ਨਹੀਂ ਇਹਨਾ
ਸ਼ਰਧਾਵਾਨਾਂ ਨੂੰ ਕਦੋਂ ਇਹ ਸਮਝ ਆਉਣੀ ਹੈ ਕਿ ਇਸ ਸਮਾਜ ਨੂੰ ਇਹਨਾ ਖ਼ੋਖਲੇ ਧਰਮਾਂ ਦੀ
ਅਸਲੀਅਤ ਤੋਂ ਜਾਣੂ ਕਰਵਾਉਣਾ ਹੀ (ਜਾਂ ਹੋਣਾ ਹੀ) ਮਨੁੱਖਤਾ ਦਾ ਅਸਲੀ ਮੰਤਵ ਹੈ,
ਮਨੁੱਖਤਾ ਦਾ ਅਸਲੀ ਧਰਮ ਹੈ, ਮਨੁੱਖਤਾ
ਦਾ ਅਸਲੀ ਕਰਮ ਹੈ।
ਤੁਹਾਡਾ:
ਜੋਗੀ ਬਿਲਗੇ ਵਾਲਾ
(ਕਨੇਡਾ)-19 ਮਾਰਚ 2008
****
ਰਾਏ ਸਾਹਿਬ ਜੀ ਸਤਿ ਸ੍ਰੀ
ਅਕਾਲ,
ਮੈਂ ਇਕ ਕੌੜਾ ਜਿਹਾ ਕਵਿਤਾ
ਦਾ ਨਮੂਨਾ ਭੇਜ ਰਿਹਾ ਹਾਂ,
ਜੇ ਤੁਹਾਡੇ ਮੁਤਾਬਕ ਓਹ ਲੋਕੀ ਇਸ ਨੂੰ ਹਜ਼ਮ ਕਰ ਸਕਣਗੇ ਤਾਂ ਸਾਈਟ
ਤੇ ਲਗਾ ਦੇਣਾ ਨਹੀਂ ਤਾਂ ਮੈਨੂੰ ਇਕ ਹੋਰ ਕਮਲ੍ਹਾ ਸਮਝ ਕੇ ਮੁਆਫ਼ ਕਰ ਦੇਣਾ।
ਈਦਾਂ ਨੂੰ ਮਨਾਉਣ
ਵਾਲੇ ਬਣ ਗਏ ਕਸਾਈ ਵੇ
ਕਰੀ ਜਾਂਵਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ
।
ਕਰਦੇ ਨੇ
ਹਲਾਲ ਜਿਹੜੇ ਕਹਿੰਦੇ ਹੁੰਦਾ ਪਾਪ ਨਹੀਂ
ਝਟਕੇ ਵਾਲੇ ਕਹਿਣ ਪੈਂਦਾ ਝਟਕੇ ਦਾ ਸਰਾਫ਼ ਨਹੀਂ।
ਕਿਵੇਂ ਹੁਸਿ਼ਆਰੀ ਨਾਲ ਦਿੰਦੇ ਨੇ ਸਫਾਈ ਵੇ
ਕਰੀ ਜਾਂਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ।
ਰੱਖਦੇ ਨੇ ਰੋਜ਼ੇ
ਗਿਣ-ਗਿਣ ਖ਼ੁਦਾ ਨੂੰ ਮਨਾਣ ਲਈ
ਮੰਨਦੇ ਮਨੌਤਾਂ ਮੜ੍ਹੀਆਂ ਤੇ ਬਲੀਆਂ ਚੜਾਣ ਲਈ
ਜਿੰਦੇ ਜ਼ੀਵਾਂ ਦੇ ਗਲ੍ਹੇ ਕੱਟ ਦੇਗ਼ ਬਣਾਈ ਵੇ
ਕਰੀ ਜਾਂਵਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ।
ਪੜ੍ਹਦੇ ਨਿੱਤ
ਪੋਥੀਆਂ ਤੇ ਜਾ ਤੀਰਥੀਂ ਨਹਾਉਂਦੇ ਨੇ
ਮੂਹੋਂ ਰਾਮ-ਰਾਮ ਕਹਿ ਕੇ ਛੁਰੀਆਂ ਚਲਾਉਂਦੇ ਨੇ
ਮੈਂ ਬੇਨਤੀ ਗੁਜਾਰਾਂ ਰੱਬਾ ਰਹੀਂ ਤੂੰ ਸਹਾਈ ਵੇ
ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ।
ਤੇਰਾ ਨਾਂ ਲੈ
ਮੰਦਰ-ਮਸੀਤੀਂ ਪੰਡਤ,
ਮੁੱਲਾਂ ਜਾ ਬੈਠੇ
ਗੁਰੁ ਦੁਆਰੇ ਬਾਣੀ ਤੇਰੀ ਦਾ ਵੀ ਮੁੱਲ ਲਗਾ ਬੈਠੇ
ਬੇਚ ਕੇ ਨਾਂ ਤੇਰੇ ਤਾਈਂ ਲੱਗੇ ਖਾਣ ਕਮਾਈ ਵੇ
ਕਰਨ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ।
ਰੱਬਾ ਹੋਊ ਛੁਟਕਾਰਾ
ਕਿੱਥੇ ਜਾ ਇਸ ਜਹਾਨ ਦਾ
ਕਦੋਂ ਅੰਤ ਹੋਣਾ ਜੋਗੀ ਮਰ ਜਾਣੇ ਸ਼ੈਤਾਨ ਦਾ
ਭੇਤ ਨਾ ਲੱਗੇ ਤੇਰੀ ਕੇਹੋ ਜਹੀ ਖ਼ੁਦਾਈ ਵੇ
ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ।
ਜੋਗੀ ਬਿਲਗੇ ਵਾਲਾ
(ਕਨੇਡਾ) --19 ਮਾਰਚ 2008
|
|
|
ਪਹਿਲਾਂ ਸ਼ਿੰਦਰ ਮਾਹਲ, ਫਿਰ ਅਮਨਪਾਲ
ਸਾਰਾ ਤੇ ਅੱਜ ਮੇਜਰ ਮਾਂਗਟ ਨੇ ਆਪਣੇ ਲੇਖਾਂ ਵਿਚ ਪੰਜਾਬੀ ਕੌਮ ਨੂੰ ਝੰਜੋੜਨ ਦੀ ਹਿੰਮਤ
ਕੀਤੀ ਹੈ।
---ਪਿਆਰਾ ਸਿੰਘ ਕੁੱਦੋਵਾਲ |
'ਲਿਖਾਰੀ' ਵਿੱਚ ਛਪੇ ਤਿੰਨ ਲੇਖਾਂ
ਬਾਰੇ
ਪਹਿਲਾਂ
ਸ਼ਿੰਦਰ ਮਾਹਲ, ਫਿਰ ਅਮਨਪਾਲ ਸਾਰਾ ਤੇ ਅੱਜ ਮੇਜਰ ਮਾਂਗਟ ਨੇ ਆਪਣੇ ਲੇਖਾਂ ਵਿਚ ਪੰਜਾਬੀ
ਕੌਮ ਨੂੰ ਝੰਜੋੜਨ ਦੀ ਹਿੰਮਤ ਕੀਤੀ ਹੈ।
ਬੜੀ ਦੇਰ ਬਾਅਦ 'ਲਿਖਾਰੀ' ਵਿਚ ਕੁੱਝ ਸਾਰਥਕ ਪੜਨ ਲਈ
ਮਿਲਿਆ/ਜਿਸ ਭਾਵਨਾਤਮਕ ਸੋਚ, ਤੱਥਾਮਕ ਸੱਚ ਤੇ ਭਾਸ਼ਾ ਰਵਾਨਗੀ ਨਾਲ ਇਹ ਲੇਖ ਲਿਖੇ ਗਏ
ਹਨ, ਉਹਨਾਂ ਵਿਚੋਂ ਲੇਖਕਾਂ ਦੀ ਸੁਹਿਰਦਤਾ ਦੇ ਸੱਚ ਦਾ ਪ੍ਰਗਟਾਅ ਹੁੰਦਾ ਹੈ। ਇਸੇ ਲਈ
ਕਿਸੇ ਵੀ ਲੇਖ ਵਿਚ ਆਈ ਕੋਈ ਵੀ ਘਾਟ ਖੱਟਕਦੀ ਨਹੀਂ ।
ਮੈਂ 'ਲਿਖਾਰੀ' ਅਤੇ ਤਿੰਨਾਂ ਹੀ ਲੇਖਕਾਂ ਨੂੰ ਤਹਿ ਦਿਲ
ਤੋਂ ਵਧਾਈ ਦਿੰਦਾ ਹਾਂ ।
---ਪਿਆਰਾ ਸਿੰਘ ਕੁੱਦੋਵਾਲ (ਮਾਰਚ 06, 2008)
|
|
|
|
ਔਰਤਾਂ ਸਚਮੁੱਚ ਹੀ ਪਾਗ਼ਲ ਨਹੀਂ
ਹੁੰਦੀਆਂ--ਕਰਮ ਬਰਸਟ |
ਪਿਆਰੇ ਰਾਏ
ਸਾਹਿਬ,
ਤੁਹਾਡੇ ਵੱਲੋਂ ਤਰਜ਼ਮਾ ਕੀਤੀ, ਉਰਦੂ ਦੀ ਮਸ਼ਹੂਰ ਕਹਾਣੀਕਾਰਾ ਇਸਮਤ ਚੁਗਤਾਈ ਦੀ ਲਿਖਤ,
‘‘ਔਰਤਾਂ ਪਾਗ਼ਲ ਨਹੀਂ ਹੁੰਦੀਆਂ‘‘ ਪੜ੍ਹਕੇ ਰੂਹ ਝੰਜੋੜੀ ਗਈ।
ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ
ਸਚਮੁਚ ਹੀ ਨਰਕ ਭੋਗਣ ਲਈ ਮਜ਼ਬੂਰ ਕੀਤੀਆਂ ਜਾਂਦੀਆਂ ਹਨ। ਔਰਤ ਪੁਲਾੜ ਵਿਚ ਪਹੁੰਚ
ਚੁੱਕੀ ਹੈ, ਲੇਕਿਨ ਸਾਡੇ ਹੰਕਾਰਵਾਦੀ ਮਰਦ ਅਜੇ ਵੀ ਉਸਨੂੰ ਗਿੱਚੀ ਪਿੱਛੇ ਅਕਲ ਵਾਲੀ
ਅਤੇ ਪੈਰ ਦੀ ਜੁੱਤੀ ਹੀ ਸਮਝਦੇ ਹਨ।
ਬਾਬੇ ਨਾਨਕ
ਨੇ ਔਰਤ ਨੂੰ ‘‘ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ‘‘ ਦਾ ਉਚਾ ਮੁਰਾਤਬਾ ਬਖ਼ਸਿਆ
ਸੀ, ਪ੍ਰੰਤੂ ਬਾਬੇ ਨਾਨਕ ਦੇ ਅਖੌਤੀ ਸਿੱਖ ਵੀ ਬ੍ਰਾਹਮਣਵਾਦੀ ਕ੍ਰਮਕਾਡਾਂ ਦੀ ਦਲਦਲ
ਵਿਚੋਂ ਨਿਕਲਣ ਲਈ ਤਿਆਰ ਨਹੀਂ ਹਨ।
ਜਗ ਦੀ ਜਣਨੀ ਦਾ ਇਹ ਭਿਅੰਕਰ ਦੁਖਾਂਤ
ਹੀ ਕਿਹਾ ਜਾ ਸਕਦਾ ਹੈ, ਕਿ ਉਹ ਬਚਪਨ ਵਿਚ ਪਿਓ ਦੀ, ਜਵਾਨੀ ਵਿਚ ਖਸਮ ਦੀ ਅਤੇ ਬੁਢਾਪੇ
ਵਿਚ ਪੁੱਤ ਦੀ ਗੁਲਾਮੀ ਹੰਢਾਉਣ ਲਈ ਸਰਾਪੀ ਹੋਈ ਹੈ।
ਔਰਤ ਦੀ
ਮੁਕਤੀ ਲਈ ਸਮਾਜ ਵਿਚ ਤਿੱਖੀ ਤਬਦੀਲੀ ਦੀ ਲੋੜ ਹੈ ਅਤੇ ਇਹਦੇ ਲਈ ਖੁਦ ਔਰਤ ਨੂੰ ਹੀ,
ਸਮਾਜ ਵਿਚ ਬੁਨਿਆਦੀ ਤਬਦੀਲੀਆਂ ਲਈ ਸੰਘਰਸ਼ਸ਼ੀਲ ਸ਼ਕਤੀਆਂ ਨਾਲ ਜੋਟੀ ਪਾਕੇ ਤਰੱਦਦ ਕਰਨਾ
ਹੋਵੇਗਾ।
ਤੁਹਾਡਾ,
ਕਰਮ ਬਰਸਟ
(9 ਫਰਵਰੀ 2008)
|
|
|
ਇਸਮਤ ਚੁਗਤਾਈ ਦਾ ਲੇਖ ਇਕ
ਜਨੂੰਨ----ਮੁਹਿੰਦਰ ਸਿੰਘ ਘੱਗ |
ਗੁਰਦਿਆਲ ਸਿੰਘ ਰਾਏ ਹੋਰਾਂ ਵਲੋਂ
ਇਸਮਤ ਚੁਗਤਾਈ ਦੇ ਲੇਖ ‘ਔਰਤਾਂ
ਪਾਗਲ ਨਹੀਂ ਹੁੰਦੀਆਂ’
ਦਾ ਪੰਜਾਬੀ ਰੂਪਕਰਨ ਲਿਖਾਰੀ.ਕੌਮ ਤੇ ਪੜ੍ਹਿਆ ਅਤੇ ਨਾਲ
ਹੀ ਡਾਕਟਰ ਰਾਏ ਹੋਰਾਂ ਨੇ ਉਸ ਲੇਖ ਤੇ ਵਿਚਾਰ ਉਡੀਕਣ ਦਾ ਸੁਨੇਹਾ ਦੇ ਕੇ ਜੋ ਸੰਵਾਦ
ਰਚਾਉਣ ਦਾ ਯਤਨ ਕੀਤਾ ਹੈ, ਸਲਾਹੁਣ ਯੋਗ ਹੈ।
ਇਸਤਰੀ ਹੱਕਾਂ ਦੇ
ਅੰਦੋਲਨ ਦਾ ਇਤਿਹਾਸ:
ਇਸਮਤ ਚੁਗਤਾਈ ਦਾ ਇਹ ਲੇਖ ਇਸਤਰੀਆਂ ਦੇ ਬਰਾਬਰ ਹੱਕਾਂ ਲਈ ਚੱਲੇ
ਅੰਦੋਲਨ ਦਾ ਹਿੱਸਾ ਹੈ ਜੋ 1880
ਈਸਵੀ ਵਿਚ ਫਰਾਂਸ ਤੋਂ ਚੱਲਿਆ।
1890 ਵਿਚ ਇਸ ਦੀ ਗੂੰਜ ਬਰਤਾਨੀਆਂ ਵਿਚ ਸੁਣਾਈ ਦਿੱਤੀ।
1910 ਈਸਵੀ ਵਿਚ ਅੰਧ ਮਹਾਂਸਾਗਰ ਨੂੰ ਪਾਰ ਕਰ ਕੇ ਇਸ ਦੀ
ਚਰਚਾ ਅਮਰੀਕਾ ਦੀ ਧਰਤੀ ’ਤੇ ਵੀ ਸ਼ੁਰੂ ਹੋ ਗਈ।
ਇਸ ਅੰਦੋਲਨ ਨੂੰ ਕੋਈ ਨਾਂ ਦੇਣ ਤੋਂ ਪਹਿਲਾਂ ਫਰਾਂਸ ਅਤੇ
ਬਰਤਾਨੀਆਂ ਵਿਚ ਕੁਝ ਮਰਦ ਅਤੇ ਇਸਤਰੀਆਂ, ਇਸਤਰੀ ਜਾਤੀ ਨਾਲ ਹੋ ਰਹੇ ਧੱਕੇ ਬਾਰੇ ਕਲਮ
ਅਤੇ ਲੈਕਚਰਾਂ ਦਵਾਰਾ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇ।
ਇਸਤਰੀਆਂ ਦੇ ਹੱਕਾਂ ਦੀ ਲੜਾਈ ਦੇ ਇਸ ਅੰਦੋਲਨ ਨੂੰ ਖਾਂਦੇ
ਪੀਂਦੇ ਪਰਿਵਾਰਾਂ ਦੀਆਂ ਇਸਤਰੀਆਂ ਵਲੋਂ ਕੋਈ ਖਾਸ ਹੁੰਘਾਰਾ ਨਹੀਂ ਸੀ ਮਿਲਿਆ।
ਮਲਕਾ ਵਿਕਟੋਰੀਆ ਤਾਂ ਇਸ ਅੰਦੋਲਨ ਨੂੰ
"Mad,
Wicked folly of women’s rights"
ਪਾਗਲਪਨ, ਸ਼ਰਾਰਤਨ,
ਅਹਿਮਕਾਨਾ ਇਸਤਰੀਆਂ ਦੇ ਹੱਕ ਆਖਦੀ ਸੀ। ਇਹ
ਇਸਮਤ ਚੁਗਤਾਈ ਦੇ ਵਸ ਦੀ ਗਲ ਨਹੀਂ
ਸਾਰੇ ਸੰਸਾਰ ਵਿਚ ਹੀ ਰੱਜੇ ਪੁੱਜੇ ਲੋਕ ਸੋਨੇ ਦੀ ਹੱਥ ਕੜੀ ਨੂੰ
ਗਹਿਣਾ ਹੀ ਸਮਝਦੇ ਹਨ।
ਅੰਦੋਲਨ ਦਾ ਪਹਿਲਾ ਭਾਗ
ਅਤੇ ਪ੍ਰਾਪਤੀ
ਇਸ ਅੰਦੋਲਨ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
ਪਹਿਲੇ ਭਾਗ ਵਿਚ ਬਰਤਾਨਵੀ ਇਸਤਰੀਆਂ ਨੇ ਬਰਾਬਰਤਾ ਅਤੇ
ਵੋਟ ਦਾ ਹੱਕ ਪਰਾਪਤ ਕਰਨ ਦਾ ਯਤਨ ਕੀਤਾ। ਫਲਸਰੂਪ
1918 ਈਸਵੀ ਤੋਂ ਸ਼ੁਰੂ ਹੋ ਕੇ
1928 ਈਸਵੀ ਤਕ ਬਰਤਾਨੀਆਂ ਵਿਚ
ਇਸਤਰੀ ਨੇ ਵੋਟ ਦਾ ਹੱਕ ‘ਕਮਾ ਲਿਆ’ ਸੀ ।
‘ਕਮਾ ਲਿਆ’ ਸ਼ਬਦਾਂ ਤੋਂ ਹੈਰਾਨ ਨਾ ਹੋਣਾ।
ਬਰਤਾਨੀਆਂ ਦੀਆਂ ਇਸਤਰੀਆਂ ਨੂੰ ਹਾਕਮ ਜਮਾਤ ਨੇ ਵੋਟ ਦਾ
ਹੱਕ ਦਾਨ ਵਜੋਂ ਜਾਂ ਇਸਤਰੀਆਂ ਤੇ ਤਰਸ ਖਾ ਕੇ ਨਹੀਂ ਸੀ ਦਿੱਤਾ। ਇਹ ਤਾਂ ਇਸਤਰੀਆਂ ਨੇ
ਪਹਿਲੀ ਵੱਡੀ ਸੰਸਾਰ ਜੰਗ ਵਿਚ ਦੇਸ਼ ਨੂੰ ਦਰਪੇਸ਼ ਔਕੜਾਂ ਨਾਲ ਸਿੱਝਣ ਲਈ ਮਰਦਾਂ ਨਾਲ
ਮੋਢੇ ਨਾਲ ਮੋਢਾ ਲਾ ਕੇ ਮਰਦ ਹਾਕਮ ਜਮਾਤ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਦੱਬੀ
ਕੁਚਲੀ ਇਸਤਰੀ ਨਾਲੋਂ ਬਰਾਬਰ ਖੜ੍ਹੀ ਇਸਤਰੀ ਦੇਸ਼ ਦੀ ਖੁਸ਼ਹਾਲੀ ਲਈ ਬਹੁਤ ਲਾਹੇਵੰਦ ਹੋ
ਸਕਦੀ ਹੈ। ਮਿਹਨਤ ਨਾਲ ਕਮਾਏ
ਹੱਕ ਨਾਲ ਇਸਤਰੀ ਜ਼ਾਤੀ ਦਾ ਸਿਰ ਉੱਚਾ ਹੋ ਗਿਆ।
ਅਮਰੀਕਾ ਵਿਚ ਇਲਿਜ਼ਬਥ ਕੈਡੀ,
ਸਟੇਨਟਨ ਸੂਜ਼ਨ ਬੀ ਐਨਥਨੀ ਦੀ ਅਗਵਾਈ ਵਿਚ ਸਲੇਵਰੀ ਦੇ
ਖਿਲਾਫ ਆਵਾਜ਼ ਉਠਾਈ ਗਈ। ਸਿੱਟੇ ਵਜੋਂ ਅਮਰੀਕਣ ਵਿਧਾਨ ਵਿਚ ਵੀ
1920 ਈਸਵੀ ਵਿਚ ਉੰਨੀਵੀਂ ਸੋਧ
ਕੀਤੀ ਗਈ, ਜਿਸ ਨਾਲ ਅਮਰੀਕਾ ਦੀਆਂ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ।
ਅੰਦੋਲਨ ਦਾ ਦੂਸਰਾ ਭਾਗ
ਅੰਦੋਲਨ ਦਾ ਦੂਸਰਾ ਭਾਗ 1960
ਈਸਵੀ ਤੋਂ ਲੈ ਕੇ 1980
ਈਸਵੀ ਤਕ ਦਾ ਹੈ।
ਇਸ ਵਿਚ ਇਸਤਰੀਆਂ ਦੀਆਂ ਮੰਗਾਂ ਵਿਚ ਸਮਾਜਕ ਅਤੇ ਸੱਭਿਆਚਾਰਕ
ਬਰਾਬਰਤਾ ਦੀ ਵੀ ਗੱਲ ਚੱਲੀ।
ਇਸ ਭਾਗ ਵਿਚ ਜੋਸ਼ ਹੋਸ਼ ਤੇ ਭਾਰੂ ਲਗਦਾ ਹੈ। ਕੁਝ ਤੇਜ਼ ਤਰਾਰ ਇਸਤਰੀਆਂ ਤਾਹਨੇ
ਮੇਹਣਿਆਂ ਤੇ ਉੱਤਰ ਆਈਆਂ।
ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਕੁਝ ਲੇਖਕਾਂ ਵਲੋਂ ਬਰਾ (ਅੰਘੀਆਂ) ਜਲਾਉਣ ਦਾ ਵੀ
ਜ਼ਿਕਰ ਆਉਂਦਾ ਹੈ। ਕੁਝ
ਇਸਤਰੀਆਂ ਨੇ ਇਸ ਹੱਲੇ ਗੁੱਲੇ ਦੇ ਖਿਲਾਫ ਆਵਾਜ਼ ਵੀ ਉਠਾਈ ਪਰ ਘੱਟ ਗਿਣਤੀ ਵਿਚ ਹੋਣ
ਕਾਰਨ ਉਹਨਾਂ ਦੀ ਆਵਾਜ਼ ਦੱਬ ਕੇ ਰਹਿ ਗਈ ਅਤੇ ਇਸ ਭਾਗ ਦੀ ਪਰਾਪਤੀ ਸਿਫਰ ਹੈ।
ਤੀਸਰਾ ਭਾਗ ਹੁਣ ਚੱਲ ਰਿਹਾ ਹੈ। ਹਾਲੇ ਵੀ ਹਰ ਖੇਤਰ ਵਿਚ
ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਹੁਣ ਗੱਲ ਕਰਦੇ ਹਾਂ ਇਸਮਤ
ਚੁਗਤਾਈ ਦੇ ਲੇਖ ਦੀ
ਇਸਮਤ ਚੁਗਤਾਈ ਦੇ ਲੇਖ ਵਿਚੋਂ
1960 ਈਸਵੀ ਤੋਂ ਲੈ ਕੇ
1980 ਈਸਵੀ ਤਕ ਚੱਲੇ ਅੰਦੋਲਨ ਦਾ ਪਰਛਾਵਾਂ ਸਾਫ ਦਿਸ
ਰਿਹਾ ਹੈ। ਤਾਹਨੇ ਮੇਹਣਿਆਂ
ਦੀ ਝਲਕ ਸਾਫ ਦਿਖਾਈ ਦੇ ਰਹੀ ਹੈ।
ਹੋਸ਼ ਤੇ ਜੋਸ਼ ਭਾਰੂ ਲਗਦਾ ਹੈ।
ਵੰਨਗੀ ਵਜੋਂ ਦੇਖੋ।
ਧੋਖੇਬਾਜ਼ ਮਰਦ ਨਾਲੋਂ ਧੋਖੇਬਾਜ਼ ਇਸਤਰੀ ਜ਼ਿਆਦਾ ਖਤਰਨਾਕ ਹੁੰਦੀ ਹੈ,
ਦੇ ਪ੍ਰਤੀਕਰਮ ਵਜੋਂ ਉਸ ਵਲੋਂ ਦਿੱਤਾ ਜਵਾਬ: ‘ਜਿਵੇਂ
ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ।’ ਬਗੈਰ
ਸੋਚੇ ਲਿਖਿਆ ਲਗਦਾ ਹੈ। ਛਾਬੇ
ਵਿਚ ਸੇਬ ਅਤੇ ਸੰਗਤਰੇ ਰੱਖ ਕੇ ‘ਸੇਬ ਲੈ ਲਓ, ਸੇਬ ਲੈ ਲਓ’ ਦਾ ਹੋਕਾ ਦੇਣ ਵਾਲੇ ਦੇ
ਕੋਲ ਦੀ ਲੋਕ ਉਸ ਦੇ ਕਮਲ਼ ਤੇ ਹੱਸ ਕੇ ਲੰਘ ਜਾਂਦੇ ਹਨ।
ਜਿਸ ਤਰ੍ਹਾਂ ਸੇਬ ਅਤੇ ਸੰਗਤਰੇ ਨੂੰ ਇੱਕੋ ਨਹੀਂ ਕਿਹਾ ਜਾ
ਸਕਦਾ। ਇਸੇ ਤਰ੍ਹਾਂ ਖਿਆਲਾਂ
ਦੀ ਅਤੇ ਜਿਸਮਾਨੀ ਰੰਗ ਦੀ ਤੁਲਣਾ ਨਹੀਂ ਕੀਤੀ ਜਾ ਸਕਦੀ।
ਖਿਆਲ ਸਮੇਂ ਨਾਲ ਬਦਲ ਸਕਦੇ ਹਨ। ਰੰਗ ਬਾਰੇ ਕਹਾਵਤ ਹੈ ਕਿ
ਕਾਲੇ ਮੂਲ ਨਾ ਹੁੰਦੇ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ।
ਅਜਕਲ ਦਾ ਤਾਂ ਮੈਨੂੰ ਪਤਾ ਨਹੀਂ ਕਿ ਕਿਸੇ ਦੇ ਸਦੀਵੀ ਵਿਛੋੜੇ
ਸਮੇਂ ਮਕਾਣਾਂ ਜਾਂਦੀਆਂ ਹਨ ਕਿ ਨਹੀਂ; 1980
ਤਕ ਹਾਲੇ ਮਕਾਣਾਂ ਦਾ ਰਿਵਾਜ ਸੀ।
ਕੋਈ ਦਸ ਮਰਦ ਅਤੇ ਇੰਨੀਆਂ ਕੁ ਹੀ ਇਸਤਰੀਆਂ ਦਾ ਇਕੱਠ
ਮਕਾਣ ਲੈ ਕੇ ਜਾਇਆ ਕਰਦਾ ਸੀ।
ਮਰਦ ਤਾਂ ਸੱਥ ਵਿਚ ਬੈਠ ਜਾਂਦੇ ਸਨ, ਇਸਤਰੀਆਂ ਉੱਚੀ ਉੱਚੀ
ਰੋਂਦੀਆਂ ਹੋਈਆਂ ਮ੍ਰਿਤਕ ਦੇ ਘਰ ਪੁੱਜਦੀਆਂ ਸਨ।
ਖਾਖਾਂ ਨੂੰ ਪਿੱਟਣ, ਛਾਤੀ ਪਿੱਟਣ ਅਤੇ ਦੁਹੱਥੜੀ ਪਿੱਟਣ ਉਪਰੰਤ
ਕੀਰਨਿਆਂ ਦੀ ਵਾਰੀ ਆਉਂਦੀ ਸੀ। ਉਸ ਸਮੇਂ ਇਕ ਇਸਤਰੀ ਕੀਰਨੇ ਦੁਆਰਾ ਆਪਣਾ ਦੁੱਖ
ਦੱਸਦੀ ਤਾਹਨਾ ਮਾਰਦੀ, ਬਾਕੀ ਸਾਰੀਆਂ ਇਸਤਰੀਆਂ ਸਿਰਫ ਸੁਣਦੀਆਂ। ਜਦ ਉਸਦਾ ਕੀਰਨਾ
ਮੁੱਕ ਜਾਂਦਾ ਤਾਂ ਦੂਸਰੇ ਪਾਸੇ ਦੀ ਇਸਤਰੀ ਉਸ ਦਾ ਜਵਾਬ ਦਿੰਦੀ।
ਉਹ ਕੀਰਨਿਆਂ ਦੁਆਰਾ ਮੇਹਣੋ ਮੇਹਣੀ ਹੋ ਜਾਂਦੀਆਂ ਸਨ।
ਇਸਮਤ ਚੁਗਤਾਈ ਦਾ ਲੇਖ ਵੀ ਉਹਨਾਂ ਕੀਰਨਿਆਂ ਵਾਂਗ ਹੈ।
ਲਿਖਣ ਦੀ ਬਜਾਏ ਜੇ ਕਿਤੇ ਮਕਾਣ ਵਿਚ ਇਹੋ ਜਿਹੇ ਮੇਹਣੇ
ਮਾਰਦੀ ਤਾਂ ਸੂਝਵਾਨ ਇਸਤਰੀਆਂ ਨੇ ਹੀ ਇਸ ਦਾ ਜਵਾਬ ਦੇ ਦੇਣਾ ਸੀ।
ਇਸਮਤ ਚੁਗਤਾਈ ਨੂੰ ਤਾਂ ਉਰਦੂ ਸਾਹਿਤ ਵਿਚ ਚੌਥਾ ਥੰਮ੍ਹ
ਗਿਣਿਆਂ ਜਾਂਦਾ ਸੀ। ਕਿਸੇ
ਵੱਡੇ ਲੇਖਕ ਦੀ ਸਿਫਤ ਵਿਚ ਤਾਂ ਕਲਮ ਆਪ ਮੁਹਾਰੇ ਤੁਰ ਪੈਂਦੀ ਹੈ।
ਟਿੱਪਣੀ ਕਰਨ ਲੱਗਿਆਂ ਵਿਚਾਰ ਅੱਗੇ ਆ ਖੜੋਂਦੇ ਹਨ: ਮਤ
ਮਾਰੀ ਗਈ ਹੈ? ਕਿਉਂ ਆਖ ਰਿਹਾਂ ਹੈਂ, ‘ਆ
ਬੈਲ ਮੁਝੇ ਮਾਰ।’
ਜੇ ਕਿਸੇ ਮਰਦ ਨੇ ਕਿਸੇ ਲੇਖ ਵਿਚ ਔਰਤ ਦਾ ਨਿਰਾਦਰ ਕੀਤਾ ਹੋਵੇ
ਤਾਂ ਇਸਮਤ ਚੁਗਤਾਈ ਵਲੋਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਸੋਭਦੀ ਹੈ।
ਪਰ ਜੇ ਕਿਸੇ ਮਰਦ ਨੇ ਉਸ ਨੂੰ ਪਿਆਰ ਦਾ ਮਜੱਸਮਾ ਜਾਂ
ਮਮਤਾ ਦੀ ਮੂਰਤ ਕਿਹਾ ਤਾਂ ਕੋਈ ਗਲਤ ਗੱਲ ਤਾਂ ਨਹੀਂ ਕਹੀ।
ਇਸ ਗੱਲ ਤੇ ਮਰਦ ਨੂੰ ਮਾਰਿਆ ਤਾਹਨਾ ਜਚਿਆ ਨਹੀਂ।
ਮਰਦ ਨੂੰ ਤਾਂ ਉੱਦਾਂ ਹੀ ਇਸਤਰੀਆਂ ਘਟੀਆ ਸਮਝਦੀਆਂ ਹਨ।
ਜਿਸ ਇਸਤਰੀ ਦੇ ਹੱਡ ਪੈਰ ਮੋਕਲੇ ਹੋਣ, ਸੁਭਾ ਵਿਚ ਕੋਮਲਤਾ
ਨਾ ਹੋਵੇ ਤਾਂ ਇਸਤਰੀਆਂ ਉਸ ਬਾਰੇ ਆਖਣਗੀਆਂ: ਹੈ ਕੀ ਮਨੁੱਖ ਜਿਹਾ।
ਮਨੁੱਖ ਵਿਚਾਰੇ ਪਾਸ ਕੋਈ ਥਾਂਹ ਨਹੀਂ, ਜਿੱਥੇ ਉਹ ਸ਼ਿਕਵਾ
ਕਰ ਸਕੇ।
ਔਰਤ ਹੀ ਤਾਂ ਡਰਾਕਲ ਨਹੀਂ ਹੁੰਦੀ; ਮਰਦ ਵੀ ਡਰਾਕਲ ਹੁੰਦੇ ਹਨ।
ਇਸਮਤ ਚੁਗਤਾਈ ਇਸਤਰੀ ਨੂੰ ਡਰਾਕਲ ਬਣਾਉਣ ਵਿਚ ਮਰਦ ਦਾ
ਹੱਥ ਆਖਦੀ ਹੈ। ਮਰਦ ਨੂੰ ਡਰਾਕਲ ਬਣਾਉਣ ਵਿਚ ਕਿਸ ਦਾ ਹੱਥ ਹੋਇਆ? ਅਸਲ ਵਿਚ ਬੱਚੇ ਨੂੰ
ਬਚਪਨ ਵਿਚ ਡਰ ਦਾ ਅਭਿਆਸ ਤਾਂ ਮਾਂ ਹੀ ਕਰਾਉਂਦੀ ਹੈ।
“ਔਹ ਦੇਖ, ਮਾਣੋ ਬਿੱਲੀ ਆ ਗਈ।” ਇਸਮਤ ਚੁਗਤਾਈ ਦੀ
ਹੁਸ਼ਿਆਰੀ ਦੇਖੋ, ਔਰਤ ਦੀ ਗਲਤੀ ਵੀ ਮਰਦ ਸਿਰ ਮੜ੍ਹ ਦਿੱਤੀ।
ਇਸ ਤੋਂ ਅੱਗੇ ਇਸਮਤ ਚੁਗਤਾਈ ਕਹਿੰਦੀ ਹੈ ਕਿ ਮਾਂ ਦੀ ਮਮਤਾ ਦਾ
ਸਾਰੀ ਦੁਨੀਆਂ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਕਿਉਂ ਨਹੀਂ ਰੋਂਦਾ।
ਔਰਤ ਮਾਂ ਲਈ ਤਾਂ ਮਮਤਾ ਦਾ ਸ਼ਬਦ ਵਰਤਦੀ ਹੈ ਅਤੇ ਪੇ ਲਈ
ਆਖਦੀ ਹੈ ਕਿ ਪੇ ਪਤੀਨਾ ਜਾਂ ਪਤੀਸਰਾ ਹੁੰਦਾ ਹੈ, ਭਾਵ ਨਿਰਦਈ ਹੁੰਦਾ ਹੈ।
ਇਸ ਤਰ੍ਹਾਂ ਉਹ ਬੱਚਿਆਂ ਨਾਲ ਰਲ ਕੇ ਪੇ ਦੇ ਖਿਲਾਫ ਧੜਾ
ਬਣਾ ਲੈਂਦੀ ਹੈ।
ਇਸਮਤ ਚੁਗਤਾਈ ਨੇ ਇਹ ਸਵਾਲ ਕਰਦਿਆਂ, ‘ਔਰਤ ਦੀ ਇਜ਼ਤ ਲੁੱਟ ਸਕਦੀ
ਹੈ। ਮਰਦ ਦੀ ਨਹੀਂ ਲੁੱਟਦੀ
… ਸ਼ਾਇਦ ਮਰਦ ਦੀ ਇਜ਼ਤ
ਹੁੰਦੀ ਹੀ ਨਹੀਂ।’ ਸਿਰਫ ਇਕ ਪੱਖ ਦੀ ਗੱਲ ਕੀਤੀ ਹੈ।
ਮਰਦ ਦੀ ਇਜ਼ਤ ਹੁੰਦੀ ਹੈ ਅਤੇ ਲੁੱਟਦੀ ਵੀ ਔਰਤ ਹੀ ਹੈ। ਜੇ
ਕਦੇ ਔਰਤ ਦਾ ਕਿਸੇ ਨੂੰ ਬਦਨਾਮ ਕਰਨ ਦਾ ਮਨ ਹੋਵੇ ਤਾਂ ਬਾਜ਼ਾਰ ਵਿਚ ਕੋਲ ਦੀ ਲੰਘਦਿਆਂ
ਜੇ ਉੱਚੀ ਆਵਾਜ਼ ਵਿਚ ਇਕ ਇਲਜ਼ਾਮ ਲਾ ਦੇਵੇ ਤਾਂ ਉਸ ਵਿਚਾਰੇ ਦੀ ਛਿੱਤਰ ਪਰੇਡ ਹੋ ਜਾਂਦੀ
ਹੈ। ਉਸ ਦੀ ਇਜ਼ਤ ਲੁੱਟੀ
ਜਾਂਦੀ ਹੈ। ਉਹ ਸ਼ਰਮ ਦਾ ਮਾਰਾ ਅੰਦਰ ਵੜ ਜਾਂਦਾ ਹੈ।
ਕਿਸੇ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਵੀ ਔਰਤ ਇਹ ਹਥਿਆਰ
ਵਰਤ ਲੈਂਦੀ ਹੈ ਕਿ ਜਾਂ ਤਾਂ ਬੇਟਾ ਮੇਰੀ ਮਨ ਲੈ, ਨਹੀਂ ਤਾਂ ਕੱਪੜੇ ਪਾੜ ਕੇ ਸ਼ੋਰ ਮਚਾ
ਦਿਆਂਗੀ। ਵਿਚਾਰਾ ਮਰਦ ਗੋਡੇ
ਟੇਕ ਦਿੰਦਾ ਹੈ। ਆਪਣੇ ਆਲੇ
ਦੁਆਲੇ ਧਿਆਨ ਦਿਓ। ਤੁਹਾਨੂੰ ਇਹੋ ਜਿਹੇ ਕਈ ਕਿੱਸੇ ਮਿਲ ਜਾਣਗੇ।
ਬਰਾਬਰਤਾ ਦਾ ਹੱਕ ਮੰਗਦੀ ਔਰਤ ਵਿਚ ਇੰਨਾ ਉਲਾਰਪਨ ਆ ਗਿਆ ਕਿ ਉਸ
ਨੂੰ ਇੱਜ਼ਤ ਸ਼ਰਮ ਦੇ ਮਾਇਨੇ ਹੀ ਭੁੱਲ ਗਏ ਹਨ। ਹੱਥ ਠੋਕਾ ਬਣ ਕੇ ਇਹ ਬੜੀਆਂ ਬੜੀਆਂ
ਹਸਤੀਆਂ ਦੀ ਮਿੱਟੀ ਪਲੀਤ ਕਰ ਦਿੰਦੀ ਹੈ।
1993 ਵਿਚ ਹੀ ਨਹੀਂ, ਮਿਥਿਹਾਸਕ
ਗਾਥਾਵਾਂ ਵਿਚ ਵੀ ਕਰਿਸਟੀਨ ਕੇਲਰ ਦਾ ਰੋਲ ਔਰਤਾਂ ਨਿਭਾਉਂਦੀਆਂ ਆਈਆਂ ਹਨ।
ਬਲਿਊ ਮੂਵੀਆਂ ਵਿਚ, ਸਟਰਿੱਪ ਬਾਰਾਂ ਵਿਚ, ਨਗਨਤਾ ਦੀ
ਨੁਮਾਇਸ਼ ਔਰਤਾਂ ਮਰਦ ਦੀ ਜੇਬ ਕੱਟਣ ਲਈ ਕਰਦੀਆਂ ਹਨ
ਅੰਦੋਲਨ ਦੇ ਦੂਸਰੇ ਭਾਗ ਵਿਚ ਇਹ ਵੀ ਪਰਚਾਰ ਕੀਤਾ ਗਿਆ ਹੈ ਕਿ ਔਰਤ
ਹੀ ਕਿਉਂ ਦੁੱਧ ਚੁੰਘਾਵੇ? ਨਤੀਜਾ ਸਭ ਦੇ ਸਾਹਮਣੇ ਹੈ। ਦੁੱਧ ਦੀ ਥਾਂ ਫਾਰਮੂਲਿਆਂ ਨੇ
ਮੱਲ ਲਈ ਹੈ ਅਤੇ ਬੱਚਿਆਂ ਨੂੰ ਮਾਂ ਦਾ ਪੂਰਾ ਪਿਆਰ ਨਾ ਮਿਲਣ ਕਾਰਨ ਉਹ ਨਿਰਮੋਹੇ
ਹੁੰਦੇ ਜਾ ਰਹੇ ਹਨ।
ਔਰਤ ਨਾਲੋਂ ਘੱਟ ਪੜ੍ਹਿਆ ਮਰਦ ਔਰਤ ਨਾਲ ਜੈਲਸੀ ਕਰਦਾ ਹੈ।
… ਜ਼ਰਾ ਇਰਦ ਗਿਰਦ ਧਿਆਨ
ਤਾਂ ਮਾਰੋ। ਸ਼ਾਹੀ ਅਨਪੜ੍ਹਾਂ ਦੀਆਂ ਬੀਵੀਆਂ ਐੱਮ ਏ, ਬੀ ਏ ਤੋਂ ਘੱਟ ਨਹੀਂ ਹਨ।
ਜੇ ਉਹ ਜੈਲਸੀ ਕਰਦੇ ਹੋਣ ਤਾਂ ਉਹ ਅਨਪੜ੍ਹ ਵਿਆਹ ਕੇ
ਲਿਆਉਣ।
ਇਸਮਤ ਚੁਗਤਾਈ ਆਖਦੀ ਹੈ, ‘ਸਦੀਆਂ
ਤੋਂ ਔਰਤ ਦੇ ਸਿਰ, … ਆਖਰ
ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲਗਦਾ ਹੈ।’
ਔਰਤ ਦੀ ਬਰਾਬਰੀ ਦੀ ਗੱਲ ਕੋਈ
1500 ਈਸਵੀ ਦੇ ਕਰੀਬ ਬਾਬੇ ਨਾਨਕ ਨੇ ਉਠਾਈ ਸੀ,
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ
ਰਾਜਾਨ॥” ਤੀਸਰੇ ਨਾਨਕ ਨੇ
ਆਪਣੀ ਗੁਰਿਆਈ ਸਮੇਂ ਔਰਤਾਂ ਨੂੰ ਪਰਚਾਰਕ ਥਾਪਿਆ। ਪਰਦੇ ਦੇ ਖਿਲਾਫ ਪਰਚਾਰ ਕੀਤਾ।
… ਸਤੀ ਦੀ ਰਸਮ ਨੂੰ ਰੋਕਣ
ਲਈ ਅਕਬਰੇ ਆਜ਼ਮ ਨੂੰ ਕਾਨੂੰਨ ਬਣਾਉਣ ਲਈ ਆਖਿਆ। …
ਵਿਧਵਾ ਔਰਤ ਲਈ ਦੂਸਰੇ ਵਿਆਹ ਦੀ ਮੁਹਿੰਮ ਚਲਾਈ।
… ਖਾਲਸਾ ਸਿਰਜਣਾ ਸਮੇਂ ਮਾਤਾ
ਸਾਹਿਬ ਦੇਵਾਂ ਨੇ ਵੀ ਇਕ ਅਹਿਮ ਰੋਲ ਨਿਭਾਇਆ। ਵੀਰਤਾ ਦੇ ਨਾਲ ਨਾਲ ਮਿਠਾਸ ਵੀ ਤਾਂ
ਜ਼ਰੂਰੀ ਸੀ। ਇਸਮਤ ਚੁਗਤਾਈ
ਨੂੰ ਇਹ ਸਭ ਕੁਝ ਕਿਉਂ ਨਹੀਂ ਨਜ਼ਰ ਆਇਆ, ਇਹ ਸਮਝ ਤੋਂ ਬਾਹਰ ਹੈ।
‘ਪਰ ਗੁਰਦੇਵ ਕਹਿੰਦੇ ਹਨ, ਐ ਔਰਤ!
ਤੂੰ ਅੱਧੀ ਔਰਤ ਹੈਂ ਅਤੇ ਅੱਧਾ ਸੁਪਨਾ!’
ਪਤਾ ਨਹੀਂ ਇਸਮਤ ਚੁਗਤਾਈ ਕਿਸ ਗੁਰਦੇਵ ਦੀ ਗੱਲ ਕਰਦੀ ਹੈ।
ਗੁਰੂ ਬਾਬਾ ਤਾਂ ਆਖਦਾ ਹੈ:
ਪੁਰਖ ਮਹਿ ਨਾਰਿ ਨਾਰਿ ਮਹਿ
ਪੁਰਖਾ ਬੂਝਹੁ ਬ੍ਰਹਮ ਗਿਆਨੀ॥ (
ਰਾਮਕਲੀ ਮਹਲਾ 1,
ਪੰਨਾ 879)
ਦੋਵੇਂ ਇਕ ਦੂਸਰੇ ਤੋਂ ਬਗੈਰ ਅਧੂਰੇ ਹਨ।
ਪੱਛਮੀ ਔਰਤਾਂ ਅਤੇ ਰੂਸੀ ਔਰਤਾਂ ਦਾ ਮੁਕਾਬਲਾ ਵੀ ਨਹੀਂ ਜਚਿਆ।
ਇੱਥੋਂ ਤਕ ਲੇਖ ਇਕ ਪਾਸੜਾ ਹੈ। ਬਗੈਰ ਵਿਚਾਰਿਆਂ ਲਿਖਿਆ ਗਿਆ ਹੈ। ਤੁਅਸਬ ਦੀ ਬੂ
ਆਉਂਦੀ ਹੈ।
ਲੇਖ ਦੇ ਆਖੀਰ ਵਿਚ ਇਸਮਤ ਚੁਗਤਾਈ ਵਲੋਂ ਦਿੱਤੀਆਂ ਚਾਰ ਸਮਝੌਤੀਆਂ
ਕਾਬਲੇ ਤਾਰੀਫ ਹਨ।
*****
(28 ਜਨਵਰੀ 2008)
|
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|